Breaking News
Home / ਪੰਜਾਬ / ਨਵਜੋਤ ਸਿੱਧੂ ਦੀ ਇਤਰਾਜ਼ਯੋਗ ਟਿੱਪਣੀ ਨਾਲ ਉਠਿਆ ਬਵਾਲ

ਨਵਜੋਤ ਸਿੱਧੂ ਦੀ ਇਤਰਾਜ਼ਯੋਗ ਟਿੱਪਣੀ ਨਾਲ ਉਠਿਆ ਬਵਾਲ

ਪੁਲਿਸ ਅਧਿਕਾਰੀਆਂ ਨੇ ਸਿੱਧੂ ਦੀ ਟਿੱਪਣੀ ਦੀ ਕੀਤੀ ਨਿੰਦਾ
ਬਟਾਲਾ/ਬਿਊਰੋ ਨਿਊਜ਼ : ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਇਤਰਾਜ਼ਯੋਗ ਟਿੱਪਣੀ ‘ਤੇ ਫਿਰ ਬਵਾਲ ਸ਼ੁਰੂ ਹੋ ਗਿਆ ਹੈ। ਪੰਜਾਬ ਪੁਲਿਸ ਦੇ ਜਲੰਧਰ ‘ਚ ਤੈਨਾਤ ਐਸ.ਆਈ. ਬਲਬੀਰ ਸਿੰਘ ਨੇ ਸਿੱਧੂ ਦੀ ਟਿੱਪਣੀ ਦੀ ਨਿੰਦਾ ਕੀਤੀ ਹੈ। ਐਸ.ਆਈ. ਨੇ ਪੰਜਾਬ ਦੇ ਡੀਜੀਪੀ ਸਿਧਾਰਥ ਚਟੋਪਾਧਿਆ ਨੂੰ ਗੁਹਾਰ ਲਗਾਈ ਕਿ ਪੁਲਿਸ ਦੀ ਦਿੱਖ ਖਰਾਬ ਨਾ ਹੋਣ ਦਿੱਤੀ ਜਾਵੇ। ਇਸ ਤੋਂ ਪਹਿਲਾਂ ਚੰਡੀਗੜ੍ਹ ਪੁਲਿਸ ਦੇ ਡੀਐਸਪੀ ਦਿਲਸ਼ੇਰ ਚੰਦੇਲ ਨੇ ਵੀ ਸਿੱਧੂ ਦੀਆਂ ਟਿੱਪਣੀਆਂ ‘ਤੇ ਇਤਰਾਜ਼ ਕੀਤਾ ਸੀ। ਜ਼ਿਕਰਯੋਗ ਹੈ ਕਿ ਲੰਘੇ ਕੱਲ੍ਹ ਬਟਾਲਾ ਵਿਚ ਕਾਂਗਰਸੀ ਆਗੂ ਅਸ਼ਵਨੀ ਸ਼ੇਖੜੀ ਦੇ ਹੱਕ ਵਿਚ ਕੀਤੀ ਗਈ ਰੈਲੀ ‘ਚ ਪਹੁੰਚੇ ਸਿੱਧੂ ਨੇ ਕਿਹਾ ਸੀ ਕਿ ਸ਼ੇਖੜੀ ਇਕ ਖੰਗੂਰਾ ਮਾਰੇ ਤਾਂ ਥਾਣੇਦਾਰ ਪੈਂਟ ਗਿੱਲੀ ਕਰ ਦੇਵੇਗਾ। ਸਿੱਧੂ ਦੀ ਇਸ ਟਿੱਪਣੀ ‘ਤੇ ਪੁਲਿਸ ਅਧਿਕਾਰੀਆਂ ਵਲੋਂ ਇਤਰਾਜ਼ ਕੀਤਾ ਜਾ ਰਿਹਾ ਹੈ। ਧਿਆਨ ਰਹੇ ਕਿ ਲੁਧਿਆਣਾ ਤੋਂ ਕਾਂਗਰਸ ਦੇ ਐਮਪੀ ਰਵਨੀਤ ਸਿੰਘ ਬਿੱਟੂ ਨੇ ਸਿੱਧੂ ਵਲੋਂ ਪੁਲਿਸ ਮੁਲਾਜ਼ਮਾਂ ਪ੍ਰਤੀ ਕੀਤੀਆਂ ਟਿੱਪਣੀਆਂ ਲਈ ਮੁਆਫੀ ਵੀ ਮੰਗੀ ਹੈ। ਇਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਟਵੀਟ ਕਰ ਕੇ ਕਿਹਾ ਹੈ ਕਿ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਵਲੋਂ ਪੁਲਿਸ ਅਫ਼ਸਰਾਂ ਖ਼ਿਲਾਫ਼ ਲਗਾਤਾਰ ਭੱਦੀ ਸ਼ਬਦਾਵਲੀ ਵਰਤੀ ਜਾ ਰਹੀ ਹੈ, ਪਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਚੁੱਪ ਬੈਠੇ ਹੋਏ ਹਨ। ਦਲਜੀਤ ਚੀਮਾ ਦਾ ਕਹਿਣਾ ਸੀ ਕਿ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਨੂੰ ਚਾਹੀਦਾ ਹੈ ਕਿ ਉਹ ਆਪਣੇ ਕਾਂਗਰਸ ਦੇ ਆਗੂ ਨੂੰ ਸਮਝਾਉਣ ਕਿ ਵਰਦੀਧਾਰੀ ਪੁਲਿਸ ਦੇ ਖ਼ਿਲਾਫ਼ ਬਿਆਨਬਾਜ਼ੀ ਤੇ ਮਨੋਬਲ ਡੇਗਣ ਵਾਲੀਆਂ ਟਿੱਪਣੀਆਂ ਤੋਂ ਗੁਰੇਜ਼ ਕੀਤਾ ਜਾਵੇ।
ਨਵਜੋਤ ਸਿੱਧੂ ਦੀਆਂ ਟਿੱਪਣੀਆਂ ‘ਤੇ ਭੜਕੇ ਕੈਪਟਨ ਅਮਰਿੰਦਰ
ਅੰਮ੍ਰਿਤਸਰ ਦੇ ਕਾਂਸਟੇਬਲ ਨੇ ਵੀ ਕਿਹਾ, ਸਿੱਧੂ ਮੈਨੂੰ ਦਬਕਾ ਕੇ ਦਿਖਾਉਣ
ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਵਲੋਂ ਪੁਲਿਸ ਬਾਰੇ ਕੀਤੀ ਇਤਰਾਜ਼ਯੋਗ ਟਿੱਪਣੀ ‘ਤੇ ਹੁਣ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਗੁੱਸਾ ਜ਼ਾਹਰ ਕੀਤਾ ਹੈ। ਉਨ੍ਹਾਂ ਕਿਹਾ ਕਿ 1700 ਪੁਲਿਸ ਕਰਮਚਾਰੀਆਂ ਨੇ ਆਪਣੀ ਜ਼ਿੰਦਗੀ ਗੁਆ ਕੇ ਪੰਜਾਬ ਨੂੰ ਕਾਲੇ ਦੌਰ ਵਿਚੋਂ ਬਾਹਰ ਕੱਢਿਆ। ਕੈਪਟਨ ਨੇ ਕਿਹਾ ਕਿ ਹੁਣ ਪੰਜਾਬ ਕਾਂਗਰਸ ਦੇ ਨੇਤਾ ਅਤੇ ਖਾਸਕਰ ਪ੍ਰਧਾਨ ਨਵਜੋਤ ਸਿੱਧੂ ਪੁਲਿਸ ਮੁਲਾਜ਼ਮਾਂ ਦਾ ਮਜ਼ਾਕ ਉਡਾ ਰਹੇ ਹਨ ਅਤੇ ਉਨ੍ਹਾਂ ਨੂੰ ਅਪਮਾਨਤ ਕੀਤਾ ਜਾ ਰਿਹਾ ਹੈ। ਇਸੇ ਦੌਰਾਨ ਚੰਡੀਗੜ੍ਹ ਪੁਲਿਸ ਦੇ ਡੀਐਸਪੀ ਅਤੇ ਜਲੰਧਰ ਪੁਲਿਸ ਦੇ ਸਬ ਇੰਸਪੈਕਟਰ ਤੋਂ ਬਾਅਦ ਹੁਣ ਅੰਮ੍ਰਿਤਸਰ ਦੇ ਕਾਂਸਟੇਬਲ ਸੰਦੀਪ ਸਿੰਘ ਨੇ ਸਿੱਧੂ ਦੀਆਂ ਟਿੱਪਣੀਆਂ ਦਾ ਸਖਤ ਵਿਰੋਧ ਕੀਤਾ ਹੈ। ਕਾਂਸਟੇਬਲ ਸੰਦੀਪ ਸਿੰਘ ਨੇ ਸਿੱਧੂ ਨੂੰ ਚੈਲੰਜ ਕੀਤਾ ਕਿ ਉਹ ਉਨ੍ਹਾਂ ਨੂੰ ਦਬਕਾ ਮਾਰ ਕੇ ਦਿਖਾਉਣ। ਇਸ ਤੋਂ ਪਹਿਲਾਂ ਚੰਡੀਗੜ੍ਹ ਦੇ ਡੀਐਸਪੀ ਦਿਲਸ਼ੇਰ ਚੰਦੇਲ ਨੇ ਸਿੱਧੂ ਨੂੰ ਮਾਨਹਾਨੀ ਦਾ ਨੋਟਿਸ ਭੇਜਿਆ ਹੈ ਅਤੇ ਸਿੱਧੂ ਨੂੰ ਮੁਆਫੀ ਮੰਗਣ ਲਈ ਵੀ ਕਿਹਾ ਹੈ।
ਚੰਡੀਗੜ੍ਹ ਦੇ ਡੀਐੱਸਪੀ ਨੇ ਨਵਜੋਤ ਸਿੱਧੂ ਨੂੰ ਭੇਜਿਆ ਮਾਣਹਾਨੀ ਦਾ ਨੋਟਿਸ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਸੁਲਤਾਨਪੁਰ ਲੋਧੀ ਦੀ ਰੈਲੀ ‘ਚ ਪੁਲਿਸ ਬਾਰੇ ਕੀਤੀ ਗਈ ਟਿੱਪਣੀ ਦੇ ਵਿਰੋਧ ਵਿੱਚ ਚੰਡੀਗੜ੍ਹ ਪੁਲਿਸ ਦੇ ਡੀਐੱਸਪੀ ਦਿਲਸ਼ੇਰ ਸਿੰਘ ਚੰਦੇਲ ਨੇ ਸਿੱਧੂ ਨੂੰ ਮਾਣਹਾਨੀ ਨੋਟਿਸ ਭੇਜਿਆ ਹੈ, ਜਿਸ ਵਿੱਚ 21 ਦਿਨਾਂ ਦੇ ਅੰਦਰ-ਅੰਦਰ ਮੁਆਫੀ ਮੰਗਣ ਲਈ ਕਿਹਾ ਗਿਆ ਹੈ। ਡੀਐੱਸਪੀ ਦਿਲਸ਼ੇਰ ਸਿੰਘ ਚੰਦੇਲ ਨੇ ਇਹ ਨੋਟਿਸ ਐਡਵੋਕੇਟ ਰਣਜੀਵਨ ਸਿੰਘ ਰਾਹੀਂ ਭੇਜਿਆ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਕਾਂਗਰਸੀ ਆਗੂ ਦਾ ਬਿਆਨ ਪੁਲਿਸ ਦੇ ਅਕਸ ਨੂੰ ਢਾਹ ਲਾਉਣ ਵਾਲਾ ਹੈ। ਇਸ ਲਈ ਉਨ੍ਹਾਂ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ, ਜੇ ਉਨ੍ਹਾਂ ਮੁਆਫ਼ੀ ਨਾ ਮੰਗੀ ਤਾਂ ਅਗਲੀ ਕਾਰਵਾਈ ਕੀਤੀ ਜਾਵੇਗੀ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਡੀਐੱਸਪੀ ਦਿਲਸ਼ੇਰ ਸਿੰਘ ਚੰਦੇਲ ਨੇ ਵੀਡੀਓ ਜਾਰੀ ਕਰਕੇ ਸਿੱਧੂ ਦੇ ਬਿਆਨ ਦੀ ਨਿੰਦਾ ਕੀਤੀ ਸੀ।

 

Check Also

ਪੰਜਾਬ ’ਚ ਧਰਮ ਪਰਿਵਰਤਨ ’ਤੇ ਐਸਜੀਪੀਸੀ ਨੇ ਜਤਾਈ ਚਿੰਤਾ

ਯੋਗੀ ਅੱਤਿਆਨਾਥ ਦੇ ਬਿਆਨ ਦਾ ਕੀਤਾ ਗਿਆ ਸਮਰਥਨ ਚੰਡੀਗੜ੍ਹ/ਬਿਊਰੋ ਨਿਊਜ਼ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ …