0.5 C
Toronto
Wednesday, January 7, 2026
spot_img
Homeਦੁਨੀਆਲਾਹੌਰ ਵਿਚ ਪੰਜਾਬੀ ਦੇ ਨਵੇਂ ਪਰਚੇ 'ਬਾਰਾਮਾਹ' ਦੀ ਹੋਈ ਚੱਠ

ਲਾਹੌਰ ਵਿਚ ਪੰਜਾਬੀ ਦੇ ਨਵੇਂ ਪਰਚੇ ‘ਬਾਰਾਮਾਹ’ ਦੀ ਹੋਈ ਚੱਠ

ਪਰਚੇ ਵਿਚ 80 ਲਿਖਾਰੀਆਂ ਦੀਆਂ ਲਿਖਤਾਂ ਸ਼ਾਮਲ
ਚੰਡੀਗੜ੍ਹ/ਬਿਊਰੋ ਨਿਊਜ਼ : ਪਿਛਲੇ ਮਹੀਨੇ ਦੇ ਅਖ਼ੀਰ ਵਿੱਚ ਲਹੌਰ ਵਿੱਚ ਪੰਜਾਬੀ ਦੇ ਨਵੇਂ ਸਾਲਾਨਾ ਪਰਚੇ (ਸ਼ਾਹਮੁਖੀ ਲਿੱਪੀ ਵਿਚ) ‘ਬਾਰਾਮਾਹ’ ਦੀ ਚੱਠ ਹੋਈ। ਇਸ ਦੇ ਸੰਪਾਦਕ ਅਮਰਜੀਤ ਚੰਦਨ ਤੇ ਕਹਾਣੀਕਾਰ ਜ਼ੁਬੈਰ ਅਹਿਮਦ ਹਨ। ਚਾਰ ਸੌ ਸਫ਼ਿਆਂ ਦੇ ਪਹਿਲੇ ਅੰਕ ਵਿੱਚ ਚੜ੍ਹਦੇ, ਲਹਿੰਦੇ ਤੇ ਪਰਦੇਸੀ ਪੰਜਾਬ ਦੇ 80 ਲਿਖਾਰੀਆਂ ਦੀਆਂ ਲਿਖਤਾਂ ਛਾਪੀਆਂ ਗਈਆਂ ਹਨ। ਚੜ੍ਹਦੇ ਪੰਜਾਬ ਦੀ ਹਾਜ਼ਰੀ ਸੰਪਾਦਕ ਤੋਂ ਇਲਾਵਾ ਪ੍ਰੇਮ ਪ੍ਰਕਾਸ਼, ਸੁਰਜੀਤ ਪਾਤਰ, ਨਵਤੇਜ ਭਾਰਤੀ, ਅਜਮੇਰ ਰੋਡੇ, ਸੁਖਦੇਵ ਸਿੱਧੂ, ਜਗਤਾਰ ਢਾਅ, ਮੋਨੀਕਾ ਕੁਮਾਰ, ਈਸ਼ਵਰ ਦਿਆਲ ਗੌੜ, ਪਰਮਵੀਰ ਸਿੰਘ ਦੀਆਂ ਰਚਨਾਵਾਂ ਨਾਲ ਲੱਗੀ ਹੈ। ਇਸ ਤੋਂ ਇਲਾਵਾ ਬਾਬਾ ਗੁਰੂ ਨਾਨਕ ਦੇ 550ਵੇਂ ਜਨਮ ਦਿਹਾੜੇ, ਜਲ੍ਹਿਆਂਵਾਲ਼ੇ ਬਾਗ਼ ਸ਼ਤਾਬਦੀ ਤੇ ਅੰਮ੍ਰਿਤਾ ਪ੍ਰੀਤਮ ਦੀ ਜਨਮ ਸ਼ਤਾਬਦੀ ਬਾਰੇ ਨਜ਼ਮਾਂ ਖ਼ਾਸ ਤੌਰ ‘ਤੇ ਸ਼ਾਮਿਲ ਹਨ। ਸੰਨ ਸੰਤਾਲ਼ੀ ਬਾਅਦ ਦੇ ਪੂਰਬੀ ਪੰਜਾਬੀ ਸਿਨਮੇ ਬਾਰੇ ਜਸਦੀਪ ਸਿੰਘ ਤੇ ਕੁਲਦੀਪ ਕੌਰ ਦਾ ਰਲ਼ ਕੇ ਲਿਖਿਆ ਲੰਮਾ ਲੇਖ ਹੈ। ਸੰਨ ਸੰਤਾਲ਼ੀ ਵੇਲੇ ਮਾਸੂਮ ਮੁਸਲਮਾਨਾਂ ਹਿੰਦੂਆਂ ਤੇ ਸਿੱਖਾਂ ਦੀ ਜਾਨ-ਮਾਲ ਦੀ ਰਾਖੀ ਕਰਨ ਵਾਲ਼ੇ ਪੰਜਾਬੀ ਕਮਿਊਨਿਸਟਾਂ ਦੀ ਨਾਨਕਪੰਥੀ ਨੇਕ ਕਮਾਈ ਬਾਰੇ ਤਿੰਨ ਲੇਖ ਵੀ ਹਨ।
ਬਾਰਾਮਾਹ ਦੇ ਮੱਥੇ ‘ਤੇ ਭਗਤ ਸਿੰਘ ਦੇ ਬੰਗੇ ਚੱਕ 105 ਲਾਇਲਪੁਰ ਵਾਲ਼ੇ ਘਰ ਦੇ ਵਿਹੜੇ ਵਿਚ ਉੱਗੀ ਬੇਰੀ ਦੇ ਪੱਤੇ ਦੀ ਤਸਵੀਰ ਲੱਗੀ ਹੈ। ਇਸ ਅੰਕ ਦਾ ਬਹੁਤਾ ਹਿੱਸਾ 1970 ਦੇ ਦਹਾਕੇ ਵਿਚ ਭੁੱਟੋ ਦੇ ਦੌਰ ਵੇਲੇ ਚੱਲੀ ਸਿਆਸੀ ਤੇ ਪੰਜਾਬੀ ਬੋਲੀ ਤੇ ਪੰਜਾਬੀਅਤ ਦੀ ਲਹਿਰ ਦੇ ਆਗੂਆਂ ਤੋਂ ਉਚੇਚਾ ਆਖ ਕੇ ਲਿਖਵਾਈਆਂ ਯਾਦਾਂ ਦਾ ਹੈ। ਇਨ੍ਹਾਂ ਵਿੱਚ ਮਨਜ਼ੂਰ ਇਜਾਜ਼, ਮਜ਼ਹਰ ਤਿਰਮਜ਼ੀ, ਸ਼ਾਹਿਦ ਨਦੀਮ ਤੇ ਸਰਮਦ ਸਹਿਬਾਈ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ। ‘ਬਾਰਾਮਾਹ’ ਦਾ ਅਗਲਾ ਅੰਕ ਜਨਵਰੀ 2020 ਵਿੱਚ ਨਿਕਲ਼ੇਗਾ, ਜਿਹਦਾ ਖ਼ਾਸ ਮਜ਼ਮੂਨ ‘ਪੰਜਾਬੀਅਤ’ ਸੋਚਿਆ ਗਿਆ ਹੈ।

RELATED ARTICLES
POPULAR POSTS