ਟਰੰਪ ’ਤੇ ਲੱਗੇ 37 ਆਰੋਪ ਕੀਤੇ ਗਏ ਜਨਤਕ
ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਖਿਲਾਫ਼ ਖੁਫੀਆ ਦਸਤਾਵੇਜ਼ ਛੁਪਾਉਣ ਦੇ ਮਾਮਲੇ ’ਚ ਲਗਾਏ ਗਏ 37 ਆਰੋਪਾਂ ਨੂੰ ਜਨਤਕ ਕਰ ਦਿੱਤਾ ਗਿਆ ਹੈ। ਇਨ੍ਹਾਂ ’ਚੋਂ 31 ਆਰੋਪ ਰਾਸ਼ਟਰੀ ਸੁਰੱਖਿਆ ਨਾਲ ਜੁੜੇ ਦਸਤਾਵੇਜ਼ਾਂ ਨੂੰ ਜਾਣ-ਬੁੱਝ ਕੇ ਆਪਣੇ ਕੋਲ ਰੱਖਣ ਦੇ ਮਾਮਲੇ ’ਚ ਲਗਾਏ ਗਏ ਹਨ। ਇਸ ਤੋਂ ਇਲਾਵਾ ਉਨ੍ਹਾਂ ’ਤੇ ਝੂਠੇ ਬਿਆਨ ਦੇਣ, ਦਸਤਾਵੇਜ਼ ਹੋਣ ਦੀ ਗੱਲ ਛੁਪਾਉਣ ਅਤੇ ਨਿਆਂ ’ਚ ਰੁਕਾਵਟ ਪਾਉਣ ਵਰਗੇ ਆਰੋਪ ਲਗਾਏ ਗਏ ਹਨ। ਮੀਡੀਆ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ 49 ਪੇਜ਼ ਦੇ ਆਰੋਪ ਪੱਤਰ ’ਚ ਦੱਸਿਆ ਗਿਆ ਹੈ ਕਿ ਟਰੰਪ ਨੇ ਇਹ ਦਸਤਾਵੇਜ਼ ਆਪਣੇ ਬਾਥਰੂਮ, ਬਾਲਰੂਮ ਅਤੇ ਸ਼ਾਵਰ ਦੀ ਥਾਂ ’ਤੇ, ਦਫ਼ਤਰ ਦੇ ਸਟੋਰ ਰੂਮ ਅਤੇ ਬੈਡ ਰੂਮ ’ਚ ਛੁਪਾਏ ਸਨ। ਪ੍ਰੌਸੀਕਿਊਟਰ ਨੇ ਇਹ ਵੀ ਕਿਹਾ ਕਿ ਐਫਬੀਆਈ ਦੀ ਜਾਂਚ ’ਚ ਰੁਕਾਵਟ ਪਾਉਣ ਦੇ ਲਈ ਡੋਨਾਲਡ ਟਰੰਪ ਨੇ ਆਪਣੇ ਵਕੀਲਾਂ ਨੂੰ ਫਾਈਲਾਂ ਛੁਪਾਉਣ ਜਾਂ ਨਸ਼ਟ ਕਰਨ ਦੇ ਹੁਕਮ ਵੀ ਦਿੱਤੇ ਸਨ। ਇਹ ਪਹਿਲਾ ਮੌਕਾ ਹੈ ਜਦੋਂ ਅਮਰੀਕਾ ਦੇ ਕਿਸੇ ਸਾਬਕਾ ਰਾਸ਼ਟਰਪਤੀ ’ਤੇ ਫੈਡਰਲ ਚਾਰਜ ਲਗਾਏ ਗਏ ਹਨ। ਜਾਂਚ ਏਜੰਸੀ ਨੇ ਟਰੰਪ ਦੇ ਘਰ ਤੋਂ ਬਰਾਮਦ ਦਸਤਾਵੇਜ਼ਾਂ ਦੀਆਂ ਕਈ ਤਸਵੀਰਾਂ ਵੀ ਜਾਰੀ ਕੀਤੀਆਂ ਹਨ।