ਕਾਬੁਲ/ਬਿਊਰੋ ਨਿਊਜ਼ : ਅਫ਼ਗਾਨਿਸਤਾਨ ਦੇ ਪੂਰਬੀ ਪਕਤੀਆ ਸੂਬੇ ਨਾਲ ਸਬੰਧਤ ਅਵਤਾਰ ਸਿੰਘ ਖ਼ਾਲਸਾ (52) ਅਗਲੀ ਸੰਸਦ ਵਿੱਚ ਮੁਲਕ ਦੀ ਘੱਟ ਗਿਣਤੀ ਸਿੱਖ ਤੇ ਹਿੰਦੂ ਆਬਾਦੀ ਦੀ ਨੁਮਾਇੰਦਗੀ ਕਰਨਗੇ।
ਮੁਲਕ ਵਿੱਚ ਦਹਾਕਿਆਂ ਤੋਂ ਚੱਲ ਰਹੀ ਗੜਬੜ ਕਾਰਨ ਸਿੱਖ ਅਤੇ ਹਿੰਦੂ ਭਾਈਚਾਰੇ ਨੂੰ ਦੇਸ਼ ਦੇ ਸਿਆਸੀ ਪਿੜ ਵਿੱਚ ਜ਼ਿਆਦਾ ਵਿਚਰਨ ਦਾ ਮੌਕਾ ਨਹੀਂ ਮਿਲ ਸਕਿਆ। ਇਸ ਦੌਰਾਨ ਘੱਟ ਗਿਣਤੀ ਭਾਈਚਾਰਾ ਵਿਦੇਸ਼ਾਂ ਵਿੱਚ ਪਰਵਾਸ ਕਰ ਗਿਆ। ਸੰਨ 1970 ਵਿੱਚ ਜਿੱਥੇ ਇਨ੍ਹਾਂ ਘੱਟ ਗਿਣਤੀ ਭਾਈਚਾਰਿਆਂ ਦੀ ਕੁੱਲ ਆਬਾਦੀ 80,000 ਦੇ ਕਰੀਬ ਸੀ, ਹੁਣ ਸਿਮਟ ਕੇ ਸਿਰਫ਼ 1000 ਦੇ ਕਰੀਬ ਰਹਿ ਗਈ ਹੈ।
ਅਵਤਾਰ ਸਿੰਘ ਖ਼ਾਲਸਾ ਜੋ ਕਿ ਲੰਮੇ ਸਮੇਂ ਤੋਂ ਭਾਈਚਾਰੇ ਦੇ ਆਗੂ ਰਹੇ ਹਨ, ਸੰਸਦ ਦੇ ਹੇਠਲੇ ਸਦਨ ਤੋਂ ਬਿਨਾਂ ਮੁਕਾਬਲਾ ਚੁਣੇ ਜਾਣਗੇ। ਇਹ ਸੀਟ ਰਾਸ਼ਟਰਪਤੀ ਵੱਲੋਂ 2016 ਵਿੱਚ ਘੱਟ ਗਿਣਤੀਆਂ ਲਈ ਰਾਖ਼ਵੀਂ ਕੀਤੀ ਗਈ ਸੀ। ਅਕਤੂਬਰ ਵਿੱਚ ਹੋਣ ਵਾਲੀਆਂ ਸੰਸਦੀ ਚੋਣਾਂ ਤੋਂ ਬਾਅਦ ਚੁਣੇ ਜਾਣ ਵਾਲੇ 259 ਸੰਸਦ ਮੈਂਬਰਾਂ ਵਿਚਕਾਰ ਉਹ ਇਕੱਲੇ ਘੱਟ ਗਿਣਤੀ ਮੈਂਬਰ ਹੋਣਗੇ।
ਖ਼ਾਲਸਾ ਉਮੀਦ ਕਰਦੇ ਹਨ ਕਿ ਅਫ਼ਗਾਨ ਫ਼ੌਜ ਵਿੱਚ ਦਸ ਸਾਲ ਕੰਮ ਕਰਨ ਦਾ ਤਜ਼ਰਬਾ ਇਸ ਦੌਰਾਨ ਉਨ੍ਹਾਂ ਦੇ ਕੰਮ ਆਵੇਗਾ ਤੇ ਉਨ੍ਹਾਂ ਨੂੰ ਸੁਰੱਖਿਆ ਨਾਲ ਸਬੰਧਤ ਸੰਸਦੀ ਕਮੇਟੀ ਵਿੱਚ ਥਾਂ ਮਿਲ ਸਕਦੀ ਹੈ। ਉਨ੍ਹਾਂ ਕਿਹਾ ਕਿ ਉਹ ਇਕੱਲੇ ਸਿੱਖ ਤੇ ਹਿੰਦੂ ਭਾਈਚਾਰੇ ਨਾਲ ਜੁੜੇ ਮੁੱਦੇ ਹੀ ਨਹੀਂ ਉਭਾਰਨਾ ਚਾਹੁੰਦੇ ਪਰ ਅਫ਼ਗਾਨਿਸਤਾਨ ਦੇ ਸਾਰੇ ਬਾਸ਼ਿੰਦਿਆਂ ਦੀ ਭਲਾਈ ਲਈ ਵਚਨਬੱਧ ਹਨ।
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …