ਰਾਸ਼ਟਰਪਤੀ ਉਮੀਦਵਾਰਾਂ ਵਿਚਾਲੇ ਬਹਿਸ : ਟਰੰਪ ‘ਤੇ ਭਾਰੂ ਰਹੀ ਹੈਰਿਸ
ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ਵਿਚ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਡੋਨਾਲਡ ਟਰੰਪ ਅਤੇ ਭਾਰਤਵੰਸ਼ੀ ਕਮਲਾ ਹੈਰਿਸ ਵਿਚਾਲੇ ਪ੍ਰੋਜੀਡੈਨਸ਼ੀਅਲ ਡਿਬੇਟ ਹੋਈ ਹੈ। ਇਸੇ ਦੌਰਾਨ ਕਮਲਾ ਹੈਰਿਸ ਨੇ ਇਸ ਡਿਬੇਟ ਵਿਚ ਜਿੱਤ ਹਾਸਲ ਕੀਤੀ ਹੈ। ਇਨ੍ਹਾਂ ਦੋਵਾਂ ਨੇ 90 ਮਿੰਟ ਤੱਕ ਪਰਵਾਸੀਆਂ, ਇਕੌਨਮੀ, ਵਿਦੇਸ਼ ਨੀਤੀ ਅਤੇ ਸੰਸਦ ਵਿਚ ਹਿੰਸਾ ਵਰਗੇ ਛੇ ਮੁੱਦਿਆਂ ‘ਤੇ ਬਹਿਸ ਕੀਤੀ ਹੈ।
ਡਿਬੇਟ ਸ਼ੁਰੂ ਹੋਣ ਤੋਂ ਪਹਿਲਾ ਕਮਲਾ, ਡੋਨਾਲਡ ਟਰੰਪ ਦੇ ਪੋਡੀਅਮ ਤੱਕ ਪਹੁੰਚੀ ਅਤੇ ਉਨ੍ਹਾਂ ਨਾਲ ਹੱਥ ਵੀ ਮਿਲਾਇਆ। ਡਿਬੇਟ ਦੌਰਾਨ ਟਰੰਪ ਨੇ ਕਮਲਾ ਹੈਰਿਸ ‘ਤੇ ਪਰਸਨਲ ਅਟੈਕ ਵੀ ਕੀਤੇ। ਟਰੰਪ ਵਲੋਂ ਲਗਾਏ ਗਏ ਆਰੋਪਾਂ ਸਬੰਧੀ ਕਮਲਾ ਨੇ ਕੁਝ ਵੀ ਨਹੀਂ ਕਿਹਾ ਅਤੇ ਉਹ ਹੱਸਦੀ ਰਹੀ। ਇਸੇ ਦੌਰਾਨ ਅਮਰੀਕਾ ਦੇ ਮੀਡੀਆ ਵਲੋਂ ਡਿਬੇਟ ਦੌਰਾਨ ਕਮਲਾ ਨੂੰ ਜੇਤੂ ਮੰਨਿਆ ਗਿਆ ਹੈ। ਅਮਰੀਕਾ ਵਾਸੀਆਂ ਦਾ ਵੀ ਮੰਨਣਾ ਹੈ ਕਿ ਡਿਬੇਟ ਦੌਰਾਨ ਕਮਲਾ ਹੈਰਿਸ ਨੇ ਬਿਹਤਰ ਜਵਾਬ ਦਿੱਤੇ ਹਨ। ਬਹਿਸ ਦੀ ਸ਼ੁਰੂਆਤ ਦੋਵਾਂ ਆਗੂਆਂ ਨੇ ਹੱਥ ਮਿਲਾ ਕੇ ਕੀਤੀ ਪਰ ਬਾਅਦ ਵਿੱਚ ਇਹ ਤਿੱਖੇ ਹਮਲਾਵਰ ਰੁਖ਼ ‘ਚ ਤਬਦੀਲ ਹੋ ਗਈ।
ਪੈਨਸਿਲਵੇਨੀਆ ‘ਚ 90 ਮਿੰਟ ਚੱਲੀ ਇਸ ਬਹਿਸ ਦੌਰਾਨ ਟਰੰਪ ਤੇ ਹੈਰਿਸ ਨੇ ਅਗਲੇ ਚਾਰ ਸਾਲ ਲਈ ਆਪੋ-ਆਪਣਾ ਨਜ਼ਰੀਆ ਪੇਸ਼ ਕੀਤਾ, ਜਿਸ ਨੂੰ ਉਹ ਰਾਸ਼ਟਰਪਤੀ ਬਣਨ ‘ਤੇ ਲਾਗੂ ਕਰਨਾ ਚਾਹੁੰਦੇ ਹਨ।
ਉਪ ਰਾਸ਼ਟਰਪਤੀ ਹੈਰਿਸ (59) ਨੇ ਆਪਣੀ ਗੱਲ ਸਮੇਟਦਿਆਂ ਅੰਤ ‘ਚ ਟਿੱਪਣੀ ਕੀਤੀ, ”ਮੈਨੂੰ ਲਗਦਾ ਹੈ ਕਿ ਤੁਸੀਂ ਅੱਜ ਰਾਤ ਦੇਸ਼ ਲਈ ਦੋ ਬਿਲਕੁਲ ਵੱਖ-ਵੱਖ ਨਜ਼ਰੀਏ ਸੁਣੇ। ਇੱਕ ਜੋ ਭਵਿੱਖ ਵੱਲ ਕੇਂਦਰਿਤ ਹੈ ਅਤੇ ਦੂਜਾ ਜੋ ਅਤੀਤ ਵੱਲ ਕੇਂਦਰਿਤ ਹੈ ਤੇ ਸਾਨੂੰ ਪਿੱਛੇ ਲਿਜਾਣ ਵਾਲਾ ਹੈ ਪਰ ਅਸੀਂ ਪਿੱਛੇ ਨਹੀਂ ਜਾ ਰਹੇ ਹਾਂ।” ਦੂਜੇ ਪਾਸੇ ਟਰੰਪ ਨੇ ਬਹਿਸ ਦੀ ਸਮਾਪਤੀ ‘ਤੇ ਕਿਹਾ, ”ਉਨ੍ਹਾਂ (ਹੈਰਿਸ) ਇਸ ਗੱਲ ਤੋਂ ਸ਼ੁਰੂਆਤ ਕੀਤੀ ਕਿ ਉਹ ਇਹ ਕਰੇਗੀ ਤੇ ਉਹ ਕਰੇਗੀ। ਉਹ ਇਹ ਸਾਰੀਆਂ ਬਿਹਤਰੀਨ ਚੀਜ਼ਾਂ ਕਰਨ ਵਾਲੀ ਹੈ ਪਰ ਹੁਣ ਤੱਕ ਉਨ੍ਹਾਂ ਅਜਿਹਾ ਕਿਉਂ ਨਹੀਂ ਕੀਤਾ? ਇਹ ਸਭ ਕਰਨ ਲਈ ਉਨ੍ਹਾਂ ਕੋਲ ਸਾਢੇ ਤਿੰਨ ਸਾਲ ਦਾ ਸਮਾਂ ਸੀ।
ਸਰਹੱਦੀ ਵਿਵਾਦ ਸੁਲਝਾਉਣ ਲਈ ਉਨ੍ਹਾਂ ਕੋਲ ਸਾਢੇ ਤਿੰਨ ਸਾਲ ਸਨ। ਰੁਜ਼ਗਾਰ ਪੈਦਾ ਕਰਨ ਲਈ ਤੇ ਜਿਹੜੀਆਂ ਵੀ ਚੀਜ਼ਾਂ ਬਾਰੇ ਅਸੀਂ ਗੱਲ ਕੀਤੀ, ਇਸ ਲਈ ਉਨ੍ਹਾਂ ਕੋਲ ਸਾਢੇ ਤਿੰਨ ਸਾਲ ਸਨ।
ਉਨ੍ਹਾਂ ਉਦੋਂ ਅਜਿਹਾ ਕਿਉਂ ਨਹੀਂ ਕੀਤਾ?” ਇਸੇ ਦੌਰਾਨ ਟਰੰਪ ਨੇ ਹੈਰਿਸ ‘ਤੇ ਇਜ਼ਰਾਈਲ ਨੂੰ ਨਫਰਤ ਕਰਨ ਦਾ ਦੋਸ਼ ਲਾਇਆ ਤੇ ਕਿਹਾ ਕਿ ਜੇ ਉਹ ਰਾਸ਼ਟਰਪਤੀ ਬਣੀ ਤਾਂ ਦੋ ਸਾਲਾਂ ਅੰਦਰ ਯਹੂਦੀ ਮੁਲਕ ਦੀ ਹੋਂਦ ਖਤਮ ਹੋ ਜਾਵੇਗੀ।
Check Also
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ
ਜਥੇਦਾਰ ਗਿਆਨੀ ਰਘਬੀਰ ਸਿੰਘ, ਐਡਵੋਕੇਟ ਧਾਮੀ ਸਮੇਤ ਵੱਡੀ ਗਿਣਤੀ ‘ਚ ਸੰਗਤਾਂ ਹੋਈਆਂ ਸ਼ਾਮਲ ਅੰਮ੍ਰਿਤਸਰ/ਬਿਊਰੋ ਨਿਊਜ਼ …