ਵਿਭਾਗੀ ਅੰਕੜਿਆਂ ਅਨੁਸਾਰ ਹੁਣ ਤੱਕ ਲਗਭਗ 13 ਫੀਸਦੀ ਹੀ ਪਿਆ ਮੀਂਹ
ਜੇ ਸਮੇਂ ਸਿਰ ਚੰਗਾ ਮੀਂਹ ਪੈ ਜਾਂਦਾ ਤਾਂ ਚਿੱਟੀ ਮੱਖੀ ਧੋਤੀ ਜਾਣੀ ਸੀ। ਬਰਸਾਤ ਦੇ ਦਿਨਾਂ ਦੇ ਅੰਤਰ ਕਰ ਕੇ ਲੰਮਾ ਸਮਾਂ ਖੁਸ਼ਕੀ ਅਤੇ ਮੌਸਮ ਵਿੱਚ ਨਮੀ ਦੀ ਵੱਧ ਮਾਤਰਾ ਚਿੱਟੀ ਮੱਖੀ ਅਤੇ ਹੋਰ ਕੀਟਾਂ ਦੇ ਹਮਲੇ ਲਈ ਅਨੁਕੂਲ ਮਾਹੌਲ ਤਿਆਰ ਕਰ ਦਿੰਦੀ ਹੈ। ਇਸ ਲਈ ਮੌਸਮੀ ਤਬਦੀਲੀ ਨੂੰ ਗੰਭੀਰਤਾ ਨਾਲ ਨੋਟ ਕਰਨ ਦੀ ਲੋੜ ਹੈ। ਮੰਨੇ ਪ੍ਰਮੰਨੇ ਅਰਥ ਸ਼ਾਸਤਰੀ ਵਾਈ.ਕੇ. ਅਲੱਗ ਨੇ ਕਿਹਾ ਹੈ ਕਿ ਔਸਤ ਬਰਸਾਤ ਦੇ ਕੀਤੇ ਦਾਅਵੇ ਅਸਲ ਵਿੱਚ ਅਸਪੱਸ਼ਟ ਅਤੇ ਉਲਝਣ ਭਰਪੂਰ ਹਨ। ਮੌਸਮੀ ਸਾਧਾਰਨਤਾ ਖੇਤੀ ਖੇਤਰ ਦੇ ਸੋਕਿਆਂ ਉੱਤੇ ਪਰਦਾ ਪਾਉਣ ਦਾ ਕੰਮ ਕਰਦੀ ਹੈ। ਇਸ ਦਾ ਸਾਫ਼ ਅਰਥ ਹੈ ਕਿ ਔਸਤ ਅਤੇ ਸਾਧਾਰਨਤਾ ਤੱਥਾਂ ਦੀ ਬਾਰੀਕੀ ਨੂੰ ਛੁਪਾ ਕੇ ਸਰਕਾਰਾਂ ਦੀ ਅਸਲ ਸਮੱਸਿਆ ਤੋਂ ਮੂੰਹ ਮੋੜਨ ਵਿੱਚ ਸਹਾਇਤਾ ਕਰਦੀ ਹੈ।
ਚੰਡੀਗੜ੍ਹ : ਮੌਨਸੂਨ ਬਾਰੇ ਕੀਤੀ ਜਾਂਦੀ ਭਵਿੱਖਬਾਣੀ ਅਤੇ ਅੰਕੜਿਆਂ ਦੀ ਖੇਡ ਖੇਤੀ ਤੇ ਕਿਸਾਨੀ ਦੇ ਰਾਸ ਨਹੀਂ ਆ ਰਹੀ। ਮੌਨਸੂਨ ਦੇ ਮਿਜਾਜ਼ ਵਿੱਚ ਆ ਰਹੀ ਤਬਦੀਲੀ ਕਾਰਨ ਉਤਪਾਦਨ ਲਾਗਤ ਵਧਣ ਦੇ ਨਾਲ ਨਾਲ ਧਰਤੀ ਹੇਠਲਾ ਪਾਣੀ ਲਗਾਤਾਰ ਥੱਲੇ ਜਾ ਰਿਹਾ ਹੈ। ਬਰਸਾਤ ਦੇ ਔਸਤ ਅੰਕੜੇ ਵੀ ਗੁਮਰਾਹਕੁਨ ਤਸਵੀਰ ਪੇਸ਼ ਕਰਦੇ ਹਨ। ਸੀਜ਼ਨ ਦੇ ਸ਼ੁਰੂ ਵਿੱਚ ਹੀ ਮੌਸਮ ਵਿਭਾਗ ਵੱਲੋਂ ਮੌਨਸੂਨ ਦੇ ਸਮੇਂ ਦੌਰਾਨ ਮੀਂਹ ਆਮ ਵਾਂਗ ਪੈਣ ਦੀ ਕੀਤੀ ਭਵਿੱਖਬਾਣੀ ਦੇਸ਼ ਦੇ ਕਈ ਹੋਰ ਸੂਬਿਆਂ ਦੀ ਤਰ੍ਹਾਂ ਪੰਜਾਬ ਲਈ ਵੀ ਪ੍ਰਮਾਣਿਕ ਨਹੀਂ ਰਹੀ।
ਵਿਭਾਗੀ ਅੰਕੜਿਆਂ ਅਨੁਸਾਰ ਹੁਣ ਤੱਕ ਵੀ ਲਗਪਗ 13 ਫੀਸਦ ਮੀਂਹ ਪਿਆ ਹੈ। ਪਿਛਲੇ ਪੰਜ ਸਾਲਾਂ ਦੌਰਾਨ ਜੂਨ ਤੋਂ ਸਤੰਬਰ ਮਹੀਨੇ ਦੌਰਾਨ ਬਰਸਾਤ ਸਾਧਾਰਨ ਤੋਂ ਘੱਟ ਰਹੀ। ਕੇਵਲ ਸਾਲ 2013 ਦੌਰਾਨ ਬਰਸਾਤ ਮਾਮੂਲੀ ਜ਼ਿਆਦਾ ਰਹੀ। 2012 ਵਿੱਚ ਬਰਸਾਤ 47 ਫੀਸਦ ਘੱਟ ਰਹੀ ਅਤੇ ਸੋਕੇ ਵਰਗੇ ਹਾਲਾਤ ਬਣ ਗਏ ਸਨ। ਝੋਨੇ ਦੇ ਸੀਜ਼ਨ ਦੌਰਾਨ ਮੀਂਹ ਦੀ ਸਭ ਤੋਂ ਜ਼ਿਆਦਾ ਲੋੜ ਜੁਲਾਈ ਤੇ ਅਗਸਤ ਮਹੀਨਿਆਂ ਦੌਰਾਨ ਹੁੰਦੀ ਹੈ। 2013 ਤੋਂ ਇਲਾਵਾ ਬਾਕੀ ਸਾਰੇ ਸਾਲਾਂ ਦੌਰਾਨ ਇਨ੍ਹਾਂ ਮਹੀਨਿਆਂ ਦੌਰਾਨ ਬਰਸਾਤ ਸਾਧਾਰਨ ਤੋਂ ਘੱਟ ਰਹੀ। ਸਾਲ 2017 ਵਿੱਚ ਜੂਨ ਮਹੀਨੇ ਵਿੱਚ ਤਾਂ ਔਸਤ 45 ਮਿਲੀਮੀਟਰ ਦੀ ਬਜਾਇ 110 ਮਿਲੀਮੀਟਰ ਮੀਂਹ ਪਿਆ ਪਰ ਜੁਲਾਈ ਵਿੱਚ 185 ਮਿਲੀਮੀਟਰ ਔਸਤ ਦੇ ਮੁਕਾਬਲੇ ਲਗਪਗ ਅੱਧੀ ਭਾਵ ਕੇਵਲ 95 ਮਿਲੀਮੀਟਰ ਬਰਸਾਤ ਹੋਈ।
ਅਗਸਤ ਮਹੀਨੇ ਵਿੱਚ ਵੀ ਔਸਤ 171 ਮਿਲੀਮੀਟਰ ਮੀਂਹ ਨਾਲੋਂ ਘਟ ਕੇ 119 ਮਿਲੀਮੀਟਰ ਬਰਸਾਤ ਹੋਈ। ਜੁਲਾਈ ਅਤੇ ਅਗਸਤ ਵਿੱਚ ਪੰਜਾਬ ਵਿੱਚ ਝੋਨੇ ਦੀ ਲੁਆਈ ਵਾਲੀ ਲਗਪਗ 28 ਲੱਖ ਹੈਕਟੇਅਰ ਜ਼ਮੀਨ ਨੂੰ ਪਾਣੀ ਦੀ ਜ਼ਿਆਦਾ ਲੋੜ ਹੁੰਦੀ ਹੈ। ਇਸ ਕਰਕੇ ਇਸ ਵਾਰ ਵੀ ਬਹੁਤੇ ਕਿਸਾਨਾਂ ਨੂੰ ਟਿਊਬਵੈੱਲਾਂ ਦੇ ਬੋਰ ਡੂੰਘੇ ਕਰਨ ਕਰ ਕੇ ਅਤੇ ਡੀਜ਼ਲ ਦੀ ਲੋੜ ਕਾਰਨ ਉਤਪਾਦਨ ਲਾਗਤ ਵਧ ਗਈ ਹੈ। ਮਾਹਿਰਾਂ ਅਨੁਸਾਰ ਮੌਨਸੂਨ ਦਾ ਮਿਜਾਜ਼ ਬਦਲ ਰਿਹਾ ਹੈ। 15 ਜੂਨ ਤੋਂ 15 ਸਤੰਬਰ ਦੌਰਾਨ ਵੀ ਬਰਸਾਤ ਕਿੰਨੇ ਦਿਨ ਅਤੇ ਕਿਨ੍ਹਾਂ ਖਿੱਤਿਆਂ ਵਿੱਚ ਪੈਂਦੀ ਰਹੀ, ਸਬੰਧਤ ਖੇਤਰਾਂ ਲਈ ਇਹ ਮਹੱਤਵਪੂਰਨ ਪਹਿਲੂ ਹੈ। ਕੇਵਲ ਰਾਜ ਦੀ ਔਸਤ ਮਾਪ ਕੇ ਬਰਸਾਤ ਦੇ ਅੰਕੜੇ ਪੇਸ਼ ਕਰ ਦੇਣ ਨਾਲ ਸਮੱਸਿਆ ਹੱਲ ਨਹੀਂ ਹੋ ਜਾਂਦੀ। ਪੰਜਾਬ ਦੀ ਨਰਮਾ ਪੱਟੀ ਉੱਤੇ ਸ਼ੁਰੂ ਵਿੱਚ ਜ਼ਿਆਦਾ ਬਰਸਾਤ ਕਾਰਨ ਕਹਿਰ ਟੁੱਟਿਆ, ਜਿਸ ਵਿੱਚ ਖੇਤੀ ਵਿਭਾਗ ਦੇ ਅਨੁਮਾਨ ਅਨੁਸਾਰ 28 ਅਤੇ 29 ਜੂਨ 2017 ਨੂੰ ਹੋਈ ਭਾਰੀ ਬਰਸਾਤ ਦੌਰਾਨ ਨਰਮੇ ਦੀ ਫਸਲ ਡੁੱਬ ਗਈ। 11 ਜੁਲਾਈ ਨੂੰ ਗਈ ਖੇਤੀ ਵਿਭਾਗ ਦੀ ਟੀਮ ਦੇ ਅਨੁਮਾਨ ਅਨੁਸਾਰ ਉਸ ਸਮੇਂ 6000 ਏਕੜ ਫਸਲ ਪੂਰੀ ਤਰ੍ਹਾਂ ਨੁਕਸਾਨੀ ਗਈ ਅਤੇ 2100 ਏਕੜ ਦੇ ਕਰੀਬ ਫਸਲ 75 ਫੀਸਦ ਡੁੱਬੀ ਹੋਈ ਸੀ। ਨਰਮਾ ਪੱਟੀ ਵਿੱਚ ਹਾਲਤ ਕਦੇ ਡੋਬਾ-ਕਦੇ ਸੋਕੇ ਵਾਲੀ ਰਹੀ। ਮੌਸਮ ਵਿਭਾਗ ਦੇ ਅੰਕੜੇ ਦੱਸਦੇ ਹਨ ਕਿ 17 ਜੂਨ ਤੋਂ 17 ਜੁਲਾਈ ਤੱਕ ਮਾਨਸਾ ਜ਼ਿਲ੍ਹੇ ਵਿੱਚ 52 ਫੀਸਦ ਬਰਸਾਤ ਘੱਟ ਰਹੀ। ਬਰਸਾਤ ਕੇਵਲ ਦੋ ਦਿਨ ਰਹੀ ਭਾਵ 28 ਅਤੇ 29 ਜੂਨ ਨੂੰ ਹੋਈ ਬਰਸਾਤ ਤੋਂ ਬਾਅਦ ਲੰਬਾ ਸਮਾਂ ਮੀਂਹ ਨਹੀਂ ਪਿਆ। ਇਸ ਮਹੀਨੇ ਦੌਰਾਨ ਬਰਨਾਲਾ ਜ਼ਿਲ੍ਹੇ ਵਿੱਚ ਔਸਤ ਦੇ ਮੁਕਾਬਲੇ 88 ਫੀਸਦ, ਬਠਿੰਡਾ ਵਿੱਚ 70 ਫੀਸਦ, ਫ਼ਰੀਦਕੋਟ ਵਿੱਚ 76 ਫੀਸਦ, ਫ਼ਿਰੋਜ਼ਪੁਰ-ਫਾਜ਼ਿਲਕਾ ਵਿੱਚ 90 ਫੀਸਦ, ਮੁਕਤਸਰ ਵਿੱਚ 87 ਫੀਸਦ, ਸੰਗਰੂਰ ਵਿੱਚ 72 ਫੀਸਦ ਅਤੇ ਪਟਿਆਲਾ ਵਿੱਚ 66 ਫੀਸਦ ਮੀਂਹ ਘੱਟ ਪਏ।
ਖੇਤੀ ਵਿਭਾਗ ਦੇ ਕਮਿਸ਼ਨਰ ਡਾ. ਬਲਵਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਜੇ ਸਮੇਂ ਸਿਰ ਚੰਗਾ ਮੀਂਹ ਪੈ ਜਾਂਦਾ ਤਾਂ ਚਿੱਟੀ ਮੱਖੀ ਧੋਤੀ ਜਾਣੀ ਸੀ। ਬਰਸਾਤ ਦੇ ਦਿਨਾਂ ਦੇ ਅੰਤਰ ਕਰ ਕੇ ਲੰਮਾ ਸਮਾਂ ਖੁਸ਼ਕੀ ਅਤੇ ਮੌਸਮ ਵਿੱਚ ਨਮੀ ਦੀ ਵੱਧ ਮਾਤਰਾ ਚਿੱਟੀ ਮੱਖੀ ਅਤੇ ਹੋਰ ਕੀਟਾਂ ਦੇ ਹਮਲੇ ਲਈ ਅਨੁਕੂਲ ਮਾਹੌਲ ਤਿਆਰ ਕਰ ਦਿੰਦੀ ਹੈ। ਇਸ ਲਈ ਮੌਸਮੀ ਤਬਦੀਲੀ ਨੂੰ ਗੰਭੀਰਤਾ ਨਾਲ ਨੋਟ ਕਰਨ ਦੀ ਲੋੜ ਹੈ।
ਮੰਨੇ ਪ੍ਰਮੰਨੇ ਅਰਥ ਸ਼ਾਸਤਰੀ ਵਾਈ.ਕੇ. ਅਲੱਗ ਨੇ ਕਿਹਾ ਹੈ ਕਿ ਔਸਤ ਬਰਸਾਤ ਦੇ ਕੀਤੇ ਦਾਅਵੇ ਅਸਲ ਵਿੱਚ ਅਸਪੱਸ਼ਟ ਅਤੇ ਉਲਝਣ ਭਰਪੂਰ ਹਨ। ਮੌਸਮੀ ਸਾਧਾਰਨਤਾ ਖੇਤੀ ਖੇਤਰ ਦੇ ਸੋਕਿਆਂ ਉੱਤੇ ਪਰਦਾ ਪਾਉਣ ਦਾ ਕੰਮ ਕਰਦੀ ਹੈ। ਇਸ ਦਾ ਸਾਫ਼ ਅਰਥ ਹੈ ਕਿ ਔਸਤ ਅਤੇ ਸਾਧਾਰਨਤਾ ਤੱਥਾਂ ਦੀ ਬਾਰੀਕੀ ਨੂੰ ਛੁਪਾ ਕੇ ਸਰਕਾਰਾਂ ਦੀ ਅਸਲ ਸਮੱਸਿਆ ਤੋਂ ਮੂੰਹ ਮੋੜਨ ਵਿੱਚ ਸਹਾਇਤਾ ਕਰਦੀ ਹੈ।
ਪੰਜਾਬ ‘ਚ ਸੱਤਾ ਤਾਂ ਤਬਦੀਲ ਹੋਈ ਪਰ ਮੌਨਸੂਨ ਨੇ ਕਿਸਾਨਾਂ ਦਾ ਸਾਥ ਨਾ ਦਿੱਤਾ
ਮਾਨਸਾ : ਪੰਜਾਬ ਵਿੱਚ ਸੱਤਾ ਤਬਦੀਲੀ ਤੋਂ ਬਾਅਦ ਵੱਡੀਆਂ ਉਮੀਦਾਂ ਨਾਲ ਮਾਲਵੇ ਦੇ ਕਿਸਾਨਾਂ ਨੇ ਨਰਮਾ ਬੀਜਿਆ ਸੀ ਪਰ ਮੌਨਸੂਨ ਦੇ ਸਾਥ ਨਾ ਦੇਣ ਕਾਰਨ ਉਨ੍ਹਾਂ ਦੀਆਂ ਆਸਾਂ ‘ਤੇ ਪਾਣੀ ਫਿਰ ਗਿਆ। ਸਾਉਣੀ ਦੀ ਬਿਜਾਈ ਵੇਲੇ ਨਹਿਰਾਂ ਵਿੱਚ ਪਾਣੀ ਨਹੀਂ ਆਇਆ, ਜਿਸ ਕਾਰਨ ਨਰਮੇ ਦੀ ਬਿਜਾਈ ਲੇਟ ਹੋ ਗਈ। ਇਸ ਤੋਂ ਬਾਅਦ ਪੁੰਗਰਦੇ ਨਰਮੇ ਨੂੰ ਗਰਮੀ ਦੇ ਸੇਕ ਨੇ ਰੋਲ਼ ਦਿੱਤਾ, ਪਿੱਛੋਂ ਗਰਮੀ ਤੋਂ ਫਸਲ ਬਚਾਉਣ ਲਈ ਲਗਾਤਾਰ ਲਾਏ ਪਾਣੀਆਂ ਕਾਰਨ ਉੱਗੇ ਨਦੀਨਾਂ ਨੇ ਨਰਮਾ ਦੱਬ ਲਿਆ।
ਇਸ ਵਾਰ ਕੇਂਦਰੀ ਮੌਸਮ ਵਿਭਾਗ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਮੌਸਮ ਵਿਭਾਗ ਵੱਲੋਂ ਵੇਲੇ ਸਿਰ ਮੌਨਸੂਨ ਆਉਣ ਦੀ ਭਵਿੱਖਬਾਣੀ ਕੀਤੀ ਗਈ ਪਰ ਮਾਲਵਾ ਪੱਟੀ ਵਿੱਚ ਕਮਜ਼ੋਰ ਹੋਈ ਮੌਨਸੂਨ ਕਾਰਨ ਸਭ ਤੋਂ ਵੱਡੀ ਮਾਰ ਨਰਮੇ ‘ਤੇ ਪਈ। ਐਤਕੀਂ ਬੀ.ਟੀ. ਨਰਮੇ ਦੇ ਬੂਟੇ ਸਹੀ ਕੱਦ ਨਹੀਂ ਕੱਢ ਸਕੇ। ਟਿਊਬਵੈੱਲਾਂ ਨਾਲ ਲਗਾਤਾਰ ਪਾਣੀ ਲਾਉਣ ਨੇ ਕਿਸਾਨਾਂ ਦਾ ਲੱਕ ਤੋੜ ਦਿੱਤਾ। ਖੇਤੀਬਾੜੀ ਵਿਭਾਗ (ਮਾਨਸਾ) ਦੇ ਮੁੱਖ ਅਫ਼ਸਰ ਡਾ. ਗੁਰਾਂਦਿੱਤਾ ਸਿੰਘ ਸਿੱਧੂ ਨੇ ਮੰਨਿਆ ਕਿ ਇਸ ਵਾਰ ਪਿਛਲੇ ਤਿੰਨ ਸਾਲ ਮੁਕਾਬਲੇ ਸਭ ਤੋਂ ਘੱਟ ਮੀਂਹ ਪਿਆ ਹੈ। ਪਿਛਲੇ ਸਾਲ ਦੇ 149 ਐਮਐਮ ਮੁਕਾਬਲੇ ਐਤਕੀਂ ਸਿਰਫ਼ 46 ਐਮਐਮ ਮੀਂਹ ਪਿਆ। ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਬਠਿੰਡਾ ਸਥਿਤ ਖੇਤਰੀ ਖੋਜ ਕੇਂਦਰ ਦੇ ਵਿਗਿਆਨੀ ਡਾ. ਗੁਰਜਿੰਦਰ ਸਿੰਘ ਰੋਮਾਣਾ ਨੇ ਦੱਸਿਆ ਕਿ ਮੀਂਹ ਦੇ ਯਕਦਮ ਡਿੱਗਣ ਕਾਰਨ ਵੀ ਨੁਕਸਾਨ ਹੋਇਆ ਹੈ ਅਤੇ ਘੱਟ ਪੈਣ ਕਾਰਨ ਵੀ ਨੁਕਸਾਨ ਹੋਇਆ ਹੈ। ਖੇਤੀ ਵਿਭਾਗ ਮੁਤਾਬਕ ਕਮਜ਼ੋਰ ਮੌਨਸੂਨ ਕਾਰਨ ਹੀ ਚਿੱਟੀ ਮੱਖੀ ਦਾ ਹਮਲਾ ਹੋਇਆ। ਜੂਨ ਦੇ ਅਖੀਰਲੇ ਦਿਨਾਂ ਵਿੱਚ ਪਏ ਮੋਹਲੇਧਾਰ ਮੀਂਹ ਨੇ ਹਜ਼ਾਰਾਂ ਏਕੜ ਨਰਮਾ ਬਰਬਾਦ ਕਰ ਦਿੱਤਾ। ਖੇਤੀ ਵਿਭਾਗ ਮੁਤਾਬਕ ਇਕੱਲੇ ਮਾਨਸਾ ਜ਼ਿਲ੍ਹੇ ਵਿੱਚ ਮੀਂਹਾਂ ਨੇ ਸਾਢੇ ਅੱਠ ਹਜ਼ਾਰ ਏਕੜ ਵਿੱਚ ਨਰਮੇ ਦੀ ਫ਼ਸਲ ਨੂੰ ਮਾਰ ਦਿੱਤਾ ਹੈ। ਨਰਮਿਆਂ ਲਈ ਗੱਟਿਆਂ ਦੇ ਗੱਟੇ ਸੁੱਟੇ ਯੂਰੀਏ ਨੇ ਹਰਾ ਤੇਲਾ ਪੈਦਾ ਕਰ ਦਿੱਤਾ। ਬਚਾਅ ਲਈ ਕਿਸਾਨਾਂ ਨੇ ਪਹਿਲਾਂ ਖੇਤੀ ਅਧਿਕਾਰੀਆਂ ‘ਤੇ ਟੇਕ ਰੱਖੀ ਅਤੇ ਪਿੱਛੋਂ ਉਹ ਆੜ੍ਹਤੀਆਂ ਦੇ ਚੱਕਰਾਂ ਵਿੱਚ ਉਲਝ ਕੇ ਉਨ੍ਹਾਂ ਦੀ ਮਰਜ਼ੀ ਦੀਆਂ ਸਪਰੇਆਂ ਕਰਨ ਲੱਗੇ। ਜਦੋਂ ਕਿਸਾਨ ਸਪਰੇਆਂ ਕਰਕੇ ਅੱਕ-ਥੱਕ ਗਏ ਤਾਂ ਕਿਸਾਨ ਜਥੇਬੰਦੀਆਂ ਦਾ ਆਸਰਾ ਭਾਲਣ ਲੱਗੇ। ਚਾਰ ਦਿਨ ਪਿੱਛੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਉਨ੍ਹਾਂ ਤੋਂ ਬਾਅਦ ਵੱਖ-ਵੱਖ ਪਾਰਟੀਆਂ ਦੇ ਆਗੂ ਮਾਨਸਾ ਦੇ ਖੇਤਾਂ ਦਾ ਦੌਰਾ ਕਰਨ ਪੁੱਜੇ ਪਰ ਕਿਸਾਨਾਂ ਦੀਆਂ ਮੁਸ਼ਕਲਾਂ ਹੱਲ ਨਾ ਹੋਈਆਂ।
ਸਹੀ ਸਮੇਂ ‘ਤੇ ਨਹੀਂ ਆਈ ਮੌਨਸੂਨ
ਸੰਗਰੂਰ : ਇਸ ਵਾਰ ਮੌਨਸੂਨ ਸਹੀ ਸਮੇਂ ‘ਤੇ ਨਹੀਂ ਆਈ ਅਤੇ ਨਾ ਉਮੀਦ ਮੁਤਾਬਕ ਵਰ੍ਹੀ ਪਰ ਇਸ ਦੇ ਬਾਵਜੂਦ ਝੋਨੇ ਅਤੇ ਨਰਮੇ ਦੀਆਂ ਫਸਲਾਂ ਦਾ ਨੁਕਸਾਨ ਤੋਂ ਬਚਾਅ ਰਿਹਾ। ਸ਼ੁਰੂਆਤੀ ਦੌਰ ਵਿੱਚ ਘੱਟ ਬਾਰਸ਼ ਅਤੇ ਫਿਰ ਪਛੜ ਕੇ ਬਾਰਸ਼ ਹੋਣ ਕਾਰਨ ਸਬਜ਼ੀਆਂ ਦਾ ਨੁਕਸਾਨ ਹੋਇਆ।
ਮੌਨਸੂਨ ਦੀ 30 ਜੂਨ ਤੋਂ ਲੈ ਕੇ 1 ਜੁਲਾਈ ਤੱਕ ਅਕਸਰ ਸੰਭਾਵਨਾ ਬਣੀ ਰਹਿੰਦੀ ਹੈ। ਇਸ ਵਾਰ ਮਈ ਮਹੀਨੇ ਵਿੱਚ ਘੱਟ ਮੀਂਹ ਪਿਆ, ਜੋ ਸਬਜ਼ੀਆਂ ਦੀ ਕਾਸ਼ਤ ਲਈ ਨੁਕਸਾਨਦੇਹ ਹੈ। ਇਸ ਵਾਰ ਮਈ ਮਹੀਨੇ ਵਿੱਚ ਔਸਤਨ 6.050 ਮਿਲੀਮੀਟਰ ਬਾਰਸ਼ ਹੋਈ, ਜਦੋਂ ਕਿ ਪਿਛਲੇ ਸਾਲ ਇਸ ਮਹੀਨੇ ਔਸਤਨ 28.617 ਮਿਲੀਮੀਟਰ ਬਾਰਸ਼ ਹੋਈ। ਜੂਨ ਮਹੀਨੇ ਦੌਰਾਨ ਜ਼ਿਲ੍ਹਾ ਸੰਗਰੂਰ ਵਿੱਚ 69.350 ਮਿਲੀਮੀਟਰ ਮੀਂਹ ਪਿਆ, ਜਦੋਂ ਕਿ ਪਿਛਲੇ ਸਾਲ ਜੂਨ ਮਹੀਨੇ ਵਿੱਚ ਸਿਰਫ਼ 44.95 ਮਿਲੀਮੀਟਰ ਬਾਰਸ਼ ਹੋਈ। ઠਜੁਲਾਈ ਮਹੀਨੇ ਵਿੱਚ ਵੱਧ ਬਾਰਸ਼ ਦੀ ਉਮੀਦ ਹੁੰਦੀ ਹੈ ਪਰ ਇਸ ਵਾਰ ਜੁਲਾਈ ਮਹੀਨਾ ਲਗਪਗ ਸੁੱਕਾ ਲੰਘ ਗਿਆ ਅਤੇ ਅੱਧ ਅਗਸਤ ਵਿੱਚ ਬਾਰਸ਼ ਹੋਈ। ਜੁਲਾਈ ਮਹੀਨੇ ਵਿੱਚ ਔਸਤਨ ਜ਼ਿਲ੍ਹੇ ਵਿੱਚ 35.267 ਮਿਲੀਮੀਟਰ ਬਾਰਸ਼ ਹੋਈ, ਜੋ ਸਾਉਣੀ ਦੀ ਫਸਲ ਲਈ ਕਾਫ਼ੀ ਘੱਟ ਹੈ। ਪਿਛਲੇ ਸਾਲ ਜੁਲਾਈ ਮਹੀਨੇ ਦੌਰਾਨ 136.5 ਮਿਲੀਮੀਟਰ ਬਾਰਸ਼ ਹੋਈ ਸੀ। ਪਿਛਲੇ ਸਾਲ ਅਗਸਤ ਵਿੱਚ 74.250 ਮਿਲੀਮੀਟਰ ਮੀਂਹ ਪਿਆ, ਜਦੋਂ ਕਿ ਇਸ ਵਾਰ 46.217 ਮਿਲੀਮੀਟਰ ਮੀਂਹ ਪਿਆ। ਇਸ ਵਾਰ ਘੱਟ ਬਾਰਸ਼ ਕਾਰਨ ਧਰਤੀ ਹੇਠਲੇ ਪਾਣੀ ਦਾ ਪੱਧਰ ਹੋਰ ਹੇਠਾਂ ਚਲਾ ਗਿਆ ਹੈ। ਕਿਸਾਨਾਂ ਨੂੰ ਸਬਮਰਸੀਬਲ ਮੋਟਰਾਂ ਨੂੰ ਹੋਰ ਡੂੰਘਾਈ ਤੱਕ ਲਿਜਾਣ ਲਈ 20 ਤੋਂ 30 ਫੁੱਟ ਤੱਕ ਡਿਲਵਰੀਆਂ ਪਾਉਣੀਆਂ ਪਈਆਂ। ਸੰਗਰੂਰ ਬਲਾਕ ਵਿੱਚ ਪਾਣੀ ਦਾ ਪੱਧਰ ਲਗਪਗ 115 ਤੋਂ 125 ઠਫੁੱਟ, ਸੁਨਾਮ ਅਤੇ ਲਹਿਰਾਗਾਗਾ ਬਲਾਕਾਂ ਵਿੱਚ 135 ਤੋਂ 140 ਫੁੱਟ ਅਤੇ ਮਾਲੇਰਕੋਟਲਾ ਤੇ ਅਹਿਮਦਗੜ੍ਹ ਬਲਾਕਾਂ ਵਿੱਚ 110 ਤੋਂ 130 ਫੁੱਟ ਤੱਕ ਪੁੱਜ ਗਿਆ ਹੈ।
ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਕਰਨੈਲ ਸਿੰਘ ਸੰਧੂ ਦਾ ਕਹਿਣਾ ਹੈ ਕਿ ਝੋਨਾ ਤੇ ਨਰਮਾ/ਕਪਾਹ ਬਿਮਾਰੀ ਤੋਂ ਪੂਰੀ ਤਰ੍ਹਾਂ ਮੁਕਤ ਹਨ ਅਤੇ ਵੱਧ ਝਾੜ ਦੀ ਉਮੀਦ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਖੇੜੀ ਦੇ ਸਹਿਯੋਗੀ ਨਿਰਦੇਸ਼ਕ ਡਾ. ਮਨਦੀਪ ਸਿੰਘ ਦਾ ਕਹਿਣਾ ਹੈ ਕਿ ਘੱਟ ਬਾਰਸ਼ ਕਾਰਨ ਭਾਵੇਂ ਚਿੱਟੀ ਮੱਖੀ ਦੇ ਹਮਲੇ ਦਾ ਖਤਰਾ ਸੀ ਪਰ ਸਮੇਂ ਸਿਰ ਪਾਣੀ ਲਾਉਣ ਅਤੇ ਸਮੇਂ ਸਿਰ ਸਪਰੇਅ ਹੋਣ ਕਾਰਨ ਹਮਲਾ ਕੰਟਰੋਲ ਹੇਠ ਰਿਹਾ। ਨਰਮੇ ਦੀ ਫਸਲ ਉਪਰ ਚਿੱਟੀ ਮੱਖੀ ਦਾ ਹਮਲਾ ਪ੍ਰਤੀ ਪੱਤਾ ਦੋ ਤੋਂ ਘੱਟ ਰਿਹਾ, ਜੋ ਆਰਥਿਕ ਨੁਕਸਾਨ ਦੇ ਪੱਧਰ ਤੋਂ ਕਾਫ਼ੀ ਹੇਠਾਂ ਹੈ।