ਟੋਰਾਂਟੋ/ਸਤਪਾਲ ਸਿੰਘ ਜੌਹਲ
ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰਾਲੇ ਵਲੋਂ ਲੰਘੇ ਦਿਨੀਂ ਐਕਸਪ੍ਰੈਸ ਐਂਟਰੀ ਦੇ ਡਰਾਅ ਬਹਾਲ ਕਰ ਦਿੱਤੇ ਗਏ ਅਤੇ ਪਹਿਲੇ ਡਰਾਅ ‘ਚ ਹੁਨਰਮੰਦ ਕਾਮੇ (ਸਕਿਲਡ ਵਰਕਰਜ਼) ਪ੍ਰੋਗਰਾਮ ਅਤੇ ਕੈਨੇਡੀਅਨ ਐਕਸਪੀਰੀਅੰਸ ਕਲਾਸ (ਸੀ.ਈਸੀ.) ਦੇ 1500 ਉਮੀਦਵਾਰਾਂ ਨੂੰ ਅਪਲਾਈ ਕਰਨ ਦਾ ਸੱਦਾ ਭੇਜਿਆ ਗਿਆ ਹੈ। ਕੰਪਰੀਹੈਂਸਿਵ ਰੈਂਕਿੰਗ ਸਿਸਟਮ ਦਾ ਸਕੋਰ 557 ਰਿਹਾ, ਜਿਸ ਦਾ ਭਾਵ ਹੈ ਕਿ ਇਸ ਤੋਂ ਵੱਧ ਸਕੋਰ ਵਾਲੇ ਉਮੀਦਵਾਰਾਂ ਨੂੰ ਹੀ ਇਸ ਡਰਾਅ ‘ਚ ਮੌਕਾ ਮਿਲ ਸਕਿਆ ਹੈ।
ਸਕਿੱਲਡ ਵਰਕਰਜ਼ ਪ੍ਰੋਗਰਾਮ ਦੇ ਡਰਾਅ ਮਾਰਚ 2020 ਤੋਂ ਬੰਦ ਸਨ ਅਤੇ ਸੀ.ਈ.ਸੀ. ਦੇ ਡਰਾਅ ਬੀਤੇ ਸਾਲ ਸਤੰਬਰ ‘ਚ ਰੋਕੇ ਗਏ ਸਨ।
ਇਸੇ ਦੌਰਾਨ ਕੈਨੇਡਾ ਦੀ ਇਮੀਗ੍ਰੇਸ਼ਨ ਅਪਲਾਈ ਕਰਕੇ ਇੰਤਜ਼ਾਰ ਕਰ ਰਹੇ ਅਰਜੀਕਰਤਾਵਾਂ ਦੀ ਗਿਣਤੀ 25 ਲੱਖ ਦੇ ਕਰੀਬ ਹੋ ਚੁੱਕੀ ਹੈ ਪਰ ਇਮੀਗ੍ਰੇਸ਼ਨ ਮੰਤਰੀ ਸੀਨ ਫਰੇਜ਼ਰ ਨੇ ਆਖਿਆ ਹੈ ਕਿ ਹੁਣ ਦੇ ਡਰਾਅ ਤੋਂ ਬਾਅਦ ਜੋ ਉਮੀਦਵਾਰ ਅਪਲਾਈ ਕਰਨਗੇ, ਉਨ੍ਹਾਂ ਦੀਆਂ ਅਰਜੀਆਂ ਦਾ ਨਿਪਟਾਰਾ 6 ਮਹੀਨਿਆਂ ਵਿੱਚ ਕਰ ਦਿੱਤਾ ਜਾਇਆ ਕਰੇਗਾ।
ਸਕਿੱਲਡ ਵਰਕਰਜ਼ ਵਾਸਤੇ ਕੈਨੇਡਾ ਦੇ ਦਰਵਾਜ਼ੇ 1967 ‘ਚ ਖੋਲ੍ਹੇ ਗਏ ਸਨ ਅਤੇ ਕਰੋਨਾ ਮਹਾਂਮਾਰੀ ਕਰਕੇ ਮਾਰਚ 2020 ‘ਚ ਇਸ ਪ੍ਰੋਗਰਾਮ ਨੂੰ ਰੋਕਣਾ ਪਿਆ ਸੀ। ਆਮ ਤੌਰ ‘ਤੇ ਹਰੇਕ ਸਾਲ ਕੈਨੇਡਾ ਵਲੋਂ ਦਿੱਤੇ ਜਾਂਦੇ ਪੱਕੇ ਵੀਜ਼ਿਆਂ ‘ਚ 45 ਫੀਸਦੀ ਸਕਿੱਲਡ ਵਰਕਰਜ਼ ਹੁੰਦੇ ਹਨ ਜਿਨ੍ਹਾਂ ਨੂੰ ਕੈਨੇਡਾ ਦੀ ਰੁਜ਼ਗਾਰ ਮਾਰਕਿਟ ਦੀਆਂ ਲੋੜਾਂ ਅਨੁਸਾਰ ਪਹਿਲ ਦਿੱਤੀ ਜਾਂਦੀ ਹੈ। ਕੈਨੇਡਾ ‘ਚ ਪਹੁੰਚ ਚੁੱਕੇ ਵਿਦੇਸ਼ੀ ਵਿਦਿਆਰਥੀਆਂ ਅਤੇ ਕਾਮਿਆਂ ਲਈ ਸੀ.ਈ.ਸੀ. ਤਹਿਤ ਪੱਕੀ ਇਮੀਗ੍ਰੇਸ਼ਨ ਅਪਲਾਈ ਕਰਨਾ ਸੌਖਾ ਹੋ ਜਾਂਦਾ ਹੈ।