
ਪਾਰਟੀ ਦੇ ਆਗੂਆਂ ਨੇ ਬਿਲਾਵਲ ਨੂੰ ਇਸ ਅਹੁਦੇ ਲਈ ਮਨਾਇਆ
ਇਸਲਾਮਾਬਾਦ/ਬਿਊਰੋ ਨਿਊਜ਼
ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦੀ ਕੈਬਨਿਟ ਵਿਚ ਵਾਪਸੀ ਕਰ ਸਕਦੇ ਹਨ। ਪਾਕਿਸਤਾਨ ਦੀ ਇਕ ਅਖਬਾਰ ਦੇ ਮੁਤਾਬਕ ਬਿਲਾਵਲ ਭੁੱਟੋ ਨੂੰ ਪਾਕਿਸਤਾਨ ਦਾ ਵਿਦੇਸ਼ ਮੰਤਰੀ ਬਣਾਇਆ ਜਾ ਸਕਦਾ ਹੈ। ਅਖਬਾਰ ਨੇ ਦਾਅਵਾ ਕੀਤਾ ਹੈ ਕਿ ਬਿਲਾਵਲ ਭੁੱਟੋ ਪਹਿਲਾਂ ਵਿਦੇਸ਼ ਮੰਤਰੀ ਬਣਨ ਲਈ ਤਿਆਰ ਨਹੀਂ ਸਨ, ਪਰ ਬਾਅਦ ਵਿਚ ਪਾਰਟੀ ਦੇ ਆਗੂਆਂ ਨੇ ਉਨ੍ਹਾਂ ਨੂੰ ਇਸ ਅਹੁਦੇ ਲਈ ਮਨਾ ਲਿਆ ਹੈ। ਹੁਣ ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਦੇ ਰਸਮੀ ਤੌਰ ’ਤੇ ਕੈਬਨਿਟ ਵਿਚ ਸ਼ਾਮਲ ਹੋਣ ਦੇ ਸਮੇਂ ’ਤੇ ਕੰਮ ਕੀਤਾ ਜਾ ਰਿਹਾ ਹੈ। ਦੱਸਣਯੋਗ ਹੈ ਕਿ ਬਿਲਾਵਲ ਭੁੱਟੋ ਨੇ ਚੋਣਾਂ ਦੇ ਦੌਰਾਨ ਕਿਹਾ ਸੀ ਕਿ ਜੇਕਰ ਨਵਾਜ਼ ਸ਼ਰੀਫ ਜਿੱਤਦੇ ਹਨ ਤਾਂ ਉਹ ਉਨ੍ਹਾਂ ਦੀ ਕੈਬਨਿਟ ਵਿਚ ਵਿਦੇਸ਼ ਮੰਤਰੀ ਦਾ ਅਹੁਦਾ ਨਹੀਂ ਲੈਣਗੇ। ਭਿ੍ਰਸ਼ਟਾਚਾਰ ਦੇ ਆਰੋਪਾਂ ਦੇ ਚੱਲਦਿਆਂ ਚੋਣਾਂ ਤੋਂ ਬਾਅਦ ਬਣੀ ਸਰਕਾਰ ਵਿਚ ਵੀ ਪੀਪੀਪੀ ਨੇ ਸ਼ਾਮਲ ਹੋਣ ਤੋਂ ਮਨਾ ਕਰ ਦਿੱਤਾ ਸੀ, ਪਰ ਪੀਪੀਪੀ ਨੇ ਪੀ.ਐਮ.ਐਲ. (ਐਨ) ਨੂੰ ਬਾਹਰ ਤੋਂ ਸਮਰਥਨ ਦੇ ਦਿੱਤਾ ਸੀ। ਜਿਸ ਤੋਂ ਬਾਅਦ ਪੀ.ਐਮ.ਐਲ. (ਐਨ) ਨੇ ਸ਼ਾਹਬਾਜ਼ ਸ਼ਰੀਫ ਨੂੰ ਪ੍ਰਧਾਨ ਮੰਤਰੀ ਬਣਾ ਦਿੱਤਾ ਸੀ ਅਤੇ ਪੀਪੀਪੀ ਦੇ ਆਸਿਫ ਅਲੀ ਜਰਦਾਰੀ ਨੇ ਰਾਸ਼ਟਰਪਤੀ ਦਾ ਅਹੁਦਾ ਸੰਭਾਲਿਆ ਸੀ।