Breaking News
Home / ਹਫ਼ਤਾਵਾਰੀ ਫੇਰੀ / ਗੁਜਰਾਤ,ਹਿਮਾਚਲ ਵਿਧਾਨ ਸਭਾ ਅਤੇ ਦਿੱਲੀ ਨਗਰ ਨਿਗਮ ਚੋਣਾਂ ਦੇ ਨਤੀਜੇ

ਗੁਜਰਾਤ,ਹਿਮਾਚਲ ਵਿਧਾਨ ਸਭਾ ਅਤੇ ਦਿੱਲੀ ਨਗਰ ਨਿਗਮ ਚੋਣਾਂ ਦੇ ਨਤੀਜੇ

ਗੁਜਰਾਤ ਵਿਚ ਭਾਜਪਾ ਅਤੇ ਹਿਮਾਚਲ ‘ਚ ਜਿੱਤੀ ਕਾਂਗਰਸ
ਗੁਜਰਾਤ ਕੁੱਲ ਸੀਟਾਂ : 182 ਭਾਜਪਾ-156, ਕਾਂਗਰਸ-17, ਆਪ-05, ਅਜ਼ਾਦ-04
ਹਿਮਾਚਲ ਕੁੱਲ ਸੀਟਾਂ : 68 ਕਾਂਗਰਸ-40, ਭਾਜਪਾ-25, ਅਜ਼ਾਦ-03 , ਆਪ-00
ਚੰਡੀਗੜ੍ਹ/ਬਿਊਰੋ ਨਿਊਜ਼ : ਗੁਜਰਾਤ, ਹਿਮਾਚਲ ਪ੍ਰਦੇਸ਼ ਅਤੇ ਦਿੱਲੀ ਨਗਰ ਨਿਗਮ ਲਈ ਪਈਆਂ ਵੋਟਾਂ ਦੇ ਨਤੀਜੇ ਵੀਰਵਾਰ ਨੂੰ ਆ ਚੁੱਕੇ ਹਨ। ਗੁਜਰਾਤ ਵਿਚ ਆਮ ਆਦਮੀ ਪਾਰਟੀ ਨੇ ਵੱਡੀ ਜਿੱਤ ਦਰਜ ਕਰਦਿਆਂ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ। ਹਿਮਾਚਲ ਵਿਚ ਕਾਂਗਰਸ ਪਾਰਟੀ ਨੇ ਜਿੱਤ ਹਾਸਲ ਕੀਤੀ ਹੈ ਅਤੇ ਹਿਮਾਚਲ ਵਿਚ ਰਾਜ ਤਾਂ ਬਦਲ ਗਿਆ ਪ੍ਰੰਤੂ ਰਿਵਾਜ਼ ਕਾਇਮ ਹੈ। ਉਹ ਇਸ ਕਰਕੇ ਕਿ ਹਰ ਪੰਜ ਸਾਲ ਬਾਅਦ ਹਿਮਾਚਲ ਵਿਚ ਸਰਕਾਰ ਬਦਲ ਜਾਂਦੀ ਹੈ। ਇਸੇ ਦੌਰਾਨ ਦਿੱਲੀ ਨਗਰ ਨਿਗਮ ਲਈ ਪਈਆਂ ਵੋਟਾਂ ਦੇ ਨਤੀਜੇ ਵੀ ਗੁਜਰਾਤ ਅਤੇ ਹਿਮਾਚਲ ਦੇ ਚੋਣ ਨਤੀਜਿਆਂ ਤੋਂ ਇਕ ਦਿਨ ਪਹਿਲਾਂ ਬੁੱਧਵਾਰ ਨੂੰ ਐਲਾਨ ਗਏ ਜਿਸ ਵਿਚ ਆਮ ਆਦਮੀ ਪਾਰਟੀ ਨੇ ਜਿੱਤ ਦਰਜ ਕੀਤੀ। ਦਿੱਲੀ ਵਿਚ ਪਿਛਲੇ 15 ਸਾਲਾਂ ਤੋਂ ਨਗਰ ਨਿਗਮ ‘ਤੇ ਭਾਜਪਾ ਦਾ ਕਬਜ਼ਾ ਸੀ। ਇਨ੍ਹਾਂ ਚੋਣਾਂ ਵਿਚ ਭਾਜਪਾ ਗੁਜਰਾਤ ਨੂੰ ਛੱਡ ਕੇ ਬਾਕੀ ਸਾਰੀਆਂ ਥਾਵਾਂ ‘ਤੇ ਪਛੜ ਗਈ ਹੈ, ਜਿਸ ਨੂੰ ਲੈ ਕੇ ਭਾਜਪਾ ਨੇ ਮੰਥਨ ਵੀ ਸ਼ੁਰੂ ਕਰ ਦਿੱਤਾ ਹੈ।
ਗੁਜਰਾਤ ਦੀਆਂ 182 ਸੀਟਾਂ ਵਿਚੋਂ 156 ਸੀਟਾਂ ‘ਤੇ ਭਾਜਪਾ ਨੇ ਜਿੱਤ ਹਾਸਲ ਕੀਤੀ ਹੈ ਅਤੇ ਕਾਂਗਰਸ ਸਿਰਫ 17 ਸੀਟਾਂ ‘ਤੇ ਸਿਮਟ ਗਈ ਹੈ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਨੂੰ 5 ਸੀਟਾਂ ਮਿਲੀਆਂ ਹਨ ਅਤੇ 4 ਸੀਟਾਂ ‘ਤੇ ਆਜ਼ਾਦ ਉਮੀਦਵਾਰ ਜੇਤੂ ਰਹੇ ਹਨ। ਗੁਜਰਾਤ ਵੋਟਾਂ ਦੇ ਆਏ ਨਤੀਜਿਆਂ ਮੁਤਾਬਕ ਭਾਜਪਾ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਧਿਆਨ ਰਹੇ ਕਿ ਗੁਜਰਾਤ ਵਿਚ ਕਾਂਗਰਸ ਨੇ 1985 ‘ਚ 149 ਸੀਟਾਂ ‘ਤੇ ਰਿਕਾਰਡ ਜਿੱਤ ਦਰਜ ਕੀਤੀ ਸੀ ਅਤੇ ਹੁਣ ਭਾਜਪਾ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ।
ਜਾਣਕਾਰੀ ਮਿਲੀ ਹੈ ਕਿ ਭੁਪੇਂਦਰ ਪਟੇਲ ਦੂਜੀ ਵਾਰ ਗੁਜਰਾਤ ਦੇ ਮੁੱਖ ਮੰਤਰੀ ਬਣਨਗੇ ਅਤੇ ਉਹ ਆਉਂਦੀ 12 ਦਸੰਬਰ ਨੂੰ ਅਹੁਦੇ ਦੀ ਸਹੁੰ ਚੁੱਕਣਗੇ। ਇਸ ਸਹੁੰ ਚੁੱਕ ਸਮਾਗਮ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਪਹੁੰਚਣਗੇ। ਇਸੇ ਦੌਰਾਨ ਹਿਮਾਚਲ ਪ੍ਰਦੇਸ਼ ਵਿਚ ਕਾਂਗਰਸ ਨੇ ਜਿੱਤ ਹਾਸਲ ਕੀਤੀ ਹੈ। ਹਿਮਾਚਲ ਦੀਆਂ 68 ਵਿਧਾਨ ਸਭਾ ਸੀਟਾਂ ਵਿਚੋਂ ਕਾਂਗਰਸ ਪਾਰਟੀ ਨੇ 40 ਸੀਟਾਂ ਜਿੱਤ ਲਈਆਂ ਹਨ ਅਤੇ ਭਾਜਪਾ 25 ਸੀਟਾਂ ਤੱਕ ਸੀਮਤ ਰਹਿ ਗਈ ਹੈ। ਇਹ ਵੀ ਜਾਣਕਾਰੀ ਮਿਲੀ ਹੈ ਹਿਮਾਚਲ ਪ੍ਰਦੇਸ਼ ਵਿਚ ਵੀਰਭੱਦਰ ਸਿੰਘ ਦੀ ਪਤਨੀ ਕਾਂਗਰਸ ਪਾਰਟੀ ਵਲੋਂ ਮੁੱਖ ਮੰਤਰੀ ਬਣ ਸਕਦੇ ਹਨ। ਹਿਮਾਚਲ ਵਿਚ ਰਾਜ ਬਦਲ ਗਿਆ ਹੈ, ਪਰ ਰਿਵਾਜ਼ ਕਾਇਮ ਹੈ। ਉਹ ਇਸ ਕਰਕੇ ਕਿ ਹਿਮਾਚਲ ਵਿਚ ਹਰ 5 ਸਾਲ ਬਾਅਦ ਸਰਕਾਰ ਬਦਲ ਜਾਂਦੀ ਹੈ।
ਜ਼ਿਕਰਯੋਗ ਹੈ ਕਿ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਲਈ ਪਈਆਂ ਵੋਟਾਂ ਦੇ ਨਤੀਜੇ ਵੀ ਆ ਗਏ ਹਨ ਅਤੇ ਇਨ੍ਹਾਂ ਚੋਣਾਂ ਵਿਚ ਕਾਂਗਰਸ ਨੇ ਜਿੱਤ ਹਾਸਲ ਕੀਤੀ ਹੈ ਅਤੇ ਭਾਜਪਾ ਦੂਜੇ ਸਥਾਨ ‘ਤੇ ਰਹੀ ਹੈ। ਆਮ ਆਦਮੀ ਪਾਰਟੀ ਨੇ ਵੀ ਹਿਮਾਚਲ ਪ੍ਰਦੇਸ਼ ਵਿਚ ਜੰਮ ਕੇ ਚੋਣ ਪ੍ਰਚਾਰ ਕੀਤਾ ਸੀ ਅਤੇ ਵੀਰਵਾਰ ਨੂੰ ਆਏ ਚੋਣ ਨਤੀਜਿਆਂ ਮੁਤਾਬਕ ‘ਆਪ’ ਨੂੰ ਕੋਈ ਵੀ ਸੀਟ ਨਹੀਂ ਮਿਲੀ।
ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਦੀ ਸਮੁੱਚੀ ‘ਆਪ’ ਲੀਡਰਸ਼ਿਪ ਨੇ ਹਿਮਾਚਲ ਵਿਚ ਚੋਣ ਪ੍ਰਚਾਰ ਕੀਤਾ ਅਤੇ ਰੋਡ ਸ਼ੋਅ ਵੀ ਕੀਤੇ ਸਨ। ਇਸ ਦੌਰਾਨ ਮੀਡੀਆ ਵਿਚ ਇਹ ਵੀ ਰਿਪੋਰਟਾਂ ਆਈਆਂ ਕਿ ਅਰਵਿੰਦ ਕੇਜਰੀਵਾਲ ਨਾਲ ਹਿਮਾਚਲ ਵਿਚ ਪੰਜਾਬ ਦੀ ਸਕਿਉਰਿਟੀ ਦੇਖੀ ਗਈ। ਇਸ ਨੂੰ ਲੈ ਕੇ ਵਿਰੋਧੀ ਧਿਰਾਂ ਨੇ ਆਮ ਆਦਮੀ ਪਾਰਟੀ ‘ਤੇ ਸਵਾਲ ਵੀ ਚੁੱਕੇ ਸਨ।
ਜੇਕਰ ਹੁਣ ਗੁਜਰਾਤ ਅਤੇ ਹਿਮਾਚਲ ਵਿਧਾਨ ਸਭਾ ਚੋਣਾਂ ਅਤੇ ਦਿੱਲੀ ਨਗਰ ਨਿਗਮ ਚੋਣਾਂ ਵੱਲ ਧਿਆਨ ਮਾਰੀਏ ਤਾਂ ਗੁਜਰਾਤ ਵਿਚ ਭਾਜਪਾ ਨੂੰ ਸਪੱਸ਼ਟ ਬਹੁਮਤ ਮਿਲਿਆ ਹੈ ਅਤੇ ਹਿਮਾਚਲ ਪ੍ਰਦੇਸ਼ ਵਿਚ ਕਾਂਗਰਸ ਨੂੰ ਸਪੱਸ਼ਟ ਬਹੁਮਤ ਮਿਲਿਆ ਹੈ। ਇਸੇ ਤਰ੍ਹਾਂ ਦਿੱਲੀ ਨਗਰ ਨਿਗਮ ਚੋਣਾਂ ਦੇ ਆਏ ਨਤੀਜਿਆਂ ਵਿਚ ਆਮ ਆਦਮੀ ਪਾਰਟੀ ਨੂੰ ਸਪੱਸ਼ਟ ਬਹੁਮਤ ਮਿਲਿਆ ਸੀ।
ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਲਈ ਪਈਆਂ ਵੋਟਾਂ ਦੌਰਾਨ ਬੇਸ਼ੱਕ ਆਮ ਆਦਮੀ ਪਾਰਟੀ ਨੂੰ ਕੋਈ ਬਹੁਤੀ ਸਫਲਤਾ ਹਾਸਲ ਨਹੀਂ ਹੋਈ। ਪ੍ਰੰਤੂ ਇਨ੍ਹਾਂ ਚੋਣ ਨਤੀਜਿਆਂ ਤੋਂ ਬਾਅਦ ਆਮ ਆਦਮੀ ਪਾਰਟੀ ਨੂੰ ਨੈਸ਼ਨਲ ਪਾਰਟੀ ਦਾ ਦਰਜਾ ਜ਼ਰੂਰ ਮਿਲ ਗਿਆ ਹੈ।

 

Check Also

ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ

ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …