
ਪਾਕਿ ਦੀ ਸ਼ਾਹਬਾਜ਼ ਸਰਕਾਰ ਨੂੰ ਇਨ੍ਹਾਂ ਭਿਖਾਰੀਆਂ ’ਤੇ ਰੋਕ ਲਗਾਉਣ ਲਈ ਕਿਹਾ
ਇਸਲਾਮਾਬਾਦ/ਬਿਊਰੋ ਨਿਊਜ਼
ਸਾਊਦੀ ਅਰਬ ਨੇ ਧਾਰਮਿਕ ਯਾਤਰਾ ਦੀ ਆੜ ਹੇਠ ਸਾਊਦੀ ਅਰਬ ’ਚ ਪਹੁੰਚਣ ਵਾਲੇ ਪਾਕਿਸਤਾਨੀ ਭਿਖਾਰੀਆਂ ਦੀ ਵਧਦੀ ਗਿਣਤੀ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਹੈ। ਸਾਊਦੀ ਅਰਬ ਨੇ ਪਕਿਸਤਾਨ ਦੀ ਸ਼ਾਹਬਾਜ਼ ਸ਼ਰੀਫ ਸਰਕਾਰ ਨੂੰ ਅਜਿਹਾ ਰੁਝਾਨ ਰੋਕਣ ਲਈ ਅਪੀਲ ਕੀਤੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਪਾਕਿਸਤਾਨ ’ਚੋਂ ਹਰ ਸਾਲ ਵੱਡੀ ਗਿਣਤੀ ਵਿਚ ਲੋਕ ਤੀਰਥ ਯਾਤਰਾ ਵੀਜ਼ੇ ’ਤੇ ਸਾਊਦੀ ਅਰਬ ਜਾਂਦੇ ਹਨ ਅਤੇ ਉਥੇ ਭੀਖ ਮੰਗਣ ਲੱਗ ਜਾਂਦੇ ਹਨ। ਪਾਕਿਸਤਾਨ ਦੇ ਮੀਡੀਆ ਮੁਤਾਬਕ ਸਾਊਦੀ ਅਰਬ ਹੱਜ ਮੰਤਰਾਲੇ ਨੇ ਪਾਕਿਸਤਾਨ ਦੇ ਧਾਰਮਿਕ ਮਾਮਲਿਆਂ ਦੇ ਮੰਤਰਾਲੇ ਨੂੰ ਕਿਹਾ ਕਿ ਉਹ ਇਸ ’ਤੇ ਜਲਦੀ ਰੋਕ ਲਗਾਉਣ। ਮੰਤਰਾਲੇ ਨੇ ਕਿਹਾ ਕਿ ਜੇਕਰ ਪਾਕਿਸਤਾਨ ਸਰਕਾਰ ਅਜਿਹਾ ਨਹੀਂ ਕਰਦੀ ਤਾਂ ਇਸਦਾ ਅਸਰ ਪਾਕਿਸਤਾਨੀ ਉਮਰਾਹ ਅਤੇ ਹੱਜ ਯਾਤਰੀਆਂ ’ਤੇ ਪੈ ਸਕਦਾ ਹੈ। ਇਸਦੇ ਚੱਲਦਿਆਂ ਪਾਕਿ ਦੇ ਧਾਰਮਿਕ ਮਾਮਲਿਆਂ ਬਾਰੇ ਮੰਤਰਾਲੇ ਨੇ ‘ਉਮਰਾਹ ਐਕਟ’ ਲਿਆਉਣ ਦਾ ਫੈਸਲਾ ਕੀਤਾ ਹੈ। ਪਾਕਿਸਤਾਨ ਦੇ ਗ੍ਰਹਿ ਮੰਤਰੀ ਮੋਹਸਿਨ ਨਕਵੀ ਨੇ ਕਿਹਾ ਕਿ ਅਜਿਹੇ ਵਰਤਾਰੇ ਨਾਲ ਪਾਕਿਤਸਾਨ ਦੀ ਛਵੀ ਨੂੰ ਨੂਕਸਾਨ ਪਹੁੰਚ ਰਿਹਾ ਹੈ ਅਤੇ ਇਸ ’ਤੇ ਨਕੇਲ ਕਸਣ ਲਈ ਹੁਣ ਸੰਘੀ ਜਾਂਚ ਏਜੰਸੀ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ।