ਕੀਵ/ਬਿਊਰੋ ਨਿਊਜ਼ : ਯੂਕਰੇਨ ਦੇ ਰਾਸ਼ਟਰਪਤੀ ਵੋਲਾਦੀਮੀਰ ਜੇਲੈਂਸਕੀ ਨੇ ਦੇਸ਼ ਦੇ ਲੋਕਾਂ ਨੂੰ ਸੰਬੋਧਨ ਕੀਤਾ। ਵੀਡੀਓ ਸੰਦੇਸ਼ ਵਿਚ ਜੇਲੈਂਸਕੀ ਨੇ ਰੂਸ ਦੇ ਨਾਲ ਯੁੱਧ ਵਿਚ ਯੂਕਰੇਨ ਦਾ ਸਾਥ ਦੇਣ ਵਾਲੇ ਲੋਕਾਂ ਦਾ ਧੰਨਵਾਦ ਕੀਤਾ। ਕੀਵ ਦੇ ਰਾਸ਼ਟਰਪਤੀ ਭਵਨ ਤੋਂ ਦਿੱਤੇ ਗਏ ਭਾਸ਼ਣ ਵਿਚ ਜੇਲੈਂਸਕੀ ਨੇ ਜਲਦ ਹੀ ਰੂਸ ਨਾਲ ਜੰਗ ਜਿੱਤ ਲੈਣ ਦਾ ਭਰੋਸਾ ਦਿੱਤਾ। ਜੇਲੈਂਸਕੀ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਅਸੀਂ ਕੀਵ ਦੇ ਆਜ਼ਾਦ ਚੌਰਾਹੇ ‘ਤੇ ਜਿੱਤ ਦਾ ਜਸ਼ਨ ਮਨਾਵਾਂਗੇ। ਅਸੀਂ ਬਿਨਾ ਗੈਸ, ਗਰਮ ਪਾਣੀ ਅਤੇ ਬਿਜਲੀ ਤੋਂ ਬਗੈਰ ਤਾਂ ਰਹਿ ਸਕਦੇ ਹਾਂ, ਪਰ ਬਿਨਾ ਆਜ਼ਾਦੀ ਤੋਂ ਨਹੀਂ ਰਹਿ ਸਕਦੇ। ਯੂਕਰੇਨ ਵਲੋਂ ਜਾਰੀ ਵੀਡੀਓ ਵਿਚ ਜੇਲੈਂਸਕੀ ਦੇ ਉਸ ਭਾਸ਼ਣ ਨੂੰ ਵੀ ਦਿਖਾਇਆ ਗਿਆ, ਜੋ ਉਨ੍ਹਾਂ ਨੇ ਪਿਛਲੇ ਸਾਲ ਦਿੱਤਾ ਸੀ। ਪਿਛਲੇ ਸਾਲ ਦੇ ਭਾਸ਼ਣ ਵਿਚ ਜੇਲੈਂਸਕੀ ਸੂਟ ਪਹਿਨੇ ਹੋਏ ਦਿਸ ਰਹੇ ਸਨ ਅਤੇ ਇਸ ਸਾਲ ਉਹ ਖਾਕੀ ਟੀ-ਸ਼ਰਟ ਅਤੇ ਜੈਕੇਟ ਵਿਚ ਸੰਦੇਸ਼ ਦਿੰਦੇ ਹੋਏ ਨਜ਼ਰ ਆਏ ਹਨ। ਮੀਡੀਆ ‘ਚ ਆਈ ਜਾਣਕਾਰੀ ਮੁਤਾਬਕ ਰੂਸ-ਯੂਕਰੇਨ ਜੰਗ ਨੂੰ ਸ਼ੁਰੂ ਹੋਈ ਨੂੰ ਇਕ ਸਾਲ ਹੋ ਰਿਹਾ ਹੈ। ਅਮਰੀਕੀ ਸੈਨਾ ਦੇ ਮੁਤਾਬਕ ਇਸ ਜੰਗ ਵਿਚ ਦੋਵਾਂ ਪਾਸਿਆਂ ਦੇ ਕਰੀਬ 2 ਲੱਖ ਤੋਂ ਜ਼ਿਆਦਾ ਵਿਅਕਤੀ ਜਾਨ ਗੁਆ ਚੁੱਕੇ ਹਨ।