0.6 C
Toronto
Thursday, December 25, 2025
spot_img
Homeਦੁਨੀਆਨਸ਼ਿਆਂ ਦੇ ਮੁੱਦੇ ਤੇ ਪੰਜਾਬ ਨੂੰ ਬਦਨਾਮ ਕਰਨ ਲਈ ਵਿੱਢੀ ਝੂਠੀ ਮੁਹਿੰਮ...

ਨਸ਼ਿਆਂ ਦੇ ਮੁੱਦੇ ਤੇ ਪੰਜਾਬ ਨੂੰ ਬਦਨਾਮ ਕਰਨ ਲਈ ਵਿੱਢੀ ਝੂਠੀ ਮੁਹਿੰਮ ਦੀ ਪੰਜਾਬ ਪੁਲਿਸ ਦੀ ਭਰਤੀ ਨੇ ਪੋਲ ਖੋਲ੍ਹੀ

logo-2-1-300x105-3-300x10590 ਫੀਸਦੀ ਨੌਜਵਾਨਾਂ ਨੇ ਪਾਸ ਕੀਤਾ ਡੋਪ ਟੈਸਟ, ਸਿਰਫ 1.30 ਫੀਸਦੀ ਹੀ ਹੋਏ ਫੇਲ੍ਹ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬੀਆਂ ਨੂੰ ਬਦਨਾਮ ਕਰਨ ਲਈ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਵਿੱਢੀ ਗਈ ਮੁਹਿੰਮ ਤੇ ਝੂਠ ਦੀ ਪੋਲ ਪੰਜਾਬ ਪੁਲਿਸ ਵਲੋਂ ਵੱਡੇ ਪੱਧਰ ‘ਤੇ ਹੋਏ ਡੋਪ ਟੈਸਟ ਦੇ ਨਤੀਜੀਆਂ ਦੇ ਆਉਣ ਤੋਂ ਬਾਅਦ ਖੁੱਲ੍ਹ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕੇਂਦਰੀ ਭਰਤੀ ਬੋਰਡ ਦੇ ਚੇਅਰਮੈਨ, ਏ.ਡੀ.ਜੀ ਪੁਲਿਸ ਇਕਬਾਲ ਪ੍ਰੀਤ ਸਿੰਘ ਸਹੋਤਾ ਨੇ ਦੱਸਿਆ ਕਿ ਪੰਜਾਬ ਪੁਲਿਸ ਭਰਤੀ ਪ੍ਰਤੀ ਨੌਜਵਾਨਾਂ ਵਿਚ ਭਾਰੀ ਉਤਸ਼ਾਹ ਪਾਇਆ ਗਿਆ। ਉਨ੍ਹਾਂ ਦੱਸਿਆ ਕੁੱਲ 6,23,507 ਉਮੀਦਵਾਰ ਪੰਜਾਬ ਪੁਲਿਸ ਦੀਆਂ 7,416 ਅਸਾਮੀਆਂ ਲਈ ਯੋਗ ਪਾਏ ਗਏ। ਉਨ੍ਹਾਂ ਦੱਸਿਆ ਕਿ 10 ਅਗਸਤ ਤੱਕ ਕੁੱਲ 1,67,781 ਨੌਜਵਾਨਾਂ ਨੇ ਨਸ਼ਾ ਜਾਂਚ ਟੈਸਟ ਵਿਚ ਹਿੱਸਾ ਲਿਆ ਅਤੇ ਇਹ ਪ੍ਰਕਿਰਿਆ ਹਾਲੇ ਜਾਰੀ ਹੈ। ਉਨ੍ਹਾਂ ਦੱਸਿਆ ਨਸ਼ਾ ਜਾਂਚ ਟੈਸਟ ਦੇ ਨਤੀਜੇ ਬਹੁਤ ਹੀ ਉਤਸ਼ਾਹ ਪੂਰਨ ਹਨ। ਜਿਸ ਦੇ ਨਤੀਜੇ ਵਿਚੋਂ 1,67,424 ਉਮੀਦਵਾਰ ਸਫਲ ਰਹੇ ਹਨ। ਉਨ੍ਹਾਂ ਦੱਸਿਆ ਕਿ ਟੈਸਟ ਪਾਸ ਕਰਨ ਦੀ ਔਸਤ 98 ਫੀਸਦੀ ਬਣਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਸਿਰਫ 1.30 ਫੀਸਦੀ (2185) ਨੌਜਵਾਨ ਹੀ ਟੈਸਟ ਪਾਸ ਨਹੀਂ ਕਰ ਸਕੇ, ਜਿਸ ਤੋਂ ਪੰਜਾਬ ਨੂੰ ਬਦਨਾਮ ਕਰਨ ਵਾਲਿਆਂ ਦੀ ਪੋਲ ਖੁੱਲ੍ਹੀ ਹੈ। ਉਨ੍ਹਾਂ ਕਿਹਾ ਕਿ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਸੀ ਕਿ 70-80 ਫੀਸਦੀ ਪੰਜਾਬੀ ਨੌਜਵਾਨ ਨਸ਼ੇੜੀ ਹਨ। ਉਨ੍ਹਾਂ ਕਿਹਾ ਕਿ ਕੁਝ ਨੌਜਵਾਨ ਜਿਨ੍ਹਾਂ ਦੀ ਗਿਣਤੀ 0.65 ਫੀਸਦੀ (1.090) ਹੈ, ਤਾਕਤ ਵਧਾਉਣ ਵਾਲੇ  ਪਦਾਰਥ ਲੈਣ ਕਾਰਨ ਨਸ਼ਾ ਜਾਂਚ ਟੈਸਟ ਵਿਚੋਂ ਫੇਲ੍ਹ ਹੋਏ ਹਨ।
ਸਹੋਤਾ ਨੇ ਕਿਹਾ ਕਿ ਭਾਵੇਂ ਕਿ ਨਸ਼ਾ ਜਾਂਚ ਟੈਸਟ ਦਾ ਮਕਸਦ ਸੂਬੇ ਵਿਚ ਨਸ਼ੇ ਦੀ ਸਮੱਸਿਆ ਬਾਰੇ ਪੜਤਾਲ ਕਰਨਾ ਨਹੀਂ ਸੀ। ਪਰ ਕੁੱਲ 1,67,781 ਨੌਜਵਾਨਾਂ ਜਿਨ੍ਹਾਂ ਨੇ ਪੁਲਿਸ ਭਰਤੀ ਲਈ ਜਾਂਚ ਟੈਸਟ ਵਿਚੋਂ ਲੰਘੇ, ਉਨ੍ਹਾਂ ਵਿਚੋਂ ਸਿਰਫ 1.30 ਫੀਸਦੀ ਨੌਜਵਾਨ ਹੀ ਫੇਲ੍ਹ ਹੋਏ ਹਨ। ਉਨ੍ਹਾਂ ਕਿਹਾ ਕਿ ਇਹ ਸਾਬਤ ਕਰਦਾ ਹੈ ਕਿ ਜਿਨ੍ਹਾਂ ਪੰਜਾਬੀ ਨੌਜਵਾਨਾਂ ਨੂੰ ਨਸ਼ੇੜੀ ਕਹਿ ਕੇ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਸੀ। ਨਤੀਜੀਆਂ ਨੇ ਸਥਿਤੀ ਬਿਲਕੁਲ ਸਪੱਸ਼ਟ ਕਰ ਦਿੱਤੀ ਹੈ ਕਿ ਅਜਿਹਾ ਸਿਰਫ ਕੂੜ ਪ੍ਰਚਾਰ ਹੀ ਸੀ।
ਉਨ੍ਹਾਂ ਕਿਹਾ ਕਿ ਨਸ਼ਾ ਜਾਂਚ ਟੈਸਟ ਵਿਚੋਂ ਕੁੱਲ 3275 (1.95%) ਨੌਜਵਾਨ ਫੇਲ੍ਹ ਹੋਏ ਸਨ। ਪਰ ਨਤੀਜਿਆਂ ਤੋਂ ਸਾਹਮਣੇ ਆਇਆ ਹੈ ਕਿ ਕੁੱਝ ਨੌਜਵਾਨਾਂ ਨੇ ਤਾਕਤ ਵਧਾਉ ਦਵਾਈਆਂ ਦਾ ਸੇਵਨ ਕੀਤਾ ਸੀ ਜੋ ਜਾਨਲੇਵਾ ਨਸ਼ਿਆਂ ਵਿਚ ਨਹੀਂ ਆਉਂਦੀਆਂ। ਸਹੋਤਾ ਨੇ ਨਾਲ ਹੀ ਕਿਹਾ ਕਿ ਜੋ ਨੌਜਵਾਨ ਤਾਕਤ ਵਧਾਉਣ ਵਾਲੀਆਂ ਦਵਾਈਆਂ ਲੈਣ ਕਾਰਨ ਟੈਸਟ ਪਾਸ ਨਹੀਂ ਕਰ ਸਕੇ ਸਨ, ਉਨ੍ਹਾਂ ਨੂੰ 7 ਦਿਨ ਦੇ ਵਕਫੇ ਮਗਰੋਂ ਦੁਬਾਰਾ ਭਰਤੀ ਲਈ ਟੈਸਟ ਦੇਣ ਦਾ ਮੌਕਾ ਦਿੱਤਾ ਗਿਆ ਹੈ।
ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਨਸ਼ਿਆਂ ਖਿਲਾਫ ਜੰਗ ਵਿੱਢੀ ਹੋਈ ਹੈ। ਭਾਵੇਂ ਕਿ ਪੰਜਾਬ ਵਿਚ ਨਸ਼ਿਆਂ ਦੀ ਅਸਲ ਤਸਵੀਰ ਨੂੰ ਲੈ ਕੇ ਭਰਮ ਭੁਲੇਖੇ ਪੈਦਾ ਕੀਤੇ ਜਾ ਰਹੇ ਹਨ, ਜਿਸ ਨਾਲ ਨਾ ਸਿਰਫ ਪੰਜਾਬੀ ਨੌਜਵਾਨਾਂ ਨੂੰ ਬਦਨਾਮ ਕੀਤਾ ਗਿਆ ਹੈ ਬਲਕਿ  ਸੂਬੇ ਦਾ ਨਾਮ ਵੀ ਬਦਨਾਮ ਹੋਇਆ ਹੈ। ਉਨ੍ਹਾਂ ਕਿਹਾ ਕਿ ਪਰ ਪੁਲਿਸ ਭਰਤੀ ਦੌਰਾਨ ਕੀਤੇ ਗਏ ਨਸ਼ਾ ਜਾਂਚ ਟੈਸਟ ਨੇ ਇਸ ਸਬੰਧੀ ਸਮੁੱਚੇ ਰੂਪ ਵਿਚ ਸਥਿਤੀ ਸਾਫ ਕਰ ਦਿੱਤੀ ਹੈ।

RELATED ARTICLES
POPULAR POSTS