Breaking News
Home / Special Story / 5ਵੇਂ ਪੂਰਨਮਾਸ਼ੀ ਪੰਜਾਬੀ ਜੋੜ ਮੇਲੇ ਮੌਕੇ

5ਵੇਂ ਪੂਰਨਮਾਸ਼ੀ ਪੰਜਾਬੀ ਜੋੜ ਮੇਲੇ ਮੌਕੇ

ਪੁਸਤਕ ‘ਪੰਜਾਬੀਆਂ ਦਾ ਬਾਈ ਜਸਵੰਤ ਸਿੰਘ ਕੰਵਲ’ ਦਾ ਮੁੱਖਬੰਦ
ਪ੍ਰਿੰ. ਸਰਵਣ ਸਿੰਘ
ਨੋਟ: ਇਹ ਪੁਸਤਕ ਜਸਵੰਤ ਸਿੰਘ ਕੰਵਲ ਦੇ ਜਿਉਂਦੇ ਜੀਅ ਲਿਖੀ ਗਈ ਸੀ।
ਜਸਵੰਤ ਸਿੰਘ ਕੰਵਲ ਸੌ ਸਾਲਾਂ ਦਾ ਹੋ ਗਿਐ। ਉਸ ਨੇ ਅੱਸੀ ਸਾਲਾਂ ਤੋਂ ਲਿਖਦੇ ਰਹਿਣ ਤੇ ਸੌ ਸਾਲਾਂ ਤੋਂ ਵੱਧ ਜਿਉਂਦੇ ਰਹਿਣ ਦਾ ਰਿਕਾਰਡ ਰੱਖ ਦਿੱਤੈ। ਉਹਦੇ ਵਿਚਾਰਾਂ ਨਾਲ ਕੋਈ ਸਹਿਮਤ ਹੋਵੇ ਜਾਂ ਨਾ, ਪਰ ਇਹ ਤੱਥ ਸਭ ਮੰਨਦੇ ਹਨ ਕਿ ਉਸ ਨੇ ਸਭ ਤੋਂ ਵੱਧ ਪੰਜਾਬੀ ਪਾਠਕ ਪੈਦਾ ਕੀਤੇ। ਪੰਜਾਬੀ ਭਾਸ਼ਾ ਤੇ ਸਾਹਿਤ ਨੂੰ ਉਸ ਦੀ ਵੱਡੀ ਦੇਣ ਹੈ। ਇਹ ਪੁਸਤਕ ਉਹਦੇ ਸ਼ਤਾਬਦੀ ਜਨਮ ਦਿਵਸ ਉਤੇ ਤੁੱਛ ਭੇਟਾ ਹੈ। ਜੇ ਸੰਤ ਸਿੰਘ ਸੇਖੋਂ ਪੰਜਾਬੀ ਸਾਹਿਤ ਦਾ ਬੋਹੜ ਸੀ ਤਾਂ ਜਸਵੰਤ ਸਿੰਘ ਕੰਵਲ ਸਰੂ ਦਾ ਬੂਟਾ ਹੈ। ਉਹ ਵਗਦੀਆਂ ‘ਵਾਵਾਂ ਦੇ ਵੇਗ ਵਿੱਚ ਝੂੰਮਦੈ। ਕਦੇ ਖੱਬੇ ਲਹਿਰਾਉਂਦੈ, ਕਦੇ ਸੱਜੇ ਤੇ ਕਦੇ ਵਾਵਰੋਲੇ ਵਾਂਗ ਘੁੰਮਦੈ। ਉਹਦਾ ਤਣਾ ਮਜ਼ਬੂਤ ਹੈ ਤੇ ਜੜ੍ਹਾਂ ਡੂੰਘੀਆਂ ਜਿਸ ਕਰਕੇ ਝੱਖੜ ਤੂਫ਼ਾਨ ਵੀ ਉਸ ਨੂੰ ਧਰਤੀ ਤੋਂ ਨਹੀਂ ਹਿਲਾ ਸਕੇ। ਉਹ ਵੇਗਮੱਤਾ ਲੇਖਕ ਹੈ ਤੇ ਲੋਹੜੇ ਦਾ ਉਪਭਾਵਕ। ਉਹਦੇ ਰੁਮਾਂਚਿਕ ਰਉਂ ‘ਚ ਲਿਖੇ ਵਾਕ ਸਿੱਧੇ ਦਿਲਾਂ ‘ਤੇ ਵਾਰ ਕਰਦੇ ਹਨ। ਉਸ ਨੇ ਹਜ਼ਾਰਾਂ ਸੰਵਾਦ ਰਚੇ ਜੋ ਨੌਜੁਆਨਾਂ ਦੀਆਂ ਡਾਇਰੀਆਂ ਉਤੇ ਚੜ੍ਹਦੇ ਰਹੇ। ਉਹਦੀ ਪ੍ਰੀਤ ਭਿੱਜੀ ਰੁਮਾਂਚਿਕ ਸ਼ੈਲੀ ਨੇ ਲੱਖਾਂ ਪਾਠਕ ਪੱਟੇ। ਡਾ. ਜਸਵੰਤ ਗਿੱਲ ਉਹਦੇ ਨਾਵਲ ‘ਰਾਤ ਬਾਕੀ ਹੈ’ ਦੀ ਪੱਟੀ ਢੁੱਡੀਕੇ ਆ ਬੈਠੀ ਸੀ।
ਪੁਸਤਕ ‘ਜੀਵਨ ਕਣੀਆਂ’ ਤੋਂ ‘ਧੁਰ ਦਰਗਾਹ’ ਤਕ ਪੁੱਜਦਿਆਂ ਕੰਵਲ ਨੇ ਜੀਵਨ ਦੇ ਅਨੇਕਾਂ ਰੰਗ ਵੇਖੇ ਤੇ ਪਾਠਕਾਂ ਨੂੰ ਵਿਖਾਏ। ਚੜ੍ਹਦੀ ਜਵਾਨੀ ਵਿੱਚ ਉਹ ਹੀਰ ਗਾਉਂਦਾ, ਕਵਿਤਾ ਲਿਖਦਾ, ਸਾਧਾਂ ਸੰਤਾਂ ਤੇ ਵੈਲੀਆਂ ਬਦਮਾਸ਼ਾਂ ਦੀ ਸੰਗਤ ਕਰਦਾ, ਵੇਦਾਂਤ ਤੇ ਮਾਰਕਸਵਾਦ ਪੜ੍ਹਦਾ, ਸੱਜੇ ਖੱਬੇ ਕਾਮਰੇਡਾਂ ਤੇ ਨਕਸਲੀਆਂ ਦਾ ਹਮਦਰਦ ਬਣਦਾ, ਪ੍ਰੋ. ਕਿਸ਼ਨ ਸਿੰਘ ਦੇ ਨਿਤਾਰੇ ਮਾਰਕਸੀ ਨਜ਼ਰੀਏ ਤੋਂ ਸਿੱਖ ਇਨਕਲਾਬ ਵੱਲ ਮੋੜਾ ਪਾਉਂਦਾ, ਸਿੱਖ ਹੋਮਲੈਂਡ ਦਾ ਸਮੱਰਥਨ ਕਰਦਾ, ਖਾੜਕੂਆਂ ਦਾ ਹਮਦਰਦ ਬਣ ਗਿਆ। ਸਿਆਸੀ ਨੇਤਾਵਾਂ ਨੂੰ ਖੁੱਲ੍ਹੀਆਂ ਚਿੱਠੀਆਂ ਲਿਖਦਾ ਪੰਥ-ਪੰਥ ਤੇ ਪੰਜਾਬ-ਪੰਜਾਬ ਕੂਕਣ ਲੱਗ ਪਿਆ। ਅਖ਼ੀਰ ਉਹ ‘ਪੰਜਾਬ ਤੇਰਾ ਕੀ ਬਣੂੰ?’ ਦੇ ਝੋਰੇ ਝੁਰਨ ਲੱਗ ਪਿਐ।
9 ਦਸੰਬਰ 2018 ਨੂੰ ਮੈਂ ਉਹਨੂੰ ਮਿਲਣ ਗਿਆ ਤਾਂ ਉਹ ਚੜ੍ਹਦੀ ਕਲਾ ‘ਚ ਮਿਲਿਆ। ਸਰੀਰ ਭਾਵੇਂ ਕੁੱਝ ਝੰਵਿਆਂ ਲੱਗਾ ਪਰ ‘ਮੈਂ ਕਾਇਮ ਹਾਂ’ ਦੇ ਬੋਲ ਗੜ੍ਹਕਵੇਂ ਲੱਗੇ। ਪੜ੍ਹਨ ਲਿਖਣ ਵਾਲੇ ਕਮਰੇ ਵਿੱਚ ਉਹਦੀਆਂ ਫੋਟੋਆਂ ਵਿਚਕਾਰ ਡਾ. ਜਸਵੰਤ ਗਿੱਲ ਦੀ ਫੋਟੋ ਵੀ ਲੱਗੀ ਹੋਈ ਸੀ। ਕੋਠੀ ਉਵੇਂ ਹੀ ਸੀ ਪਰ ਡਾ. ਜਸਵੰਤ ਗਿੱਲ ਦੀ ਜੀ ਆਇਆਂ ਕਹਿਣ ਵਾਲੀ ਮੁਸਕਰਾਹਟ ਉਥੇ ਨਹੀਂ ਸੀ।
ਉਹਦੀ ਸਿਹਤ ਹਾਲੇ ਠੀਕ ਠਾਕ ਹੈ। ਦਿਸਦਾ ਸਾਫ ਹੈ ਪਰ ਸੁਣਦਾ ਉੱਚਾ। ਕੋਈ ਹਾਲ ਚਾਲ ਪੁੱਛੇ ਤਾਂ ਆਖਦੈ, ”ਮੇਰਾ ਤਾਂ ਚੰਗਾ ਪਰ ਪੰਜਾਬ ਦਾ ਮਾੜੈ।”
5 ਜਨਵਰੀ 2019 ਨੂੰ ਮੈਂ ਫਿਰ ਮਿਲਣ ਗਿਆ ਤਾਂ ਉਹ ਇਹੋ ਸ਼ਿਅਰ ਦੁਹਰਾਈ ਗਿਆ:
ਹਮ ਜੋ ਗਏ ਤੋ ਰਾਹ ਗੁਜ਼ਰ ਨਾ ਥੀ
ਤੁਮ ਜੋ ਆਏ ਤੋ ਮੰਜ਼ਲੇਂ ਲਾਏਂ…
ਰਾਤ ਮੈਂ ਉਹਦੇ ਕੋਲ ਰਿਹਾ। ਸਵੇਰੇ ਉਹਦੀ ਹੱਥ ਲਿਖਤ ਦੀ ਨਿਸ਼ਾਨੀ ਵਜੋਂ ਇੱਕ ਕਾਗਜ਼ ਮੇਜ਼ ਤੋਂ ਚੁੱਕ ਲਿਆ ਜੋ ਉਸ ਨੇ ਤਾਜ਼ਾ ਹੀ ਲਿਖਿਆ ਸੀ। ਉਹ ਪੁਰਾਣੇ ਪੈਡ ਦਾ ਅੱਧਾ ਵਰਕਾ ਸੀ। ਮੈਂ ਤਹਿ ਕਰ ਕੇ ਬਟੂਏ ‘ਚ ਪਾ ਲਿਆ। ਉਸ ਉਤੇ ਲਿਖੀ ਪਹਿਲੀ ਸਤਰ ਹੈ: ਕਾਲੀ ਗਾਨੀ ਮਿੱਤਰਾਂ ਦੀ, ਗਲ ਪਾ ਕੇ ਲੱਖਾਂ ਦੀ ਹੋ ਜਾਹ। ਦੂਜੀ ਸਤਰ ਹੈ: ਛੋਟੀਆਂ ਲੜਾਈਆਂ ਬੰਦ। ਚੜ੍ਹਦੀ ਕਲਾ ਬੁਲੰਦ! ਤੇ ਤੀਜੀ ਸਤਰ ਹੈ: ਸ਼ਕਤੀ ਬੰਦੇ ਨੂੰ ਲਲਕਾਰਦੀ ਹੈ; ਤੇਰੀ ਆਈ ਮੈਂ ਮਰ ਜਾਂ, ਤੇਰਾ ਵਾਲ ਵਿੰਗਾ ਨਾ ਹੋਵੇ। ਕਾਗਜ਼ ਦੇ ਦੋਹੀਂ ਪਾਸੀਂ ਵੀਹ ਕੁ ਸਤਰਾਂ ਹਨ ਜਿਨ੍ਹਾਂ ਦਾ ਇੱਕ ਦੂਜੀ ਨਾਲ ਕੋਈ ਤਾਲ ਮੇਲ ਨਹੀਂ। ਉਸ ਨੂੰ ਲਿਖਣ ਦੀ ਪ੍ਰੇਰਨਾ ਗੁਰਬਾਣੀ, ਵਾਰਸ ਦੀ ਹੀਰ, ਸੂਫੀ ਕਵਿਤਾ ਤੇ ਲੋਕ ਗੀਤਾਂ ਤੋਂ ਮਿਲੀ ਸੀ। ਪ੍ਰੋ. ਪੂਰਨ ਸਿੰਘ, ਵਿਕਟਰ ਹਿਊਗੋ, ਚਾਰਲਸ ਡਿਕਨਜ਼, ਬਾਲਜ਼ਾਕ ਤੇ ਟਾਲਸਟਾਏ ਆਦ ਲੇਖਕਾਂ ਤੋਂ ਪ੍ਰਭਾਵਿਤ ਹੋਇਆ। ਉਹ ਭਾਵੇਂ ਦਸਵੀਂ ‘ਚ ਅੜ ਗਿਆ ਸੀ ਪਰ ਲਿਖਣ ‘ਚ ਏਨਾ ਅੱਗੇ ਵਧਿਆ ਕਿ ਉਸ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ ਡੀ. ਲਿੱਟ. ਦੀ ਆਨਰੇਰੀ ਡਿਗਰੀ ਦੇ ਕੇ ਸਨਮਾਨਿਆ। ਪੰਜਾਬ ਸਰਕਾਰ ਨੇ ਸਾਹਿਤ ਰਤਨ ਦਾ ਖ਼ਿਤਾਬ ਦਿੱਤਾ। ਪੰਜਾਬੀ ਸਾਹਿਤ ਅਕਾਡਮੀ ਤੇ ਭਾਰਤੀ ਸਾਹਿਤ ਅਕਾਡਮੀ ਨੇ ਵੀ ਆਪੋ ਆਪਣੇ ਅਵਾਰਡ ਦਿੱਤੇ। ਉਸ ਨੂੰ ਸਰਵਸ੍ਰੇਸ਼ਟ ਪੁਰਸਕਾਰ ਨਾਲ ਵਡਿਆਇਆ ਗਿਆ। ਸੈਮਸੰਗ ਕੰਪਨੀ ਨੇ ਸਾਹਿਤ ਅਕਾਡਮੀ ਦਿੱਲੀ ਰਾਹੀਂ ਟੈਗੋਰ ਯਾਦਗਾਰੀ ਅਵਾਰਡ ਦਿੱਤਾ। ਉਸ ਨੇ ਢੁੱਡੀਕੇ ਦੀ ਸਰਪੰਚੀ ਤੋਂ ਲੈ ਕੇ ਕੇਂਦਰੀ ਪੰਜਾਬੀ ਲੇਖਕ ਸਭਾ ਦੀ ਜਨਰਲ ਸਕੱਤਰੀ, ਪ੍ਰਧਾਨਗੀ ਤੇ ਸਰਪ੍ਰਸਤੀ ਕੀਤੀ। ਪੰਜਾਬੀ ਕਨਵੈਨਸ਼ਨਾਂ ਦਾ ਕਨਵੀਨਰ ਰਿਹਾ। ਇੰਗਲੈਂਡ ਵਿੱਚ ਪਹਿਲੀ ਵਿਸ਼ਵ ਪੰਜਾਬੀ ਕਾਨਫਰੰਸ ਕਰਾਉਣ ਵਾਲਿਆਂ ‘ਚ ਮੋਹਰੀ ਸੀ। ਪੰਜਾਬੀ ਨੂੰ ਦੇਵਨਾਗਰੀ ਲਿੱਪੀ ਵਿੱਚ ਲਿਖਣ ਅਤੇ ਹਿੰਦੀ ਸੰਸਕ੍ਰਿਤ ਦੀ ਸ਼ਬਦਾਵਲੀ ‘ਚ ਖਚਤ ਹੋਣ ਤੋਂ ਬਚਾਇਆ। ਭਾਸ਼ਾ ਵਿਭਾਗ ਪੰਜਾਬ ਦੇ ਬੋਰਡ ਦਾ ਸਲਾਹਕਾਰ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਮੈਂਬਰ ਰਿਹਾ। ਸਾਹਿਤ ਟ੍ਰੱਸਟ ਢੁੱਡੀਕੇ ਤਾਂ ਹੈ ਹੀ ਉਹਦਾ, ਜਿਸ ਨੇ ਸੌ ਦੇ ਕਰੀਬ ਲੇਖਕਾਂ ਨੂੰ ਅਵਾਰਡ ਦਿੱਤੇ। ਉਹ ਹੋਰ ਵੀ ਬਹੁਤ ਕੁੱਝ ਹੈ ਜੋ ਇਸ ਪੁਸਤਕ ਵਿਚੋਂ ਪੜ੍ਹਿਆ ਜਾ ਸਕਦੈ।
ਧੰਨਵਾਦੀ ਹਾਂ ਪੀਪਲਜ਼ ਫੌਰਮ ਬਰਗਾੜੀ ਦਾ, ਜਿਸ ਨੇ ਇਹ ਪੁਸਤਕ ਲਿਖਵਾਈ ਤੇ ਪ੍ਰਕਾਸ਼ਿਤ ਕੀਤੀ। ਬਾਈ ਕੰਵਲ ਦੀ ਤੰਦਰੁਸਤੀ ਤੇ ਲੰਮੀ ਉਮਰ ਲਈ ਸ਼ੁਭ ਦੁਆਵਾਂ!
-ਸਰਵਣ ਸਿੰਘ, ਜੂਨ, 2019, ਬਰੈਂਪਟਨ, ਕੈਨੇਡਾ
ਨੋਟ: ਇਹ ਪੁਸਤਕ ਕੰਵਲ ਦੇ ਸ਼ਤਾਬਦੀ ਜਨਮ ਦਿਵਸ ‘ਤੇ ਪਹਿਲੇ ਪੂਰਨਮਾਸ਼ੀ ਪੰਜਾਬੀ ਜੋੜ ਮੇਲੇ ‘ਚ ਰਿਲੀਜ਼ ਹੋਈ ਸੀ। ਕੰਵਲ ਦਾ ਜਨਮ 27 ਜੂਨ 1919 ਨੂੰ ਢੁੱਡੀਕੇ ਵਿਖੇ ਹੋਇਆ ਤੇ ਦੇਹਾਂਤ 1 ਫਰਵਰੀ 2020 ਨੂੰ ਢੁੱਡੀਕੇ ਵਿਖੇ ਹੀ ਹੋਇਆ। 17 ਤੋਂ 19 ਨਵੰਬਰ 2023 ਤਕ ਢੁੱਡੀਕੇ ਵਿਖੇ ਹੋ ਰਹੇ 5ਵੇਂ ਪੂਰਨਮਾਸ਼ੀ ਪੰਜਾਬੀ ਜੋੜ ਮੇਲੇ ‘ਚ ਪਧਾਰਨ ਦਾ ਸਭਨਾਂ ਨੂੰ ਖੁੱਲ੍ਹਾ ਸੱਦਾ ਹੈ। ਪਾਠਕ ਅਕਸਰ ਪੁਸਤਕ ਬਾਰੇ ਪੁੱਛਦੇ ਰਹਿੰਦੇ ਹਨ। ਪੁਸਤਕ ਪ੍ਰਾਪਤ ਕਰਨ ਲਈ ਪ੍ਰਕਾਸ਼ਕ ਦਾ ਫੋਨ 98729-89313 ਹੈ।
[email protected]

Check Also

ਲੋਕ ਸਭਾ ਚੋਣਾਂ ‘ਚ ਭਾਜਪਾ ਨੂੰ ਨਹੀਂ ਮਿਲਿਆ ਬਹੁਮਤ

ਭਾਜਪਾ ਨੂੰ ਸਿਰਫ਼ 241 ਸੀਟਾਂ ਨਾਲ ਕਰਨਾ ਪਿਆ ਸਬਰ ਚੋਣ ਨਤੀਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ …