Breaking News
Home / ਦੁਨੀਆ / ਡੋਨਾਲਡ ਟਰੰਪ ਦੀ ਜਿੱਤ ‘ਚ ਫੇਸਬੁੱਕ ਮੁਹਿੰਮਾਂ ਦਾ ਵੀ ਸੀ ਵੱਡਾ ਯੋਗਦਾਨ

ਡੋਨਾਲਡ ਟਰੰਪ ਦੀ ਜਿੱਤ ‘ਚ ਫੇਸਬੁੱਕ ਮੁਹਿੰਮਾਂ ਦਾ ਵੀ ਸੀ ਵੱਡਾ ਯੋਗਦਾਨ

ਭੰਬਲਭੂਸੇ ਵਿਚ ਫਸੇ ਵੋਟਰਾਂ ਨੂੰ ਲੁਭਾਉਣ ਵਿਚ ਮਿਲੀ ਮਦਦ, ਫੇਸਬੁੱਕ ਮੁਹਿੰਮਾਂ ‘ਤੇ ਟਰੰਪ ਨੇ ਖ਼ਰਚ ਕੀਤੇ 311 ਕਰੋੜ ਰੁਪਏ
ਲੰਡਨ/ਬਿਊਰੋ ਨਿਊਜ਼ : 2016 ਵਿਚ ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਜਿੱਤਣ ਵਿਚ ਡੋਨਾਲਡ ਟਰੰਪ ਨੂੰ ਫੇਸਬੁੱਕ ਤੋਂ ਵੱਡੀ ਮਦਦ ਮਿਲੀ ਸੀ। ਫੇਸਬੁੱਕ ਦੇ ਹਰ ਯੂਜ਼ਰ ਨੂੰ ਧਿਆਨ ਵਿਚ ਰੱਖ ਕੇ ਚਲਾਈਆਂ ਗਈਆਂ ਵਿਸ਼ੇਸ਼ ਸੋਸ਼ਲ ਮੀਡੀਆ ਮੁਹਿੰਮਾਂ ਨੇ ਭੰਬਲਭੂਸੇ ਵਿਚ ਫਸੇ ਵੋਟਰਾਂ ਨੂੰ ਟਰੰਪ ਦੇ ਸਮੱਰਥਨ ਲਈ ਪ੍ਰੇਰਿਤ ਕੀਤਾ। ਯੂਨੀਵਰਸਿਟੀ ਆਫ ਮੈਡਰਿਡ ਦੇ ਅਧਿਐਨ ਵਿਚ ਇਹ ਗੱਲ ਸਾਹਮਣੇ ਆਈ ਹੈ।
ਖੋਜਕਰਤਾਵਾਂ ਨੇ ਦੱਸਿਆ ਕਿ ਟਰੰਪ ਦੀ ਟੀਮ ਨੇ ਚੋਣ ਦੌਰਾਨ ਫੇਸਬੁੱਕ ‘ਤੇ ਮੁਹਿੰਮ ਚਲਾਉਣ ਲਈ 4.4 ਕਰੋੜ ਡਾਲਰ (ਲਗਪਗ 311 ਕਰੋੜ ਰੁਪਏ) ਖ਼ਰਚ ਕੀਤੇ ਸਨ। ਇਸ ਦੀ ਤੁਲਨਾ ਵਿਚ ਉਨ੍ਹਾਂ ਦੀ ਮੁੱਖ ਵਿਰੋਧੀ ਹਿਲੇਰੀ ਕਲਿੰਟਨ ਦੀ ਟੀਮ ਨੇ 2.8 ਕਰੋੜ ਡਾਲਰ (ਲਗਪਗ 198 ਕਰੋੜ ਰੁਪਏ) ਦਾ ਖ਼ਰਚ ਕੀਤਾ ਸੀ। ਅਧਿਐਨ ਮੁਤਾਬਕ ਇਸ ਤਰ੍ਹਾਂ ਦੀਆਂ ਮੁਹਿੰਮਾਂ ਵਿਚ ਯੂਜ਼ਰ ਦੇ ਲਿੰਗ, ਨਿਵਾਸ ਅਤੇ ਸਿਆਸੀ ਰੁਝਾਨ ਦੇ ਹਿਸਾਬ ਨਾਲ ਉਸ ਨੂੰ ਸੰਦੇਸ਼ ਭੇਜੇ ਜਾਂਦੇ ਸਨ। ਇਸ ਰਾਹੀਂ ਅਜਿਹੇ ਵੋਟਰਾਂ ਨੂੰ ਟਰੰਪ ਵੱਲ ਮੋੜਨ ਦਾ ਯਤਨ ਕੀਤਾ ਜਾਂਦਾ ਸੀ ਜੋ ਸਿਆਸੀ ਤੌਰ ‘ਤੇ ਕਿਸੇ ਦੇ ਪੱਖ ਵਿਚ ਨਹੀਂ ਸਨ। ਇਸ ਨਾਲ ਟਰੰਪ ਨੂੰ ਪੰਜ ਫ਼ੀਸਦੀ ਦਾ ਫਾਇਦਾ ਮਿਲਣ ਦੀ ਗੱਲ ਕਹੀ ਜਾ ਰਹੀ ਹੈ। ਕਲਿੰਟਨ ਦੇ ਮਾਮਲੇ ਵਿਚ ਅਜਿਹਾ ਨਹੀਂ ਹੋ ਸਕਿਆ। ਖੋਜਕਰਤਾਵਾਂ ਨੇ ਕਿਹਾ ਕਿ ਬਦਕਿਸਮਤੀ ਨਾਲ ਸਾਨੂੰ ਅਜਿਹਾ ਕੋਈ ਪ੍ਰਮਾਣਿਕ ਡਾਟਾ ਨਹੀਂ ਮਿਲਿਆ ਜਿਸ ਤੋਂ ਇਹ ਪਤਾ ਲੱਗ ਸਕੇ ਕਿ ਇਸ ਮੁਹਿੰਮ ਨਾਲ ਟਰੰਪ ਦੀ ਤਰ੍ਹਾਂ ਹਿਲੇਰੀ ਨੂੰ ਫਾਇਦਾ ਕਿਉਂ ਨਹੀਂ ਹੋਇਆ। ਸਵਿਟਜ਼ਰਲੈਂਡ ਦੀ ਫੈਡੇਰਿਕਾ ਲਿਵਰਨਿਨੀ ਨੇ ਕਿਹਾ ਕਿ ਨਤੀਜੇ ਦੱਸਦੇ ਹਨ ਕਿ ਫੇਸਬੁੱਕ ਰਾਹੀਂ ਰਾਜਨੀਤੀ ਸਮਝਣ ਦੀ ਕੋਸ਼ਿਸ਼ ਵੋਟਰਾਂ ਨੂੰ ਜਾਣਕਾਰ ਨਹੀਂ ਬਣਾਉਂਦੀ ਸਗੋਂ ਉਨ੍ਹਾਂ ਦੇ ਰੁਝਾਨ ਨੂੰ ਬਦਲਣ ਦਾ ਕੰਮ ਕਰਦੀ ਹੈ। ਇਹ ਕਾਫ਼ੀ ਹੱਦ ਤਕ ਸਿਆਸੀ ਧਰੁੱਵੀਕਰਨ ਵਰਗਾ ਹੈ। ਕੁਝ ਮਾਹਿਰ ਇਸ ਨੂੰ ਸਕਾਰਾਤਮਕ ਵੀ ਮੰਨ ਰਹੇ ਹਨ।
ਖੋਜਕਰਤਾ ਐਂਟੋਨੀਓ ਰੂਸੋ ਨੇ ਕਿਹਾ ਕਿ ਨਤੀਜੇ ਵਿਖਾਉਂਦੇ ਹਨ ਕਿ ਸੋਸ਼ਲ ਮੀਡੀਆ ਵਿਚ ਲੋਕਾਂ ਦੀ ਰਾਜਨੀਤਕ ਚੇਤਨਾ ਵਧਾਉਣ ਦੀ ਸਮਰੱਥਾ ਹੈ। ਇਹ ਅਜਿਹੇ ਲੋਕਾਂ ਨੂੰ ਇਸ ਪਾਸੇ ਮੋੜਨ ਵਿਚ ਮਦਦ ਕਰ ਸਕਦਾ ਹੈ ਜੋ ਰਾਜਨੀਤੀ ਪ੍ਰਤੀ ਰੁਚੀ ਖੋਹ ਰਹੇ ਹਨ। ਮੈਨੂੰ ਲੱਗਦਾ ਹੈ ਕਿ ਇਹ ਚੰਗੀ ਖ਼ਬਰ ਹੈ। ਹਾਲਾਂਕਿ ਇਹ ਧਿਆਨ ਰੱਖਣ ਦੀ ਲੋੜ ਹੈ ਕਿ ਸੋਸ਼ਲ ਮੀਡੀਆ ‘ਤੇ ਲੋਕਾਂ ਨੂੰ ਸਹੀ ਜਾਣਕਾਰੀ ਮਿਲੇ।
ਅਸੀਂ ਭਾਰਤ ਦੇ ਨਾਲ, ਅੱਤਵਾਦ ਨੂੰ ਵੀ ਕਦੀ ਨਹੀਂ ਜਿੱਤਣ ਦਿਆਂਗੇ : ਟਰੰਪ
ਨਵੀਂ ਦਿੱਲੀ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੁੰਬਈ ਹਮਲੇ ਦੀ 10ਵੀਂ ਬਰਸੀ ਮੌਕੇ ਦੇਰ ਰਾਤ ਟਵੀਟ ਕੀਤਾ ਹੈ। ਉਨ੍ਹਾਂ ਲਿਖਿਆ ਕਿ ਮੁੰਬਈ ਅੱਤਵਾਦੀ ਹਮਲੇ ਦੀ 10ਵੀਂ ਬਰਸੀ ਮੌਕੇ ਨਿਆਂ ਲਈ ਅਮਰੀਕਾ ਭਾਰਤ ਦੇ ਨਾਲ ਖੜ੍ਹਾ ਹੈ। ਅਸੀਂ ਕਦੀ ਵੀ ਅੱਤਵਾਦੀਆਂ ਨੂੰ ਜਿੱਤਣ ਨਹੀਂ ਦਿਆਂਗੇ। ਧਿਆਨ ਰਹੇ 26 ਨਵੰਬਰ 2008 ਨੂੰ ਮੁੰਬਈ ਵਿਚ ਹੋਏ ਅੱਤਵਾਦੀ ਹਮਲੇ ਵਿਚ 6 ਅਮਰੀਕੀਆਂ ਸਮੇਤ 166 ਵਿਅਕਤੀਆਂ ਦੀ ਜਾਨ ਚਲੀ ਗਈ ਸੀ। ਇਸ ਤੋਂ ਪਹਿਲਾਂ ਅਮਰੀਕੀ ਵਿਦੇਸ਼ ਮੰਤਰੀ ਨੇ ਮੁੰਬਈ ਹਮਲੇ ਵਿਚ ਸ਼ਾਮਲ ਕਿਸੇ ਵੀ ਵਿਅਕਤੀ ਦੀ ਜਾਣਕਾਰੀ ਦੇਣ ‘ਤੇ 50 ਲੱਖ ਡਾਲਰ ਦੇ ਇਨਾਮ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਮੁੰਬਈ ਹਮਲੇ ਦੀ ਘਟਨਾ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਸੀ।

Check Also

ਅਮਰੀਕੀ ਉਪ ਰਾਸ਼ਟਰਪਤੀ ਜੇਡੀ ਵਾਂਸ ਅਗਲੇ ਹਫ਼ਤੇ ਆਉਣਗੇ ਭਾਰਤ ਦੌਰੇ ’ਤੇ

ਉਪ ਰਾਸ਼ਟਰਪਤੀ ਪਰਿਵਾਰ ਸਮੇਤ ਜੈਪੁਰ ਅਤੇ ਆਗਰਾ ਵੀ ਜਾਣਗੇ ਨਵੀਂ ਦਿੱਲੀ/ਬਿਊਰੋ ਨਿਊਜ਼ : ਅਮਰੀਕਾ ਦੇ …