Breaking News
Home / ਦੁਨੀਆ / ਗੋਰਿਆਂ ਦੀ ਕਾਲੀ ਸੋਚ

ਗੋਰਿਆਂ ਦੀ ਕਾਲੀ ਸੋਚ

ਬ੍ਰਿਟੇਨ ‘ਚ ਸਿੱਖ ਜੋੜੇ ਨੂੰ ਗੋਰਾ ਬੱਚਾ ਗੋਦ ਲੈਣ ਤੋਂ ਰੋਕਿਆ
ਅਡੋਪਸ਼ਨ ਏਜੰਸੀ ਨੇ ਕਿਹਾ ਕਿ ਭਾਰਤੀ ਬੱਚਾ ਗੋਦ ਲਵੋ
ਲੰਡਨ/ਬਿਊਰੋ ਨਿਊਜ਼
ਬ੍ਰਿਟੇਨ ਵਿਚ ਇਕ ਸਿੱਖ ਜੋੜੇ ਨੂੰ ਗੋਰਾ ਬੱਚਾ ਗੋਦ ਲੈਣ ਤੋਂ ਰੋਕ ਕੇ ਉਨ੍ਹਾਂ ਨੂੰ ਕਿਹਾ ਗਿਆ ਹੈ ਕਿ ਉਹ ਇਸ ਦੀ ਥਾਂ ਭਾਰਤ ਤੋਂ ਕੋਈ ਬੱਚਾ ਗੋਦ ਲੈ ਸਕਦੇ ਹਨ। ਇਹ ਰੋਕ ਸੱਭਿਆਚਾਰ ਦੇ ਵਖਰੇਵੇਂ ਕਾਰਨ ਲਗਾਈ ਗਈ ਹੈ। ਬਰਕਸ਼ਾਇਰ ਦੇ ਬ੍ਰਿਟੇਨ ਵਿਚ ਜਨਮੇ ਬਿਜ਼ਨਸ ਪੇਸ਼ੇਵਰ ਸੰਦੀਪ ਤੇ ਰੀਨਾ ਮੰਡੇਰ ਨੇ ਦੱਸਿਆ ਕਿ ਉਨ੍ਹਾਂ ਨੂੰ ਕਿਹਾ ਗਿਆ ਹੈ ਕਿ ਉਹ ਬ੍ਰਿਟਿਸ਼ ਜਾਂ ਯੂਰਪੀ ਪਰਿਵਾਰਾਂ ਦੀ ਥਾਂ ਕਿਸੇ ਭਾਰਤੀ ਦਾ ਬੱਚਾ ਗੋਦ ਲੈਣ। ਲਗਪਗ 30 ਸਾਲਾ ਇਹ ਦੰਪਤੀ ਜੋ ਸਿੱਖ-ਇੰਡੀਅਨ ਪਰਿਵਾਰ ਤੋਂ ਹੈ, ਨੇ ਦੱਸਿਆ ਕਿ ਉਨ੍ਹਾਂ ਅਡੋਪਟ ਬਰਕਸ਼ਾਇਰ ਅਡੋਪਸ਼ਨ ਏਜੰਸੀ ਨੂੰ ਇਕ ਗੋਰਾ ਬੱਚਾ ਗੋਦ ਲੈ ਕੇ ਦੇਣ ਲਈ ਕਿਹਾ ਸੀ ਪ੍ਰੰਤੂ ਉਨ੍ਹਾਂ ਨੂੰ ਕੋਈ ਭਾਰਤੀ ਬੱਚਾ ਗੋਦ ਲੈਣ ਲਈ ਕਿਹਾ ਗਿਆ। ਅਡੋਪਸ਼ਨ ਏਜੰਸੀਆਂ ਆਮ ਕਰਕੇ ਬੱਚਾ ਗੋਦ ਲੈਣ ਦੀ ਪ੍ਰਕਿਰਿਆ ਦੌਰਾਨ ਬੱਚੇ ਦੀ ਜਾਤ ਵਾਲੇ ਦੰਪਤੀ ਨੂੰ ਹੀ ਬੱਚਾ ਸੌਂਪਦੀਆਂ ਹਨ ਪ੍ਰੰਤੂ ਸਰਕਾਰ ਦਾ ਕਹਿਣਾ ਹੈ ਕਿ ਬੱਚਾ ਗੋਦ ਲੈਣ ਦੀ ਪ੍ਰਕਿਰਿਆ ਦੌਰਾਨ ਜਾਤ ਕੋਈ ਰੁਕਾਵਟ ਨਹੀਂ ਬਣਨੀ ਚਾਹੀਦੀ। ਮੰਡੇਰ ਦੰਪਤੀ ਦਾ ਮਾਮਲਾ ਪ੍ਰਧਾਨ ਮੰਤਰੀ ਥੈਰੇਸਾ ਮੇ ਵੀ ਅਦਾਲਤ ਵਿਚ ਚੁੱਕ ਸਕਦੇ ਹਨ ਕਿਉਂਕਿ ਉਹ ਉਨ੍ਹਾਂ ਦੇ ਹਲਕੇ ਦੇ ਐੱਮਪੀ ਹਨ। ਮੰਡੇਰ ਦੰਪਤੀ ਹੁਣ ਸਲੋਅ ਕਾਊਂਟੀ ਕੋਰਟ ਵਿਚ ਇਹ ਮਾਮਲਾ ਲਿਜਾ ਰਹੇ ਹਨ ਤਾਂਕਿ ਉਹ ਗੋਰਾ ਬੱਚਾ ਗੋਦ ਲੈ ਸਕਣ। ਉਨ੍ਹਾਂ ਨੇ ਇਸ ਲਈ ਕਾਨੂੰਨੀ ਕੰਮਕਾਜ ਕਰਦੀ ਕੰਪਨੀ ਮੈਕਅਲਿਸਟਰ ਓਲੀਵੇਰੀਅਸ ਨੂੰ ਆਪਣਾ ਕੇਸ ਸੌਂਪਿਆ ਹੈ। ਮਨੁੱਖੀ ਅਧਿਕਾਰ ਕਮਿਸ਼ਨ ਵੀ ਇਸ ਦੀ ਹਮਾਇਤ ਕਰ ਰਿਹਾ ਹੈ। ਮੰਡੇਰ ਦੰਪਤੀ ਨੇ ਪਿਛਲੇ ਸਾਲ ਅਡੋਪਨ ਏਜੰਸੀ ਨਾਲ ਗੋਰਾ ਬੱਚਾ ਗੋਦ ਲੈਣ ਲਈ ਸੰਪਰਕ ਕੀਤਾ ਸੀ ਤੇ ਉਨ੍ਹਾਂ ਨੂੰ ਕਿਹਾ ਗਿਆ ਸੀ ਕਿ ਉਨ੍ਹਾਂ ਕੋਲ ਗੋਦ ਦੇਣ ਲਈ ਗੋਰੇ ਬੱਚੇ ਤਾਂ ਹਨ ਪ੍ਰੰਤੂ ਉਨ੍ਹਾਂ ਦੀ ਤਰਜੀਹ ਇਨ੍ਹਾਂ ਨੂੰ ਗੋਰੇ ਪਰਿਵਾਰਾਂ ਨੂੰ ਦੇਣ ਦੀ ਹੈ। ਕੰਟੀਨਮ ਕਾਮਰਸ ਸੋਲੂਸ਼ਨਸ ਜੋਕਿ ਪੇਮੈਂਟ ਤਕਨਾਲੋਜੀ ਕੰਪਨੀ ਹੈ ਦੇ ਵਾਈਸ ਪ੍ਰੈਜ਼ੀਡੈਂਟ ਮੰਡੇਰ ਨੇ ਕਿਹਾ ਕਿ ਉਨ੍ਹਾਂ ਦੇ ਬੱਚਾ ਨਾ ਹੋਣ ਕਰਕੇ ਉਨ੍ਹਾਂ ਬੱਚਾ ਗੋਦ ਲੈਣ ਦਾ ਮਨ ਬਣਾਇਆ। ਉਹ ਬਿਨਾਂ ਕਿਸੇ ਭੇਦਭਾਵ ਦੇ ਗੋਰਾ ਬੱਚਾ ਗੋਦ ਲੈਣਾ ਚਾਹੁੰਦੇ ਸਨ ਪ੍ਰੰਤੂ ਅਡੋਪਸ਼ਨ ਏਜੰਸੀ ਵੱਲੋਂ ਉਨ੍ਹਾਂ ਨੂੰ ਨਾਂਹ ਪੱਖੀ ਜਵਾਬ ਮਿਲਿਆ। ਇਸ ਪਿੱਛੋਂ ਉਨ੍ਹਾਂ ਅਦਾਲਤ ਜਾਣ ਦਾ ਫ਼ੈਸਲਾ ਲਿਆ।

Check Also

ਆਸਟਰੇਲੀਆ ’ਚ 16 ਸਾਲ ਤੋਂ ਘੱਟ ਉਮਰ ਦੇ ਬੱਚੇ ਨਹੀਂ ਚਲਾ ਸਕਣਗੇ ਸੋਸ਼ਲ ਮੀਡੀਆ

ਪ੍ਰਤੀਨਿਧੀ ਸਦਨ ਨੇ ਬਿੱਲ ਕੀਤਾ ਪਾਸ ਮੈਲਬਰਨ/ਬਿਊਰੋ ਨਿਊਜ਼ ਆਸਟਰੇਲੀਆ ਦੇ ਪ੍ਰਤੀਨਿਧੀ ਸਦਨ ਨੇ ਇਕ ਬਿੱਲ …