12.7 C
Toronto
Saturday, October 18, 2025
spot_img
Homeਪੰਜਾਬਗੁਰਦੁਆਰੇ ਦੀ ਪ੍ਰਧਾਨਗੀ ਦਾ ਵਿਵਾਦ: ਦੋ ਭਰਾ ਕਤਲ

ਗੁਰਦੁਆਰੇ ਦੀ ਪ੍ਰਧਾਨਗੀ ਦਾ ਵਿਵਾਦ: ਦੋ ਭਰਾ ਕਤਲ

Gurdware de Pardhangi 2 Deadਦੋ ਹੋਰ ਗੰਭੀਰ ਜ਼ਖ਼ਮੀ; ਵਿਦੇਸ਼ੋਂ ਆਇਆ ਮੁਲਜ਼ਮ ਖੁਦ ਬਣਨਾ ਚਾਹੁੰਦਾ ਸੀ ਪ੍ਰਧਾਨ
ਜਗਰਾਉਂ/ਬਿਊਰੋ ਨਿਊਜ਼
ਥਾਣਾ ਹਠੂਰ ਦੇ ਪਿੰਡ ਚਕਰ ਵਿੱਚ ਗੁਰਦੁਆਰੇ ਦੀ ਪ੍ਰਧਾਨਗੀ ਦੇ ਵਿਵਾਦ ਕਾਰਨ ਦੋ ਵਿਅਕਤੀਆਂ ਦਾ ਕਤਲ ਹੋ ਗਿਆ। ਡੀਐਸਪੀ ਰਛਪਾਲ ਸਿੰਘ ਢੀਂਡਸਾ ਅਤੇ ਪੜਤਾਲੀਆ ਅਫ਼ਸਰ ਏਐਸਆਈ ਮਨੋਹਰ ਲਾਲ ਨੇ ਦੱਸਿਆ ਕਿ ਪਿੰਡ ਵਿੱਚ ਇੱਕ ਗੁਰਦੁਆਰਾ ਹੈ, ਜਿਸ ਦੀ ਪ੍ਰਧਾਨਗੀ ਲਈ ਦੋ-ਤਿੰਨ ਮਹੀਨੇ ਪਹਿਲਾਂ ਪਿੰਡ ਵੱਲੋਂ ਸਾਂਝੇ ਤੌਰ ‘ਤੇ ਮਤਾ ਪਾਇਆ ਗਿਆ ਸੀ ਅਤੇ ਸਰਬਸੰਮਤੀ ਨਾਲ ਹੀਰਾ ਸਿੰਘ ਨੂੰ ਪ੍ਰਧਾਨ  ਚੁਣ ਲਿਆ ਗਿਆ ਸੀ। ਪਿੰਡ ਦਾ ਇੱਕ ਹੋਰ ਵਿਅਕਤੀ ਹਰਜੀਤ ਸਿੰਘ ਪੁੱਤਰ ਸੁਖਪਾਲ ਸਿੰਘ ਜੋ ਕਿ ਕੁਝ ਸਮਾਂ ਪਹਿਲਾ ਵਿਦੇਸ਼ ਤੋਂ ਆਇਆ ਹੈ, ਗੁਰਦੁਆਰੇ ਦੀ ਪ੍ਰਧਾਨਗੀ ਦਾ ਇੱਛੁਕ ਸੀ ਅਤੇ ਹੀਰਾ ਸਿੰਘ ਨੂੰ ਪ੍ਰਧਾਨ ਬਣਾਉਣ ਤੋਂ ਕਥਿਤ ਖ਼ਫ਼ਾ ਸੀ।
ਗੁਰਦੁਆਰੇ ਵਿੱਚ ਪ੍ਰਧਾਨ ਹੀਰਾ ਸਿੰਘ ਦੀ ਅਗਵਾਈ ਵਿਚ ਸਫ਼ਾਈ ਦਾ ਕੰਮ ਚੱਲ ਰਿਹਾ ਸੀ। ਹਰਜੀਤ ਸਿੰਘ ਉਥੇ ਆਇਆ ਅਤੇ ਸਾਈਕਲ ‘ਤੇ ਸਵਾਰ ਹੋ ਕੇ ਗੁਰਦੁਆਰੇ ਦੇ ਮੁੱਖ ਗੇਟ ਅੱਗੋਂ ਵਾਰ-ਵਾਰ ਲੰਘਣ ਲੱਗਿਆ ਤਾਂ ਸੇਵਾ ਕਰਨ ਵਾਲਿਆਂ ਨੇ ਵਰਜ ਦਿੱਤਾ। ਇਸ ਤੋਂ ਖ਼ਫ਼ਾ ਹੋ ਕੇ ਹਰਜੀਤ ਸਿੰਘ ਨੇ ਸ੍ਰੀ ਸਾਹਿਬ ਕੱਢੀ ਅਤੇ ਹੀਰਾ ਸਿੰਘ ਤੇ ਸਾਥੀਆਂ ‘ਤੇ ਵਾਰ ਕਰਨੇ ਸ਼ੁਰੂ ਕਰ ਦਿੱਤੇ। ਇਸ ਮਗਰੋਂ ਉਹ ਆਪਣੇ ਘਰ ਚਲਾ ਗਿਆ ਤੇ ਰਾਈਫਲ ਲੈ ਆਇਆ। ਉਸ ਨਾਲ ਉਸ ਦਾ ਪਿਤਾ ਸੁਖਪਾਲ ਸਿੰਘ ਤੇ ਭਰਾ ਚਰਨਜੀਤ ਸਿੰਘ ਵੀ ਪੁੱਜ ਗਏ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਹੀਰਾ ਸਿੰਘ ਦਾ ਭਰਾ ਹੌਲਦਾਰ ਬਲਬੀਰ ਸਿੰਘ ਵੀ ਰਾਈਫਲ ਸਮੇਤ ਆ ਗਿਆ ਪਰ ਇੰਨੇ ਵਿੱਚ ਹਰਜੀਤ ਸਿੰਘ ਅਤੇ ਚਰਨਜੀਤ ਸਿੰਘ ਨੇ ਹੀਰਾ ਸਿੰਘ ਅਤੇ ਬਲਬੀਰ ਸਿੰਘ ਨੂੰ ਗੋਲੀਆਂ ਮਾਰ ਦਿੱਤੀਆਂ, ਜਿਸ ਨਾਲ ਦੋਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਇਸ ਖ਼ੂਨੀ ਝੜਪ ਵਿਚ ਬਲਬੀਰ ਸਿੰਘ ਦਾ ਪੁੱਤ ਗੁਰਵਿੰਦਰ ਸਿੰਘ ਅਤੇ ਗੁਰਦੁਆਰੇ ਦਾ ਲਾਂਗਰੀ ਵੀਰ ਸਿੰਘ ਵੀ ਜ਼ਖ਼ਮੀ ਹੋ ਗਏ। ਪਿੰਡ ਦੇ ਲੋਕਾਂ ਨੇ ਹੀਰਾ ਸਿੰਘ ਤੇ ਬਲਬੀਰ ਸਿੰਘ ਦੀਆਂ ਲਾਸ਼ਾਂ ਅਤੇ ਗੁਰਵਿੰਦਰ ਸਿੰਘ ਤੇ ਵੀਰ ਸਿੰਘ ਨੂੰ ਸਿਵਲ ਹਸਪਤਾਲ ਪਹੁੰਚਾਇਆ। ਇਸ ਮੌਕੇ ਪੁਲਿਸ ਨੇ ਘਟਨਾ ਸਥਾਨ ‘ਤੇ ਪੁੱਜ ਕੇ ਹਥਿਆਰ ਕਬਜ਼ੇ ਵਿੱਚ ਲੈ ਲਏ ਅਤੇ ਬਲਬੀਰ ਸਿੰਘ ਦੇ ਪੁੱਤਰ ਗੁਰਵਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਲਿਖਤੀ ਕਾਰਵਾਈ ਅਮਲ ਵਿੱਚ ਲਿਆਂਦੀ।
ਗੁਰਵਿੰਦਰ ਸਿੰਘ ਨੇ ਬਿਆਨਾਂ ਵਿੱਚ ਦੱਸਿਆ ਕਿ ਹਰਜੀਤ ਸਿੰਘ, ਚਰਨਜੀਤ ਸਿੰਘ, ਸੁਖਪਾਲ ਸਿੰਘ ਤੇ ਉਨ੍ਹਾਂ ਦੇ ਸਾਥੀ ਰਾਈਫਲ ਲੈ ਕੇ ਗਏ। ਉਸ ਨੇ ਦੱਸਿਆ ਕਿ ਸੁਖਪਾਲ ਸਿੰਘ ਕੋਲ ਰਾਈਫਲ ਤੋਂ ਬਿਨਾਂ ਉਸ ਦੇ ਅੱਧੀ ਦਰਜਨ ਦੇ ਕਰੀਬ ਸਾਥੀਆਂ ਕੋਲ ਤੇਜ਼ਧਾਰ ਹਥਿਆਰ ਸਨ, ਜਿਨ੍ਹਾਂ ਨਾਲ ਉਨ੍ਹਾਂ ਨੇ ਉਸ ਦੇ ਪਿਤਾ ਅਤੇ ਚਾਚੇ ‘ਤੇ ਲਗਾਤਾਰ ਵਾਰ ਕੀਤੇ। ਡੀਐਸਪੀ ਰਛਪਾਲ ਸਿੰਘ ਢੀਂਡਸਾ ਨੇ ਦੱਸਿਆ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰੇ ਜਾ ਰਹੇ ਹਨ। ਹੌਲਦਾਰ ਬਲਬੀਰ ਸਿੰਘ ਤੇ ਹੀਰਾ ਸਿੰਘ ਦੀਆਂ ਲਾਸ਼ਾਂ ਪੋਸਟਮਾਰਟਮ ਮਗਰੋਂ ਵਾਰਸਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ। ਇਸ ਦੌਰਾਨ ਹਲਕਾ ਵਿਧਾਇਕ ਐਸ. ਆਰ. ਕਲੇਰ ਨੇ ਜ਼ਖ਼ਮੀ ਗੁਰਵਿੰਦਰ ਸਿੰਘ ਅਤੇ ਬੀਰ ਸਿੰਘ ਦਾ ਹਸਪਤਾਲ ਵਿੱਚ ਪਤਾ ਲਿਆ ਤੇ ਘਟਨਾ ਦੀ ਨਿੰਦਾ ਕੀਤੀ।

RELATED ARTICLES
POPULAR POSTS