ਨਗਰ ਨਿਗਮ ਚੇਅਰਮੈਨ ਦੀ ਮੌਜੂਦਗੀ ‘ਚ ਹੋਇਆ ਧਰਮ ਪਰਿਵਰਤਨ
ਅੰਮ੍ਰਿਤਸਰ/ਬਿਊਰੋ ਨਿਊਜ਼ : ਪਾਕਿਸਤਾਨ ‘ਚ ਹਿੰਦੂ ਭਾਈਚਾਰੇ ਦੇ ਧਰਮ ਪਰਿਵਰਤਨ ਦੇ ਮਾਮਲੇ ਲਗਾਤਾਰ ਜ਼ੋਰ ਫੜਦੇ ਜਾ ਰਹੇ ਹਨ। ਤਾਜ਼ਾ ਮਾਮਲਾ ਸੂਬਾ ਸਿੰਧ ਦੇ ਕਸਬਾ ਮਾਲਤੀ ‘ਚ ਸਾਹਮਣੇ ਆਇਆ ਹੈ, ਜਿੱਥੇ ਘੱਟੋ-ਘੱਟ 60 ਹਿੰਦੂਆਂ ਦਾ ਨਗਰ ਨਿਗਮ ਦੇ ਚੇਅਰਮੈਨ ਅਬਦੁਲ ਰਾਉਫ਼ ਨਿਜ਼ਾਮਨੀ ਸਾਹਮਣੇ ਧਰਮ ਪਰਿਵਰਤਨ ਕਰਵਾ ਕੇ ਉਨ੍ਹਾਂ ਨੂੰ ਮੁਸਲਮਾਨ ਬਣਾਇਆ ਗਿਆ। ਧਰਮ ਪਰਿਵਰਤਨ ਕਰਵਾਏ ਜਾਣ ਦੀ ਵੀਡੀਓ ਆਪਣੇ ਫੇਸ ਬੁੱਕ ਖਾਤੇ ਰਾਹੀਂ ਵਾਇਰਲ ਕਰਦਿਆਂ ਨਿਜ਼ਾਮਨੀ ਨੇ ਲਿਖਿਆ ਹੈ ਕਿ ਅੱਲ੍ਹਾ ਦੀ ਕ੍ਰਿਪਾ ਨਾਲ ਮੇਰੀ ਨਿਗਰਾਨੀ ਹੇਠ 60 ਲੋਕ ਮੁਸਲਮਾਨ ਬਣ ਗਏ ਹਨ। ਵਾਇਰਲ ਵੀਡੀਓ ‘ਚ ਇਕ ਮੌਲਵੀ ਹਿੰਦੂਆਂ ਨੂੰ ਕਲਮਾ ਪੜ੍ਹਵਾ ਰਿਹਾ ਹੈ ਅਤੇ ਨਾਲ ਹੀ ਇਹ ਸੁਨਿਸਚਿਤ ਵੀ ਕਰ ਰਿਹਾ ਹੈ ਕਿ ਉਨ੍ਹਾਂ ਦਾ ਧਰਮ ਪਰਿਵਰਤਨ ਪੂਰੀ ਤਰ੍ਹਾਂ ਨਾਲ ਹੋ ਜਾਵੇ। ਉੱਧਰ ਪਾਕਿ ਦੀਆਂ ਹਿੰਦੂ ਜਥੇਬੰਦੀਆਂ ਦੇ ਆਗੂਆਂ ਨੇ ਸੂਬਾ ਸਿੰਧ ‘ਚ ਵੱਡੀ ਗਿਣਤੀ ‘ਚ ਹਿੰਦੂਆਂ ਦੇ ਕਰਵਾਏ ਜਾ ਰਹੇ ਧਰਮ ਪਰਿਵਰਤਨ ਦੇ ਮਾਮਲਿਆਂ ਨੂੰ ਲੈ ਕੇ ਪਾਕਿ ਮੀਡੀਆ ਨਾਲ ਗੱਲਬਾਤ ਕਰਦਿਆਂ ਸਪਸ਼ਟ ਤੌਰ ‘ਤੇ ਕਿਹਾ ਕਿ ਪਾਕਿ ‘ਚ ਘੱਟ ਗਿਣਤੀ ਭਾਈਚਾਰੇ ਦੇ ਲੋਕ ਸੁਰੱਖਿਅਤ ਨਹੀਂ ਹਨ।