ਕੈਲਫੋਰਨੀਆ/ਬਿਊਰੋ ਨਿਊਜ਼ : ਅਮਰੀਕਾ ਦੇ ਪੱਛਮੀ ਖੇਤਰ ਜੰਗਲੀ ਅੱਗ ਨਾਲ ਭਿਆਨਕ ਗਰਮੀ ਦਾ ਸਾਹਮਣਾ ਕਰ ਰਹੇ ਨੇ। ਰਿਕਾਰਡ ਤੋੜ ਗਰਮੀ ਅਤੇ ਸੋਕਾ ਜੰਗਲੀ ਅੱਗ ਲਈ ਤੇਲ ਦਾ ਕੰਮ ਕਰ ਰਹੇ ਹਨ। ਅਮਰੀਕਾ ਦੇ ਛੇ ਸੂਬਿਆਂ ਵਿੱਚ 3 ਲੱਖ ਏਕੜ ਤੋਂ ਵੱਧ ਰਕਬਾ ਅੱਗ ਨਾਲ ਪ੍ਰਭਾਵਿਤ ਹੋਇਆ ਹੈ। ਓਰੇਗਨ ਵਿੱਚ ਲੱਗੀ ਜੰਗਲੀ ਅੱਗ ਜਿਸ ਨੂੰ ਬੂਟਲੇਗ ਫਾਇਰ ਵੀ ਕਿਹਾ ਜਾਂਦਾ ਹੈ, ਇਸ ਨਾਲ ਡੇਢ ਲੱਖ ਏਕੜ ਦੇ ਕਰੀਬ ਰਕਬਾ ਸੜ ਗਿਆ। ਕੈਲੀਫੋਰਨੀਆ ਵਿੱਚ ਵੀ ਪਾਵਰ ਲਾਈਨਾਂ ਅੱਗ ਨਾਲ ਪ੍ਰਭਾਵਿਤ ਹੋਈਆਂ ਹਨ ਅਤੇ ਅਧਿਕਾਰੀਆਂ ਨੇ ਵਸਨੀਕਾਂ ਨੂੰ ਬਿਜਲੀ ਦੀ ਖਪਤ ਘਟਾਉਣ ਦੀ ਬੇਨਤੀ ਕੀਤੀ। ਅਮਰੀਕਾ ਦੇ ਜੰਗਲਾਂ ਵਿੱਚ ਲੱਗੀ ਅੱਗ ਨੂੰ ਬੁਝਾਉਣ ਲਈ ਫਾਇਰ ਫਾਈਟਰਜ਼ ਵੱਲੋਂ ਵੱਡੇ ਪੱਧਰ ‘ਤੇ ਕੋਸ਼ਿਸ਼ ਕੀਤੀ ਜਾ ਰਹੀ ਹੈ। ਅੱਗ ਬੁਝਾਉਣ ਲਈ ਹਵਾਈ ਜਹਾਜ਼ਾਂ ਦੀ ਵੀ ਮੱਦਦ ਲਈ ਜਾ ਰਹੀ ਹੈ। ਇਸੇ ਦੌਰਾਨ ਅਰੀਜ਼ੋਨਾ ਦੀ ਮੋਹਾਵ ਕਾਉਂਟੀ ਵਿੱਚ ਜੰਗਲੀ ਅੱਗ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰਦਿਆਂ ਇੱਕ ਹਵਾਈ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਕਾਰਨ ਜਹਾਜ਼ ਵਿੱਚ ਸਵਾਰ ਦੋ ਫਾਇਰ ਫਾਈਟਰਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿਚ ਰਿਟਾਇਰਡ ਫਾਇਰ ਚੀਫ, ਜੈੱਫ ਪਿਚੁਰਾ ਵੀ ਸ਼ਾਮਲ ਸੀ। ਅਰੀਜ਼ੋਨਾ ਦੇ ਫਾਇਰ ਬਿਗ੍ਰੇਡ ਵਿਭਾਗ ਨੇ ਇਸ ਦੁਖਦਾਈ ਹਵਾਈ ਹਾਦਸੇ ਤੋਂ ਪ੍ਰਭਾਵਿਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਹੈ।