ਦਹਿਸ਼ਤਗਰਦਾਂ ਖਿਲਾਫ ਨਿਰੰਤਰ ਕਾਰਵਾਈ ਕਰੇ ਪਾਕਿ
ਵਾਸ਼ਿੰਗਟਨ : ਅਮਰੀਕਾ ਨੇ ਇਸਲਾਮਾਬਾਦ ਨੂੰ ਕਿਹਾ ਹੈ ਕਿ ਉਹ ਭਵਿੱਖੀ ਹਮਲਿਆਂ (ਦਹਿਸ਼ਤੀ) ਨੂੰ ਰੋਕਣ ਤੇ ਖਿੱਤੇ ਵਿੱਚ ਖੇਤਰੀ ਸਥਿਰਤਾ ਦੇ ਪ੍ਰਚਾਰ ਲਈ ਆਪਣੀ ਧਰਤੀ ਤੋਂ ਦਹਿਸ਼ਤੀ ਕਾਰਵਾਈਆਂ ਚਲਾਉਣ ਵਾਲੀਆਂ ਦਹਿਸ਼ਤੀ ਜਥੇਬੰਦੀਆਂ ਖਿਲਾਫ਼ ‘ਅਟੱਲ ਤੇ ਨਿਰੰਤਰ’ ਕਾਰਵਾਈ ਕਰੇ।
ਅਮਰੀਕੀ ਵਿਦੇਸ਼ ਵਿਭਾਗ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਪੁਲਵਾਮਾ ਦਹਿਸ਼ਤੀ ਹਮਲੇ ਤੇ ਭਾਰਤ ਵੱਲੋਂ ਬਾਲਾਕੋਟ ਵਿੱਚ ਜੈਸ਼-ਏ-ਮੁਹੰਮਦ ਦੇ ਕੈਂਪ ‘ਤੇ ਕੀਤੇ ਹਵਾਈ ਹਮਲਿਆਂ ਕਰਕੇ ਪਾਕਿਸਤਾਨ ਆਲਮੀ ਦਬਾਅ ਵਿੱਚ ਹੈ। ਇਸੇ ਦਬਾਅ ਕਰਕੇ ਪਾਕਿਸਤਾਨ ਨੇ ਪਿਛਲੇ ਕੁਝ ਦਿਨਾਂ ਵਿੱਚ ਦਹਿਸ਼ਤੀ ਜਥੇਬੰਦੀਆਂ ਤੇ ਉਨ੍ਹਾਂ ਦੇ ਆਗੂਆਂ ਖ਼ਿਲਾਫ਼ ਕਾਰਵਾਈ ਕੀਤੀ ਹੈ। ਵਿਦੇਸ਼ ਵਿਭਾਗ ਦੇ ਉਪ ਬੁਲਾਰੇ ਰੋਬਰਟ ਪੈਲਾਡੀਨੋ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘ਅਸੀਂ ਪਾਕਿਸਤਾਨ ਵੱਲੋਂ ਹੁਣ ਤਕ ਕੀਤੀ ਪੇਸ਼ਕਦਮੀ ਨੂੰ ਵੇਖ ਰਹੇ ਹਾਂ ਤੇ ਅਸੀਂ ਪਾਕਿਸਤਾਨ ਨੂੰ ਇਹ ਗੁਜ਼ਾਰਿਸ਼ ਕਰਦੇ ਹਾਂ ਕਿ ਉਹ ਦਹਿਸ਼ਤੀ ਜਥੇਬੰਦੀਆਂ ਖ਼ਿਲਾਫ਼ ਲਗਾਤਾਰ ਤੇ ਅਟੱਲ ਕਾਰਵਾਈ ਕਰੇ। ਇਸ ਨਾਲ ਨਾ ਸਿਰਫ਼ ਭਵਿੱਖ ਵਿੱਚ ਹੋਣ ਵਾਲੇ ਹਮਲਿਆਂ ‘ਤੇ ਰੋਕ ਲੱਗੇਗੀ ਬਲਕਿ ਖਿੱਤੇ ਵਿੱਚ ਖੇਤਰੀ ਸਥਿਰਤਾ ਦਾ ਪ੍ਰਚਾਰ ਪਾਸਾਰ ਹੋਵੇਗਾ।’ ਤਰਜਮਾਨ ਨੇ ਕਿਹਾ, ‘ਅਸੀਂ ਪਾਕਿਸਤਾਨ ਨੂੰ ਸੱਦਾ ਦਿੰਦੇ ਹਾਂ ਕਿ ਉਹ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਵੱਲੋਂ ਲਾਈਆਂ ਇਖ਼ਲਾਕੀ ਬੰਦਿਸ਼ਾਂ ਦਾ ਪਾਲਣ ਕਰਦਿਆਂ ਦਹਿਸ਼ਤਗਰਦਾਂ ਨੂੰ ਆਪਣੇ ਮੁਲਕ ਵਿੱਚ ਸੁਰੱਖਿਅਤ ਪਨਾਹਗਾਹਾਂ ਦੇਣ ਤੋਂ ਬਚੇ ਤੇ ਉਨ੍ਹਾਂ ਨੂੰ ਮਿਲਦੇ ਫ਼ੰਡਾਂ ‘ਤੇ ਲਗਾਮ ਲਗਾਏ।’ ਜੈਸ਼ ਮੁਖੀ ਮਸੂਦ ਅਜ਼ਹਰ ਨੂੰ ਆਲਮੀ ਦਹਿਸ਼ਤਗਰਦ ਐਲਾਨੇ ਜਾਣ ਲਈ ਯੂਐਨ ਸੁਰੱਖਿਆ ਕੌਂਸਲ ਵਿੱਚ ਪੇਸ਼ ਮਤੇ ਬਾਰੇ ਪੁੱਛੇ ਜਾਣ ‘ਤੇ ਪੈਲਾਡੀਨੋ ਨੇ ਸਿੱਧਾ ਜਵਾਬ ਦੇਣ ਤੋਂ ਟਾਲਾ ਵੱਟਦਿਆਂ ਕਿਹਾ ਕਿ ਉਹ ਯੂਐਨ ਦੀ ਆਲਮੀ ਦਹਿਸ਼ਤਗਰਦਾਂ ਬਾਰੇ ਸੂਚੀ ਨੂੰ ਨਵਿਆਉਣਾ ਚਾਹੁੰਦੇ ਹਨ।
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …