‘ਸ਼ਟਡਾਊਨ’ ਕਾਰਨ ਮਾਰਕੀਟ ਵਿਚ ਮੰਦੀ ਦਾ ਦੌਰ ਹੋਇਆ ਸ਼ੁਰੂ
ਸਿਆਟਲ/ਬਿਊਰੋ ਨਿਊਜ਼ : ਅਮਰੀਕਾ ਦੀ ਡੋਨਾਲਡ ਟਰੰਪ ਸਰਕਾਰ ਵਲੋਂ ਕੀਤੇ ਗਏ ‘ਸ਼ਟਡਾਊਨ’ ਦਾ ਅਸਰ ਹੁਣ ਦਿਖਾਈ ਦੇਣ ਲੱਗ ਪਿਆ ਹੈ। ਇਸ ਸ਼ਟਡਾਊਨ ਨਾਲ ਮਾਰਕਿਟ ਵਿਚ ਮੰਦੀ ਦਾ ਦੌਰ ਵੀ ਸ਼ੁਰੂ ਹੋ ਗਿਆ ਹੈ ਅਤੇ ਲੋਕਾਂ ਮੁਸ਼ਕਲਾਂ ਪੇਸ਼ ਆਉਣੀਆਂ ਸ਼ੁਰੂ ਹੋ ਗਈਆਂ ਹਨ। ਇਸ ਸਭ ਦੇ ਬਾਵਜੂਦ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੀ ਜ਼ਿੱਦ ‘ਤੇ ਅੜੇ ਹੋਏ ਹਨ ਤੇ ਅਮਰੀਕਾ-ਮੈਕਸੀਕੋ ਸਰਹੱਦ ‘ਤੇ ਕੰਧ ਬਣਾਉਣ ਦੇ ਫ਼ੈਸਲੇ ਉਤੇ ਬਜ਼ਿੱਦ ਹਨ। ਇਸ ‘ਸ਼ਟਡਾਊਨ’ ਕਾਰਨ ਫੈਡਰਲ (ਸੰਘੀ) ਕਰਮਚਾਰੀਆਂ ਦਾ ਕੰਮ ਬੰਦ ਪਿਆ ਹੈ। ਇਸ ਨਾਲ ਇੰਮੀਗ੍ਰੇਸ਼ਨ ਤੇ ਕਸਟਮ ਮਹਿਕਮਾ, ਹਵਾਈ ਅੱਡਿਆਂ ‘ਤੇ ਸੁਰੱਖਿਆ ਦਾ ਕੰਮ ਦੇਖਦੀ ਟੀ. ਐਸ.ਏ. ਤੇ ਸੰਘੀ ਸਰਕਾਰ ਦੇ ਹੋਰ ਮਹਿਕਮੇ ਜੋ ਇਸ ਵੇਲੇ ਨਾਂਹ ਦੇ ਬਰਾਬਰ ਕੰਮ ਕਰ ਰਹੇ ਹਨ ਤੇ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਵਾਈ ਅੱਡਿਆਂ ‘ਤੇ ਸੁਰੱਖਿਆ ਮੁਲਾਜ਼ਮਾਂ ਦੀ ਘਾਟ ਕਾਰਨ ਲੰਮੀਆਂ-ਲੰਮੀਆਂ ਕਤਾਰਾਂ ਲੱਗੀਆਂ ਹਨ ਤੇ ਕਈ ਮੁਸਾਫ਼ਿਰਾਂ ਦੀਆਂ ਉਡਾਣਾਂ ਨਿਕਲ ਰਹੀਆਂ ਹਨ। ਇਸ ਤੋਂ ਇਲਾਵਾ ਹੋਟਲ, ਟੈਕਸੀ, ਟਰਾਂਸਪੋਰਟ ਤੇ ਹੋਰ ਕਾਰੋਬਾਰਾਂ ‘ਤੇ ਮੰਦੀ ਦਾ ਅਸਰ ਸਪੱਸ਼ਟ ਦਿਖਾਈ ਦੇ ਰਿਹਾ ਹੈ। ਇਹ ‘ਸ਼ਟਡਾਊਨ’ ਅਮਰੀਕਾ ਦੇ ਇਤਿਹਾਸ ਵਿਚ ਸਭ ਤੋਂ ਲੰਮਾ ‘ਸ਼ਟਡਾਊਨ’ ਹੈ। ਇਸ ਤੋਂ ਪਹਿਲਾਂ 1995 ਵਿਚ ਵੀ ‘ਸ਼ਟਡਾਊਨ’ ਹੋਇਆ ਸੀ ਪਰ ਉਹ 21 ਦਿਨਾਂ ਵਿਚ ਖ਼ਤਮ ਹੋ ਗਿਆ ਸੀ। ਹਵਾਈ ਅੱਡਿਆਂ ‘ਤੇ ਕੰਮ ਕਰਨ ਵਾਲੇ ਟੈਕਸੀ ਡਰਾਈਵਰਾਂ ਦਾ ਕਹਿਣਾ ਹੈ ਕਿ ਏਨਾ ਮੰਦਾ ਉਨ੍ਹਾਂ ਕਦੇ ਨਹੀਂ ਦੇਖਿਆ। ਡਰਾਈਵਰਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਆਪਣੇ ਖਰਚੇ ਵੀ ਪੂਰੇ ਕਰਨੇ ਔਖੇ ਹੋਏ ਪਏ ਹਨ। ਸਿਆਟਲ ਦੇ ਪ੍ਰਸਿੱਧ ਅਕਾਊਂਟੈਂਟ ਮਹਿੰਦਰ ਸਿੰਘ ਸੋਹਲ ਨੇ ਦੱਸਿਆ ਕਿ ਟੈਕਸ ਭਰਨ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ। 28 ਜਨਵਰੀ ਤੋਂ ਆਨਲਾਈਨ ਟੈਕਸ ਭਰਨ ਦਾ ਕੰਮ ਸ਼ੁਰੂ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਟੈਕਸ ਰਿਫੰਡ ਦਾ ਕੰਮ ਵਿਚ ਦੇਰੀ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਅੰਸ਼ਕ ਰੂਪ ਵਿਚ ਬੰਦ ਦਾ ਉਨ੍ਹਾਂ ਦੇ ਕੰਮ ‘ਤੇ ਸਿੱਧਾ ਅਸਰ ਪਿਆ ਹੈ। ਜਾਣਕਾਰੀ ਅਨੁਸਾਰ ਡੈਮੋਕ੍ਰੇਟਿਕ ਪਾਰਟੀ ਨੇ ਰਾਸ਼ਟਰਪਤੀ ਟਰੰਪ ਨਾਲ ਗੱਲਬਾਤ ਕਰਨ ਤੋਂ ਹੁਣ ਪੂਰੀ ਤਰ੍ਹਾਂ ਮਨ੍ਹਾਂ ਕਰ ਦਿੱਤਾ ਹੈ। ਪਾਰਟੀ ਦਾ ਕਹਿਣਾ ਹੈ ਕਿ ਟਰੰਪ ਦਾ ਰਵੱਈਆ ਗ਼ੈਰ-ਜ਼ਿੰਮੇਵਾਰੀ ਵਾਲਾ ਹੈ, ਜਿਸ ਕਾਰਨ ਉਨ੍ਹਾਂ ਨਾਲ ਗੱਲਬਾਤ ਨਹੀਂ ਕੀਤੀ ਜਾ ਸਕਦੀ ਪਰ ਦੇਸ਼ ਦੀ ਸੁਰੱਖਿਆ ਲਈ ਉਨ੍ਹਾਂ ਦੀ ਪਾਰਟੀ ਵਚਨਬੱਧ ਹੈ।
Check Also
ਟਰੰਪ ਨਾਲ ਵਿਵਾਦ ਵਧਣ ਤੋਂ ਬਾਅਦ ਮਸਕ ਨੇ ਨਵੀਂ ਰਾਜਨੀਤਕ ਪਾਰਟੀ ਬਣਾਈ
ਟਰੰਪ ਦਾ ਟੈਕਸ ਬਿੱਲ ਅਮਰੀਕਾ ਨੂੰ ਦੀਵਾਲੀਆ ਕਰ ਦੇਵੇਗਾ: ਮਸਕ ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਲਡ …