ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ਦੀਆਂ ਮਹਿਲਾ ਪੁਲਾੜ ਯਾਤਰੀਆਂ ਕ੍ਰਿਸਟੀਨਾ ਕੋਚ ਅਤੇ ਜੇਸਿਕਾ ਮੀਰ ਨੇ ਬਿਨਾਂ ਕਿਸੇ ਪੁਰਸ਼ ਸਾਥੀ ਤੋਂ ਸਪੇਸਵਾਕ ਕਰਕੇ ਨਵਾਂ ਇਤਿਹਾਸ ਰਚਿਆ ਹੈ। ਉਹ ਵਿਸ਼ਵ ਦੀਆਂ ਪਹਿਲੀਆਂ ਅਜਿਹੀਆਂ ਮਹਿਲਾਵਾਂ ਬਣ ਗਈਆਂ ਹਨ, ਜਿਨ੍ਹਾਂ ਨੇ ਬਿਨਾਂ ਪੁਰਸ਼ ਸਾਥੀ ਤੋਂ ਸਪੇਸਵਾਕ ਕੀਤੀ ਹੈ। ਉਨ੍ਹਾਂ ਨੇ ਬੈਟਰੀ ਚਾਰਜਰ ਬਦਲਣ ਲਈ ਸਪੇਸਵਾਕ ਕੀਤੀ।
ਦੱਸਣਯੋਗ ਹੈ ਕਿ ਪਹਿਲਾਂ ਕੇਵਲ ਮਹਿਲਾਵਾਂ ਵਲੋਂ ਸਪੇਸਵਾਕ ਇਸ ਵਰ੍ਹੇ ਮਾਰਚ ਵਿਚ ਕੀਤੀ ਜਾਣੀ ਸੀ ਪਰ ਉਸ ਨੂੰ ਰੱਦ ਕਰਨਾ ਪਿਆ ਸੀ ਕਿਉਂਕਿ ਪੁਲਾੜ ਏਜੰਸੀ ਕੋਲ ਮਹਿਲਾਵਾਂ ਦੇ ਨਾਪ ਦਾ ਕੇਵਲ ਇੱਕ ਸਪੇਸਸੂਟ ਮੌਜੂਦ ਸੀ। ਕੋਚ ਵਲੋਂ ਮੀਰ ਦੀ ਅਗਵਾਈ ਕੀਤੀ ਗਈ। ਮੀਰ ਦੀ ਇਹ ਪਹਿਲੀ ਸਪੇਸਵਾਕ ਸੀ। ਦੱਸਣਯੋਗ ਹੈ ਕਿ ਪਿਛਲੀ ਅੱਧੀ ਸਦੀ ਵਿਚ ਕੀਤੀਆਂ ਗਈਆਂ ਸਾਰੀਆਂ 420 ਸਪੇਸਵਾਕ’ਜ਼ ਵਿੱਚ ਪੁਰਸ਼ ਕਿਸੇ ਨਾ ਕਿਸੇ ਰੂਪ ਵਿੱਚ ਸ਼ਾਮਲ ਰਹੇ ਹਨ ਪਰ ਪਿਛਲੇ ਦਿਨੀਂ ਕੀਤੀ ਗਈ 421ਵੀਂ ਸਪੇਸਵਾਕ ਵਿਚ ਇਹ ਇਤਿਹਾਸ ਬਦਲ ਗਿਆ। ਨਾਸਾ ਦੀਆਂ ਮਹਿਲਾ ਪੁਲਾੜ ਯਾਤਰੀ ਕ੍ਰਿਸਟੀਨਾ ਕੋਚ ਅਤੇ ਜੇਸਿਕਾ ਮੀਰ ਵਲੋਂ ਨਵਾਂ ਇਤਿਹਾਸ ਰਚਿਆ ਗਿਆ ਹੈ। ਕੌਮਾਂਤਰੀ ਪੁਲਾੜ ਕੇਂਦਰ ਵਿਚ ਮੌਜੂਦ ਸਾਰੇ ਚਾਰ ਪੁਰਸ਼ ਮੈਂਬਰ ਅੰਦਰ ਹੀ ਰਹੇ ਜਦਕਿ ਕੋਚ ਅਤੇ ਮੀਰ ਨੇ ਟੁੱਟਿਆ ਹੋਇਆ ਬੈਟਰੀ ਚਾਰਜਰ ਬਦਲਣ ਲਈ ਕੇਂਦਰ ਦੇ ਬਾਹਰ ਪੁਲਾੜ ਵਿੱਚ ਚਹਿਲਕਦਮੀ ਕੀਤੀ। ਬੈਟਰੀ ਚਾਰਜਰ ਉਦੋਂ ਖ਼ਰਾਬ ਹੋ ਗਿਆ ਸੀ ਜਦੋਂ ਕੋਚ ਅਤੇ ਚਾਲਕ ਦਲ ਦੇ ਇੱਕ ਪੁਰਸ਼ ਮੈਂਬਰ ਨੇ ਪਿਛਲੇ ਹਫ਼ਤੇ ਪੁਲਾੜ ਕੇਂਦਰ ਦੇ ਬਾਹਰ ਨਵੀਆਂ ਬੈਟਰੀਆਂ ਲਗਾਈਆਂ ਸਨ।
Check Also
ਪ੍ਰਧਾਨ ਮੰਤਰੀ ਮੋਦੀ ਨੇ ਬੰਗਲਾਦੇਸ਼ ਦੇ ਚੀਫ ਐਡਵਾਈਜਰ ਨਾਲ ਕੀਤੀ ਮੁਲਾਕਾਤ
ਥਾਈਲੈਂਡ ਵਿਚ ਸਿਖਰ ਵਾਰਤਾ ਦੌਰਾਨ ਮੋਦੀ ਅਤੇ ਮੁਹੰਮਦ ਯੂਨਸ ਵਿਚਾਲੇ ਹੋਈ ਗੱਲਬਾਤ ਨਵੀਂ ਦਿੱਲੀ/ਬਿਊਰੋ ਨਿਊਜ਼ …