16.7 C
Toronto
Saturday, May 30, 2026
spot_img
Homeਦੁਨੀਆਚੀਨ ਐਨਐਸਜੀ 'ਤੇ ਭਾਰਤ ਨਾਲ ਵਾਰਤਾ ਲਈ ਰਾਜ਼ੀ

ਚੀਨ ਐਨਐਸਜੀ ‘ਤੇ ਭਾਰਤ ਨਾਲ ਵਾਰਤਾ ਲਈ ਰਾਜ਼ੀ

logo-2-1-300x105-3-300x105ਬ੍ਰਿਕਸ ਸੰਮੇਲਨ ਲਈ ਚੀਨੀ ਰਾਸ਼ਟਰਪਤੀ ਭਾਰਤ ਆਉਣਗੇ
ਪੇਈਚਿੰਗ : ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਭਾਰਤ ਦੌਰੇ ਤੋਂ ਪਹਿਲਾਂ ਚੀਨ ਨੇ ਕਿਹਾ ਹੈ ਕਿ ਉਹ ਪਰਮਾਣੂ ਸਪਲਾਇਰਜ਼ ਗਰੁੱਪ (ਐਨਐਸਜੀ) ਵਿਚ ਦਾਖ਼ਲੇ ਬਾਰੇ ਭਾਰਤ ਨਾਲ ਗੱਲਬਾਤ ਕਰਨ ਲਈ ਤਿਆਰ ਹੈ ਪਰ ਭਾਰਤ ਵੱਲੋਂ ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ‘ਤੇ ਸੰਯੁਕਤ ਰਾਸ਼ਟਰ ਵਿਚ ਪਾਬੰਦੀ ਲਵਾਉਣ ਦੀਆਂ ਕੋਸ਼ਿਸ਼ਾਂ ਵਿਚ ਅੜਿੱਕਾ ਡਾਹੁਣ ਨੂੰ ਉਸ ਨੇ ਜਾਇਜ਼ ਕਰਾਰ ਦਿੱਤਾ ਹੈ। ਚੀਨ ਦਾ ਕਹਿਣਾ ਹੈ ਕਿ ਅੱਤਵਾਦ ਨਾਲ ਨਜਿੱਠਣ ਦੇ ਨਾਮ ‘ਤੇ ਕਿਸੇ ਵੱਲੋਂ ਸਿਆਸੀ ਲਾਹਾ ਲਏ ਜਾਣ ਦਾ ਉਹ ਵਿਰੋਧ ਕਰਦਾ ਰਹੇਗਾ।
ਸ਼ੀ ਦੇ ਇਸ ਹਫ਼ਤੇ ਭਾਰਤ ਵਿਚ ਬ੍ਰਿਕਸ ਸੰਮੇਲਨ ‘ਚ ਸ਼ਮੂਲੀਅਤ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚੀਨ ਦੇ ਉਪ ਵਿਦੇਸ਼ ਮੰਤਰੀ ਲੀ ਪਾਓਤੌਂਗ ਨੇ 48 ਮੈਂਬਰੀ ਐਨਐਸਜੀ ਵਿਚ ਨਵੇਂ ਮੈਂਬਰਾਂ ਦੇ ਦਾਖ਼ਲੇ ‘ਤੇ ਸਰਬਸੰਮਤੀ ਬਣਾਉਣ ਦੀ ਲੋੜ ‘ਤੇ ਦੁਬਾਰਾ ਜ਼ੋਰ ਦਿੱਤਾ। ਸ਼ੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਰਮਿਆਨ ਬ੍ਰਿਕਸ ਸੰਮੇਲਨ ਤੋਂ ਅੱਡ ਹੋਣ ਵਾਲੀ ਮੁਲਾਕਾਤ ਦੌਰਾਨ ਐਨਐਸਜੀ ਦੇ ਮੁੱਦੇ ‘ਤੇ ਅੱਗੇ ਵਧਣ ਦੀ ਸੰਭਾਵਨਾ ਬਾਰੇ ਪੁੱਛੇ ਜਾਣ ‘ਤੇ ਲੀ ਨੇ ਕਿਹਾ ਕਿ ਐਨਐਸਜੀ ਨਿਯਮਾਂ ਵਿਚ ਆਖਿਆ ਗਿਆ ਹੈ ਕਿ ਨਵੇਂ ਮੈਂਬਰਾਂ ਦੇ ਦਾਖ਼ਲੇ ਲਈ ਪੁਰਾਣਿਆਂ ਵਿਚ ਸਹਿਮਤੀ ਹੋਣੀ ਚਾਹੀਦੀ ਹੈ। ਇਕ ਸਵਾਲ ਦੇ ਜਵਾਬ ਵਿਚ ਲੀ ਨੇ ਕਿਹਾ, ”ਨਿਯਮਾਂ ਬਾਰੇ ਇਕੱਲਿਆਂ ਚੀਨ ਨੇ ਕੋਈ ਫ਼ੈਸਲਾ ਨਹੀਂ ਲੈਣਾ ਹੈ। ਇਸ ਮੁੱਦੇ ‘ਤੇ ਚੀਨ ਅਤੇ ਭਾਰਤ ਵਿਚਕਾਰ ਖੁੱਲ੍ਹੀ ਗੱਲਬਾਤ ਹੋਈ ਹੈ ਅਤੇ ਅਸੀਂ ਭਾਰਤ ਨਾਲ ਸਰਬਸੰਮਤੀ ਬਣਾਉਣ ਲਈ ਲਗਾਤਾਰ ਵਿਚਾਰ ਵਟਾਂਦਰਾ ਜਾਰੀ ਰੱਖਣ ਲਈ ਤਿਆਰ ਹਾਂ। ਸਾਨੂੰ ਉਮੀਦ ਹੈ ਕਿ ਭਾਰਤ ਹੋਰ ਮੁਲਕਾਂ ਕੋਲ ਵੀ ਸਹਾਇਤਾ ਲਈ ਜਾ ਸਕਦਾ ਹੈ।” ਉਨ੍ਹਾਂ ਕਿਹਾ ਕਿ ਐਨਐਸਜੀ ਦੇ ਮੁੱਦੇ ‘ਤੇ ਚੀਨ ਨੇ ਅਕਸਰ ਆਖਿਆ ਹੈ ਕਿ ਕੌਮਾਂਤਰੀ ਕਾਨੂੰਨਾਂ ਦਾ ਪਾਲਣ ਕੀਤਾ ਜਾਣਾ ਚਾਹੀਦਾ ਹੈ ਅਤੇ ਭਾਰਤ ਦੇ ਮਾਮਲੇ ਵਿਚ ਵੀ ਅਜਿਹਾ ਰੁਖ਼ ਅਪਣਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਭਾਰਤ ਵਿਚ ਬ੍ਰਿਕਸ ਸੰਮੇਲਨ 15 ਅਤੇ 16 ਅਕਤੂਬਰ ਨੂੰ ਹੋਏਗਾ ਅਤੇ ਇਸ ਵਿਚ ਬਰਾਜ਼ੀਲ, ਰੂਸ, ਇੰਡੀਆ, ਚੀਨ ਅਤੇ ਦੱਖਣੀ ਅਫ਼ਰੀਕਾ ਦੇ ਮੁਖੀ ਸ਼ਿਰਕਤ ਕਰਨਗੇ। ਭਾਰਤ ਨੇ ਚੀਨ ਦਾ ਨਾਮ ਲਏ ਬਿਨਾਂ ਦੋਸ਼ ਲਾਇਆ ਸੀ ਕਿ ਇਕ ਮੁਲਕ ਨੇ ਐਨਐਸਜੀ ਵਿਚ ਉਸ ਦੀ ਮੈਂਬਰਸ਼ਿਪ ਨੂੰ ਰੋਕਣ ਲਈ ਅੜਿੱਕੇ ਡਾਹੇ ਹਨ। ਉਸ ਤੋਂ ਬਾਅਦ ਦੋਵੇਂ ਮੁਲਕਾਂ ਨੇ ਮੱਤਭੇਦਾਂ ਨੂੰ ਦੂਰ ਕਰਨ ਲਈ ਬੈਠਕ ਕੀਤੀ ਸੀ। ਭਾਰਤ ਨਾਲ ਵਾਰਤਾ ਤੋਂ ਬਾਅਦ ਚੀਨ ਨੇ ਅਜਿਹੀ ਗੱਲਬਾਤ ਪਾਕਿਸਤਾਨ ਨਾਲ ਵੀ ਕੀਤੀ ਸੀ, ਜਿਸ ਨੇ ਅਸਰ ਰਸੂਖ਼ ਵਾਲੇ ਇਸ ਗਰੁੱਪ ਦਾ ਮੈਂਬਰ ਬਣਨ ਦੀ ਅਰਜ਼ੀ ਦਿੱਤੀ ਹੋਈ ਹੈ। ਚੀਨ ਵੱਲੋਂ ਸੰਯੁਕਤ ਰਾਸ਼ਟਰ ਵਿਚ ਮਸੂਦ ਅਜ਼ਹਰ ਖ਼ਿਲਾਫ਼ ਪਾਬੰਦੀ ਲਾਉਣ ਦੀ ਭਾਰਤ ਦੀ ਕੋਸ਼ਿਸ਼ ਨੂੰ ਨਾਕਾਮ ਕਰਨ ਬਾਰੇ ਲੀ ਨੇ ਇਸ ਮਾਮਲੇ ਨੂੰ ਤਕਨੀਕੀ ਆਧਾਰ ‘ਤੇ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਕੀਤੀ।

RELATED ARTICLES
POPULAR POSTS