ਬਲੈਕ ਹੋਲ ਅਤੇ ਬਿਗ ਬੈਂਗ ਥਿਊਰੀ ਨੂੰ ਸਮਝਾਉਣ ‘ਚ ਨਿਭਾਈ ਸੀ ਅਹਿਮ ਭੂਮਿਕਾ
ਲੰਡਨ/ਬਿਊਰੋ ਨਿਊਜ਼ : ਮਹਾਨ ਸਿਧਾਂਤਕ ਭੌਤਿਕ ਸ਼ਾਸਤਰੀ ਸਟੀਫਨ ਹਾਕਿੰਗ (76) ਦਾ ਬੁੱਧਵਾਰ ਨੂੰ ਦੇਹਾਂਤ ਹੋ ਗਿਆ। ਬਰਤਾਨਵੀ ਵਿਗਿਆਨੀ ਹਾਕਿੰਗ ਨੇ ਬ੍ਰਹਿਮੰਡ ਦੇ ਕਈ ਰਹੱਸਾਂ ਤੋਂ ਪਰਦਾ ਉਠਾਇਆ ਸੀ। ਇਸ ਦੇ ਇਲਾਵਾ ਉਨ੍ਹਾਂ ਨੇ ਬਲੈਕ ਹੋਲ ਅਤੇ ਬਿਗ ਬੈਂਗ ਥਿਊਰੀ ਨੂੰ ਸਮਝਾਉਣ ਵਿਚ ਅਹਿਮ ਭੂਮਿਕਾ ਨਿਭਾਈ ਸੀ। ਉਨ੍ਹਾਂ ਦਾ ਮੰਨਣਾ ਸੀ ਕਿ ਈਸ਼ਵਰ ਨੇ ਬ੍ਰਹਿਮੰਡ ਦੀ ਰਚਨਾ ਨਹੀਂ ਕੀਤੀ ਬਲਕਿ ਇਸ ਦੀ ਰਚਨਾ ਆਪਣੇ ਆਪ ਹੋਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਕਿੰਗ ਦੇ ਦੇਹਾਂਤ ‘ਤੇ ਦੁੱਖ ਪ੍ਰਗਟ ਕੀਤਾ ਹੈ। ਹਾਕਿੰਗ ਦੇ ਬੱਚਿਆਂ ਲੁਸੀ, ਰਾਬਰਟ ਅਤੇ ਟਿਮ ਨੇ ਕਿਹਾ ਕਿ ਕੈਂਬਰਿਜ ਸਥਿਤ ਨਿਵਾਸ ‘ਤੇ ਉਨ੍ਹਾਂ ਦੇ ਪਿਤਾ ਨੇ ਆਖਰੀ ਸਾਹ ਲਿਆ। ਹਾਕਿੰਗ ਦਾ ਜਨਮ ਅੱਠ ਜਨਵਰੀ, 1942 ਨੂੰ ਬਰਤਾਨੀਆ ਦੇ ਆਕਸਫੋਰਡ ਵਿਚ ਹੋਇਆ ਸੀ। ਇਸੇ ਦਿਨ ਮਹਾਨ ਖਗੋਲ ਸ਼ਾਸਤਰੀ ਅਤੇ ਭੌਤਿਕ ਵਿਗਿਆਨੀ ਗਲੀਲੀਓ ਦੀ 300ਵੀਂ ਬਰਸੀ ਸੀ। 21 ਸਾਲਾਂ ਦੀ ਉਮਰ ਵਿਚ ਹਾਕਿੰਗ ਸਾਹ ਦੀ ਬਿਮਾਰੀ ਦੇ ਸ਼ਿਕਾਰ ਹੋ ਗਏ ਜਿਸ ਨਾਲ ਉਨ੍ਹਾਂ ਦਾ ਸਰੀਰ ਲਕਵੇ ਦਾ ਸ਼ਿਕਾਰ ਹੋ ਗਿਆ। ਡਾਕਟਰਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਉਮਰ ਜ਼ਿਆਦਾ ਨਹੀਂ ਰਹੇਗੀ। ਬਿਮਾਰੀ ਦੇ ਬਾਵਜੂਦ ਉਨ੍ਹਾਂ ਨੇ ਕੈਂਬਰਿਜ ਵਿਚ ਆਪਣੀ ਪੜ੍ਹਾਈ ਜਾਰੀ ਰੱਖੀ ਅਤੇ ਅਲਬਰਟ ਆਈਨਸਟੀਨ ਦੇ ਬਾਅਦ ਉਹ ਸਭ ਤੋਂ ਵੱਡੇ ਸਿਧਾਂਤਕ ਭੌਤਿਕ ਸ਼ਾਸਤਰੀ ਬਣੇ। ਬਿਮਾਰੀ ਦੇ ਕਾਰਨ ਉਨ੍ਹਾਂ ਦਾ ਜ਼ਿਆਦਾ ਸਮਾਂ ਵ੍ਹੀਲ ਚੇਅਰ ‘ਤੇ ਲੰਘਿਆ। ਉਹ ਵਾਇਸ ਸਿੰਥੇਸਾਇਜ਼ਰ ਰਾਹੀਂ ਗੱਲਬਾਤ ਕਰਦੇ ਸਨ। ਦਿਮਾਗ਼ ਨੂੰ ਛੱਡ ਕੇ ਉਨ੍ਹਾਂ ਦੇ ਸਰੀਰ ਦਾ ਕੋਈ ਵੀ ਹਿੱਸਾ ਕੰਮ ਨਹੀਂ ਕਰਦਾ ਸੀ। ਅਜਿਹੀ ਹਾਲਤ ਵਿਚ ਰਹਿਣ ਦੇ ਬਾਵਜੂਦ ਕਈ ਸ਼ਾਨਦਾਰ ਕੰਮ ਕਰਕੇ ਉਹ ਦਿੜ੍ਹਤਾ ਅਤੇ ਜਿਗਿਆਸਾ ਦੇ ਪ੍ਰਤੀਕ ਬਣ ਗਏ। ਉਹ 1979 ਤੋਂ 2009 ਤੱਕ ਕੈਂਬਰਿਜ ਯੂਨੀਵਰਸਿਟੀ ਵਿਚ ਗਣਿਤ ਦੇ ਪ੍ਰੋਫੈਸਰ ਰਹੇ। ਕਰੀਬ 300 ਸਾਲ ਪਹਿਲਾਂ ਆਇਜਕ ਨਿਊਟਨ ਨੇ ਇਹ ਅਹੁਦਾ ਸੰਭਾਲਿਆ ਸੀ।
ਬ੍ਰਹਿਮੰਡ ਰਚਨਾ ਦੀ ਥਿਊਰੀ
‘ਦ ਗਰੈਂਡ ਡਿਜ਼ੀਨ’ ਕਿਤਾਬ ਵਿਚ ਹਾਕਿੰਗ ਨੇ ਲਿਖਿਆ ਕਿ ਬ੍ਰਹਿਮੰਡ ਦੀ ਰਚਨਾ ਆਪਣੇ ਆਪ ਹੋਈ। ਉਹ ਬ੍ਰਹਿਮੰਡ ਦੀ ਰਚਨਾ ਨੂੰ ਇਕ ਆਪਣੇ ਆਪ ਬਣੀ ਘਟਨਾ ਮੰਨਦੇ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਬ੍ਰਹਿਮੰਡ ਵਿਚ ਗੁਰੂਤਾ ਆਕਰਸ਼ਨ ਵਰਗੀ ਸ਼ਕਤੀ ਕਾਰਨ ਨਵੀਆਂ ਰਚਨਾਵਾਂ ਹੋ ਸਕਦੀਆਂ ਹਨ। ਇਸ ਲਈ ਈਸ਼ਵਰ ਵਰਗੀ ਕਿਸੇ ਸ਼ਕਤੀ ਦੀ ਸਹਾਇਤਾ ਦੀ ਲੋੜ ਨਹੀਂ ਹੈ। ਇਕ ਖੋਜ ਦੇ ਆਧਾਰ ‘ਤੇ ਉਨ੍ਹਾਂ ਨੇ ਤਰਕ ਦਿੱਤਾ ਸੀ ਕਿ ਸਾਡਾ ਸੌਰ ਮੰਡਲ ਵੱਖਰਾ ਨਹੀਂ ਹੈ ਸਗੋਂ ਕਈ ਕਈ ਸੂਰਜ ਹਨ ਜਿਨ੍ਹਾਂ ਦੇ ਚਾਰੋ ਪਾਸੇ ਗ੍ਰਹਿ ਚੱਕਰ ਕੱਟਦੇ ਹਨ।
ਨੋਬਲ ਪੁਰਸਕਾਰ ਨਹੀਂ ਮਿਲਿਆ
ਹਾਕਿੰਗ ਨੂੰ ਕਈ ਪੁਰਸਕਾਰ ਅਤੇ ਸਨਮਾਨ ਮਿਲੇ ਪਰ ਨੋਬਲ ਪੁਰਸਕਾਰ ਨਹੀਂ ਮਿਲ ਸਕਿਆ। ਬਰਤਾਨੀਆ ਦੀ ਮਹਾਰਾਣੀ ਐਲਿਜ਼ਾਬੈੱਥ-2 ਨੇ ਜੂਨ 1989 ਵਿਚ ਉਨ੍ਹਾਂ ਨੂੰ ਕੈਂਪੇਨੀਅਨ ਆਫ਼ ਆਨਰ ਨਾਲ ਸਨਮਾਨਿਤ ਕੀਤਾ। ਉਨ੍ਹਾਂ ਨੂੰ ਅਲਬਰਟ ਆਈਨਸਟੀਨ ਐਵਾਰਡ, ਵੁਲਫ਼ ਪ੍ਰਾਈਜ਼, ਕਾਪਲੀ ਮੈਡਲ ਅਤੇ ਫੰਡਾਮੈਂਟਲ ਫਿਜ਼ੀਕਸ ਪ੍ਰਾਈਜ਼ ਨਾਲ ਨਿਵਾਜਿਆ ਗਿਆ। ਅਮਰੀਕੀ ਨਾਗਰਿਕ ਨਾ ਹੋਣ ਦੇ ਬਾਵਜੂਦ 2009 ਵਿਚ ਤੱਤਕਾਲੀ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਉਨ੍ਹਾਂ ਨੂੰ ਅਮਰੀਕਾ ਦਾ ਸਰਬ ਉੱਚ ਨਾਗਰਿਕ ਸਨਮਾਨ ਪ੍ਰੈਜ਼ੀਡੈਂਸ਼ੀਅਲ ਮੈਡਲ ਪ੍ਰਦਾਨ ਕੀਤਾ।
Check Also
ਆਸਟਰੇਲੀਆ ’ਚ 16 ਸਾਲ ਤੋਂ ਘੱਟ ਉਮਰ ਦੇ ਬੱਚੇ ਨਹੀਂ ਚਲਾ ਸਕਣਗੇ ਸੋਸ਼ਲ ਮੀਡੀਆ
ਪ੍ਰਤੀਨਿਧੀ ਸਦਨ ਨੇ ਬਿੱਲ ਕੀਤਾ ਪਾਸ ਮੈਲਬਰਨ/ਬਿਊਰੋ ਨਿਊਜ਼ ਆਸਟਰੇਲੀਆ ਦੇ ਪ੍ਰਤੀਨਿਧੀ ਸਦਨ ਨੇ ਇਕ ਬਿੱਲ …