Breaking News
Home / ਜੀ.ਟੀ.ਏ. ਨਿਊਜ਼ / ਓਨਟਾਰੀਓ ਪ੍ਰੋਗਰੈਸਿਵ ਪਾਰਟੀ ਦੇ ਆਗੂ ਚੁਣੇ ਗਏ ਡਗ ਫੋਰਡ

ਓਨਟਾਰੀਓ ਪ੍ਰੋਗਰੈਸਿਵ ਪਾਰਟੀ ਦੇ ਆਗੂ ਚੁਣੇ ਗਏ ਡਗ ਫੋਰਡ

ਸਰਵੇਖਣ ‘ਚ ਅੱਗੇ ਚੱਲ ਰਹੀ ਕ੍ਰਿਸਟੀਨ ਈਲੀਅਟ ਨੂੰ ਪਛਾੜਿਆ
ਟੋਰਾਂਟੋ/ਬਿਊਰੋ ਨਿਊਜ਼ : ਚੋਣਾਂ ਤੋਂ ਤਿੰਨ ਮਹੀਨੇ ਪਹਿਲਾਂ ਓਨਟਾਰੀਓ ਪ੍ਰੋਗਰੈਸਿਵ ਪਾਰਟੀ ਦੇ ਮੈਂਬਰਾਂ ਨੇ ਟੋਰਾਂਟੋ ਦੇ ਸਾਬਕਾ ਮੇਅਰ ਰੌਬ ਫੋਰਡ ਦੇ ਛੋਟੇ ਭਰਾ ਡੱਗ ਫੋਰਡ ਨੂੰ ਆਪਣਾ ਨੇਤਾ ਚੁਣ ਲਿਆ ਹੈ। ਡੱਗ ਫੋਰਡ ਨੇ ਤੀਜੇ ਗੇੜ ਵਿੱਚ ਸਰਵੇਖਣਾਂ ਵਿੱਚ ਅੱਗੇ ਚੱਲ ਰਹੀ ਕ੍ਰਿਸਟੀਨ ਈਲੀਅਟ ਨੂੰ ਨਿਰਧਾਰਤ ਕੁੱਲ ਅੰਕਾਂ ਦਾ 50.5% ਹਾਸਲ ਕਰਕੇ ਹਰਾਇਆ। ਪਾਰਟੀ ਦੀ ਲੀਡਰਸ਼ਿੱਪ ਚੋਣ ਸਾਬਕਾ ਨੇਤਾ ਪੈਟਰਿਕ ਬਰਾਊਨ ਉੱਤੇ ਲੱਗੇ ਸੈਕਸੁਅਲ ਬਦਸਲੂਕੀ ਦੇ ਦੋਸ਼ਾਂ ਤੋਂ ਬਾਅਦ ਹੋਣੀ ਨਿਰਧਾਰਤ ਕੀਤੀ ਗਈ ਸੀ। ਇਹ ਸਮੁੱਚੇ ਚੋਣ ਕ੍ਰਮ ਵਿੱਚ ਡੱਗ ਫੋਰਡ ਅਤੇ ਕ੍ਰਿਸਟੀਨ ਈਲੀਅਟ ਸਮੇਤ ਚਾਰ ਉਮੀਦਵਾਰ ਸਨ। ਬਾਕੀ ਦੋ ਉਮੀਦਵਾਰਾਂ ਦੇ ਨਾਮ ਤਾਨੀਆ ਗਰੈਨਿਕ ਐਲਨ ਅਤੇ ਕੈਰੋਲੀਨ ਮੁਲਰੋਨੀ ਸਨ।
ਬੇਸ਼ੱਕ ਡੱਗ ਫੋਰਡ ਅਤੇ ਕ੍ਰਿਸਟੀਨ ਈਲੀਅਟ ਇੱਕ ਦੂਜੇ ਦੇ ਲੱਗਭੱਗ ਬਰਾਬਰ ਚੱਲ ਰਹੇ ਸਨ ਪਰ ਮਿਲ ਰਹੇ ਸੰਕੇਤਾਂ ਅਤੇ ਸਰਵੇਖਣਾਂ ਦੇ ਨਤੀਜੇ ਕ੍ਰਿਸਟੀਨ ਈਲੀਅਟ ਦੇ ਜਿੱਤ ਜਾਣ ਦਾ ਇਸ਼ਾਰਾ ਕਰਦੇ ਸਨ। 62 ਸਾਲਾ ਈਲੀਅਟ 2009 ਅਤੇ 2015 ਵਿੱਚ ਵੀ ਲੀਡਰਸ਼ਿੱਪ ਲਈ ਆਪਣੀ ਕਿਸਮਤ ਅਜ਼ਮਾਈ ਕਰ ਚੁੱਕੀ ਹੈ ਪਰ ਹਰ ਵਾਰ ਕਿਸਮਤ ਉਸ ਤੋਂ ਨਰਾਜ਼ ਹੁੰਦੀ ਰਹੀ ਹੈ। ਇਸ ਵਾਰ ਕ੍ਰਿਸਟੀਨ ਈਲੀਅਟ ਨੂੰ ਜਿੱਤ ਦਾ ਦੁਆਰ ਤਾਂ ਨਜ਼ਰ ਆ ਰਿਹਾ ਸੀ ਪਰ ਉਸਦਾ ਦੁਆਰ-ਪ੍ਰਵੇਸ਼ ਸੰਭਵ ਨਹੀਂ ਹੋ ਸਕਿਆ।
ਈਲੀਅਟ ਵੱਲੋਂ ਰੇੜਕਾ ਪਾਏ ਜਾਣ ਕਾਰਣ ਨਤੀਜੇ ਐਲਾਨਣ ਵਿੱਚ ਹੋਈ ਦੇਰੀ: ਜਿੱਤ ਹਾਰ ਦਾ ਫੈਸਲਾ ਤੀਜੇ ਗੇੜ ਵਿੱਚ ਜਾ ਕੇ ਹੋਇਆ। ਜਿੱਥੇ ਕੱਟੜ ਕੰਸਰਵੇਟਿਵ ਤਾਨੀਆ ਦੇ ਵੋਟਰਾਂ ਨੇ ਬਹੁ ਗਿਣਤੀ ਵਿੱਚ ਆਪਣੀ ਦੂਜੀ ਵੋਟ ਡੱਗ ਫੋਰਡ ਨੂੰ ਪਾਈ ਦੱਸੀ ਜਾਂਦੀ ਹੈ ਤਾਂ ਮੁਲਰੋਨੀ ਦੇ ਸਮਰੱਥਕਾਂ ਨੇ ਈਲੀਅਟ ਦਾ ਸਾਥ ਦਿੱਤਾ। ਬੇਸ਼ੱਕ ਪਾਰਟੀ ਪ੍ਰਬੰਧਕਾਂ ਵੱਲੋਂ ਨਤੀਜਾ ਐਲਾਨਣ ਦਾ ਸਮਾਂ ਸ਼ਨਿਚਰਵਾਰ ਨੂੰ ਦੁਪਿਹਰ 3 ਵਜੇ ਰੱਖਿਆ ਗਿਆ ਸੀ, ਪਰ ਆਪਣੀ ਜਿੱਤ ਦੇ ਤੰਗ ਫਰਕ ਨੂੰ ਵੇਖਦੇ ਹੋਏ ਈਲੀਅਟ ਵੱਲੋਂ ਚੋਣ ਨਤੀਜਿਆਂ ਉੱਤੇ ਸ਼ੱਕ ਦੀ ਉਂਗਲ ਰੱਖ ਦਿੱਤੀ ਗਈ। ਇਸ ਤੋਂ ਬਾਅਦ ਨਤੀਜੇ ਐਲਾਨਣ ਵਿੱਚ ਦੇਰੀ ਦਾ ਉਹ ਦੌਰ ਆਰੰਭ ਹੋ ਗਿਆ ਜਿਸ ਬਦੌਲਤ ਨਤੀਜਾ ਸੁਣਨ ਲਈ 50 ਡਾਲਰ ਦੀ ਟਿਕਟ ਖਰੀਦ ਕੇ ਪੁੱਜੇ ਪਾਰਟੀ ਮੈਬਰਾਂ ਨੂੰ ਨਵੇਂ ਲੀਡਰ ਦੇ ਦਰਸ਼ਨ ਕੀਤੇ ਬਗੈਰ ਮਾਰਖਮ ਦਾ ਬੈਂਕੁਇਟ ਹਾਲ ਖਾਲੀ ਕਰਨਾ ਪਿਆ। ਨਤੀਜਾ ਰਾਤ ਦੇ 10 ਵਜੇ ਦੇ ਕਰੀਬ ਐਲਾਨਿਆ ਗਿਆ ਜਿਸ ਦੇ ਨਾਲ ਹੀ ਈਲੀਅਟ ਵੱਲੋਂ ਸਮੁੱਚੀ ਚੋਣ ਪ੍ਰਕਿਰਿਆ ਨੂੰ ਅਦਾਲਤੀ ਚੁਣੌਤੀ ਦੇਣ ਦੀਆਂ ਗੱਲਾਂ ਕੀਤੀਆਂ ਜਾਣ ਲੱਗੀਆਂ।

Check Also

ਫੋਰਡ ਸਰਕਾਰ ਨੇ ਪੇਸ਼ ਕੀਤਾ 214 ਬਿਲੀਅਨ ਦੇ ਖਰਚੇ ਵਾਲਾ ਬਜਟ

ਲਿਬਰਲ ਆਗੂ ਬੌਨੀ ਕ੍ਰੌਂਬੀ ਨੇ ਬਜਟ ਦੀ ਜਮ ਕੇ ਕੀਤੀ ਆਲੋਚਨਾ ਓਨਟਾਰੀਓ/ਬਿਊਰੋ ਨਿਊਜ਼ : ਡਗ …