Breaking News
Home / ਦੁਨੀਆ / ਸਾਊਦੀ ਅਰਬ ਦੇ ਸ਼ੇਖ ਦੇ ਜਾਲ ‘ਚੋਂ ਨਿਕਲ ਕੇ ਪਿੰਡ ਪਰਤੀ ਰੀਨਾ

ਸਾਊਦੀ ਅਰਬ ਦੇ ਸ਼ੇਖ ਦੇ ਜਾਲ ‘ਚੋਂ ਨਿਕਲ ਕੇ ਪਿੰਡ ਪਰਤੀ ਰੀਨਾ

ਟਾਂਡਾ/ਬਿਊਰੋ ਨਿਊਜ਼
ਰੁਜ਼ਗਾਰ ਦੀ ਭਾਲ ਵਿੱਚ ਸਾਊਦੀ ਅਰਬ ਗਈ ਟਾਂਡਾ ਦੇ ਪਿੰਡ ਬੋਦਲ ਕੋਟਲੀ ਦੀ ਰੀਨਾ, ਜੋ ਕਿ ਉੱਥੋਂ ਦੇ ਇੱਕ ਸ਼ੇਖ ਦੇ ਚੁੰਗਲ ਵਿੱਚ ਫਸੀ ਹੋਈ ਸੀ, ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੇ ਆਮ ਆਦਮੀ ਪਾਰਟੀ ਦੇ ਲੋਕ ਸਭਾ ਮੈਂਬਰ ਭਗਵੰਤ ਮਾਨ ਦੇ ਯਤਨਾਂ ਸਦਕਾ ਆਪਣੇ ਪਿੰਡ ਪੁੱਜ ਗਈ। ਰੀਨਾ ਸਾਊਦੀ ਅਰਬ ਵਿੱਚ ਇੱਕ ਸ਼ੇਖ ਕੋਲ ਕੰਮ ਕਰਦੀ ਸੀ, ਜਿੱਥੇ ਸ਼ੇਖ ਵੱਲੋਂ ਉਸ ਦੀ ਕੁੱਟਮਾਰ ਕੀਤੀ ਜਾਂਦੀ ਸੀ ਅਤੇ ਸ਼ੇਖ ਦੇ ਪਰਿਵਾਰ ਵੱਲੋਂ ਉਸ ਨੂੰ ਘਰ ਵਿੱਚ ਬੰਦੀ ਬਣਾ ਕੇ ਰੱਖਿਆ ਗਿਆ ਸੀ। ਰੀਨਾ ਆਪਣੀ ਹੱਡਬੀਤੀ ਢਾਈ ਮਹੀਨਿਆਂ ਤੋਂ ਸੋਸ਼ਲ ਮੀਡੀਆ ‘ਤੇ ਸਾਂਝੀ ਕਰ ਰਹੀ ਸੀ, ਜਿਸ ਸਦਕਾ ਉਸ ਦੀ ਵਤਨ ਵਾਪਸੀ ਸੰਭਵ ਹੋ ਸਕੀ ਹੈ।
ਰੀਨਾ ਦੇ ਵਾਪਸ ਆਉਣ ਨਾਲ ਜਿੱਥੇ ਉਸ ਦੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ, ਉੱਥੇ ਉਹ ਕਿਸੇ ਵੀ ਔਰਤ ਨੂੰ ਰੁਜ਼ਗਾਰ ਦੇ ਲਾਲਚ ਵਿੱਚ ਸਾਊਦੀ ਅਰਬ ਨਾ ਜਾਣ ਦੀ ਸਲਾਹ ਦੇ ਰਹੀ ਹੈ। ਆਪਣੇ ਪਤੀ ਕਿਸ਼ਨ ਰਾਜ, ਪੁੱਤਰ ਹੀਰੇ ਅਤੇ ਧੀ ਨਵਜੋਤ ਕੌਰ ਨੂੰ ਮਿਲਣ ਉਪਰੰਤ ਰੀਨਾ ਨੇ ਦੱਸਿਆ ਕਿ ਉਹ 16 ਅਕਤੂਬਰ 2016 ਨੂੰ ਆਪਣੇ ਘਰ ਦੀ ਗਰੀਬੀ ਦੂਰ ਕਰਨ ਲਈ ਸਾਊਦੀ ਅਰਬ ਗਈ ਸੀ। ਉੱਥੇ ਉਸ ਨੂੰ ਇੱਕ ਸ਼ੇਖ ਦੇ ਪਰਿਵਾਰ ਨੇ ਆਪਣੇ ਘਰ ਵਿੱਚ ਬੰਧੂਆ ਮਜ਼ਦੂਰ ਬਣਾ ਕੇ ਰੱਖਿਆ ਅਤੇ ਉਸ ਨਾਲ ਅਣਮਨੁੱਖੀ ਵਰਤਾਅ ਕੀਤਾ ਜਾਂਦਾ ਰਿਹਾ। ਉਸ ਨੂੰ ਖਾਣ ਲਈ ਖਾਣਾ ਵੀ ਨਹੀਂ ਦਿੱਤਾ ਜਾਂਦਾ ਸੀ ਸਗੋਂ ਕੁੱਟਮਾਰ ਕੀਤੀ ਜਾਂਦੀ ਸੀ। ਪਹਿਲੇ ਤਿੰਨ ਮਹੀਨੇ ਸ਼ੇਖ ਨੇ ਉਸ ਨਾਲ ਤੈਅ ਕੀਤੀ ਕਰੀਬ 25 ਹਜ਼ਾਰ ਰੁਪਏ ਤਨਖ਼ਾਹ ਦੇ ਉਲਟ 15 ਹਜ਼ਾਰ ਰੁਪਏ ਤਨਖ਼ਾਹ ਦਿੱਤੀ ਅਤੇ ਬਾਅਦ ਵਿੱਚ ਉਸ ਨੂੰ ਤਨਖ਼ਾਹ ਦੇਣੀ ਬੰਦ ਕਰ ਦਿੱਤੀ ਗਈ। ਸੋਸ਼ਲ ਮੀਡੀਆ ‘ਤੇ ਮੈਸੇਜ ਵਾਇਰਲ ਕਰ ਕੇ ਵੱਟਸਐਪ ਰਾਹੀਂ ਉਸ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੂੰ ਮੱਦਦ ਦੀ ਅਪੀਲ ਕੀਤੀ ਸੀ। ਇਸ ਤੋਂ ਬਾਅਦ ਉਕਤ ਭਾਰਤੀ ਨੁਮਾਇੰਦਿਆਂ ਵੱਲੋਂ ਉਸ ਨੂੰ ਭਾਰਤ ਲਿਆਉਣ ਦੇ ਯਤਨ ਆਰੰਭੇ ਗਏ।

 

Check Also

ਸ਼੍ਰੋਮਣੀ ਕਮੇਟੀ ਪਾਕਿ ਰੇਲ ਹਾਦਸੇ ਵਿਚ ਮਾਰੇ ਗਏ ਸਿੱਖਾਂ ਦੇ ਪਰਿਵਾਰਾਂ ਨੂੰ ਇੱਕ-ਇੱਕ ਲੱਖ ਰੁਪਏ ਦੀ ਦੇਵੇਗੀ ਸਹਾਇਤਾ

ਅੰਮ੍ਰਿਤਸਰ/ਬਿਊਰੋ ਨਿਊਜ਼ : ਲੰਘੇ ਦਿਨੀਂ ਪਾਕਿਸਤਾਨ ਵਿਚ ਵਾਪਰੇ ਰੇਲ ਹਾਦਸੇ ‘ਚ ਮਾਰੇ ਗਏ ਸਿੱਖਾਂ ਦੇ …