Breaking News
Home / ਦੁਨੀਆ / ਅਫਗਾਨ ਸਕੂਲਾਂ ‘ਚੋਂ ਲੜਕੀਆਂ ਦੀ ਬੇਦਖ਼ਲੀ ਸ਼ਰਮਨਾਕ: ਸੰਯੁਕਤ ਰਾਸ਼ਟਰ

ਅਫਗਾਨ ਸਕੂਲਾਂ ‘ਚੋਂ ਲੜਕੀਆਂ ਦੀ ਬੇਦਖ਼ਲੀ ਸ਼ਰਮਨਾਕ: ਸੰਯੁਕਤ ਰਾਸ਼ਟਰ

ਇਸਲਾਮਾਬਾਦ/ਬਿਊਰੋ ਨਿਊਜ਼ : ਸੰਯੁਕਤ ਰਾਸ਼ਟਰ ਨੇ ਅਫਗਾਨਿਸਤਾਨ ਦੇ ਤਾਲਿਬਾਨ ਸ਼ਾਸਕਾਂ ਨੂੰ ਕਿਹਾ ਹੈ ਕਿ ਲੜਕੀਆਂ ਲਈ 7ਵੀਂ ਤੋਂ 12ਵੀਂ ਤੱਕ ਦੇ ਸਕੂਲ ਮੁੜ ਤੋਂ ਖੋਲ੍ਹੇ ਜਾਣ। ਉਨ੍ਹਾਂ ਲੜਕੀਆਂ ਦੀ ਹਾਈ ਸਕੂਲ ਤੋਂ ਬੇਦਖਲੀ ਦਾ ਇਕ ਵਰ੍ਹਾ ਪੂਰਾ ਹੋਣ ਨੂੰ ਸ਼ਰਮਨਾਕ ਕਰਾਰ ਦਿੱਤਾ ਹੈ।
ਸੰਯੁਕਤ ਰਾਸ਼ਟਰ ਨੇ ਕਿਹਾ ਕਿ ਬੁਨਿਆਦੀ ਅਧਿਕਾਰਾਂ ‘ਤੇ ਪਾਬੰਦੀਆਂ ਨਾਲ ਦੇਸ਼ ‘ਚ ਆਰਥਿਕ ਸੰਕਟ ਹੋਰ ਵਧੇਗਾ ਅਤੇ ਅਫ਼ਗਾਨਿਸਤਾਨ ਨੂੰ ਅਸੁਰੱਖਿਆ, ਗਰੀਬੀ ਆਦਿ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਫ਼ਗਾਨਿਸਤਾਨ ‘ਚ ਸੰਯੁਕਤ ਰਾਸ਼ਟਰ ਮਿਸ਼ਨ ਦੇ ਕਾਰਜਕਾਰੀ ਮੁਖੀ ਮਾਰਕਸ ਪੋਟਜ਼ੇਲ ਨੇ ਕਿਹਾ ਕਿ ਲੜਕੀਆਂ ‘ਤੇ ਲਾਈਆਂ ਗਈਆਂ ਪਾਬੰਦੀਆਂ ਨੂੰ ਰੋਕਿਆ ਜਾ ਸਕਦਾ ਸੀ।
ਸੰਯੁਕਤ ਰਾਸ਼ਟਰ ਦਾ ਅੰਦਾਜ਼ਾ ਹੈ ਕਿ ਪਿਛਲੇ ਇਕ ਸਾਲ ਦੌਰਾਨ 10 ਲੱਖ ਲੜਕੀਆਂ ਨੂੰ ਹਾਈ ਸਕੂਲਾਂ ‘ਚ ਪੜ੍ਹਨ ਤੋਂ ਰੋਕ ਦਿੱਤਾ ਗਿਆ ਹੈ। ਕਰੀਬ 50 ਲੜਕੀਆਂ ਨੇ ਐਤਵਾਰ ਨੂੰ ਇਸਲਾਮਿਕ ਮੁਲਕਾਂ ਅਤੇ ਹੋਰ ਆਲਮੀ ਆਗੂਆਂ ਨੂੰ ਇਕ ਪੱਤਰ ਲਿਖ ਕੇ ਆਪਣੀ ਬੇਬਸੀ ਜ਼ਾਹਿਰ ਕੀਤੀ ਹੈ।
ਇਹ ਲੜਕੀਆਂ ਕਾਬੁਲ, ਪੂਰਬੀ ਨਾਂਗਰਹਾਰ ਅਤੇ ਉੱਤਰੀ ਪਰਵਾਨ ਸੂਬਿਆਂ ਦੀਆਂ ਹਨ। ਪੱਤਰ ‘ਚ ਉਨ੍ਹਾਂ ਬੀਤੇ ਇਕ ਵਰ੍ਹੇ ਦੌਰਾਨ ਮਨੁੱਖੀ ਹੱਕਾਂ ਤੋਂ ਵਾਂਝੇ ਰੱਖਣ ਦੀ ਦਾਸਤਾਨ ਸੁਣਾਈ ਹੈ। ਲੜਕੀਆਂ ਨੇ ਕਿਹਾ ਹੈ ਕਿ ਸਿੱਖਿਆ, ਕੰਮ ਕਰਨ, ਪ੍ਰਗਟਾਵੇ ਅਤੇ ਜਿਊਣ ਦੀ ਆਜ਼ਾਦੀ ਤੋਂ ਉਨ੍ਹਾਂ ਨੂੰ ਮਹਿਰੂਮ ਰੱਖਿਆ ਜਾ ਰਿਹਾ ਹੈ। ਸੰਯੁਕਤ ਰਾਸ਼ਟਰ ਨੇ ਕਿਹਾ ਹੈ ਕਿ ਅਫ਼ਗਾਨ ਮਹਿਲਾਵਾਂ ਅਤੇ ਲੜਕੀਆਂ ‘ਤੇ ਲਾਈਆਂ ਗਈਆਂ ਪਾਬੰਦੀਆਂ ਤੁਰੰਤ ਹਟਾਈਆਂ ਜਾਣ।

 

Check Also

ਮਾਸਕੋ ’ਚ ਅੱਤਵਾਦੀ ਹਮਲੇ ਦੌਰਾਨ 60 ਵਿਅਕਤੀਆਂ ਦੀ ਹੋਈ ਮੌਤ

ਇਸਲਾਮਿਕ ਸਟੇਟ ਨੇ ਹਮਲੇ ਦੀ ਲਈ ਜ਼ਿੰਮੇਵਾਰੀ ਮਾਸਕੋ/ਬਿਊਰੋ ਨਿਊਜ਼ : ਰੂਸ ਦੀ ਰਾਜਧਾਨੀ ਮਾਸਕੋ ’ਚ …