Breaking News
Home / ਜੀ.ਟੀ.ਏ. ਨਿਊਜ਼ / ਕੈਨੇਡਾ ਦੀ ਵੈਕਸੀਨ ਰਣਨੀਤੀ ਲਿਆ ਰਹੀ ਹੈ ਰੰਗ : ਟਰੂਡੋ

ਕੈਨੇਡਾ ਦੀ ਵੈਕਸੀਨ ਰਣਨੀਤੀ ਲਿਆ ਰਹੀ ਹੈ ਰੰਗ : ਟਰੂਡੋ

ਜਸਟਿਨ ਟਰੂਡੋ ਨੇ ਕਿਹਾ ਕਿ ਅਸੀਂ ਵੱਧ ਤੋਂ ਵੱਧ ਵੈਕਸੀਨੇਸ਼ਨ ਕਰਕੇ ਕੋਵਿਡ ਮਾਮਲਿਆਂ ‘ਤੇ ਕਾਫੀ ਹੱਦ ਤੱਕ ਪਾਇਆ ਕਾਬੂ
ਓਟਵਾ/ਬਿਊਰੋ ਨਿਊਜ਼ : ਵਰਲਡ ਹੈਲਥ ਆਰਗੇਨਾਈਜੇਸ਼ਨ (ਡਬਲਿਊ ਐਚ ਓ) ਦੀ ਚੀਫ ਸਾਇੰਟਿਸਟ ਵੱਲੋਂ ਕੋਵਿਡ-19 ਵੈਕਸੀਨ ਨੂੰ ਮਿਕਸ ਕਰਕੇ ਲਾਉਣ ਦੇ ਸਬੰਧ ਵਿੱਚ ਦਿੱਤੇ ਗਏ ਬਿਆਨ ਦਾ ਹਵਾਲਾ ਦਿੰਦਿਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਖਿਆ ਕਿ ਕੈਨੇਡਾ ਦੀ ਵੈਕਸੀਨ ਸਬੰਧੀ ਰਣਨੀਤੀ ਰੰਗ ਲਿਆ ਰਹੀ ਹੈ। ਅਸੀਂ ਵੱਧ ਤੋਂ ਵੱਧ ਵੈਕਸੀਨੇਸ਼ਨ ਕਰਕੇ ਕਵਿਡ-19 ਦੇ ਮਾਮਲਿਆਂ ਉੱਤੇ ਕਾਫੀ ਹੱਦ ਤੱਕ ਕਾਬੂ ਪਾ ਲਿਆ ਹੈ।
ਗੱਲਬਾਤ ਕਰਦਿਆਂ ਟਰੂਡੋ ਨੇ ਆਖਿਆ ਕਿ ਜੇ ਡਾਟਾ ਉੱਤੇ ਨਜ਼ਰ ਮਾਰੀ ਜਾਵੇ ਤਾਂ ਕੈਨੇਡੀਅਨਜ਼ ਨੂੰ ਕਿਸ ਤਰ੍ਹਾਂ ਬਿਹਤਰ ਢੰਗ ਨਾਲ ਮਹਿਫੂਜ਼ ਰੱਖਣਾ ਹੈ ਤੇ ਕੋਵਿਡ-19 ਉੱਤੇ ਕਿਸ ਤਰ੍ਹਾਂ ਕਾਬੂ ਪਾਉਣਾ ਹੈ ਇਸ ਬਾਰੇ ਸਾਡੇ ਫੈਸਲੇ ਕਾਫੀ ਦਮਦਾਰ ਰਹੇ ਹਨ ਤੇ ਉਨ੍ਹਾਂ ਦੇ ਚੰਗੇ ਨਤੀਜੇ ਵੀ ਮਿਲ ਰਹੇ ਹਨ। ਉਨ੍ਹਾਂ ਆਖਿਆ ਕਿ ਮੰਗਲਵਾਰ ਤੱਕ ਕੋਵਿਡ-19 ਵੈਕਸੀਨ ਲਵਾਉਣ ਦੇ ਯੋਗ 50 ਫੀ ਸਦੀ ਕੈਨੇਡੀਅਨਜ਼ ਦਾ ਪੂਰੀ ਤਰ੍ਹਾਂ ਟੀਕਾਕਰਣ ਹੋ ਚੁੱਕਿਆ ਹੈ।
ਉਨ੍ਹਾਂ ਆਖਿਆ ਕਿ ਜੁਲਾਈ ਦੇ ਅੰਤ ਤੱਕ ਕੁੱਲ ਮਿਲਾ ਕੇ 68 ਮਿਲੀਅਨ ਡੋਜਾਂ ਕੈਨੇਡਾ ਨੂੰ ਹਾਸਲ ਹੋ ਜਾਣਗੀਆਂ। ਇਨ੍ਹਾਂ ਗਰਮੀਆਂ ਦੇ ਅੰਤ ਤੱਕ ਅਸੀਂ ਵੈਕਸੀਨੇਸਨ ਦੇ ਯੋਗ ਹਰੇਕ ਕੈਨੇਡੀਅਨ ਨੂੰ ਪੂਰੀ ਤਰ੍ਹਾਂ ਵੈਕਸੀਨੇਟ ਕਰ ਲਵਾਂਗੇ।
ਚੀਫ ਪਬਲਿਕ ਹੈਲਥ ਆਫੀਸਰ ਡਾ. ਥੈਰੇਸਾ ਟੈਮ ਦੇ ਬਿਆਨ ਅਨੁਸਾਰ ਦੇਸ ਭਰ ਵਿੱਚ ਕੋਵਿਡ-19 ਦੇ ਮਾਮਲਿਆਂ ਵਿੱਚ ਕਾਫੀ ਕਮੀ ਆਈ ਹੈ ਪਿਛਲੇ ਸੱਤ ਦਿਨਾਂ ਤੋਂ ਔਸਤਨ 451 ਕੇਸ ਹੀ ਰੋਜਾਨਾ ਰਿਪੋਰਟ ਕੀਤੇ ਜਾ ਰਹੇ ਹਨ।
ਇਸ ਦੌਰਾਨ ਡਬਲਿਊ ਐਚ ਓ ਦੀ ਡਾ. ਸੌਮਿਆ ਸਵਾਮੀਨਾਥਨ ਵੱਲੋਂ ਕੋਵਿਡ-19 ਵੈਕਸੀਨ ਨੂੰ ਮਿਕਸ ਕਰਕੇ ਲਵਾਉਣ ਸਬੰਧੀ ਦਿੱਤੇ ਬਿਆਨ ਵਿੱਚ ਆਖਿਆ ਗਿਆ ਕਿ ਪਹਿਲੀ ਤੇ ਸੈਕਿੰਡ ਡੋਜ ਵੱਖ ਵੱਖ ਉਤਪਾਦਕਾਂ ਦੀ ਲਵਾਉਣ ਬਾਰੇ ਡਾਟਾ ਬਹੁਤ ਹੀ ਸੀਮਤ ਹੱਦ ਤੱਕ ਉਪਲਬਧ ਹੈ। ਇਹ ਰੁਝਾਨ ਥੋੜ੍ਹਾ ਖਤਰਨਾਕ ਵੀ ਹੈ।
ਮਿਕਸ ਤੇ ਮੈਚ ਕਰਕੇ ਵੈਕਸੀਨ ਦੀ ਡੋਜ ਲੈਣ ਦੇ ਕਿਹੋ ਜਿਹੇ ਨਤੀਜੇ ਨਿਕਲਦੇ ਹਨ ਅਸੀਂ ਉਨ੍ਹਾਂ ਬਾਰੇ ਵੀ ਸਪਸਟ ਨਹੀਂ ਦੱਸ ਸਕਦੇ। ਉਨ੍ਹਾਂ ਇਹ ਵੀ ਆਖਿਆ ਕਿ ਜਿਨ੍ਹਾਂ ਦੇਸ਼ਾਂ ਦੇ ਨਾਗਰਿਕਾਂ ਨੇ ਦੂਜੀ, ਤੀਜੀ ਤੇ ਚੌਥੀ ਡੋਜ ਲੈਣ ਦਾ ਫੈਸਲਾ ਕੀਤਾ ਹੈ ਉੱਥੇ ਹਾਲਾਤ ਹੋਰ ਵੀ ਅਜੀਬ ਬਣ ਚੁੱਕੇ ਹਨ।
ਪਰ ਇਸ ਬਿਆਨ ਦੇ ਬਾਵਜੂਦ ਕੈਨੇਡੀਅਨ ਅਧਿਕਾਰੀਆਂ ਵੱਲੋਂ ਕੈਨੇਡਾ ਦੀ ਨੈਸ਼ਨਲ ਐਡਵਾਈਜਰੀ ਕਮੇਟੀ ਆਨ ਇਮਿਊਨਾਈਜੇਸ਼ਨ (ਐਨ ਏ ਸੀ ਆਈ) ਦੀ ਸਿਫਾਰਿਸ਼ ਦਾ ਪੱਖ ਪੂਰਿਆ ਹੈ। ਜਿਕਰਯੋਗ ਹੈ ਕਿ ਐਨ ਏ ਸੀ ਆਈ ਨੇ ਸਿਫਾਰਿਸ਼ ਕੀਤੀ ਸੀ ਕਿ ਐਸਟ੍ਰਾਜੈਨੇਕਾ ਦੀ ਪਹਿਲੀ ਡੋਜ ਲਵਾਉਣ ਵਾਲੇ ਕੈਨੇਡੀਅਨਜ਼ ਦੂਜੀ ਡੋਜ ਕਿਸੇ ਵੀ ਐਮਆਰਐਨਏ ਵੈਕਸੀਨ, ਜਿਵੇਂ ਕਿ ਫਾਈਜਰ ਤੇ ਮੌਡਰਨਾ, ਦੀ ਲਵਾ ਸਕਦੇ ਹਨ ਜਦਕਿ ਜਿਨ੍ਹਾਂ ਨੇ ਫਾਈਜਰ ਜਾਂ ਮੌਡਰਨਾ ਦੀ ਪਹਿਲੀ ਡੋਜ ਲਵਾਈ ਹੈ ਉਹ ਦੂਜੀ ਡੋਜ ਇਨ੍ਹਾਂ ਦੋਵਾਂ ਵਿੱਚ ਮੌਕੇ ਉੱਤੇ ਉਪਲਬਧ ਕਿਸੇ ਵੀ ਐਮਆਰਐਨਏ ਵੈਕਸੀਨ ਦੀ ਲਵਾ ਸਕਦੇ ਹਨ।
ਬਾਅਦ ਵਿੱਚ ਸਵਾਮੀਨਾਥਨ ਨੇ ਸਪਸ਼ਟੀਕਰਨ ਦਿੰਦਿਆਂ ਆਖਿਆ ਕਿ ਉਨ੍ਹਾਂ ਦੀ ਟਿੱਪਣੀ ਅਜਿਹੇ ਲੋਕਾਂ ਨੂੰ ਚੇਤਾਵਨੀ ਦੇਣ ਲਈ ਸੀ ਜਿਹੜੇ ਪਬਲਿਕ ਹੈਲਥ ਅਧਿਕਾਰੀਆਂ ਦੀ ਸਿਫਾਰਿਸ਼ ਤੋਂ ਉਲਟ ਖੁਦ ਹੀ ਵੈਕਸੀਨ ਨੂੰ ਮਿਕਸ ਕਰਕੇ ਲਵਾਉਣ ਦੀ ਕੋਸ਼ਿਸ਼ ਕਰਦੇ ਹਨ।

Check Also

ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਸੋਨਾ ਵੇਚ ਕੇ ਕਮਾਏ ਮੁਨਾਫੇ ਨੂੰ ਵੀ ਕੀਤਾ ਗਿਆ ਜ਼ਬਤ ਟੋਰਾਂਟੋ/ਬਿਊਰੋ ਨਿਊਜ਼ : ਇੱਕ ਸਾਲ …