ਬਰੈਂਪਟਨ : ਬਰੈਂਪਟਨ ਦੀ ਨਾਮਵਰ ਰੈੱਡ ਵਿੱਲੋ ਸੀਨੀਅਰਜ਼ ਕਲੱਬ ਦੇ ਮੈਂਬਰਾਂ ਵਲੋਂ 27 ਮਈ ਨੂੰ ਐਸ਼ ਬਰਿੱਜ ਬੇਅ ਪਾਰਕ ਸਕਾਰਬਰੋਅ ਦਾ ਟੂਰ ਲਾਇਆ ਗਿਆ। ਕਲੱਬ ਦੇ ਲੱਗਪੱਗ 150 ਮੈਂਬਰਾਂ ਨੇ ਸਵਖਤੇ ਹੀ ਰੈੱਡ ਵਿੱਲੋ ਪਾਰਕ ਵਿੱਚ ਇਕੱਠੇ ਹੋ ਕੇ ਮੇਲੇ ਵਰਗਾ ਮਾਹੌਲ ਸਿਰਜ ਦਿੱਤਾ। ਕਲੱਬ ਦੇ ਪਰਧਾਨ ਗੁਰਨਾਮ ਸਿੰਘ ਗਿੱਲ ਦੀ ਅਗਵਾਈ ਵਿੱਚ ਪਰਬੰਧਕਾਂ ਪਰਮਜੀਤ ਬੜਿੰਗ, ਅਮਰਜੀਤ ਸਿੰਘ, ਬਲਦੇਵ ਰਹਿਪਾ, ਸ਼ਿਵਦੇਵ ਰਾਏ, ਮਹਿੰਦਰ ਕੌਰ ਪੱਡਾ, ਬਲਜੀਤ ਸੇਖੋਂ, ਬਲਜੀਤ ਗਰੇਵਾਲ ਅਤੇ ਇੰਦਰਜੀਤ ਗਿੱਲ ਨੇ ਬੱਸਾਂ ਦੀ ਵਾਗਡੋਰ ਸੰਭਾਲੀ। ਤਿੰਨ ਬੱਸਾਂ ਵਿੱਚ ਸਵਾਰ ਹੋ ਕੇ ਦਸ ਕੁ ਵਜੇ ਨਿਰਧਾਰਤ ਥਾਂ ਤੇ ਪਹੁੰਚ ਗਏ। ਉੱਥੇ ਲੇਕ ਉੱਪਰ ਫੈਲੀ ਧੁੰਦ ਕਾਰਣ ਆਲੌਕਿਕ ਦ੍ਰਿਸ਼ ਪੇਸ਼ ਹੋ ਰਿਹਾ ਸੀ। ਜਿਉਂ ਜਿਉਂ ਧੁੱਪ ਨਿਖਰ ਰਹੀ ਸੀ ਝੀਲ ਦਾ ਨੀਲਾ ਪਾਣੀ ਦੇਖਿਆਂ ਹੀ ਬਣਦਾ ਸੀ। ਆਲੇ ਦੁਆਲੇ ਦੇ ਅਤੀ ਰਮਣੀਕ ਮਾਹੋਲ ਵਿੱਚ ਮਰਦ ਮੈਂਬਰਾਂ ਨੇ ਵੱਖ ਵੱਖ ਟੋਲੀਆਂ ਵਿੱਚ ਕੁਦਰਤ ਦੇ ਨਜ਼ਾਰਿਆਂ ਦਾ ਆਨੰਦ ਮਾਣਿਆ। ਬਹੁਤ ਹੀ ਲੰਬੇ ਚੌੜੇ ਅਤੇ ਰਮਣੀਕ ਸਥਾਨ ਵਿੱਚ ਟੂਰਿਸਟਾਂ ਦੇ ਖੇਡਣ ਲਈ ਵਾਲੀਬਾਲ ਦੇ ਕਈ ਨੈੱਟ ਲੱਗੇ ਹੋਏ ਸਨ। ਦੂਜੇ ਬੰਨੇ ਕਲੱਬ ਦੀਆਂ ਬੀਬੀਆਂ ਨੇ ਪੰਜਾਬੀ ਸਭਿੱਆਚਾਰਕ ਬੋਲੀਆਂ ਉੱਤੇ ਪੰਜਾਬ ਦੇ ਲੋਕ ਨਾਚ ਗਿੱਧੇ ਦੀਆਂ ਧਮਾਲਾਂ ਨਾਲ ਵਾਤਾਵਰਣ ਨੂੰ ਹੋਰ ਵੀ ਰੰਗੀਨ ਬਣਾ ਦਿੱਤਾ ਅਤੇ ਆਪਣੇ ਬੀਤੇ ਦਿਨਾਂ ਦੀ ਯਾਦ ਤਾਜਾ ਕਰ ਕੇ ਭਰਪੂਰ ਆਨੰਦ ਪ੍ਰਾਪਤ ਕੀਤਾ। ਕਾਫੀ ਸਮਾਂ ਕੁਦਰਤ ਦੀ ਗੋਦੀ ਵਿੱਚ ਬਿਤਾ ਕੇ ਅਖੀਰ ਘਰਾਂ ਨੂੰ ਚਾਲੇ ਪਾ ਦਿੱਤੇ। ਵਾਪਸੀ ਤੇ ਸਭ ਨੂੰ ਟਿੱਮ ਹਾਰਟਨ ਤੋਂ ਕੌਫੀ ਪਿਆਈ ਗਈ। ਾਪਸੀ ਤੋਂ ਪਹਿਲਾਂ ਪਰਮਜੀਤ ਬੜਿੰਗ ਦੁਆਰਾ ਕੁੱਝ ਸੂਚਨਾਵਾਂ ਸਾਂਝੀਆਂ ਕੀਤੀਆਂ ਗਈਆਂ। ਪੀਟਰਬਰੋਅ ਦੇ 17 ਜੂਨ ਦੇ ਫੈਰੀ-ਟਰਿੱਪ ਬਾਰੇ ਸੂਚਿਤ ਕੀਤਾ ਗਿਆ ਕਿ ਹਾਈਡਰੋ ਲਿਫਟ ਤੱਕ ਜਾਣ ਵਾਲੀ ਫੈਰੀ ਦੀ ਬੁਕਿੰਗ ਹੋ ਚੁੱਕੀ ਹੈ॥ ਇਸੇ ਤਰ੍ਹਾਂ ਤਰਕਸ਼ੀਲ ਸੁਸਾਇਟੀ ਵਲੋਂ 10 ਜੂਨ ਨੂੰ ਡਿਕਸੀ ਰੋਡ ਤੇ ਤਾਜ ਬੈਂਕੁਅਟ ਹਾਲ ਵਿੱਚ ਹੋ ਰਹੇ 2 ਤੋਂ 5 ਵਜੇ ਤੱਕ ਕੈਨ ਫਿਲਮ ਫੈਸਟੀਵਲ ਵਿੱਚ ਸ਼ਾਮਲ ਹੋ ਚੁੱਕੀ ਫਿਲਮ ”ਚੰਮ” ਦੇ ਸ਼ੋਅ ਬਾਰੇ ਜਾਣਕਾਰੀ ਦਿੱਤੀ ਗਈ। ਇਸ ਦੇ ਨਾਲ ਹੀ 1 ਜੂਨ 2018 ਨੂੰ ਰੈੱਡ ਵਿੱਲੋ ਸਕੂਲ ਵਿੱਚ ਕਲੱਬ ਦੀ ਜਨਰਲ ਬਾਡੀ ਦੀ ਹੋ ਰਹੀ ਮੀਟਿੰਗ ਬਾਰੇ ਸੂਚਨਾ ਵੀ ਸਾਂਝੀ ਕੀਤੀ ਗਈ। ਵਾਪਸੀ ਤੇ ਇਸ ਆਨੰਦਮਈ ਟਰਿੱਪ ਦੀ ਖੁਸ਼ੀ ਨਾਲ ਮੈਂਬਰਾਂ ਦੇ ਚਿਹਰੇ ਖਿੜੇ ਹੋਏ ਸਨ। ਜਿੱਥੇ ਪ੍ਰਬੰਧਕਾਂ ਪ੍ਰੋ: ਬਲਵੰਤ ਸਿਘ, ਬਲਵੰਤ ਸਿੰਘ ਕਲੇਰ,ਜੋਗਿੰਦਰ ਪੱਡਾ, ਹਿੰਮਤ ਸਿੰਘ ਲੱਛੜ, ਇੰਦਰਜੀਤ ਗਰੇਵਾਲ, ਮਾਸਟਰ ਕੁਲਵੰਤ ਸਿੰਘ ਆਦਿ ਨੇ ਆਪਣੀ ਡਿਉਟੀ ਬਾਖੂਬੀ ਨਿਭਾਈ ਉੱਥੇ ਸਾਰੇ ਮੈਂਬਰਾਂ ਨੇ ਬਹੁਤ ਹੀ ਸਹਿਯੋਗ ਦਿੱਤਾ। ਇਸ ਤਰ੍ਹਾਂ ਇਹ ਟਰਿੱਪ ਬਹੁਤ ਹੀ ਕਾਮਯਾਬ ਰਿਹਾ।
Check Also
ਆਸਟਰੇਲੀਆ ’ਚ 16 ਸਾਲ ਤੋਂ ਘੱਟ ਉਮਰ ਦੇ ਬੱਚੇ ਨਹੀਂ ਚਲਾ ਸਕਣਗੇ ਸੋਸ਼ਲ ਮੀਡੀਆ
ਪ੍ਰਤੀਨਿਧੀ ਸਦਨ ਨੇ ਬਿੱਲ ਕੀਤਾ ਪਾਸ ਮੈਲਬਰਨ/ਬਿਊਰੋ ਨਿਊਜ਼ ਆਸਟਰੇਲੀਆ ਦੇ ਪ੍ਰਤੀਨਿਧੀ ਸਦਨ ਨੇ ਇਕ ਬਿੱਲ …