ਮੁਲਕ ਵਿੱਚ ਬੇਰੁਜ਼ਗਾਰੀ ਦਰ 48 ਸਾਲਾਂ ਵਿੱਚ ਸਭ ਤੋਂ ਹੇਠਲੇ ਪੱਧਰ ‘ਤੇ ਆਈ
ਸਿਡਨੀ/ਬਿਊਰੋ ਨਿਊਜ਼ : ਆਸਟਰੇਲੀਆ ਵਿੱਚ ਬੇਰੁਜ਼ਗਾਰੀ ਦਰ 3.4 ਫੀਸਦੀ ‘ਤੇ ਆ ਗਈ ਹੈ, ਜੋ 48 ਸਾਲਾਂ ਵਿੱਚ ਸਭ ਤੋਂ ਘੱਟ ਹੈ। ਇਹ ਜਾਣਕਾਰੀ ਆਸਟਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਵੱਲੋਂ ਜਾਰੀ ਕੀਤੇ ਤਾਜ਼ਾ ਅੰਕੜਿਆਂ ਵਿੱਚ ਦਿੱਤੀ ਗਈ ਹੈ।
ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਪਿਛਲੇ ਮਹੀਨੇ ਆਸਟਰੇਲੀਆ ਵਿੱਚ ਨੌਕਰੀ ਲੱਭਣ ਵਾਲੇ ਘੱਟ ਸਨ, ਜਦੋਂਕਿ ਅਸਾਮੀਆਂ ਵੱਧ ਖਾਲੀ ਪਈਆਂ ਸਨ। ਬਿਊਰੋ ਦੇ ਲੇਬਰ ਸਟੈਟਿਸਟਿਕਸ ਦੇ ਮੁਖੀ ਬਿਜੋਰਨ ਜਾਰਵਿਸ ਨੇ ਕਿਹਾ, ‘ਬੇਰੁਜ਼ਗਾਰੀ ਵਿੱਚ ਗਿਰਾਵਟ ਵਧ ਰਹੀ ਲੇਬਰ ਮਾਰਕੀਟ ਨੂੰ ਦਰਸਾਉਂਦੀ ਹੈ, ਜਿਸ ਵਿੱਚ ਉੱਚੇ ਅਹੁਦੇ ਵਾਲੀਆਂ ਅਸਾਮੀਆਂ ਵੀ ਖ਼ਾਲੀ ਪਈਆਂ ਹਨ। ਨਤੀਜੇ ਵਜੋਂ, ਅਗਸਤ 1974 ਤੋਂ ਬਾਅਦ ਮੁਲਕ ਵਿੱਚ ਸਭ ਤੋਂ ਘੱਟ ਬੇਰੁਜ਼ਗਾਰੀ ਦਰ ਪਾਈ ਗਈ ਹੈ।’ ਸਰਕਾਰ ਦੇ ਕਿਰਤ ਮੰਤਰਾਲੇ ਨੇ ਕਿਹਾ ਕਿ ਆਸਟਰੇਲੀਆ ਦੇ ਉਸਾਰੀ, ਨਰਸਿੰਗ ਅਤੇ ਰੈਸਤਰਾਂ ਉਨ੍ਹਾਂ ਦਸ ਖੇਤਰਾਂ ਵਿੱਚ ਸ਼ਾਮਲ ਹਨ, ਜਿਨ੍ਹਾਂ ਵਿੱਚ ਅਗਲੇ ਪੰਜ ਸਾਲਾਂ ਦੌਰਾਨ ਸਭ ਤੋਂ ਵੱਧ ਕਾਮਿਆਂ ਦੀ ਮੰਗ ਰਹਿਣ ਦੀ ਸੰਭਾਵਨਾ ਹੈ। ਸਰਕਾਰ ਨੇ ਮੁਲਕ ਵਿੱਚ ਕਾਮਿਆਂ ਦੀ ਘਾਟ ਨੂੰ ਦੂਰ ਕਰਨ ਲਈ ਆਸਟਰੇਲੀਆ ਦੇ ਸਥਾਈ ਹੁਨਰਮੰਦ ਮਾਈਗ੍ਰੇਸ਼ਨ ਕੈਂਪ ਨੂੰ 160,000 ਤੋਂ 195,000 ਤੱਕ ਵਧਾਉਣ ਲਈ ਵੀ ਸਹਿਮਤੀ ਦੇ ਦਿੱਤੀ ਹੈ।
ਸਰਕਾਰ ਦੇ ਕਮਿਸ਼ਨ ਨੇ ਘੱਟੋ-ਘੱਟ ਉਜਰਤ ਵਿੱਚ 5.2 ਫੀਸਦੀ ਵਾਧਾ ਕਰਨ ਦਾ ਐਲਾਨ ਕੀਤਾ ਹੈ। ਹੁਣ ਉਜਰਤ 21 ਡਾਲਰ 38 ਸੈਂਟ ਪ੍ਰਤੀ ਘੰਟਾ ਹੋਵੇਗੀ। ਯੂਨੀਅਨਾਂ ਨੇ ਘੱਟ ਆਮਦਨੀ ਵਾਲੇ ਕਾਮਿਆਂ ਨੂੰ ਵਧਦੀ ਮਹਿੰਗਾਈ ਤੋਂ ਬਚਾਉਣ ਲਈ 5.5 ਫ਼ੀਸਦੀ ਵਾਧੇ ਦੀ ਮੰਗ ਕੀਤੀ ਸੀ, ਜਦੋਂਕਿ ਵਪਾਰਕ ਸਮੂਹਾਂ ਨੇ 2.5 ਤੋਂ 3 ਫ਼ੀਸਦੀ ਦੇ ਵਿਚਕਾਰ ਵਾਧੇ ਦੀ ਦਲੀਲ ਦਿੱਤੀ ਸੀ।