Breaking News
Home / ਦੁਨੀਆ / ਕਾਫ਼ਲੇ ਵੱਲੋਂ ਸਾਥੀ ਲੁਧਿਆਣਵੀ ਨਾਲ਼ ਬੈਠਕ ਅਤੇ ਬਲਕਾਰ ਸਿੱਧੂ ਦੀ ਕਿਤਾਬ ਰਲੀਜ਼

ਕਾਫ਼ਲੇ ਵੱਲੋਂ ਸਾਥੀ ਲੁਧਿਆਣਵੀ ਨਾਲ਼ ਬੈਠਕ ਅਤੇ ਬਲਕਾਰ ਸਿੱਧੂ ਦੀ ਕਿਤਾਬ ਰਲੀਜ਼

Kafla Meeting copy copyਟਰਾਂਟੋ/ਕੁਲਵਿੰਦਰ ਖਹਿਰਾ
‘ਪੰਜਾਬੀ ਕਲਮਾਂ ਦਾ ਕਾਫ਼ਲਾ ਟਰਾਂਟੋ’ ਦੀ ਜੂਨ ਮਹੀਨੇ ਦੀ ਮੀਟਿੰਗ ਵਿੱਚ ਜਿੱਥੇ ਪੱਤਰਕਾਰ ਅਤੇ ਲੇਖਕ ਸਾਥੀ ਲੁਧਿਆਣਵੀ ਨਾਲ਼ ਵਿਸ਼ੇਸ਼ ਬੈਠਕ ਰੱਖੀ ਗਈ ਓਥੇ ਕੈਨੇਡਾ ਫੇਰੀ ‘ਤੇ ਆਏ ਪੰਜਾਬ ਪੁਲੀਸ ਦੇ ਸੁਪਰਡੈਂਟ ਪੁਲੀਸ ਬਲਕਾਰ ਸਿੱਧੂ ਦੀ ਕਿਤਾਬ ਵੀ ਰਲੀਜ਼ ਕੀਤੀ ਗਈ ਅਤੇ ਇੰਗਲੈਂਡ ਵਿੱਚ ਹੋ ਰਹੀ ਸਿਆਸੀ ਉਥਲ-ਪੁਥਲ ਨੂੰ ਵਿਚਾਰਿਆ ਗਿਆ।
ਪੂਰਨ ਸਿੰਘ ਪਾਂਧੀ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿੱਚ ਸਭ ਤੋਂ ਪਹਿਲਾਂ ਪੰਜਾਬੀ ਸ਼ਾਇਰਾ ਨੀਟਾ ਬਲਵਿੰਦਰ ਦੇ ਪਰਵਾਰ ਵਿੱਚ ਵਾਪਰੀ ਮੰਦਭਾਗੀ ਘਟਨਾ ਵਿੱਚ ਉਸਦੀ ਮਾਂ ਅਤੇ ਭਰਾ ਦੀ ਹੋਈ ਮੌਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਵਿਛੜੀਆਂ ਆਤਮਾਵਾਂ ਨੂੰ ਸ਼ਰਧਾਂਜਲੀ ਵਜੋਂ ਇੱਕ ਮਿੰਟ ਦਾ ਮੌਨ ਵੀ ਧਾਰਿਆ ਗਿਆ।
ਇੰਗਲੈਂਡ ਤੋਂ ਕੈਨੇਡਾ ਫੇਰੀ ‘ਤੇ ਆਏ ਸਾਥੀ ਲੁਧਿਆਣਵੀ ਨੇ ਜਿੱਥੇ ਆਪਣੇ ਸਾਹਿਤਕ ਸਫ਼ਰ ਬਾਰੇ ਗੱਲਬਾਤ ਕੀਤੀ ਓਥੇ ਆਪਣੇ ਪੱਤਰਕਾਰੀ ਨਾਲ਼ ਜੁੜੇ ਪਿਛੋਕੜ ਅਤੇ ਮੌਜੂਦਾ ਸਥਿਤੀ ਬਾਰੇ ਆਪਣੇ ਸਿਆਸੀ ਨਜ਼ਰੀਏ ਦਾ ਪ੍ਰਗਟਾਵਾ ਵੀ ਕੀਤਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਸਾਹਿਤਕ ਸਫ਼ਰ ਦੀ ਸ਼ੁਰੂਆਂਤ ‘ਪ੍ਰੀਤ ਲੜੀ’ ਵਿੱਚ ਛਪੇ ਉਨ੍ਹਾਂ ਦੇ ਲੇਖ ਨਾਲ਼ ਹੋਈ ਜੋ ਬਾਅਦ ਵਿੱਚ ‘ਸਮੁੰਦਰੋਂ ਪਾਰ’ ਸਿਰਲੇਖ ਹੇਠ 23-24 ਸਾਲ ਤੱਕ ਛਪਦਾ ਰਿਹਾ। ਉਨ੍ਹਾਂ ਕਿਹਾ ਕਿ ਸੁਮੀਤ ਦੀ ਮੌਤ ਤੋਂ ਬਾਅਦ ‘ਪ੍ਰੀਤ ਲੜੀ’ ਜਾਰੀ ਤਾਂ ਹੈ ਪਰ ਇਹ  ਮੁੜ ਆਪਣੇ ਪੈਰਾਂ ਸਿਰ ਨਹੀਂ ਹੋ ਸਕਿਆ।
‘ਪ੍ਰੀਤ ਲੜੀ’ ਵਿਚਲੇ ਕਾਲਮ ਤੋਂ ਇਲਾਵਾ ਉਹ ਇੰਗਲੈਂਡ ਦੇ ਸਿਆਸੀ ਮਾਹੌਲ ਬਾਰੇ ਵੀ ‘ਇਨ ਸਟੈੱਪਸ ਵਿਦ ਟਾਈਮ’ ਦੇ ਸਿਰਲੇਖ ਹੇਠ ਲਗਾਤਾਰ ਅੰਗ੍ਰੇਜ਼ੀ ਕਾਲਮ ਲਿਖਦੇ ਆ ਰਹੇ ਨੇ ਜਿਸ ਵਿੱਚ ਉਹ ਪੰਜਾਬੀਆਂ ਦੇ ਮਸਲਿਆਂ ਨੂੰ ਅੰਗ੍ਰੇਜ਼ੀ ਵਿੱਚ ਉਭਾਰਦੇ ਨੇ। ਉਨ੍ਹਾਂ ਕਿਹਾ ਕਿ ਭਾਵੇਂ ਉਹ ਗ਼ਜ਼ਲ ਵੀ ਲਿਖਦੇ ਨੇ ਪਰ ਪ੍ਰੋਜ਼ ਲਿਖਣਾ ਉਨ੍ਹਾਂ ਦਾ ਇਸ਼ਕ ਹੈ।
ਸੁਰਜਨ ਜ਼ੀਰਵੀ ਵੱਲੋਂ ਪੁੱਛੇ ਗਏ ਸਵਾਲ ਦੇ ਜਵਾਬ ‘ਚ ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਜੋ ਇੰਗਲੈਂਡ ਵੱਲੋਂ ਯੂਰਪੀਅਨ ਯੂਨੀਅਨ ਤੋਂ ਅਲੱਗ ਹੋਣ ਦਾ ਫੈਸਲਾ ਕੀਤਾ ਗਿਆ ਹੈਉਹ ਇੰਗਲੈਂਡ ਲਈ ਵਧ ਰਹੇ ਇਮੀਗ੍ਰੇਸ਼ਨ ਦੇ ਖ਼ਤਰੇ ਕਰਕੇ ਹੀ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇੰਗਲੈਂਡ ਦੀ ਮਾਲੀ ਹਾਲਤ, ਵੈੱਲ-ਫੇਅਰ ਸਿਸਟਮ, ਅਤੇ ਸਿਆਸੀ ਸਿਸਟਮ ਬਿਹਤਰ ਹੋਣ ਕਰਕੇ ਇਹ ਸੰਭਾਵਨਾ ਬਣ ਗਈ ਸੀ ਕਿ ਦੂਸਰੇ ਯੂਰਪੀਅਨ ਦੇਸ਼ਾਂ ਦੇ ਲੋਕ ਤੇਜ਼ੀ ਨਾਲ਼ ਇਗਲੈਂਡ ਵਿੱਚ ਆ ਵੱਸਣਗੇ ਅਤੇ ਏਥੋਂ ਦੇ ਸਿਸਟਮ ਲਈ ਖ਼ਤਰਾ ਬਣ ਜਾਣਗੇ।
ਇੰਗਲੈਂਡ ਵਿਚ ਪੰਜਾਬੀ ਸਾਹਿਤ ਅਤੇ ਜ਼ੁਬਾਨ ਦੇ ਭਵਿੱਖ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਇੰਗਲੈਂਡ ਜ਼ਿਕਰਯੋਗ ਗਿਣਤੀ ਵਿੱਚ ਅਜਿਹੇ ਪੰਜਾਬੀ ਲੇਖਕ ਜਾਂ ਪਾਠਕ ਪੈਦਾ ਨਹੀਂ ਕਰ ਸਕਿਆ ਜੋ ਇੰਗਲੈਂਡ ਵਿੱਚ ਜੰਮੇ ਪਲੇ ਹੋਣ।
ਉਨ੍ਹਾਂ ਕਿਹਾ ਕਿ ਇੰਗਲੈਂਡ ਵਿੱਚੋਂ ਬਹੁਤ ਸਾਰੀਆਂ ਨਾਮਵਰ ਸਾਹਿਤਕ ਹਸਤੀਆਂ ਦੇ ਮਨਫ਼ੀ ਹੋ ਜਾਣ ਕਾਰਨ  ਇੰਗਲੈਂਡ ਦੇ ਪੰਜਾਬੀ ਸਾਹਿਤ ਨੂੰ ਬਹੁਤ ਵੱਡਾ ਝਟਕਾ ਲੱਗਾ ਹੈ ਜਦਕਿ ਨਵੀਂ ਇਮੀਗ੍ਰੇਸ਼ਨ ਦੇ ਬੰਦ ਹੋਣ ਕਾਰਨ ਕੋਈ ਵੀ ਨਵਾਂ ਲੇਖਕ ਇਗਲੈਂਡ ਵਿੱਚ ਨਹੀਂ ਆ ਰਿਹਾ। ਉਨ੍ਹਾਂ ਆਸ ਪ੍ਰਗਟਾਈ ਕਿ ਸੰਭਾਵਨਾ ਹੈ ਕਿ ਇੰਗਲੈਂਡ ਦੇ ਯੂਰਪੀਅਨ ਯੂਨੀਅਨ ਤੋਂ ਕਿਨਾਰਾ ਕਰਨ ਤੋਂ ਬਾਅਦ ਇੰਡੀਆ ਲਈ ਇਮੀਗ੍ਰੇਸ਼ਨ ਦੇ ਦਰਵਾਜ਼ੇ ਇੱਕ ਵਾਰ ਫਿਰ ਖੁੱਲ੍ਹਣਗੇ ਤੇ ਸ਼ਾਇਦ ਇੰਗਲੈਂਡ ਵਿੱਚ ਪੰਜਾਬੀ ਜ਼ੁਬਾਨ ਤੇ ਸਾਹਿਤ ਫਿਰ ਤੋਂ ਪੈਰਾਂ ਸਿਰ ਹੋ ਸਕੇਗਾ।
ਇਸ ਤੋਂ ਬਾਅਦ ਕੈਨੇਡਾ ਫੇਰੀ ‘ਤੇ ਆਏ ਐੱਸ.ਪੀ.ਬਲਰਜ ਸਿੱਧੂ ਵੱਲੋਂ ਲਿਖੀ ਗਈ ਕਿਤਾਬ ‘ਏਸ਼ੀਆ ਅਤੇ ਅਫ਼ਰੀਕਾ ਦੇ ਪ੍ਰਮੁੱਖ ਗੁਰਦਆਰੇ’ ਰਲੀਜ਼ ਕੀਤੀ ਗਈ।
ਇਸ ਸਮੇਂ ਬੋਲਦਿਆਂ ਬਲਰਾਜ ਸਿੱਧੂ ਹੁਰਾਂ ਕਿਹਾ ਕਿ ਪੰਜਾਬ ਪੁਲੀਸ ਦੇ ਪੁਲੀਸ ਸੁਪਰਡੈਂਟ ਤਾਂ ਬਹੁਤ ਹੋਣਗੇ ਪਰ ਫ਼ਖਤ ਉਹੀ ਨੇ ਜਿਨ੍ਹਾਂ ਨੂੰ ਕੈਨੇਡਾ ਦੇ ਦੌਰੇ ਦਾ ਸੁਭਾਗ ਪ੍ਰਾਪਤ ਹੋਇਆ ਹੈ  ਕਿਉਂਕਿ ਉਹ ਸੁਪਰਡੈਂਟ ਤੋਂ ਵਧ ਕੇ ਇੱਕ ਲੇਖਕ ਵੀ ਹਨ। ਉਨ੍ਹਾਂ ਕਿਹਾ ਕਿ ਭਾਵੇਂ ਰੌਇਲਟੀ ਦੇ ਆਉਂਦੇ ਛੋਟੇ ਜਿਹੇ ਚੈੱਕ’ਤੇ ਉਨ੍ਹਾਂ ਦੇ ਬੱਚੇ ਅਕਸਰ ਹੀ ਉਨ੍ਹਾਂ ਦਾ ਮਖੌਲ ਉਡਾਉਂਦੇ ਹਨ ਪਰ ਉਨ੍ਹਾਂ ਲਈ ਇਹ ਛੋਟੀ ਜਿਹੀ ਰਕਮ ਵੀ ਕਿਸੇ ਸਨਮਾਨ ਤੋਂ ਘੱਟ ਨਹੀਂ ਹੁੰਦੀ।
ਕਵਿਤਾ ਦੇ ਦੌਰ ਵਿੱਚ ਅਜੀਤ ਹਿਰਖੀ, ਸਾਥੀ ਲੁਧਿਆਣਵੀ, ਮਹਿੰਦਰਦੀਪ ਗਰੇਵਾਲ਼, ਪਰਮਜੀਤ ਦਿਓਲ, ਬਾਬੂ ਸਿੰਘ, ਜਤਿੰਦਰ ਰੰਧਾਵਾ, ਰਿੰਟੂ ਭਾਟੀਆ, ਇਕਬਾਲ ਬਰਾੜ, ਆਦਿ ਨੇ ਆਪਣਾ ਕਲਾਮ ਪੇਸ਼ ਕੀਤਾ ਜਦਕਿ ਬਹੁਤ ਸਾਰੇ ਸ਼ਾਇਰ ਸਮੇਂ ਦੀ ਘਾਟ ਕਾਰਨ ਆਪਣਾ ਕਲਾਮ ਨਾ ਸੁਣਾ ਸਕੇ।
ਇਸ ਤੋਂ ਇਲਾਵਾ ਮੀਟਿਗ ਵਿੱਚ ਵਰਿਆਮ ਸਿੰਘ ਸੰਧੂ, ਕਹਾਣੀਕਾਰ ਜਰਨੈਲ ਸਿੰਘ, ਪ੍ਰਿੰਸੀਪਲ ਸਰਵਣ ਸਿੰਘ, ਕਿਰਪਾਲ ਪੰਨੂੰ, ਡਾ.ਬਲਜਿੰਦਰ ਸੇਖੋਂ, ਵਕੀਲ ਕਲੇਰ, ਜਗੀਰ ਸਿੰਘ ਕਾਹਲੋਂ, ਸਰਬਜੀਤ ਕੌਰ ਕਾਹਲੋਂ ਡਾ. ਅਮਰਜੀਤ ਬਨਵੈਤ, ਦਲਜੀਤ ਕੌਰ ਬਨਵੈਤ, ਬ੍ਰਜਿੰਦਰ ਗੁਲਾਟੀ, ਮਨਮੋਹਨ ਸਿੰਘ ਗੁਲਾਟੀ, ਅਮਰਜੀਤ ਕੌਰ ਮਿਨਹਾਸ, ਗੁਰਦਾਸ ਮਿਨਹਾਸ, ਜਸਪਾਲ ਢਿੱਲੋਂ, ਅਮਰਜੀਤ ਕੌਰ ਢਿੱਲੋਂ, ਜਰਨੈਲ ਸਿੰਘ ਬੁੱਟਰ, ਜਸਵਿੰਦਰ ਸੰਧੂ, ਆਦਿ ਤੋਂ ਇਲਾਵਾ ਬਹੁਤ ਸਾਰੇ ਸਾਹਿਤਕ ਪ੍ਰੇਮੀ ਇਸ ਵਿੱਚ ਸ਼ਾਮਲ ਹੋਏ।

Check Also

ਇਮਰਾਨ ਖਾਨ ਨੇ ਫੌਜ ਮੁਖੀ ਆਸਿਮ ਮੁਨੀਰ ਨੂੰ ਦਿੱਤੀ ਧਮਕੀ

ਖਾਨ ਨੇ ਬੁਸ਼ਰਾ ਦੀ ਗਿ੍ਰਫਤਾਰੀ ਲਈ ਫੌਜ ਮੁਖੀ ਨੂੰ ਦੱਸਿਆ ਜ਼ਿੰਮੇਵਾਰ ਇਸਲਾਮਾਬਾਦ/ਬਿਊਰੋ ਨਿਊਜ਼ ਪਾਕਿਸਤਾਨ ਦੇ …