ਸੌ ਫੀਸਦੀ ਵਧੀ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ
ਮੈਲਬਰਨ/ਬਿਊਰੋ ਨਿਊਜ਼
ਆਸਟਰੇਲੀਆ ਦੇ ਅੰਕੜਾ ਵਿਭਾਗ ਵੱਲੋਂ 2016 ਦੀ ਮਰਦਮਸ਼ੁਮਾਰੀ ਦੇ ਜਾਰੀ ਕੀਤੇ ਅੰਕੜਿਆਂ ਤੋਂ ਇਹ ਇਤਿਹਾਸਿਕ ਤੱਥ ਸਾਹਮਣੇ ਆਇਆ ਹੈ ਕਿ ਮੁਲਕ ਵਿੱਚ ਹੁਣ ਯੂਰੋਪੀਅਨ ਮੂਲ ਦੇ ਲੋਕਾਂ ਦਾ ਨਹੀਂ ਬਲਕਿ ਏਸ਼ੀਅਨਾਂ ਦਾ ਬੋਲਬਾਲਾ ਹੈ।
ਭਾਰਤ ਸਮੇਤ ਚੀਨੀ ਮੂਲ ਦੇ ਪਿਛੋਕੜ ਵਾਲਿਆਂ ਦੀ ਗਿਣਤੀ ਪਿਛਲੇ ਪੰਜ ਸਾਲਾਂ ਵਿਚ ਤੇਜ਼ੀ ਨਾਲ ਵਧੀ ਹੈ। ਹਰ ਪੰਜ ਵਿਅਕਤੀਆਂ ਵਿੱਚੋਂ ਇੱਕ ਇਨ੍ਹਾਂ ਦੋ ਮੁਲਕਾਂ ਨਾਲ ਸਬੰਧਤ ਹੈ। ਸੰਸਾਰ ਭਰ ਵਿੱਚ ਬਹੁ-ਸਭਿਆਚਾਰਕ ਪਛਾਣ ਰੱਖਦੇ ਮੁਲਕਾਂ ਵਿਚ ਆਸਟਰੇਲੀਆ ਸਿਖਰ ‘ਤੇ ਹੈ। ਮੁਲਕ ਵਿੱਚ 300 ਦੇ ਕਰੀਬ ਭਾਸ਼ਾਵਾਂ ਮੌਜੂਦ ਹਨ ਅਤੇ 100 ਤੋਂ ਉਪਰ ਧਰਮ ਦਰਜ ਹਨ। ਅੰਕੜਿਆਂ ਮੁਤਾਬਿਕ ਭਾਵੇਂ ਈਸਾਈ ਮੱਤ ਵਾਲੇ ਲੋਕਾਂ ਦੀ ਗਿਣਤੀ ਸਭ ਤੋਂ ਵੱਧ ਹੈ, ਪਰ ਸਾਲ 1991 ਦੇ ਮੁਕਾਬਲੇ 2016 ਵਿੱਚ ਇਸ ਨੂੰ ਮੰਨਣ ਵਾਲਿਆਂ ਦੀ ਗਿਣਤੀ 74 ਫ਼ੀਸਦ ਤੋਂ ਘੱਟ ਕੇ 52 ਫ਼ੀਸਦ ਰਹਿ ਗਈ ਹੈ। ਮੁਲਕ ਵਿੱਚ ਬਜ਼ੁਰਗਾਂ ਦੀ ਗਿਣਤੀ ਵਿਚ ਵੀ ਵਾਧਾ ਹੋਇਆ ਹੈ। ਔਸਤਨ ਉਮਰ 38 ਸਾਲ ਹੈ ਜਦਕਿ 65 ਸਾਲ ਤੋਂ ਉੱਪਰ ਵਾਲੇ ਹੁਣ 16 ਫ਼ੀਸਦ ਹੋ ਗਏ ਹਨ। ਅੰਕੜਿਆਂ ਮੁਤਾਬਕ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਪਹਿਲਾਂ ਨਾਲੋਂ ਦੁੱਗਣੀ ਹੋ ਗਈ ਹੈ। ਪਹਿਲਾਂ ਇਹ ਕੁੱਲ ਅਬਾਦੀ ਦਾ 0.3 ਫ਼ੀਸਦ (71,229) ਸੀ, ਜੋ ਹੁਣ 0.6 (1,32,496) ਫੀਸਦ ਹੈ। ਪਿਛਲੇ ਇੱਕ ਦਹਾਕੇ ਵਿੱਚ ਪੰਜਾਬ ਤੋਂ ਹੋਏ ਕੱਚੇ-ਪੱਕੇ ਆਵਾਸ ਸਦਕਾ ਪੰਜਾਬੀ ਜ਼ੁਬਾਨ ਬੋਲਣ ਵਾਲਿਆਂ ਦੀ ਗਿਣਤੀ ਵਿਚ ਵੱਡਾ ਵਾਧਾ ਹੋਇਆ ਹੈ।
ਆਸਟਰੇਲੀਅਨ ਘਰਾਂ ਵਿਚ ਬੋਲੀਆਂ ਜਾਣ ਵਾਲੀਆਂ ਪਹਿਲੀਆਂ ਦਸ ਭਾਸ਼ਾਵਾਂ ਵਿਚ ਪੰਜਾਬੀ ਵੀ ਸ਼ੁਮਾਰ ਹੈ। ਪੰਜਾਬੀਆਂ ਦੀ ਸਭ ਤੋਂ ਵੱਧ ਗਿਣਤੀ ਵਿਕਟੋਰੀਆ ਸੂਬੇ ਵਿੱਚ ਹੈ। ਮੈਲਬਰਨ ਸਣੇ ਨੇੜਲੇ ਇਲਾਕਿਆਂ ਅਤੇ ਖੇਤਰੀ ਸ਼ਹਿਰਾਂ ਵਿਚ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ 56,171 ਹੈ।
ਸਿੱਖ ਭਾਈਚਾਰੇ ਦੇ ਮੈਂਬਰਾਂ ਦੀ ਗਿਣਤੀ ਸਵਾ ਲੱਖ ਨੂੰ ਟੱਪੀ : ਪਿਛਲੇ ਪੰਜ ਸਾਲਾਂ ਵਿੱਚ ਆਸਟਰੇਲੀਆ ਵਿਚ ਸਿੱਖਾਂ ਦੀ ਗਿਣਤੀ ਦੁੱਗਣੀ ਹੋਈ ਹੈ। 2011 ਵਿੱਚ ਇਹ ਗਿਣਤੀ 72,296 ਸੀ ਅਤੇ ਤਾਜ਼ਾ ਅੰਕੜਿਆਂ ਮੁਤਾਬਿਕ ਇਹ 1,25,900 ਹੋ ਗਈ ਹੈ। ਈਸਾਈ ਮੱਤ ਤੋਂ ਇਲਾਵਾ ਸਿੱਖ ਧਰਮ ਨਾਲ ਸਬੰਧਤ ਗਿਣਤੀ ਵਿਚੋਂ 74 ਫ਼ੀਸਦੀ ਦੀ ਉਮਰ 34 ਸਾਲ ਤੋਂ ਘੱਟ ਹੈ। ਪੰਜ ਸਾਲ ਦੇ ਅਰਸੇ ਵਿਚ ਬੌਧ ਮੱਤ, ਜੈਨ ਧਰਮ ਅਤੇ ਹਿੰਦੂ ਧਰਮ ਦੀ ਗਿਣਤੀ ਵੀ ਵਧੀ ਹੈ।
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …