ਲੋਕ ਸਭਾ ਹਲਕਾ ਅੰਮ੍ਰਿਤਸਰ ਦੀਆਂ ਪਹਿਲਾਂ ਵਾਂਗ ਹੀ ਖੜ੍ਹੀਆਂ ਹਨ ਬੁਨਿਆਦੀ ਸਮੱਸਿਆਵਾਂ, ਲੋਕਾਂ ਨੂੰ ਵਿਕਾਸ ਦੀ ਉਡੀਕ
2014 ‘ਚ ਕੈਪਟਨ ਨੇ ਜੇਤਲੀ ਨੂੰ ਵੱਡੇ ਫਰਕ ਨਾਲ ਹਰਾਇਆ ਅਤੇ ਫਿਰ ਜ਼ਿਮਨੀ ਚੋਣ ਔਜਲਾ ਨੇ ਜਿੱਤੀ
ਅੰਮ੍ਰਿਤਸਰ : ਲੋਕ ਸਭਾ ਚੋਣਾਂ ਨੇੜੇ ਹਨ, ਪਰ ਸਰਹੱਦੀ ਜ਼ਿਲ੍ਹੇ ਅੰਮ੍ਰਿਤਸਰ ਵਿਚ ਸ਼ਹਿਰੀ ਅਤੇ ਦਿਹਾਤੀ ਖੇਤਰ ਵਿਚ ਬੁਨਿਆਦੀ ਸਮੱਸਿਆਵਾਂ ਪਹਿਲਾਂ ਵਾਂਗ ਹੀ ਹਨ। ਸਰਹੱਦੀ ਪਿੰਡਾਂ ਵਿਚ ਅੱਜ ਵੀ ਲੋਕ ਵਿਕਾਸ ਦੀ ਉਡੀਕ ਕਰ ਰਹੇ ਹਨ। ਸਾਲ 2014 ਦੀਆਂ ਲੋਕ ਸਭਾ ਚੋਣਾਂ ਵਿਚ ਦੇਸ਼ ਵਿਚ ਨਰਿੰਦਰ ਮੋਦੀ ਪੱਖੀ ਹਵਾ ਦੇ ਬਾਵਜੂਦ ਕੈਪਟਨ ਅਮਰਿੰਦਰ ਸਿੰਘ ਨੇ ਮੌਜੂਦਾ ਵਿੱਤ ਮੰਤਰੀ ਅਰੁਣ ਜੇਤਲੀ ਨੂੰ ਵੋਟਾਂ ਦੇ ਭਾਰੀ ਫ਼ਰਕ ਨਾਲ ਹਰਾਇਆ ਸੀ। ਦੋਵਾਂ ਆਗੂਆਂ ਵੱਲੋਂ ਉਸ ਵੇਲੇ ਸਰਹੱਦੀ ਜ਼ਿਲ੍ਹੇ ਦੇ ਲੋਕਾਂ ਨਾਲ ਵੱਡੇ ਵਾਅਦੇ ਕੀਤੇ ਗਏ ਸਨ, ਜੋ ਪੂਰੇ ਨਹੀਂ ਹੋ ਸਕੇ। ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਬਣਨ ਪਿੱਛੋਂ 2017 ਵਿਚ ਹੋਈ ਜ਼ਿਮਨੀ ਚੋਣ ਵੇਲੇ ਕਾਂਗਰਸ ਵੱਲੋਂ ਗੁਰਜੀਤ ਸਿੰਘ ਔਜਲਾ ਨੇ ਭਾਜਪਾ ਦੇ ਰਜਿੰਦਰ ਮੋਹਨ ਸਿੰਘ ਛੀਨਾ ਨੂੰ ਹਰਾ ਕੇ ਚੋਣ ਜਿੱਤ ਲਈ ਸੀ।
ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਹਲਕਾ ਅੰਮ੍ਰਿਤਸਰ (ਪੂਰਬੀ) ਅਧੀਨ ਆਉਂਦੇ ਪਿੰਡ ਮੂਧਲ ਨੂੰ ਉਨ੍ਹਾਂ ਸੰਸਦ ਮੈਂਬਰ ਵਜੋਂ ਅਪਣਾਇਆ ਸੀ। ਇਹ ਵਧੇਰੇ ਦਲਿਤ ਆਬਾਦੀ ਵਾਲਾ ਪਿੰਡ ਹੈ, ਜਿੱਥੇ ਕੇਂਦਰੀ ਮੰਤਰੀ ਹਰਦੀਪ ਪੁਰੀ ਵੀ ਦੋ ਦਿਨ ਠਹਿਰੇ ਸਨ। ਉਸ ਵੇਲੇ ਇਸ ਪਿੰਡ ਦੇ ਵਿਕਾਸ ਲਈ ਇਕ ਯੋਜਨਾ ਵੀ ਉਲੀਕੀ ਗਈ ਸੀ, ਪਰ ਅੱਜ ਵੀ ਇਸ ਪਿੰਡ ਵਿਚ ਗਲੀਆਂ, ਨਾਲੀਆਂ ਅਤੇ ਮੁੱਖ ਸੜਕ ਦਾ ਮਾੜਾ ਹਾਲ ਹੈ। ਮੀਂਹ ਪੈਣ ਕਾਰਨ ਗਲੀਆਂ ਵਿਚ ਪਾਈ ਮਿੱਟੀ ਚਿੱਕੜ ਦਾ ਰੂਪ ਲੈ ਲੈਂਦੀ ਹੈ ਤੇ ਲੰਘਣਾ ਮੁਸ਼ਕਲ ਹੋ ਜਾਂਦਾ ਹੈ। ਪਿੰਡ ਵਾਸੀ ਕਸ਼ਮੀਰ ਸਿੰਘ ਨੇ ਆਖਿਆ ਕਿ ਪਿੰਡ ਨੂੰ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅਪਣਾਇਆ ਸੀ, ਪਰ ਕੋਈ ਵਿਕਾਸ ਨਹੀਂ ਹੋਇਆ ਹੈ। ਹੁਣ ਤਾਂ ਗਰੀਬ ਪਰਿਵਾਰਾਂ ਨੂੰ ਦਿੱਤੀ ਜਾਂਦੀ ਕਣਕ ਵੀ ਨਹੀਂ ਮਿਲ ਰਹੀ ਹੈ।
ਅਜਨਾਲਾ ਹਲਕੇ ਦੇ ਭੱਲਾ ਪਿੰਡ ਵਿਚ ਢਾਈ ਏਕੜ ਜ਼ਮੀਨ ਦੇ ਮਾਲਕ ਅਵਤਾਰ ਸਿੰਘ ਅਤੇ ਉਸ ਦੇ ਪੁੱਤ ਕੁਲਦੀਪ ਸਿੰਘ ਨੇ ਆਖਿਆ ਕਿ ਉਨ੍ਹਾਂ ਦਾ 50 ਹਜ਼ਾਰ ਦਾ ਕਰਜ਼ਾ ਮੁਆਫ਼ ਨਹੀਂ ਹੋਇਆ ਹੈ। ਖੇਤੀਬਾੜੀ ਦਾ ਧੰਦਾ ਲਾਹੇਵੰਦ ਨਹੀਂ ਰਿਹਾ ਤੇ ਨਦੀਨਨਾਸ਼ਕਾਂ ਆਦਿ ਦੀ ਕੀਮਤ ਜੀਐੱਸਟੀ ਕਾਰਨ ਵਧ ਗਈ ਹੈ। ਇਸੇ ਪਿੰਡ ਦੇ ਰਿਕਸ਼ਾ ਚਾਲਕ ਜਸਵੰਤ ਸਿੰਘ ਨੇ ਆਖਿਆ ਕਿ ਗ਼ਰੀਬ ਬੰਦੇ ਦਾ ਜਿਊਣਾ ਮੁਸ਼ਕਲ ਹੋ ਗਿਆ ਹੈ। ਪ੍ਰਧਾਨ ਮੰਤਰੀ ਯੋਜਨਾ ਤਹਿਤ ਐਲਪੀਜੀ ਗੈਸ ਦਾ ਕੁਨੈਕਸ਼ਨ ਤਾਂ ਮਿਲਿਆ ਹੈ, ਪਰ ਸਿਲੰਡਰ ਖ਼ਰੀਦਣ ਲਈ ਪੈਸੇ ਨਹੀਂ ਹਨ, ਇਸ ਲਈ ਉਹ ਮੁੜ ਪਾਥੀਆਂ ਖ਼ਰੀਦ ਕੇ ਲਿਆਇਆ ਹੈ। ਉਸ ਨੇ ਆਖਿਆ ਕਿ ਪਿੰਡ ਦਾ ਮਾੜਾ ਹਾਲ ਹੈ, ਮੁੱਖ ਸੜਕ ਟੁੱਟੀ ਹੋਈ ਹੈ, ਸਿਹਤ ਸਹੂਲਤਾਂ ਨਾ-ਮਾਤਰ ਹਨ ਤੇ ਬੇਰੁਜ਼ਗਾਰੀ ਵਧ ਰਹੀ ਹੈ, ਜਿਸ ਕਾਰਨ ਨੌਜਵਾਨ ਨਸ਼ਿਆਂ ਵੱਲ ਜਾ ਰਹੇ ਹਨ।
ਮਜੀਠਾ ਹਲਕੇ ਦੇ ਪਿੰਡ ਗੋਪਾਲਪੁਰਾ ਦੇ ਸਰਕਾਰੀ ਸਕੂਲ ਦੀ ਪ੍ਰਿੰਸੀਪਲ ਅਵਿਨਾਸ਼ ਦੇਵੀ ਤੇ ਇਕ ਹੋਰ ਅਧਿਆਪਕ ਨੇ ਖ਼ੁਲਾਸਾ ਕੀਤਾ ਕਿ ਗ੍ਰਾਂਟ ਨਾ ਆਉਣ ਕਾਰਨ ਉਹ ਆਪਣੀ ਜੇਬ ਵਿਚੋਂ ਸਕੂਲ ਦੀ ਚਾਰਦੀਵਾਰੀ ਦੀ ਮੁਰੰਮਤ ਕਰਵਾ ਰਹੇ ਹਨ। ਪਹਿਲਾਂ ਵੀ ਆਪਣੇ ਕੋਲੋਂ ਰੰਗ-ਰੋਗਨ ਕਰਾਇਆ ਹੈ। ਮੱਝਵਿੰਡ ਪਿੰਡ ਦੇ ਸਾਬਕਾ ਸਰਪੰਚ ਸੁਖਦੀਪ ਸਿੱਧੂ ਨੇ ਆਖਿਆ ਕਿ ਇਸ ਵੇਲੇ ਨਾ ਤਾਂ ਮੋਦੀ ਪੱਖੀ ਹਵਾ ਹੈ ਅਤੇ ਨਾ ਹੀ ਕਾਂਗਰਸ ਦੀ ਸੂਬਾ ਸਰਕਾਰ ਦਾ ਕੋਈ ਪ੍ਰਭਾਵ ਹੈ। ਅਜਿਹੀ ਸਥਿਤੀ ਵਿਚ ਵੋਟਰਾਂ ਦੀ ਮਨੋਸਥਿਤੀ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਬਾਰਡਰ ਏਰੀਆ ਸੰਘਰਸ਼ ਕਮੇਟੀ ਨਾਲ ਜੁੜੇ ਕਿਸਾਨ ਆਗੂ ਰਤਨ ਸਿੰਘ ਰੰਧਾਵਾ ਨੇ ਆਖਿਆ ਕਿ ਇੱਥੇ ਤਾਰੋਂ ਪਾਰ ਵੱਡੀ ਗਿਣਤੀ ਵਿਚ ਵਾਹੀਯੋਗ ਜ਼ਮੀਨ ਹੈ, ਪਰ ਲੋਕ ਆਪਣੀ ਮਰਜ਼ੀ ਨਾਲ ਵਾਹੀ ਨਹੀਂ ਕਰ ਸਕਦੇ। ਕੇਂਦਰ ਸਰਕਾਰ ਵੱਲੋਂ ਨਾ ਤਾਂ ਲਗਾਤਾਰ ਮੁਆਵਜ਼ਾ ਦਿੱਤਾ ਜਾਂਦਾ ਹੈ ਅਤੇ ਨਾ ਹੀ ਇਸ ਸਮੱਸਿਆ ਦਾ ਢੁੱਕਵਾਂ ਹੱਲ ਕੱਢਿਆ ਜਾਂਦਾ ਹੈ, ਇਸ ਕਾਰਨ ਲੋਕ ਪ੍ਰੇਸ਼ਾਨ ਹਨ। ਵੈਟਰਨਰੀ ਡਾਕਟਰ ਕੁਲਬੀਰ ਸਿੰਘ ਨੇ ਆਖਿਆ ਕਿ ਸਰਹੱਦੀ ਪਿੰਡਾਂ ਵਿਚ ਨਸ਼ਿਆਂ ਦਾ ਰੁਝਾਨ ਪਹਿਲਾਂ ਵਾਂਗ ਹੀ ਹੈ ਤੇ ਨਸ਼ੇੜੀ ਓਵਰਡੋਜ਼ ਨਾਲ ਮਰ ਰਹੇ ਹਨ।
ਇਸ ਸੰਸਦੀ ਹਲਕੇ ਦੀ ਵਾਗਡੋਰ ਵਧੇਰੇ ਕਾਂਗਰਸ ਦੇ ਹੱਥ ਹੀ ਰਹੀ ਹੈ। 1952 , 1957 ਤੇ 1962 ਵਿਚ ਇੱਥੋਂ ਕਾਂਗਰਸ ਵੱਲੋਂ ਗੁਰਮੁਖ ਸਿੰਘ ਮੁਸਾਫਰ, 1971 ਵਿਚ ਦੁਰਗਾਦਾਸ ਭਾਟੀਆ, 1972, 1977, 1984, 1991 ਅਤੇ 1996 ਵਿਚ ਕਾਂਗਰਸ ਵੱਲੋਂ ਆਰ ਐੱਲ ਭਾਟੀਆ ਨੇ ਚੋਣ ਜਿੱਤੀ ਹੈ, ਜਦੋਂਕਿ ਭਾਰਤੀ ਜਨਸੰਘ ਦੇ ਉਮੀਦਵਾਰ ਯੱਗਿਆ ਦੱਤ ਸ਼ਰਮਾ ਨੇ 1967 ਵਿਚ ਚੋਣ ਜਿੱਤੀ ਸੀ। 1998 ਵਿਚ ਭਾਜਪਾ ਦੇ ਦਯਾ ਸਿੰਘ ਸੋਢੀ ਨੇ ਚੋਣ ਜਿੱਤੀ ਅਤੇ ਉਸ ਤੋਂ ਬਾਅਦ 2004, 2007 ਤੇ 2009 ਵਿਚ ਭਾਜਪਾ ਵੱਲੋਂ ਨਵਜੋਤ ਸਿੰਘ ਸਿੱਧੂ ਨੇ ਚੋਣ ਜਿੱਤੀ ਸੀ। ਮੁੜ 2014 ਅਤੇ 2017 ਉਪ ਚੋਣ ਵਿਚ ਕਾਂਗਰਸ ਉਮੀਦਵਾਰ ਜੇਤੂ ਰਹੇ ਹਨ। 1989 ਵਿਚ ਅਕਾਲੀ ਦਲ ਦੀ ਮਦਦ ਨਾਲ ਸਿੱਖ ਉਮੀਦਵਾਰ ਕਿਰਪਾਲ ਸਿੰਘ ਜੇਤੂ ਰਹੇ ਸਨ।
ਕਈ ਵੱਡੇ ਵਿਕਾਸ ਕਾਰਜ ਕਰਾਏ: ਔਜਲਾ
ਮੌਜੂਦਾ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਦਾਅਵਾ ਕੀਤਾ ਕਿ ਪਿਛਲੇ ਇਕ ਸਾਲ ਦੌਰਾਨ ਉਨ੍ਹਾਂ ਆਪਣੇ ਅਖ਼ਤਿਆਰੀ ਫੰਡ ਵਿਚੋਂ 97 ਲੱਖ ਰੁਪਏ ਦਿਹਾਤੀ ਅਤੇ ਸ਼ਹਿਰੀ ਇਲਾਕਿਆਂ ਦੇ ਵਿਕਾਸ ਲਈ ਖ਼ਰਚੇ ਹਨ। ਇਸ ਤਹਿਤ ਗਲੀਆਂ-ਨਾਲੀਆਂ ਪੱਕੀਆਂ ਹੋਈਆਂ ਹਨ, ਸਟਰੀਟ ਲਾਈਟਾਂ ਲੱਗੀਆਂ ਹਨ ਤੇ ਹੋਰ ਕੰਮ ਹੋਏ ਹਨ। ਅੰਮ੍ਰਿਤਸਰ ਹਵਾਈ ਅੱਡੇ ਦੇ ਵਿਕਾਸ ਲਈ ਅਹਿਮ ਯੋਗਦਾਨ ਪਾਇਆ ਹੈ। ਸ਼ਹਿਰ ਵਿਚ ਵਿਕਾਸ ਵਾਸਤੇ ਕਈ ਅਹਿਮ ਕੰਮ ਕੀਤੇ ਹਨ।
ਮੌਜੂਦਾ ਐੱਮਪੀ ਦੀ ਕਾਰਗੁਜ਼ਾਰੀ ਜ਼ੀਰੋ: ਛੀਨਾ
ਭਾਜਪਾ ਵੱਲੋਂ ਇਸ ਹਲਕੇ ਤੋਂ ਟਿਕਟ ਦੇ ਦਾਅਵੇਦਾਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਮੌਜੂਦਾ ਸੰਸਦ ਮੈਂਬਰ ਦੀ ਕਾਰਗੁਜ਼ਾਰੀ ਨੂੰ ਜ਼ੀਰੋ ਦੱਸਦਿਆਂ ਆਖਿਆ ਕਿ ਉਨ੍ਹਾਂ ਨੇ ਸ਼ਹਿਰੀ ਜਾਂ ਦਿਹਾਤੀ ਵਿਕਾਸ ਲਈ ਕੋਈ ਕੇਂਦਰੀ ਯੋਜਨਾ ਇੱਥੇ ਨਹੀਂ ਲਿਆਂਦੀ ਹੈ।
ਸੰਸਦੀ ਹਲਕਾ ਫਰੀਦਕੋਟ ਨੂੰ ਇਕ ਵੀ ਸਨਅਤੀ ਇਕਾਈ ਨਸੀਬ ਨਹੀਂ ਹੋਈ
ਫ਼ਰੀਦਕੋਟ : ਰਾਖਵਾਂ ਲੋਕ ਸਭਾ ਹਲਕਾ ਫ਼ਰੀਦਕੋਟ ਅਜ਼ਾਦੀ ਤੋਂ 7 ਦਹਾਕੇ ਬਾਅਦ ਵੀ ਬੁਨਿਆਦੀ ਸਹੂਲਤਾਂ ਤੋਂ ਵਾਂਝਾ ਹੈ। ਇਸ ਲੋਕ ਸਭਾ ਹਲਕੇ ਨੂੰ ਸਨਅਤੀ ਵਿਕਾਸ ਦਾ ਸੁਪਨਾ ਦਿਖਾਇਆ ਗਿਆ ਸੀ, ਜੋ ਅਜੇ ਤਕ ਪੂਰਾ ਨਹੀਂ ਹੋ ਸਕਿਆ। ਇਸ ਸੰਸਦੀ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਵੀ ਦੋ ਵਾਰ ਨੁਮਾਇੰਦਗੀ ਕਰ ਚੁੱਕੇ ਹਨ, ਇਸ ਦੇ ਬਾਵਜੂਦ ਫ਼ਰੀਦਕੋਟ ਨੂੰ ਇਕ ਵੀ ਸਨਅਤੀ ਇਕਾਈ ਨਸੀਬ ਨਹੀਂ ਹੋਈ।
ਇਸ ਹਲਕੇ ਵਿਚ 1988 ਵਿਚ ਬਣੀ ਸਹਿਕਾਰੀ ਸ਼ੂਗਰ ਮਿੱਲ 1996 ਵਿਚ ਬੰਦ ਹੋ ਗਈ ਸੀ, ਜਿਸ ਕਾਰਨ ਇਕ ਹਜ਼ਾਰ ਪਰਿਵਾਰ ਦਾ ਰੁਜ਼ਗਾਰ ਖੁੱਸ ਗਿਆ ਸੀ। ਇੱਥੋਂ ਆਮ ਆਦਮੀ ਪਾਰਟੀ (ਆਪ) ਦੇ ਮੌਜੂਦਾ ਸੰਸਦ ਮੈਂਬਰ ਪ੍ਰੋ. ਸਾਧੂ ਸਿੰਘ ਨੇ ਭਰੋਸਾ ਦਿੱਤਾ ਸੀ ਕਿ ਜੇਕਰ ਉਹ ਚੋਣ ਜਿੱਤਦੇ ਹਨ ਤਾਂ ਸਹਿਕਾਰੀ ਸ਼ੂਗਰ ਮਿੱਲ ਦੁਬਾਰਾ ਚਲਾਈ ਜਾਵੇਗੀ। ਸਾਧੂ ਸਿੰਘ ਨੂੰ ਫ਼ਰੀਦਕੋਟ ਦੇ ਲੋਕਾਂ ਨੇ 1,72,516 ਵੋਟਾਂ ਦੀ ਵੱਡੀ ਜਿੱਤ ਦਿਵਾਈ ਸੀ, ਪਰ ਸ਼ੂਗਰ ਮਿੱਲ ਚਲਾਉਣ ਦਾ ਵਾਅਦਾ ਵਫ਼ਾ ਨਹੀਂ ਹੋਇਆ। ਹਾਲਾਂਕਿ ਸੰਸਦ ਮੈਂਬਰ ਨੇ ਸ਼ੂਗਰ ਮਿੱਲ ਚਲਾਉਣ ਲਈ ਭੁੱਖ ਹੜਤਾਲ ‘ਤੇ ਬੈਠਣ ਦਾ ਐਲਾਨ ਕੀਤਾ ਸੀ, ਇਸ ਦੇ ਬਾਵਜੂਦ ਸਹਿਕਾਰਤਾ ਵਿਭਾਗ ਨੇ ਫ਼ਰੀਦਕੋਟ ਸ਼ੂਗਰ ਮਿੱਲ ਦੀ ਮਸ਼ੀਨਰੀ 10 ਕਰੋੜ ਰੁਪਏ ਵਿਚ ਨਿਲਾਮ ਕਰ ਦਿੱਤੀ ਤੇ ਇਸ ਸ਼ੂਗਰ ਮਿੱਲ ਦੀ 138 ਕਿੱਲੇ ਜ਼ਮੀਨ ਪੁੱਡਾ ਹਵਾਲੇ ਕਰ ਦਿੱਤੀ। ਵੰਡ ਤੋਂ ਪਹਿਲਾਂ ਤੋਂ ਲੈ ਕੇ 1980 ਤਕ ਵਿੱਦਿਆ ਦੇ ਖੇਤਰ ਵਿਚ ਮੋਹਰੀ ਰਿਹਾ ਫ਼ਰੀਦਕੋਟ ਬੁਨਿਆਦੀ ਸਹੂਲਤਾਂ ਤੋਂ ਸੱਖਣਾ ਹੋ ਗਿਆ ਹੈ। ਧਰਤੀ ਹੇਠਲਾ ਪਾਣੀ ਖਾਰਾ ਹੋਣ ਕਾਰਨ ਫ਼ਰੀਦਕੋਟ ਨੂੰ ਭਾਖੜਾ ਨਹਿਰ ਵਿਚੋਂ ਨਿਕਲਦੀ ਰਾਜਾ ਮਾਈਨਰ ਦਾ ਪਾਣੀ ਦੇਣ ਦਾ ਭਰੋਸਾ ਦਿੱਤਾ ਗਿਆ ਸੀ, ਪਰ ਅਜੇ ਤਕ ਇਹ ਪਾਣੀ ਲੋਕਾਂ ਨੂੰ ਨਸੀਬ ਨਹੀਂ ਹੋਇਆ। ਫ਼ਰੀਦਕੋਟ ਲੋਕ ਸਭਾ ਹਲਕੇ ਵਿਚ ਕੋਟਕਪੂਰਾ, ਜੈਤੋ, ਮੋਗਾ, ਧਰਮਕੋਟ, ਬਾਘਾਪੁਰਾਣਾ, ਨਿਹਾਲ ਸਿੰਘ ਵਾਲਾ, ਗਿੱਦੜਬਾਹਾ ਤੇ ਰਾਮਪੁਰਾ ਫੂਲ ਵਿਧਾਨ ਸਭਾ ਹਲਕੇ ਆਉਂਦੇ ਹਨ ਅਤੇ ਇਹ ਸਾਰੇ ਹੀ ਹਲਕੇ ਸ਼ੁੱਧ ਪਾਣੀ ਤੋਂ ਵਾਂਝੇ ਹਨ। ਇਨ੍ਹਾਂ ਵਿਧਾਨ ਸਭਾ ਹਲਕਿਆਂ ਵਿਚ ਲਿੰਕ ਸੜਕਾਂ ਦੀ ਹਾਲਤ ਤਰਸਯੋਗ ਹੈ। ਲੋਕ ਸਭਾ ਅਧੀਨ ਪੈਂਦੇ ਸਾਰੇ ਵਿਧਾਨ ਸਭਾ ਖੇਤਰਾਂ ਵਿਚ ਸਿਹਤ ਕੇਂਦਰਾਂ ਵਿਚ ਡਾਕਟਰਾਂ ਤੇ ਅਮਲੇ ਦੀ ਵੱਡੀ ਘਾਟ ਹੈ ਤੇ ਸਰਕਾਰੀ ਦਫ਼ਤਰਾਂ ਵਿਚ ਸੈਂਕੜੇ ਆਸਾਮੀਆਂ ਖਾਲੀ ਹਨ।
ਕਿਸਾਨ ਆਗੂ ਚਰਨਜੀਤ ਸਿੰਘ ਸੁੱਖਣ ਵਾਲਾ ਨੇ ਕਿਹਾ ਕਿ ਪਿੰਡਾਂ ਵਿਚ ਨਸ਼ਿਆਂ ਨੂੰ ਠੱਲ੍ਹ ਨਹੀਂ ਪੈ ਰਹੀ। ਐਡਵੋਕੇਟ ਮੰਗਤ ਅਰੋੜਾ ਨੇ ਕਿਹਾ ਕਿ ਦਸ ਜ਼ਿਲ੍ਹਿਆਂ ਨੂੰ ਸਿਹਤ ਸਹੂਲਤਾਂ ਦੇ ਰਿਹਾ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਸਹੂਲਤਾਂ ਪੱਖੋਂ ਖ਼ੁਦ ਬਿਮਾਰ ਹੈ। ਫ਼ਰੀਦਕੋਟ ਦੇ ਵਸਨੀਕ ਗੁਰਦਿੱਤ ਸਿੰਘ ਸੇਖੋਂ ਅਤੇ ਮਾਸਟਰ ਅਮਰਜੀਤ ਸਿੰਘ ਨੇ ਕਿਹਾ ਕਿ ‘ਸਵੱਛ ਭਾਰਤ’ ਮੁਹਿੰਮ ਦੇ ਬਾਵਜੂਦ ਸਾਰੇ ਸ਼ਹਿਰਾਂ ਵਿਚ ਕੂੜੇ ਦੇ ਢੇਰ ਲੱਗੇ ਹੋਏ ਹਨ ਤੇ ਨਗਰ ਕੌਂਸਲਾਂ ਕੋਲ ਸ਼ਹਿਰ ਨੂੰ ਸਾਫ਼ ਕਰਨ ਲਈ ਲੋੜੀਂਦੇ ਬਜਟ ਤਕ ਨਹੀਂ ਹਨ। ਸੰਸਦ ਮੈਂਬਰ ਵੱਲੋਂ ਗੋਦ ਲਏ ਪਿੰਡ ਕੋਰੋਟਾਣਾ ਦੇ ਹਾਲਾਤ ਵੀ ਨਹੀਂ ਬਦਲੇ।
ਫ਼ਰੀਦਕੋਟ ਲੋਕ ਸਭਾ ਹਲਕੇ ਵਿਚ ਦੋ ਦਰਜਨ ਤੋਂ ਵੱਧ ਬਹੁ-ਤਕਨੀਕੀ ਕਾਲਜ ਅਤੇ ਬੀ.ਐੱਡ. ਕਾਲਜ ਬੰਦ ਹੋ ਚੁੱਕੇ ਹਨ। ਅਕਾਲੀ ਦਲ ਦੀ ਸਰਕਾਰ ਵੇਲੇ ਸੁਖਬੀਰ ਬਾਦਲ ਦੇ ਸੰਸਦ ਮੈਂਬਰ ਹੁੰਦਿਆਂ ਫ਼ਰੀਦਕੋਟ ਨੂੰ ਬਾਬਾ ਫ਼ਰੀਦ ਮੈਡੀਕਲ ਯੂਨੀਵਰਸਿਟੀ ਦਾ ਤੋਹਫ਼ਾ ਮਿਲਿਆ ਸੀ, ਪਰ ਇਹ ਯੂਨੀਵਰਸਿਟੀ ਇਮਤਿਹਾਨ ਕੇਂਦਰ ਬਣ ਕੇ ਰਹਿ ਗਈ ਹੈ। ਯੂਨੀਵਰਸਿਟੀ ਵਿਚ ਡਾਕਟਰਾਂ, ਨਰਸਾਂ ਤੇ ਹੋਰ ਕਾਮਿਆਂ ਦੀਆਂ 200 ਤੋਂ ਵੱਧ ਆਸਾਮੀਆਂ ਖਾਲੀ ਪਈਆਂ ਹਨ।
ਜੇਕਰ ਸਿਆਸੀ ਦ੍ਰਿਸ਼ ਦੀ ਗੱਲ ਕਰੀਏ ਤਾਂ ਫ਼ਰੀਦਕੋਟ ਲੋਕ ਸਭਾ ਹਲਕੇ ਵਿਚ 2014 ਦੀ ਤਰ੍ਹਾਂ ਤਿਕੋਨਾ ਮੁਕਾਬਲਾ ਹੋਵੇਗਾ। ਮੌਜੂਦਾ ਸੰਸਦ ਮੈਂਬਰ ਪ੍ਰੋ. ਸਾਧੂ ਸਿੰਘ ਦੀ ਸਥਿਤੀ ਭਾਵੇਂ 2014 ਵਾਲੀ ਨਹੀਂ, ਪਰ ਹਾਲ ਦੀ ਘੜੀ ਉਹ ਮੁਕਾਬਲੇ ਵਿਚ ਨਜ਼ਰ ਆ ਰਹੇ ਹਨ। ਕਾਂਗਰਸ ਅਤੇ ਅਕਾਲੀ ਦਲ ਇਹ ਸੀਟ ‘ਆਪ’ ਤੋਂ ਖੋਹਣ ਲਈ ਤਰਲੋ-ਮੱਛੀ ਹਨ। ਕਾਂਗਰਸ ਵੀ ਪੜ੍ਹੇ-ਲਿਖੇ ਉਮੀਦਵਾਰ ਦੀ ਭਾਲ ਵਿਚ ਹੈ। ਪਟਿਆਲਾ ਦੇ ਐਡਵੋਕੇਟ ਗਗਨਦੀਪ ਸਿੰਘ ਬਰਾੜ, ਜੋ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਾਬਕਾ ਚੇਅਰਮੈਨ ਪ੍ਰਿੰਸੀਪਲ ਮੁਖਤਿਆਰ ਸਿੰਘ ਦੇ ਪੁੱਤ ਹਨ ਅਤੇ ਸਾਬਕਾ ਵਿਧਾਇਕ ਮੁਹੰਮਦ ਸਦੀਕ ਵਿਚੋਂ ਕਾਂਗਰਸ ਕਿਸੇ ਇਕ ਨੂੰ ਚੋਣ ਮੈਦਾਨ ਵਿਚ ਉਤਾਰ ਸਕਦੀ ਹੈ।
ਸਾਰੀ ਗ੍ਰਾਂਟ ਵੰਡੀ: ਪ੍ਰੋ. ਸਾਧੂ ਸਿੰਘ
ਸੰਸਦ ਮੈਂਬਰ ਪ੍ਰੋ. ਸਾਧੂ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਪੰਜ ਸਾਲਾਂ ਦੌਰਾਨ 25 ਕਰੋੜ ਰੁਪਏ ਦੀ ਗ੍ਰਾਂਟ ਕੇਂਦਰ ਵੱਲੋਂ ਮਿਲੀ ਸੀ ਤੇ ਇਹ ਗ੍ਰਾਂਟ ਵੰਡ ਦਿੱਤੀ ਗਈ ਹੈ। ਉਨ੍ਹਾਂ ਨੇ ਸਕੂਲਾਂ ਤੇ ਹਸਪਤਾਲਾਂ ਨੂੰ ਪਹਿਲ ਦੇ ਆਧਾਰ ‘ਤੇ ਗ੍ਰਾਂਟਾਂ ਦਿੱਤੀਆਂ ਹਨ। ਨਗਰ ਕੌਂਸਲਾਂ ਨੂੰ ਅੱਗ ਬੁਝਾਊ ਯੰਤਰਾਂ ਲਈ ਪੈਸਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਵਿਰੋਧੀ ਧਿਰ ਦੀ ਸਰਕਾਰ ਹੋਣ ਕਾਰਨ ਪ੍ਰਸ਼ਾਸਨ ਨੇ ਉਨ੍ਹਾਂ ਦੇ ਗ੍ਰਾਂਟ ਖ਼ਰਚਣ ਵਿਚ ਕਈ ਅੜਿੱਕੇ ਲਾਏ।
‘ਆਪ’ ਐਮਪੀ ਦੀ ਕਾਰਗੁਜ਼ਾਰੀ ਬਹੁਤੀ ਚੰਗੀ ਨਹੀਂ: ਬੀਬੀ ਗੁਲਸ਼ਨ
ਸਾਲ 2014 ਵਿਚ ਚੋਣ ਹਾਰਨ ਵਾਲੀ ਅਕਾਲੀ ਉਮੀਦਵਾਰ ਪਰਮਜੀਤ ਕੌਰ ਗੁਲਸ਼ਨ ਨੇ ਕਿਹਾ ਕਿ ਉਹ ਇਕ ਵਾਰ ਫ਼ਰੀਦਕੋਟ ਲੋਕ ਸਭਾ ਹਲਕੇ ਦੀ ਨੁਮਾਇੰਦਗੀ ਕਰ ਚੁੱਕੇ ਹਨ। ਬੀਬੀ ਗੁਲਸ਼ਨ ਨੇ ਕਿਹਾ ਕਿ ਉਨ੍ਹਾਂ ਸੰਸਦ ਮੈਂਬਰ ਹੁੰਦਿਆਂ ਪੰਜਾਬ ਸਰਕਾਰ ਤੋਂ ਗ੍ਰਾਂਟਾਂ ਲੈ ਕੇ ਵੀ ਆਪਣੇ ਹਲਕੇ ਵਿਚ ਵਿਕਾਸ ਕਾਰਜਾਂ ਲਈ ਵਰਤੀਆਂ ਸਨ। ਉਨ੍ਹਾਂ ਕਿਹਾ ਕਿ ‘ਆਪ’ ਦੇ ਸੰਸਦ ਮੈਂਬਰ ਉਨ੍ਹਾਂ ਮੁਕਾਬਲੇ ਕੋਈ ਖ਼ਾਸ ਕਾਰਗੁਜ਼ਾਰੀ ਨਹੀਂ ਦਿਖਾ ਸਕੇ।
Check Also
ਲੋਕ ਸਭਾ ਚੋਣਾਂ ‘ਚ ਭਾਜਪਾ ਨੂੰ ਨਹੀਂ ਮਿਲਿਆ ਬਹੁਮਤ
ਭਾਜਪਾ ਨੂੰ ਸਿਰਫ਼ 241 ਸੀਟਾਂ ਨਾਲ ਕਰਨਾ ਪਿਆ ਸਬਰ ਚੋਣ ਨਤੀਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ …