
ਵਾਸ਼ਿੰਗਟਨ/ਬਿਊਰੋ ਨਿਊਜ਼ : ਚੋਣਾਂ ਤੋਂ ਕਰੀਬ ਮਹੀਨੇ ਤੋਂ ਵੱਧ ਸਮੇਂ ਬਾਅਦ ਅਖ਼ੀਰ ਰਿਪਬਲਿਕਨ ਪਾਰਟੀ ਦੇ ਸਿਖਰਲੇ ਆਗੂਆਂ ਨੇ ਜੋ ਬਿਡੇਨ ਨੂੰ ਅਮਰੀਕਾ ਦਾ ਅਗਲਾ ਰਾਸ਼ਟਰਪਤੀ ਮੰਨ ਲਿਆ ਹੈ। ਰੂਸ ਦੇ ਵਲਾਦੀਮੀਰ ਪੂਤਿਨ ਸਣੇ ਕਈ ਵਿਦੇਸ਼ੀ ਆਗੂਆਂ ਨੇ ਵੀ ਬਿਡੇਨ ਦੀ ਜਿੱਤ ਨੂੰ ਮਾਨਤਾ ਦਿੱਤੀ ਹੈ। ਅਮਰੀਕੀ ਸੈਨੇਟ, ਜਿੱਥੇ ਬਿਡੇਨ ਨੇ ਆਪਣੇ ਕਰੀਅਰ ਦੇ ਕਰੀਬ 36 ਸਾਲ ਬਿਤਾਏ, ਵਿੱਚ ਬੋਲਦਿਆਂ ਮਿੱਚ ਮੈਕਕੌਨਲ ਨੇ ਨਵੇਂ ਚੁਣੇ ਰਾਸ਼ਟਰਪਤੀ ਨੂੰ ਵਧਾਈ ਦਿੱਤੀ। ਬਾਅਦ ਵਿੱਚ ਦੋਵਾਂ ਆਗੂਆਂ ਨੇ ਗੱਲਬਾਤ ਵੀ ਕੀਤੀ। ਇਸੇ ਦੌਰਾਨ ਵਿਦੇਸ਼ ਮੰਤਰੀ ਮਾਈਕ ਪੌਂਪੀਓ ਵਲੋਂ ਵੀ ਨਵੇਂ ਪ੍ਰਸ਼ਾਸਨ ਵਿੱਚ ਸੰਭਾਵਿਤ ਅਗਲੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨਾਲ ਮੁਲਾਕਾਤ ਕੀਤੀ ਜਾਣੀ ਹੈ। ਰਾਸ਼ਟਰਪਤੀ ਡੋਨਲਡ ਟਰੰਪ ਦੇ ਕਰੀਬੀਆਂ ਵਿੱਚ ਸ਼ਾਮਲ ਦੱਖਣੀ ਕੈਰੋਲੀਨਾ ਦੇ ਲਿੰਡਸੇ ਗ੍ਰਾਹਮ ਨੇ ਕਿਹਾ ਕਿ ਉਨ੍ਹਾਂ ਨੇ ਬਿਡੇਨ ਵਲੋਂ ਕੈਬਨਿਟ ਲਈ ਚੁਣੇ ਗਏ ਕੁਝ ਆਗੂਆਂ ਨਾਲ ਗੱਲਬਾਤ ਕੀਤੀ ਹੈ। ਇਸ ਤਰ੍ਹਾਂ ਦਾ ਮਾਹੌਲ ਵਿਸ਼ਵ ਭਰ ਵਿੱਚ ਰਾਜਧਾਨੀਆਂ ‘ਚ ਦੇਖਣ ਨੂੰ ਮਿਲਿਆ ਹੈ, ਜਿੱਥੇ ਰੂਸ ਦੇ ਪੂਤਿਨ ਅਤੇ ਮੈਕਸੀਕੋ ਦੇ ਐਂਡਰਿਸ ਮੈਨੂਏਲ ਲੋਪੇਜ਼ ਓਬਰੇਡਰ ਨੇ ਬਿਡੇਨ ਦੀ ਜਿੱਤ ਨੂੰ ਮਾਨਤਾ ਦਿੱਤੀ। ਬਿਡੇਨ ਦੀ ਪਿਛਲੇ ਮਹੀਨੇ ਰਾਸ਼ਟਰਪਤੀ ਚੋਣਾਂ ਵਿੱਚ ਹੋਈ ਜਿੱਤ ਨੂੰ ਦੇਸ਼ ਭਰ ਵਿੱਚ ਪਈਆਂ ਵੋਟਾਂ ਦੀ ਪਿਛਲੇ ਦਿਨੀਂ ਰਸਮੀਂ ਤੌਰ ‘ਤੇ ਪੁਸ਼ਟੀ ਕੀਤੇ ਜਾਣ ਮਗਰੋਂ ਰਿਪਬਲਿਕਨ ਅਤੇ ਵਿਸ਼ਵ ਆਗੂਆਂ ਨੇ ਮਾਨਤਾ ਦਿੱਤੀ ਹੈ।