Breaking News
Home / ਮੁੱਖ ਲੇਖ / ਪ੍ਰਦੂਸ਼ਣ ਤੋਂ ਮੁਕਤੀ ਬੇਹੱਦ ਜ਼ਰੂਰੀ

ਪ੍ਰਦੂਸ਼ਣ ਤੋਂ ਮੁਕਤੀ ਬੇਹੱਦ ਜ਼ਰੂਰੀ

ਡਾ. ਸਤਿੰਦਰ ਸਿੰਘ
ਮਨੁੱਖੀ ਗ਼ਲਤੀਆਂ ਕਾਰਨ ਧਰਤੀ ‘ਤੇ ਪ੍ਰਦੂਸ਼ਣ ਬੇਹੱਦ ਗੰਭੀਰ ਰੂਪ ਧਾਰਨ ਕਰ ਚੁੱਕਾ ਹੈ। ਮੌਜੂਦਾ ਸਮੇਂ ਵਧਦਾ ਤਾਪਮਾਨ ਪੂਰੇ ਸੰਸਾਰ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਪਾਣੀ ਦੇ ਸੰਕਟ ਦਾ ਖ਼ਮਿਆਜ਼ਾ ਮਨੁੱਖਾਂ ਦੇ ਨਾਲ-ਨਾਲ ਜੀਵ-ਜੰਤੂ ਵੀ ਭੁਗਤ ਰਹੇ ਹਨ। ਅੱਜ ਤੋਂ 50 ਸਾਲ ਪਹਿਲਾਂ ਜਦੋਂ ਜਲ, ਜੰਗਲ, ਜ਼ਮੀਨ ਅਤੇ ਹਵਾ ਵੱਧ ਪ੍ਰਦੂਸ਼ਿਤ ਹੋਣ ਲੱਗੇ ਤਾਂ ਸੰਯੁਕਤ ਰਾਸ਼ਟਰ ਨੇ ਵਾਤਾਵਰਨ ਪ੍ਰਦੂਸ਼ਣ ਪ੍ਰਤੀ ਜਾਗਰੂਕ ਕਰਨ ਦੇ ਉਦੇਸ਼ ਨਾਲ ਪੰਜ ਜੂਨ 1974 ਨੂੰ ਪਹਿਲੀ ਵਾਰ ‘ਵਿਸ਼ਵ ਵਾਤਾਵਰਨ ਦਿਵਸ’ ਵਜੋਂ ਮਨਾਉਣ ਦੀ ਸ਼ੁਰੂਆਤ ਕੀਤੀ।
143 ਤੋਂ ਵੱਧ ਦੇਸ਼ਾਂ ਦੀਆਂ ਸਰਕਾਰਾਂ, ਸਮਾਜ ਸੇਵੀ ਸੰਸਥਾਵਾਂ ਅਤੇ ਵਿੱਦਿਅਕ ਸੰਸਥਾਵਾਂ ਵੱਲੋਂ ਹਰ ਸਾਲ ਪੰਜ ਜੂਨ ਨੂੰ ਵੱਖ-ਵੱਖ ਪ੍ਰੋਗਰਾਮ ਅਤੇ ਸਮਾਗਮ ਕਰਵਾ ਕੇ ਸਮਾਜ ਨੂੰ ਵਾਤਾਵਰਨ ਦੀ ਸੰਭਾਲ ਪ੍ਰਤੀ ਜਾਗਰੂਕ ਕੀਤਾ ਜਾਂਦਾ ਹੈ। ਸੰਯੁਕਤ ਰਾਸ਼ਟਰ ਦੇ ਵਾਤਾਵਰਨ ਸੰਭਾਲ ਪ੍ਰੋਗਰਾਮ ਤਹਿਤ ਹਰ ਸਾਲ ਵਾਤਾਵਰਨ ਦਿਵਸ ਦਾ ਇਕ ਥੀਮ ਸਮੁੱਚੇ ਵਿਸ਼ਵ ਨੂੰ ਦਿੱਤਾ ਜਾਂਦਾ ਹੈ।
ਸਾਲ 2024 ਲਈ ਥੀਮ ‘ਸਾਡੀ ਧਰਤੀ ਸਾਡਾ ਭਵਿੱਖ’ ਹੈ ਜਿਸ ਤਹਿਤ ਸਮਾਜ ਸੇਵੀ ਸੰਸਥਾਵਾਂ, ਵਾਤਾਵਰਨ ਪ੍ਰੇਮੀਆਂ ਅਤੇ ਵਿੱਦਿਅਕ ਸੰਸਥਾਵਾਂ ਦੇ ਸਹਿਯੋਗ ਨਾਲ ਧਰਤੀ ਮਾਂ ਦੀ ਖ਼ਰਾਬ ਹੋ ਚੁੱਕੀ ਸਿਹਤ ਨੂੰ ਦਰੁਸਤ ਕਰਨ ਲਈ ਚੇਤਨਤਾ ਪੈਦਾ ਕਰਨ ਦੇ ਯਤਨ ਕੀਤੇ ਜਾਣਗੇ ਤੇ ਧਰਤੀ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ। ਇਸ ਥੀਮ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਦਾ ਉਪਰਾਲਾ ਵਾਤਾਵਰਨ ਪ੍ਰੇਮੀਆਂ ਵੱਲੋਂ ਕੀਤਾ ਜਾ ਰਿਹਾ ਹੈ। ਬ੍ਰਹਿਮੰਡ ਦੇ ਸਮੂਹ ਗ੍ਰਹਿਆਂ ਵਿੱਚੋਂ ਧਰਤੀ ਸਭ ਤੋਂ ਉੱਤਮ ਅਤੇ ਕਿਸਮਤ ਵਾਲਾ ਗ੍ਰਹਿ ਮੰਨਿਆ ਜਾਂਦਾ ਹੈ ਕਿਉਂਕਿ ਸਿਰਫ਼ ਧਰਤੀ ਉੱਪਰ ਹੀ ਸੁਚੱਜਾ ਜੀਵਨ ਸੰਭਵ ਹੈ। ਇੱਥੇ ਜ਼ਿੰਦਗੀ ਬਹੁਤ ਹੀ ਸੁਚਾਰੂ ਢੰਗ ਨਾਲ ਵਿਕਸਤ ਹੋਈ ਹੈ। ਚਾਹੇ ਉਹ ਮਨੁੱਖੀ ਜ਼ਿੰਦਗੀ ਦੇ ਰੂਪ ਵਿਚ ਹੋਵੇ ਜਾਂ ਪਸ਼ੂ-ਪੰਛੀਆਂ, ਪੇੜ- ਪੌਦਿਆਂ, ਸੂਖਮ ਜੀਵਾਂ ਜਾਂ ਸਮੁੰਦਰੀ ਜੀਵਾਂ ਦੀ ਹੋਵੇ। ਮਨੁੱਖੀ ਜੀਵਨ ਇਸ ਧਰਤੀ ਉੱਪਰ ਕੁਦਰਤ ਦਾ ਸਭ ਤੋਂ ਵੱਡਾ ਤੋਹਫ਼ਾ ਹੈ। ਮਨੁੱਖ ਨੇ ਜਿਉਂ-ਜਿਉਂ ਤਰੱਕੀ ਕੀਤੀ, ਉਸ ਨੇ ਕੁਦਰਤ ਦੇ ਅਨਮੋਲ ਤੋਹਫ਼ਿਆਂ ਨੂੰ ਇਕ ਦੈਂਤ ਦੀ ਤਰ੍ਹਾਂ ਲੁੱਟਿਆ ਤੇ ਇੱਥੋਂ ਦੇ ਵਾਤਾਵਰਨ ਨੂੰ ਪੂਰੀ ਤਰ੍ਹਾਂ ਪ੍ਰਦੂਸ਼ਿਤ ਕਰ ਦਿੱਤਾ ਹੈ। ਅੱਜ ਤੋਂ ਸੈਂਕੜੇ ਸਾਲ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵਾਤਾਵਰਨ ਨੂੰ ਮਹੱਤਤਾ ਦਿੰਦੇ ਹੋਏ ਆਪਣੀ ਬਾਣੀ ਵਿਚ ਪਵਨ ਅਰਥਾਤ ਹਵਾ ਨੂੰ ਗੁਰੂ ਦਾ ਦਰਜਾ ਦਿੱਤਾ, ਪਾਣੀ ਨੂੰ ਪਿਤਾ ਤੇ ਧਰਤੀ ਨੂੰ ਮਾਂ ਆਖਿਆ। ਪ੍ਰੰਤੂ ਅੱਜ ਮਨੁੱਖ ਨੇ ਹਵਾ ਨੂੰ ਇਸ ਕਦਰ ਪ੍ਰਦੂਸ਼ਿਤ ਕਰ ਦਿੱਤਾ ਹੈ ਕਿ ਉਸ ਦਾ ਆਪਣਾ ਤਾਂ ਕੀ, ਜੀਵ-ਜੰਤੂਆਂ ਦਾ ਸਾਹ ਲੈਣਾ ਵੀ ਔਖਾ ਹੋ ਰਿਹਾ ਹੈ। ਹਵਾ ਵਿਚ ਨਾਈਟ੍ਰੋਜਨ ਆਕਸਾਈਡ, ਸਲਫਰ ਡਾਈਆਕਸਾਈਡ, ਕਾਰਬਨ ਡਾਈਆਕਸਾਈਡ ਅਤੇ ਕਲੋਰੋ ਫਲੋਰੋ ਕਾਰਬਨ ਵਰਗੀਆਂ ਜ਼ਹਿਰੀਲੀਆਂ ਗੈਸਾਂ ਦੀ ਵਧਦੀ ਮਾਤਰਾ ਕਾਰਨ ਨਜ਼ਲਾ, ਜ਼ੁਕਾਮ, ਖਾਂਸੀ, ਦਮਾ ਰੋਗ ਤੇ ਅੱਖਾਂ ਦੇ ਅਨੇਕ ਗੰਭੀਰ ਰੋਗਾਂ ਤੋਂ ਲੋਕ ਪੀੜਤ ਹੋ ਰਹੇ ਹਨ। ਭਾਰਤ ਵਿਚ ਸਾਹ ਤੇ ਦਮੇ ਦੀਆਂ ਬਿਮਾਰੀਆਂ ਦੇ ਮਰੀਜ਼ ਲਗਾਤਾਰ ਵਧ ਰਹੇ ਹਨ।
ਹਵਾ ਪ੍ਰਦੂਸ਼ਣ ਕਾਰਨ ਮਨੁੱਖ ਦੀ ਅਰੋਗਤਾ ਨੂੰ ਬਹੁਤ ਵੱਡਾ ਧੱਕਾ ਲੱਗਿਆ ਹੈ। ਧਰਤੀ ‘ਤੇ ਪਾਣੀ ਨੂੰ ਅੱਜ ਦੋਹਰੀ ਮਾਰ ਪੈ ਰਹੀ ਹੈ। ਇਕ ਤਾਂ ਧਰਤ ਹੇਠਲੇ ਪਾਣੀ ਦੇ ਪੱਧਰ ਦਾ ਲਗਾਤਾਰ ਹੇਠਾਂ ਜਾਣਾ ਅਤੇ ਦੂਸਰਾ ਮੌਜੂਦ ਪਾਣੀ ਦਾ ਪ੍ਰਦੂਸ਼ਿਤ ਹੋਣਾ। ਕਹਿਣ ਨੂੰ ਤਾ ਧਰਤੀ ਦਾ 75% ਰਕਬੇ ‘ਤੇ ਪਾਣੀ ਹੈ ਪਰ ਅਸਲ ਵਿਚ ਸਿਰਫ਼ 0.007% ਪਾਣੀ ਹੀ ਪੀਣਯੋਗ ਹੈ ਕਿਉਂਕਿ ਪਾਣੀ ਦਾ 97.5% ਹਿੱਸਾ ਖਾਰਾ (ਸਮੁੰਦਰ) ਹੈ। ਬਾਕੀ ਰਹਿ ਗਿਆ 2.5% ਪਾਣੀ ਵਰਤੋਂ ਯੋਗ ਹੈ। ਵਰਤੋਂ ਯੋਗ ਪਾਣੀ ਨੂੰ ਵੀ ਫੈਕਟਰੀਆਂ ਦੇ ਪ੍ਰਦੂਸ਼ਿਤ ਪਾਣੀ ਅਤੇ ਸੀਵਰੇਜ ਦੀ ਨਿਕਾਸੀ ਆਦਿ ਪਲੀਤ ਕੀਤਾ ਜਾ ਰਿਹਾ ਹੈ। ਗੰਗਾ ਨਦੀ ਜੋ ਗੋਮੁੱਖ ਨਾਮ ਦੇ ਸਥਾਨ ਤੋਂ ਨਿਕਲ ਕੇ ਬੰਗਾਲ ਦੀ ਖਾੜੀ ਤਾਂ ਦੂਰ, ਕਾਨਪੁਰ ਤੱਕ ਪਹੁੰਚਦੇ ਹੀ ਇਕ ਖੁੱਲ੍ਹੇ ਸੀਵਰ ਦਾ ਰੂਪ ਧਾਰਨ ਕਰ ਜਾਂਦੀ ਹੈ। ਦੇਸ਼ ਦੇ ਬਾਕੀ ਦਰਿਆਵਾਂ ਦਾ ਹਾਲ ਤਾਂ ਇਸ ਤੋਂ ਵੀ ਮਾੜਾ ਹੈ। ਪ
ੰਜਾਬ ਜਿਸ ਨੂੰ ਪੰਜ ਦਰਿਆਵਾਂ ਦੀ ਧਰਤੀ ਕਿਹਾ ਜਾਂਦਾ ਹੈ, ਉਸ ਦਾ ਸਭ ਤੋਂ ਵੱਡਾ ਦਰਿਆ ਸਤਲੁਜ ਜਦੋਂ ਤਿੱਬਤ ਵਿੱਚੋਂ ਮਾਨਸਰੋਵਰ ਦੇ ਨੇੜੇ ਰਾਕਸ਼ਸਤਾਲ ਝੀਲ ਤੋਂ ਸ਼ੁਰੂ ਹੋ ਕੇ ਸ਼ਿਪਾਕੀ ਦੱਰੇ ਵਿੱਚੋਂ ਲੰਘ ਕੇ ਭਾਰਤ ਵਿਚ ਦਾਖ਼ਲ ਹੁੰਦਾ ਹੈ ਤਾਂ ਬੇਹੱਦ ਸਾਫ਼ ਅਤੇ ਨੀਲੇ ਰੰਗ ਦਾ ਹੁੰਦਾ ਹੈ ਪਰ ਜਦੋਂ ਪੰਜਾਬ ਵਿੱਚੋਂ ਲੰਘਦਾ ਹੋਇਆ ਹੁਸੈਨੀਵਾਲਾ (ਫਿਰੋਜ਼ਪੁਰ) ਦੇ ਨਜ਼ਦੀਕ ਪਾਕਿਸਤਾਨ ਵਾਲੇ ਪਾਸੇ ਦਾਖ਼ਲ ਹੋ ਜਾਂਦਾ ਹੈ ਤਾਂ ਇਸ ਦਾ ਪਾਣੀ ਕਾਲਾ, ਬੇਹੱਦ ਪ੍ਰਦੂਸ਼ਿਤ ਅਤੇ ਬਦਬੂ ਵਾਲਾ ਹੋ ਜਾਂਦਾ ਹੈ। ਇਸ ਦੇ ਕੰਢੇ ਵਸੇ ਲੋਕ ਕੈਂਸਰ, ਕਾਲਾ ਪੀਲੀਆ, ਕਿਡਨੀ ਦੇ ਰੋਗਾਂ ਅਤੇ ਅਨੇਕ ਹੋਰ ਲਾਇਲਾਜ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਪੰਜਾਬ ਦੇ 146 ਬਲਾਕਾਂ ਵਿੱਚੋਂ ਲਗਪਗ 110 ਬਲਾਕ ਡਾਰਕ ਜ਼ੋਨ ਵਿਚ ਜਾ ਚੁੱਕੇ ਹਨ ਜੋ ਬੇਹੱਦ ਚਿੰਤਾ ਦਾ ਵਿਸ਼ਾ ਹੈ। ਧਰਤੀ ਜਿਸ ਨੂੰ ਅਸੀਂ ਮਾਂ ਦਾ ਦਰਜਾ ਦਿੰਦੇ ਹਾਂ, ਅੱਜ ਸਾਨੂੰ ਖਾਣ ਲਈ ਜ਼ਹਿਰੀਲੀਆਂ ਫ਼ਸਲਾਂ ਪੈਦਾ ਕਰ ਕੇ ਦੇ ਰਹੀ ਹੈ। ਅੱਜ ਵਾਤਾਵਰਨ ਦੀ ਹਾਲਤ ਇਹ ਹੋ ਗਈ ਹੈ ਕਿ ਧਰਤੀ ਉੱਪਰ ਜਾਣੀਆਂ-ਪਛਾਣੀਆਂ 17 ਲੱਖ ਪ੍ਰਜਾਤੀਆਂ ਵਿੱਚੋਂ ਪ੍ਰਦੂਸ਼ਣ ਕਾਰਨ ਇਕ ਨਸਲ ਹਰ ਘੰਟੇ ਖ਼ਤਮ ਹੋ ਰਹੀ ਹੈ। ਭਾਰਤ ਵਰਗੇ ਵਿਕਾਸਸ਼ੀਲ ਦੇਸ਼ ਦੇ ਅਰਬਾਂ ਰੁਪਏ ਪ੍ਰਦੂਸ਼ਣ ਕਾਰਨ ਹੋਣ ਵਾਲੀਆਂ ਬਿਮਾਰੀਆਂ ਦੇ ਇਲਾਜ ‘ਤੇ ਖ਼ਰਚ ਕੀਤੇ ਜਾ ਰਹੇ ਹਨ।
ਪ੍ਰਦੂਸ਼ਣ ਕਾਰਨ ਵਧਦਾ ਤਾਪਮਾਨ ਇਕ ਵਿਸ਼ਵ-ਵਿਆਪੀ ਸਮੱਸਿਆ ਬਣ ਚੁੱਕਾ ਹੈ। ਜੇ ਆਲਮੀ ਤਪਸ਼ ਇਸੇ ਰਫਤਾਰ ਨਾਲ ਵਧਦੀ ਗਈ ਤਾਂ ਗਲੇਸ਼ੀਅਰ ਖ਼ਤਮ ਹੋ ਜਾਣਗੇ, ਸਮੁੰਦਰਾਂ ਵਿਚ ਪਾਣੀ ਵਧ ਜਾਵੇਗਾ ਜੋ ਸਮੁੰਦਰ ਕੰਢੇ ਵਸਣ ਵਾਲੇ ਕਰੋੜਾਂ ਲੋਕਾਂ ਲਈ ਖ਼ਤਰੇ ਦੀ ਘੰਟੀ ਸਾਬਿਤ ਹੋਵੇਗਾ।
ਵਧਦੀ ਜਨਸੰਖਿਆ ਪ੍ਰਦੂਸ਼ਣ ਦਾ ਸਭ ਤੋਂ ਵੱਡਾ ਕਾਰਨ ਹੈ ਕਿਉਂਕਿ ਅਨਾਜ ਪੈਦਾ ਕਰਨ ਅਤੇ ਰਹਿਣ ਲਈ ਮਕਾਨ ਬਣਾਉਣ ਖ਼ਾਤਰ ਦਰੱਖਤਾਂ ਦੀ ਕਟਾਈ ਧੜੱਲੇ ਨਾਲ ਕੀਤੀ ਜਾ ਰਹੀ ਹੈ।
ਮੋਟਰ-ਗੱਡੀਆਂ ਨੇ ਜਿੱਥੇ ਮਨੁੱਖੀ ਜੀਵਨ ਨੂੰ ਤੇਜ਼ ਬਣਾਇਆ ਅਤੇ ਅਨੇਕਾਂ ਸਹੂਲਤਾਂ ਪ੍ਰਦਾਨ ਕੀਤੀਆਂ, ਉੱਥੇ ਹੀ ਇਨ੍ਹਾਂ ਕਾਰਨ ਹੋਣ ਵਾਲੇ ਪ੍ਰਦੂਸ਼ਣ ਸਦਕਾ ਅਨੇਕ ਭਿਅੰਕਰ ਬਿਮਾਰੀਆਂ ਹੋ ਰਹੀਆਂ ਹਨ। ਵਧਦੇ ਸ਼ਹਿਰੀਕਰਨ ਕਾਰਨ ਫਾਲਤੂ ਕੂੜਾ-ਕਰਕਟ, ਗੰਦਗੀ, ਪਲਾਸਟਿਕ ਪਦਾਰਥ ਅਤੇ ਵਿਸ਼ੇਸ਼ ਤੌਰ ‘ਤੇ ਪੌਲੀਥੀਨ ਦੇ ਢੇਰ ਵਾਤਾਵਰਨ ਨੂੰ ਪ੍ਰਦੂਸ਼ਿਤ ਕਰਨ ਵਿਚ ਸਭ ਤੋਂ ਅੱਗੇ ਹਨ। ਏਅਰ ਕੰਡੀਸ਼ਨਾਂ ਤੋਂ ਨਿਕਲਣ ਵਾਲੀ ਕਲੋਰੋ ਫਲੋਰੋ ਕਾਰਬਨ ਗੈਸ ਓਜ਼ੋਨ ਪਰਤ ਨੂੰ ਪਤਲਾ ਕਰਨ ਵਿਚ ਸਭ ਤੋਂ ਵੱਡੀ ਭੂਮਿਕਾ ਅਦਾ ਕਰ ਰਹੀ ਹੈ।
ਓਜ਼ੋਨ ਪਰਤ ਪਤਲੀ ਹੋਣ ਕਾਰਨ ਮਨੁੱਖੀ ਜੀਵਨ ਦੀ ਅਰੋਗਤਾ ਨੂੰ ਬਹੁਤ ਵੱਡਾ ਝਟਕਾ ਲੱਗ ਰਿਹਾ ਹੈ ਅਤੇ ਅਨੇਕ ਲਾਇਲਾਜ ਬਿਮਾਰੀਆਂ ਲੱਗ ਰਹੀਆਂ ਹਨ। ਭਾਵੇਂ ਹੁਣ ਵਾਤਾਵਰਨ ਸਬੰਧੀ ਖ਼ਤਰੇ ਦੀ ਘੰਟੀ ਵੱਜ ਚੁੱਕੀ ਹੈ ਪਰ ਅਜੇ ਵੀ ਸਮਾਂ ਹੈ ਕਿ ਅਸੀਂ ਵਾਤਾਵਰਨ ਨੂੰ ਸੰਭਾਲੀਏ। ਜ਼ਿਆਦਾ ਤੋਂ ਜ਼ਿਆਦਾ ਪੌਦੇ ਲਗਾਏ ਜਾਣ, ਪੌਲੀਥੀਨ ਦਾ ਪ੍ਰਯੋਗ ਨਾ ਹੋਵੇ, ਮੋਟਰ-ਗੱਡੀਆਂ ‘ਤੇ ਵਿਸ਼ੇਸ਼ ਕਿਸਮ ਦੇ ਸਾਈਲੈਂਸਰ ਲਗਾਏ ਜਾਣ, ਲੈਡ ਰਹਿਤ ਪੈਟਰੋਲ ਦੀ ਵਰਤੋਂ ਕੀਤੀ ਜਾਵੇ, ਕਾਰਖਾਨਿਆਂ ਵਿਚ ਵਿਸ਼ੇਸ਼ ਕਿਸਮ ਦੀਆਂ ਚਿਮਨੀਆ ਲੱਗਣ।
ਵਾਤਾਵਰਨ ਦੀ ਸੰਭਾਲ ਸਬੰਧੀ ਕਾਨੂੰਨ ਤਾਂ ਸਾਡੇ ਦੇਸ਼ ‘ਚ ਬਹੁਤ ਹਨ ਪਰ ਉਨ੍ਹਾਂ ਦਾ ਲਾਭ ਤਾਂ ਹੀ ਹੈ ਜੇ ਸਖ਼ਤੀ ਤੇ ਇਮਾਨਦਾਰੀ ਨਾਲ ਉਹ ਲਾਗੂ ਕੀਤੇ ਜਾਣ। ਸਮੇਂ ਦੀ ਲੋੜ ਅਨੁਸਾਰ ਪਾਠਕ੍ਰਮ ‘ਚ ਵਾਤਾਵਰਨ ਨੂੰ ਵਿਸ਼ੇਸ਼ ਸਥਾਨ ਦਿੱਤਾ ਜਾਵੇ।

Check Also

ਭਾਰਤ ‘ਚ ਲੋਕ ਸਭਾ ਚੋਣਾਂ ਦੇ ਫਤਵੇ ਦੇ ਸਬਕ

ਅਸ਼ਵਨੀ ਕੁਮਾਰ ਭਾਰਤ ‘ਚ ਲੋਕ ਸਭਾ ਚੋਣਾਂ ਦਾ ਫਤਵਾ ਲੋਕਰਾਜ, ਗੈਰਤ ਅਤੇ ਨਿਆਂ ਦੇ ਹੱਕ …