-8.5 C
Toronto
Saturday, December 27, 2025
spot_img
Homeਹਫ਼ਤਾਵਾਰੀ ਫੇਰੀਭਾਜਪਾ ਨੂੰ ਬਹੁਮਤ ਨਹੀਂ ਪਰ ਸਰਕਾਰ NDA ਦੀ

ਭਾਜਪਾ ਨੂੰ ਬਹੁਮਤ ਨਹੀਂ ਪਰ ਸਰਕਾਰ NDA ਦੀ

ਬਹੁਮਤ ਤੋਂ ਬਹੁਤ ਦੂਰ ਰਹਿ ਕੇ ਵੀ ‘ਇੰਡੀਆ ਗੱਠਜੋੜ’ ਬਣਿਆ ਵੱਡੀ ਚੁਣੌਤੀ
ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ ਦੀਆਂ ਲੋਕ ਸਭਾ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ ਨੂੰ ਬਹੁਮਤ ਨਹੀਂ ਮਿਲਿਆ ਹੈ, ਪਰ ਫਿਰ ਵੀ ਸਰਕਾਰ ਭਾਜਪਾ ਦੀ ਅਗਵਾਈ ਵਾਲੇ ਐਨ.ਡੀ.ਏ. ਦੀ ਬਣਨ ਜਾ ਰਹੀ ਹੈ। ਲੋਕ ਸਭਾ ਚੋਣਾਂ ਦੇ ਅਣਕਿਆਸੇ ਰੁਝਾਨ/ਨਤੀਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਵੱਡਾ ਸਿਆਸੀ ਝਟਕਾ ਹਨ। ਇਨ੍ਹਾਂ ਰੁਝਾਨਾਂ ਵਿਚ ਭਾਜਪਾ 240 ਸੀਟਾਂ ਨਾਲ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ ਹੈ ਪਰ ਪ੍ਰਧਾਨ ਮੰਤਰੀ ਦੇ ‘400 ਪਾਰ’ ਦੇ ਦਾਅਵਿਆਂ ਦੀ ਫੂਕ ਨਿਕਲ ਗਈ ਤੇ ਭਾਜਪਾ ਆਪਣੇ ਦਮ ‘ਤੇ ਸਪਸ਼ਟ ਬਹੁਮਤ ਜੁਟਾਉਣ ਵਿਚ ਵੀ ਨਾਕਾਮ ਰਹੀ। ਲੋਕ ਸਭਾ ਦੀਆਂ ਕੁੱਲ 543 ਸੀਟਾਂ ਦੇ ਆਏ ਰੁਝਾਨਾਂ ਵਿਚ ਐੱਨਡੀਏ ਗੱਠਜੋੜ ਨੂੰ 293 ਮਿਲੀਆਂ ਹਨ। ਕਾਂਗਰਸ ਦੀ ਅਗਵਾਈ ਵਾਲਾ ‘ਇੰਡੀਆ’ ਗੱਠਜੋੜ ਨੂੰ 232 ਸੀਟਾਂ ਮਿਲੀਆਂ ਹਨ। ਇਸੇ ਤਰ੍ਹਾਂ ਹੋਰ ਉਮੀਦਵਾਰਾਂ ਨੂੰ 18 ਸੀਟਾਂ ‘ਤੇ ਜਿੱਤ ਹਾਸਲ ਹੋਈ ਹੈ। ਬਹੁਮਤ ਸਾਬਤ ਕਰਨ ਲਈ 272 ਸੀਟਾਂ ਦੀ ਲੋੜ ਹੈ, ਜੋ ਐਨਡੀਏ ਕੋਲ ਹੈ। ਇਸਦੇ ਚੱਲਦਿਆਂ ਨਰਿੰਦਰ ਮੋਦੀ ਤੀਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣ ਸਕਦੇ ਹਨ। ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੀ ਇਕ ਸੀਟ ਕਾਂਗਰਸ ਤੇ ਆਪ ਦੇ ਸਾਂਝੇ ਉਮੀਦਵਾਰ ਮਨੀਸ਼ ਤਿਵਾੜੀ ਦੀ ਝੋਲੀ ਪਈ। ਤਿਵਾੜੀ ਨੇ ਭਾਜਪਾ ਦੇ ਸੰਜੇ ਟੰਡਨ ਨੂੰ 2504 ਵੋਟਾਂ ਦੇ ਫਰਕ ਨਾਲ ਹਰਾਇਆ। ਭਾਜਪਾ ਨੂੰ ਕੇਂਦਰ ਵਿਚ ਸਰਕਾਰ ਬਣਾਉਣ ਲਈ ਐੱਨਡੀਏ ਗੱਠਜੋੜ ਵਿਚ ਆਪਣੇ ਭਾਈਵਾਲਾਂ- ਟੀਡੀਪੀ ਦੇ ਚੰਦਰਬਾਬੂ ਨਾਇਡੂ, ਜੇਡੀਯੂ ਦੇ ਨਿਤੀਸ਼ ਕੁਮਾਰ ਤੇ ਹੋਰਨਾਂ ‘ਤੇ ਟੇਕ ਰੱਖਣੀ ਹੋਵੇਗੀ, ਜੋ ਇਸ ਵੇਲੇ ਕਿੰਗਮੇਕਰ ਦੀ ਭੂਮਿਕਾ ਵਿਚ ਹਨ। ਐੱਨਡੀਏ ਤੀਜੀ ਵਾਰ ਸੱਤਾ ਵਿਚ ਆਉਂਦਾ ਹੈ ਤਾਂ ਨਰਿੰਦਰ ਮੋਦੀ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਦੇ ਰੂਪ ਵਿਚ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰਲਾਲ ਨਹਿਰੂ ਦੇ ਰਿਕਾਰਡ ਦੀ ਬਰਾਬਰੀ ਕਰ ਲੈਣਗੇ। ਭਾਜਪਾ ਨੂੰ ਐਤਕੀਂ ਲੋਕ ਸਭਾ ਚੋਣਾਂ ਵਿਚ ਯੂਪੀ ਵਿਚ ਵੀ ਵੱਡਾ ਝਟਕਾ ਲੱਗਾ ਹੈ ਜਿੱਥੇ ਅਖਿਲੇਸ਼ ਯਾਦਵ ਦੀ ਅਗਵਾਈ ਵਾਲੀ ਸਮਾਜਵਾਦੀ ਪਾਰਟੀ ਨੇ ਉਸ ਨੂੰ ਪਿੱਛੇ ਛੱਡ ਦਿੱਤਾ।

RELATED ARTICLES
POPULAR POSTS