212 ਭਾਰਤੀ ਨਾਗਰਿਕ ਸੁਰੱਖਿਅਤ ਵਤਨ ਪਰਤੇ
ਨਵੀਂ ਦਿੱਲੀ/ਬਿਊਰੋ ਨਿਊਜ਼ : ਇਜ਼ਰਾਈਲ-ਹਮਾਸ ਜੰਗ ਦੇ ਚਲਦਿਆਂ ਭਾਰਤ ਸਰਕਾਰ ਨੇ ਇਜ਼ਰਾਈਲ ’ਚ ਫਸੇ ਆਪਣੇ ਨਾਗਰਿਕਾਂ ਨੂੰ ਏਅਰਲਿਫਟ ਕਰਨਾ ਸ਼ੁਰੂ ਕਰ ਦਿੱਤਾ ਹੈ। ਭਾਰਤ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਅਪ੍ਰੇਸ਼ਨ ਅਜੇ ਤਹਿਤ ਅੱਜ ਸ਼ੁੱਕਰਵਾਰ ਨੂੰ 212 ਭਾਰਤੀ ਨਾਗਰਿਕਾਂ ਨੂੰ ਲੈ ਕੇ ਏਅਰ ਇੰਡੀਆ ਦੀ ਪਹਿਲੀ ਉਡਾਣ ਸੁਰੱਖਿਅਤ ਦਿੱਲੀ ਪਹੁੰਚੀ। ਦਿੱਲੀ ਏਅਰਪੋਰਟ ’ਤੇ ਕੇਂਦਰੀ ਮੰਤਰੀ ਰਾਜੀਵ ਚੰਦਰਸ਼ੇਖਰ ਵੱਲੋਂ ਵਤਨ ਪਰਤੇ 212 ਭਾਰਤੀ ਨਾਗਰਿਕਾਂ ਦਾ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ। ਕੇਂਦਰੀ ਮੰਤਰੀ ਨੇ ਯਾਤਰੀਆਂ ਨੂੰ ਭਰੋਸਾ ਦਿਵਾਇਆ ਕਿ ਹਰੇਕ ਭਾਰਤੀ ਦੀ ਸੁਰੱਖਿਆ ਲਈ ਭਾਰਤ ਸਰਕਾਰ ਦੀ ਵਚਨਬੱਧਤਾ ਅਟੱਲ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਲਈ ਦਿ੍ਰੜ ਹਨ। ਅਪ੍ਰੇਸ਼ਨ ਅਜੇ ਦੀ ਪਹਿਲੀ ਉਡਾਣ ਨੇ ਭਾਰਤੀ ਸਮੇਂ ਅਨੁਸਾਰ ਇਜ਼ਰਾਈਲ ਦੇ ਡੇਵਿਡ ਬੇਂਗੁਰਿਅਨ ਏਅਰਪੋਰਟ ਤੋਂ ਲੰਘੀ ਦੇਰ ਰਾਤ ਭਾਰਤ ਲਈ ਉਡਾਣ ਭਰੀ ਸੀ ਜੋ ਸ਼ੁੱਕਰਵਾਰ ਸਵੇਰੇ ਦਿੱਲੀ ਏਅਰਪੋਰਟ ’ਤੇ ਪਹੁੰਚੀ। ਮੀਡੀਆ ਰਿਪੋਰਟਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਇਜ਼ਰਾਈਲ ਵਿਚ ਲਗਭਗ 18 ਹਜ਼ਾਰ ਭਾਰਤੀ ਨਾਗਰਿਕ ਰਹਿੰਦੇ ਹਨ। ਆਪ੍ਰੇਸ਼ਨ ਅਜੇ ਦੇ ਤਹਿਤ ਇਜ਼ਰਾਈਲ ਤੋਂ ਭਾਰਤ ਪਹੁੰਚੇ ਨਾਗਰਿਕਾਂ ਨੇ ਦੱਸਿਆ ਕਿ ਅਸੀਂ ਪਹਿਲਾਂ ਕਦੇ ਵੀ ਅਜਿਹੀ ਸਥਿਤੀ ਨਹੀਂ ਦੇਖੀ ਸੀ ਅਤੇ ਜਦੋਂ ਸਾਇਰਨ ਦੀ ਆਵਾਜ਼ ਆਉਂਦੀ ਸੀ ਤਾਂ ਸਾਨੂੰ ਸ਼ੈਲਟਰਾਂ ਵਿਚ ਭੱਜਣਾ ਪੈਂਦਾ ਸੀ। ਭਾਰਤ ਪਹੰੁਚੇ ਨਾਗਰਿਕਾਂ ਨੇ ਤਲ ਅਵੀਲ ਵਿਚ ਭਾਰਤੀ ਦੂਤਾਵਾਸ ਦਾ ਵੀ ਸਹਿਯੋਗ ਲਈ ਧੰਨਵਾਦ ਕੀਤਾ।