Breaking News
Home / ਪੰਜਾਬ / ਯੂਪੀ ਸਰਕਾਰ ਵੱਲੋਂ ਧਾਰਮਿਕ ਸਥਾਨਾਂ ਦੀ ਮੁਫ਼ਤ ਯਾਤਰਾ ਸ਼ੁਰੂ

ਯੂਪੀ ਸਰਕਾਰ ਵੱਲੋਂ ਧਾਰਮਿਕ ਸਥਾਨਾਂ ਦੀ ਮੁਫ਼ਤ ਯਾਤਰਾ ਸ਼ੁਰੂ

UP Yatra News ASR copy copyਹਰਿਮੰਦਰ ਸਾਹਿਬ ਮੱਥਾ ਟੇਕਣ ਪੁੱਜੇ 900 ਸ਼ਰਧਾਲੂ
ਅੰਮ੍ਰਿਤਸਰ/ਬਿਊਰੋ ਨਿਊਜ਼
ਪੰਜਾਬ ਸਰਕਾਰ ਦੀ ਤਰਜ਼ ‘ਤੇ ਉਤਰ ਪ੍ਰਦੇਸ਼ ਸਰਕਾਰ ਵੱਲੋਂ ਵੀ ਆਪਣੇ ਸੂਬਾ ਵਾਸੀਆਂ ਨੂੰ ਧਾਰਮਿਕ ਅਸਥਾਨਾਂ ਦੀ ਮੁਫ਼ਤ ਯਾਤਰਾ ਕਰਾਉਣ ਦੀ ਯੋਜਨਾ ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ ਉਤਰ ਪ੍ਰਦੇਸ਼ ਦੇ ਲਗਭਗ 900 ਸ਼ਰਧਾਲੂ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਇੱਕ ਵਿਸ਼ੇਸ਼ ਰੇਲ ਗੱਡੀ ਰਾਹੀਂ ਇੱਥੇ ਪੁੱਜੇ। ਉਨ੍ਹਾਂ ਦਾ ਇੱਥੇ ਪੁੱਜਣ ‘ਤੇ ਉਤਰ ਪ੍ਰਦੇਸ਼ ਦੇ ਜੇਲ੍ਹ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਨੇ ਸਵਾਗਤ ਕੀਤਾ।
ਵਾਤਾਨੂਕੁਲਤ ਰੇਲ ਗੱਡੀ ਰਾਹੀਂ ਲਖਨਊ ਤੋਂ ਅੰਮ੍ਰਿਤਸਰ ਪੁੱਜੇ ਲਗਭਗ 900 ਯਾਤਰੀਆਂ ਵਿੱਚ 400 ਸਿੱਖ ਯਾਤਰੀ, ਸਹਿਜਧਾਰੀ ਤੇ ਸਿੰਧੀ ਸਿੱਖਾਂ ਤੋਂ ਇਲਾਵਾ ਮੁਸਲਮਾਨ ਤੇ ਹਿੰਦੂ ਯਾਤਰੀ ਵੀ ਸ਼ਾਮਲ ਹਨ। ਇਸ ਤਿੰਨ ਰੋਜ਼ਾ ਯਾਤਰਾ ਦੌਰਾਨ ਇਹ ਯਾਤਰੀ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਤੋਂ ਬਾਅਦ ਅਟਾਰੀ ਸਰਹੱਦ ‘ਤੇ ਹੁੰਦੀ ਝੰਡਾ ਉਤਾਰਨ ਦੀ ਰਸਮ ਦੇਖਣ ਲਈ ਵੀ ਜਾਣਗੇ ਅਤੇ ਇਤਿਹਾਸਕ ਜਲ੍ਹਿਆਂਵਾਲਾ ਬਾਗ ਵਿੱਚ ਸ਼ਹੀਦੀ ਸਮਾਰਕ ‘ਤੇ ਵੀ ਸ਼ਰਧਾ ਦੇ ਫੁੱਲ ਭੇਟ ਕਰਨਗੇ। ਯੂ.ਪੀ. ਦੇ ਜੇਲ੍ਹ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਨੇ ਦੱਸਿਆ ਕਿ ਯੂ.ਪੀ. ਸਰਕਾਰ ਅਜਿਹੀ ਪਹਿਲੀ ਗੈਰ ਪੰਜਾਬੀ ਸਰਕਾਰ ਹੈ, ਜਿਸ ਨੇ ਸਿੱਖਾਂ ਤੇ ਹੋਰ ਧਰਮਾਂ ਦੇ ਯਾਤਰੀਆਂ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਭੇਜਿਆ ਹੈ। ਯੂ.ਪੀ. ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਦੀ ਇਸ ਯੋਜਨਾ ਨਾਲ ਉਨ੍ਹਾਂ ਨੇ ਸਿੱਖ ਭਾਈਚਾਰੇ ਦੇ ਮਨਾਂ ਵਿੱਚ ਵਿਸ਼ੇਸ਼ ਥਾਂ ਬਣਾ ਲਈ ਹੈ। ਇਸ ਤੋਂ ਇਲਾਵਾ ਅਯੁਧਿਆ ਜਗਨਨਾਥ ਪੁਰੀ ਅਤੇ ਅਜਮੇਰ ਸ਼ਰੀਫ ਵਾਸਤੇ ਵੀ ਸ਼ਰਧਾਲੂਆਂ ਨੂੰ ਭੇਜਿਆ ਜਾ ਰਿਹਾ ਹੈ। ਇਸ ਯਾਤਰਾ ਲਈ ਯਾਤਰੀਆਂ ਕੋਲੋਂ ਕੋਈ ਖਰਚਾ ਨਹੀਂ ਲਿਆ ਜਾ ਰਿਹਾ। ਉਨ੍ਹਾਂ ਦੱਸਿਆ ਕਿ ਯੂਪੀ ਵਿੱਚ ਇਸ ਵੇਲੇ ਸਿੱਖਾਂ ਦੀ ਆਬਾਦੀ ਲਗਭਗ 40 ਲੱਖ ਹੈ ਅਤੇ ਸਿੱਖ ਭਾਈਚਾਰੇ ਨੂੰ ਪੂਰਾ ਮਾਣ ਸਨਮਾਨ ਹਾਸਲ ਹੈ। ਯਾਤਰੂਆਂ ਵਿੱਚ ਵਧੇਰੇ ਲਖੀਮਪੁਰ, ਪੀਲੀਭੀਤ, ਬਾਰਾਂ ਬਾਂਕੀ ਆਦਿ ਸ਼ਹਿਰਾਂ ਨਾਲ ਸਬੰਧਤ ਹਨ। ਯੂ.ਪੀ ਵਿੱਚ ਸਿੱਖ ਭਾਈਚਾਰੇ ਦੀ ਸਥਿਤੀ ਬਾਰੇ ਰਾਮੂਵਾਲੀਆ ਨੇ ਦੱਸਿਆ ਕਿ ਉਨ੍ਹਾਂ ਨੇ ਕੈਬਨਿਟ ਮੰਤਰੀ ਦਾ ਅਹੁਦਾ ਸੰਭਾਲਣ ਮਗਰੋਂ ਪੰਜਾਬੀ ਅਤੇ ਪੰਜਾਬੀਆਂ ਦੇ ਮਾਣ ਸਨਮਾਨ ਨੂੰ ਵਧਾਉਣ ਲਈ ਅਹਿਮ ਕਦਮ ਚੁੱਕੇ ਹਨ, ਜਿਸ ਤਹਿਤ ਪੰਜਾਬੀ ਅਕੈਡਮੀ ਦਾ ਸਾਲਾਨਾ ਬਜਟ 5 ਲੱਖ ਸਾਲਾਨਾ ਤੋਂ ਵਧਾ ਕੇ ਹੁਣ ਇੱਕ ਕਰੋੜ ਕਰ ਦਿੱਤਾ ਗਿਆ ਹੈ। ਯੂ.ਪੀ. ਵਿੱਚ ਵਸਦੇ ਸੈਣੀ, ਲੁਬਾਣਾ, ਕੰਬੋਜ ਆਦਿ ਜਾਤਾਂ ਦੇ ਸਿੱਖਾਂ ਨੂੰ ਪੱਛੜੀਆਂ ਸ਼੍ਰੇਣੀਆਂ ਵਿੱਚ ਸ਼ਾਮਲ ਕਰ ਲਿਆ ਗਿਆ ਹੈ। ਚੱਕਬੰਦੀ ਵਿੱਚ ਸੁਧਾਰ ਕੀਤਾ ਗਿਆ ਹੈ, ਜਿਸ ਵਿੱਚ ਪਹਿਲਾਂ ਵੱਡੀਆਂ ਬੇਨਿਯਮੀਆਂ ਸਨ।
ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ਦੀ ਸੂਬੇ ਵਿੱਚ ਛੁੱਟੀ ਮਨਜ਼ੂਰ ਕਰਾਈ ਗਈ ਹੈ। ਜਿਨ੍ਹਾਂ ਸਿੱਖ ਬੰਦੀਆਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਸਨ, ਉਨ੍ਹਾਂ ਨੂੰ ਜੇਲ੍ਹਾਂ ਵਿੱਚੋਂ ਰਿਹਾਅ ਕਰਾਇਆ ਗਿਆ ਹੈ।

Check Also

ਸੁਖਬੀਰ ਬਾਦਲ ਨੇ ਕੇਂਦਰੀ ਸਿਆਸੀ ਪਾਰਟੀਆਂ ’ਤੇ ਲਗਾਏ ਆਰੋਪ

ਕਿਹਾ : ਦਿੱਲੀ ਵਾਲੇ ਪੰਜਾਬ ’ਚ ਆਉਂਦੇ ਹਨ ਲੁੱਟਣ ਚੰਡੀਗੜ੍ਹ/ਬਿਊਰੋ ਨਿਊਜ਼ ਸ਼ੋ੍ਰਮਣੀ ਅਕਾਲੀ ਦਲ ਦੇ …