ਭਾਜਪਾ ਸੱਤਾ ‘ਚੋਂ ਬਾਹਰ – ਪਰ ਸਪੱਸ਼ਟ ਬਹੁਮਤ ਕਿਸੇ ਪਾਰਟੀ ਨੂੰ ਨਹੀਂ
ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਦੇ ਨਗਰ ਨਿਗਮ ਦੀ ਸੱਤਾ ‘ਚੋਂ ਭਾਰਤੀ ਜਨਤਾ ਪਾਰਟੀ ਬਾਹਰ ਹੋ ਗਈ ਹੈ ਅਤੇ ਆਮ ਆਦਮੀ ਪਾਰਟੀ ਨੇ ਧਮਾਕੇਦਾਰ ਐਂਟਰੀ ਕੀਤੀ ਹੈ। ‘ਆਪ’ ਨੇ ਚੰਡੀਗੜ੍ਹ ਨਗਰ ਨਿਗਮ ਦੀਆਂ ਪਹਿਲੀ ਵਾਰ ਚੋਣਾਂ ਲੜ ਕੇ 35 ਵਿਚੋਂ 14 ਸੀਟਾਂ ‘ਤੇ ਜਿੱਤ ਹਾਸਲ ਕੀਤੀ ਹੈ। ਇਸੇ ਤਰ੍ਹਾਂ ਚੰਡੀਗੜ੍ਹ ਦੇ ਕੁੱਲ 35 ਵਾਰਡਾਂ ਦੇ ਆਏ ਨਤੀਜਿਆਂ ਵਿਚੋਂ ਆਮ ਆਦਮੀ ਪਾਰਟੀ ਨੇ 14, ਭਾਰਤੀ ਜਨਤਾ ਪਾਰਟੀ ਨੇ 12, ਕਾਂਗਰਸ ਨੇ 8 ਸੀਟਾਂ ਜਿੱਤੀਆਂ ਹਨ ਅਤੇ ਇਕ ਸੀਟ ‘ਤੇ ਸ਼੍ਰੋਮਣੀ ਅਕਾਲੀ ਦਲ ਨੇ ਜਿੱਤ ਹਾਸਲ ਕੀਤੀ ਹੈ। ਜ਼ਿਕਰਯੋਗ ਹੈ ਕਿ 35 ਵਾਰਡਾਂ ਵਾਲੇ ਚੰਡੀਗੜ੍ਹ ਦੇ ਨਗਰ ਨਿਗਮ ਵਿਚ ਕਿਸੇ ਵੀ ਸਿਆਸੀ ਪਾਰਟੀ ਨੂੰ ਸਪੱਸ਼ਟ ਬਹੁਮਤ ਨਹੀਂ ਮਿਲਿਆ ਅਤੇ ਬਹੁਮਤ ਲਈ 19 ਸੀਟਾਂ ‘ਤੇ ਜਿੱਤ ਜ਼ਰੂਰੀ ਸੀ।
ਆਮ ਆਦਮੀ ਪਾਰਟੀ ਦੇ ਆਗੂ ਅਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਚੰਡੀਗੜ੍ਹ ਦੇ ਨਤੀਜਿਆਂ ਨੇ ਸਾਫ਼ ਕਰ ਦਿੱਤਾ ਹੈ ਕਿ ਲੋਕਾਂ ਨੇ ਅਰਵਿੰਦ ਕੇਜਰੀਵਾਲ ਦੇ ਵਿਕਾਸ ਮਾਡਲ ਨੂੰ ਮੌਕਾ ਦੇਣ ਦਾ ਪੂਰਾ ਮਨ ਬਣਾ ਲਿਆ ਹੈ ਅਤੇ ਨਫਰਤ ਦੀ ਰਾਜਨੀਤੀ ਦਾ ਗਰੂਰ ਤੋੜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦੀ ਅਗਵਾਈ ਹੇਠ ਦਿੱਲੀ ਸਰਕਾਰ ਨੇ ਦੇਸ਼ ਦੀ ਰਾਜਨੀਤੀ ਵਿੱਚ ‘ਕੰਮ ਦੀ ਰਾਜਨੀਤੀ’ ਦਾ ਇੱਕ ਨਵਾਂ ਯੁੱਗ ਸ਼ੁਰੂ ਕੀਤਾ ਸੀ। ਕੇਜਰੀਵਾਲ ਦਾ ਇਹ ਵਿਕਾਸ ਮਾਡਲ ਅੱਜ ਪੂਰੇ ਦੇਸ਼ ‘ਚ ਪਹੁੰਚਣ ਲੱਗਾ ਹੈ।
ਸਿਸੋਦੀਆ ਨੇ ਨਾਲ ਹੀ ਕਿਹਾ ਕਿ ਪੰਜਾਬ ਦੀ ਜਨਤਾ ਨੇ ਇਸ ਵਾਰ ਇੱਕ ਮੌਕਾ ਕੇਜਰੀਵਾਲ ਨੂੰ ਦੇਣ ਦਾ ਮਨ ਬਣਾ ਰੱਖਿਆ ਹੈ। ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਸਭ ਤੋਂ ਵੱਧ ਪੜ੍ਹੇ-ਲਿਖੇ ਅਤੇ ਸਮਰੱਥ ਲੋਕਾਂ ਦੇ ਸ਼ਹਿਰ ਚੰਡੀਗੜ੍ਹ ਨੇ ਭਾਜਪਾ ਦੇ ਮੌਜੂਦਾ ਮੇਅਰ, ਦੋ ਸਾਬਕਾ ਮੇਅਰਾਂ, ਭਾਜਪਾ ਯੁਵਾ ਮੋਰਚਾ ਦੇ ਪ੍ਰਧਾਨ ਅਤੇ ਮਹਿਲਾ ਮੋਰਚਾ ਪ੍ਰਧਾਨ ਨੂੰ ਹਰਾ ਕੇ ਪੂਰੇ ਦੇਸ਼ ਨੂੰ ਸਪੱਸ਼ਟ ਸੰਦੇਸ਼ ਦਿੱਤਾ ਹੈ ਕਿ ਹੁਣ ਜਾਤੀ, ਧਰਮ ਅਤੇ ਖੇਤਰਵਾਦ ਦੇ ਆਧਾਰ ‘ਤੇ ਹੁੰਦੀ ਵੰਡ-ਪਾਊ ਅਤੇ ਨਫ਼ਰਤ ਦੀ ਰਾਜਨੀਤੀ ਲਈ ਕੋਈ ਜਗ੍ਹਾ ਨਹੀਂ ਬਚੀ ਅਤੇ ਲੋਕ ਕੰਮ ਦੀ ਰਾਜਨੀਤੀ ਹੀ ਪਸੰਦ ਕਰਦੇ ਹਨ। ਉਨ੍ਹਾਂ ਕਿਹਾ ਕਿ ‘ਸਿਟੀ ਬਿਊਟੀਫੁਲ’ ਦਾ ਰੁਤਬਾ ਗੁਆ ਬੈਠੇ ਚੰਡੀਗੜ੍ਹ ਦਾ ਇਹ ਰੁਤਬਾ ਬਹਾਲ ਕਰਾਉਣਾ ‘ਆਪ’ ਦੀ ਪਹਿਲੀ ਤਰਜੀਹ ਹੈ।
ਚੰਡੀਗੜ੍ਹ ਦੀ ਜਿੱਤ ਪੰਜਾਬ ‘ਚ ਆਉਣ ਵਾਲੇ ਬਦਲਾਅ ਦਾ ਸੰਕੇਤ : ਕੇਜਰੀਵਾਲ
‘ਆਪ’ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਨਿਗਮ ਚੋਣਾਂ ਵਿੱਚ ਪਾਰਟੀ ਦੇ ਸ਼ਾਨਦਾਰ ਪ੍ਰਦਰਸ਼ਨ ‘ਤੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਕੇਜਰੀਵਾਲ ਨੇ ਟਵੀਟ ਕਰਦਿਆਂ ਕਿਹਾ ਕਿ ਚੰਡੀਗੜ੍ਹ ਨਗਰ ਨਿਗਮ ਵਿਚ ‘ਆਪ’ ਦੀ ਇਹ ਜਿੱਤ ਪੰਜਾਬ ‘ਚ ਆਉਣ ਵਾਲੇ ਬਦਲਾਅ ਦਾ ਸੰਕੇਤ ਹੈ। ਚੰਡੀਗੜ੍ਹ ਦੇ ਲੋਕਾਂ ਨੇ ਭ੍ਰਿਸ਼ਟ ਰਾਜਨੀਤੀ ਨੂੰ ਨਕਾਰ ਕੇ ਆਪ ਦੀ ਇਮਾਨਦਾਰ ਰਾਜਨੀਤੀ ਨੂੰ ਚੁਣਿਆ ਹੈ। ਉਨ੍ਹਾਂ ਕਿਹਾ ਕਿ ਹੁਣ ਪਾਰਟੀ ਪੰਜਾਬ ਵਿੱਚ ਵੀ ਇਸੇ ਉਤਸ਼ਾਹ ਨਾਲ ਚੋਣਾਂ ਲੜੇਗੀ ਅਤੇ ਪੰਜਾਬ ਵਿੱਚ ਵੀ ਸਰਕਾਰ ਬਣਾਵੇਗੀ।
ਭ੍ਰਿਸ਼ਟ ਤੰਤਰ ਤੋਂ ਨਿਜ਼ਾਤ ਚਾਹੁੰਦੇ ਹਨ ਲੋਕ : ਕੇਜਰੀਵਾਲ
ਚੰਡੀਗੜ੍ਹ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਚੰਡੀਗੜ੍ਹ, ਪੰਜਾਬ ਸਮੇਤ ਪੂਰੇ ਦੇਸ਼ ਦੀ ਜਨਤਾ ਪੁਰਾਣੀਆਂ ਰਵਾਇਤੀ ਪਾਰਟੀਆਂ, ਪੁਰਾਣੇ ਆਗੂਆਂ ਅਤੇ ਪੁਰਾਣੀ ਕਿਸਮ ਦੀ ਸਿਆਸਤ ਤੋਂ ਤੰਗ ਆ ਚੁੱਕੀ ਹੈ। ਲੋਕ ਭ੍ਰਿਸ਼ਟ ਤੰਤਰ ਤੋਂ ਨਿਜਾਤ ਚਾਹੁੰਦੇ ਹਨ। ਦਿੱਲੀ ਤੋਂ ਬਾਅਦ ਚੰਡੀਗੜ੍ਹ ਦੇ ਲੋਕਾਂ ਨੇ ਪੁਰਾਣਿਆਂ ਨੂੰ ਝਟਕਾ ਦੇ ਕੇ ਨਵੀਂ ਪਾਰਟੀ ‘ਆਪ’ ਨੂੰ ਚੁਣਿਆ ਹੈ। ਕੇਜਰੀਵਾਲ ਨੇ ਕਿਹਾ ਕਿ ਚੰਡੀਗੜ੍ਹ ਦੀ ਜਨਤਾ ਨੇ ਭਾਜਪਾ ਦੇ ਮੌਜੂਦਾ ਮੇਅਰ, 2 ਸਾਬਕਾ ਮੇਅਰ ਅਤੇ ਭਾਜਪਾ ਦੇ ਯੂਥ ਵਿੰਗ ਦੇ ਪ੍ਰਧਾਨ ਸਮੇਤ ਕਈ ਹੋਰ ਪੁਰਾਣੇ ਆਗੂਆਂ ਤੇ ਰਵਾਇਤੀ ਦਲਾਂ ਨੂੰ ਹਰਾ ਦਿੱਤਾ ਹੈ। ਉਨ੍ਹਾਂ ਨੇ ‘ਆਪ’ ਰਾਹੀ ਨਵੇਂ ਚਿਹਰਿਆਂ ‘ਤੇ ਵਿਸ਼ਵਾਸ ਜਤਾਇਆ ਹੈ। ਉਨ੍ਹਾਂ ਕਿਹਾ ਕਿ ਸਾਲ 2017 ਵਿੱਚ ‘ਆਪ’ ਨੂੰ ਪਿੰਡਾਂ ਦੀ ਪਾਰਟੀ ਦੱਸਿਆ ਜਾਂਦਾ ਸੀ ਪਰ ਚੰਡੀਗੜ੍ਹ ਦੇ ਸ਼ਹਿਰੀ ਲੋਕ ਵੀ ਦਿੱਲੀ ‘ਚ ਹੋ ਰਹੇ ਵਿਕਾਸ ਤੋਂ ਖੁਸ਼ ਦਿਖਾਈ ਦੇ ਰਹੇ ਹਨ। ਹੁਣ ਪੰਜਾਬ ਦੀ ਸ਼ਹਿਰੀ ਜਨਤਾ ਵੀ ਮਜ਼ਬੂਤੀ ਅਤੇ ਪੂਰੇ ਵਿਸ਼ਵਾਸ ਨਾਲ ‘ਆਪ’ ਨਾਲ ਖੜ੍ਹੀ ਹੈ। ‘ਆਪ’ ਦੇ ਕਨਵੀਨਰ ਨੇ ਕਿਹਾ ਕਿ ਚੰਡੀਗੜ੍ਹ ਦੀ ਜਨਤਾ ਦੇ ਫ਼ਤਵੇ ਦੇ ਸਨਮਾਨ ‘ਚ ‘ਆਪ’ ਸਭ ਨੂੰ ਸਾਥ ਲੈ ਕੇ ਚੱਲੇਗੀ, ਬੇਸ਼ੱਕ ਉਹ ਕਿਸੇ ਹੋਰ ਪਾਰਟੀ ਦਾ ਕਿਉਂ ਨਾ ਹੋਵੇ।
ਉਨ੍ਹਾਂ ਕਿਹਾ ਕਿ ਚੰਡੀਗੜ੍ਹ ਨੂੰ ਫਿਰ ਤੋਂ ਖੂਬਸੂਰਤ ਸ਼ਹਿਰ ਬਣਾਉਣ ਅਤੇ ਸਮੱਸਿਆਵਾਂ ਤੋਂ ਮੁਕਤ ਕਰਨ ਲਈ ‘ਆਪ’ ਸਭ ਨੂੰ ਸਾਥੀ ਬਣਾ ਕੇ ਅਤੇ ਸਭ ਨਾਲ ਮਿਲ ਕੇ ਚੰਡੀਗੜ੍ਹ ਦਾ ਵਿਕਾਸ ਕਰੇਗੀ। ਉਨ੍ਹਾਂ ਚੰਡੀਗੜ੍ਹ ਦਾ ਵੀ ਦਿੱਲੀ ਦੀ ਤਰਜ਼ ‘ਤੇ ਵਿਕਾਸ ਕਰਨ ਦਾ ਭਰੋਸਾ ਦਿੱਤਾ ਜਿਸ ਨਾਲ ਚੰਡੀਗੜ੍ਹ ਨੂੰ ਮੁੜ ‘ਸਿਟੀ ਬਿਊਟੀਫੁੱਲ’ ਦਾ ਦਰਜਾ ਦਿਵਾਇਆ ਜਾਵੇਗਾ।
ਚੰਡੀਗੜ੍ਹ ਵਿਚ ‘ਆਪ’ ਦੇ ਕੌਂਸਲਰ ਖਰੀਦਣ ਦੀ ਕੋਸ਼ਿਸ਼ ਕਰ ਰਹੀ ਹੈ ਭਾਜਪਾ : ਰਾਘਵ ਚੱਢਾ
ਚੰਡੀਗੜ੍ਹ : ਚੰਡੀਗੜ੍ਹ ਨਗਰ ਨਿਗਮ ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਸਭ ਤੋਂ ਵੱਧ ਸੀਟਾਂ ਲੈ ਕੇ ਮੋਹਰੀ ਰਹੀ ਹੈ ਪਰ ਮੇਅਰ ਬਣਾਉਣ ਲਈ ਕਿਸੇ ਕੋਲ ਬਹੁਮਤ ਨਾ ਹੋਣ ਕਾਰਨ ਪੇਚਾ ਫਸ ਗਿਆ ਹੈ, ਜਿਸ ਲਈ ਸਾਰੀਆਂ ਸਿਆਸੀ ਪਾਰਟੀਆਂ ਜੋੜ-ਤੋੜ ਕਰ ਰਹੀਆਂ ਹਨ। ਇਸ ਦੌਰਾਨ ਆਮ ਆਦਮੀ ਪਾਰਟੀ (ਆਪ) ਪੰਜਾਬ ਮਾਮਲਿਆਂ ਦੇ ਸਹਿ-ਇੰਚਾਰਜ ਰਾਘਵ ਚੱਢਾ ਨੇ ਭਾਜਪਾ ਉਤੇ ‘ਆਪ’ ਦੇ ਤਿੰਨ ਕੌਂਸਲਰ ਖਰੀਦਣ ਦੇ ਆਰੋਪ ਲਾਏ ਹਨ। ‘ਆਪ’ ਨੇ ਭਾਜਪਾ ਦੀ ਅਜਿਹੀ ਰਾਜਨੀਤੀ ਨੂੰ ਜਨਤਕ ਕਰਨ ਦੇ ਮੰਤਵ ਨਾਲ ਆਪਣੇ ਕੌਂਸਲਰਾਂ ਦੇ ਘਰਾਂ ਦੇ ਬਾਹਰ ਸੀਸੀਟੀਵੀ ਕੈਮਰੇ ਲਾ ਦਿੱਤੇ ਹਨ।
ਇਸ ਤੋਂ ਇਲਾਵਾ ਮੋਬਾਈਲ ਰਿਕਾਰਡਿੰਗ ਮੋਡ ‘ਤੇ ਲਾਉਣ ਦੀ ਹਦਾਇਤ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਭਾਜਪਾ ਮੁੜ ਅਜਿਹੀ ਕੋਸ਼ਿਸ਼ ਕਰਦੀ ਹੈ ਤਾਂ ਮੋਬਾਈਲ ਅਤੇ ਸੀਸੀਟੀਵੀ ਕੈਮਰਿਆਂ ਦੀ ਰਿਕਾਰਡਿੰਗ ਜਨਤਕ ਕੀਤੀ ਜਾਵੇਗੀ। ਚੱਢਾ ਨੇ ਆਰੋਪ ਲਗਾਇਆ ਕਿ ਨਿਗਮ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਭਾਜਪਾ ਦੇ ਸੀਨੀਅਰ ਲੀਡਰਾਂ ਨੇ ‘ਆਪ’ ਦੇ ਤਿੰਨ ਕੌਂਸਲਰਾਂ ਨਾਲ ਸੰਪਰਕ ਕਰਕੇ ਪੈਸੇ ਦਾ ਲਾਲਚ ਦਿੱਤਾ ਜਿਸ ਵਿੱਚੋਂ ਦੋ ਕੌਂਸਲਰਾਂ ਨੂੰ 50-50 ਲੱਖ ਰੁਪਏ ਅਤੇ ਇੱਕ ਕੌਂਸਲਰ ਨੂੰ 75 ਲੱਖ ਰੁਪਏ ਦੇਣ ਦੀ ਪੇਸ਼ਕਸ਼ ਕੀਤੀ ਗਈ। ਉਨ੍ਹਾਂ ਕਿਹਾ ਕਿ ‘ਆਪ’ ਦੇ ਕੌਂਸਲਰ ਉਸ ਮਿੱਟੀ ਦੇ ਨਹੀਂ ਬਣੇ ਜੋ ਅਜਿਹੇ ਲਾਲਚ ਜਾਂ ਕਿਸੇ ਹੋਰ ਹਥਕੰਡੇ ਵਿੱਚ ਆ ਜਾਣਗੇ।
ਭਾਜਪਾ ਨੇ ਆਰੋਪ ਨਕਾਰੇ
ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਅਰੁਣ ਸੂਦ ਨੇ ਕਿਹਾ ਕਿ ‘ਆਪ’ ਬਿਨਾਂ ਕਿਸੇ ਸਬੂਤ ਦੇ ਆਰੋਪ ਲਗਾਉਣ ਲੱਗੀ ਹੋਈ ਹੈ ਜਦਕਿ ਜੋੜ-ਤੋੜ ਦੀ ਰਾਜਨੀਤੀ ‘ਆਪ’ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਹਰੇਕ ਸੈਕਟਰ ਵਿੱਚ ਕੈਮਰੇ ਲੱਗੇ ਹੋਏ ਹਨ। ਭਾਜਪਾ ਵੱਲੋਂ ਜਿਹੜੇ ਕੌਂਸਲਰਾਂ ਨਾਲ ਸੰਪਰਕ ਕੀਤਾ ਗਿਆ ਹੈ, ਉਹ ਉਸ ਇਲਾਕੇ ਦੀ ਵੀਡੀਓ ਮੁਹੱਈਆ ਕਰਵਾਉਣ ‘ਚ ਮਦਦ ਕਰਨਗੇ ਜਿਸ ਨਾਲ ਸਾਰਾ ਸੱਚ ਸਾਹਮਣੇ ਆ ਜਾਵੇਗਾ।
Check Also
ਕਾਂਗਰਸੀ ਵਿਧਾਇਕ ਪਰਗਟ ਸਿੰਘ ਭਾਜਪਾ ਸੰਸਦ ਮੈਂਬਰ ਕੰਗਣਾ ਰਣੌਤ ’ਤੇ ਭੜਕੇ
ਕਿਹਾ : ਸਮਾਜ ’ਚ ਨਫਰਤ ਫੈਲਾਉਣ ਵਾਲੇ ਲੋਕਾਂ ਦਾ ਕਰੋ ਬਾਈਕਾਟ ਜਲੰਧਰ/ਬਿਊਰੋ ਨਿਊਜ਼ : ਜਲੰਧਰ …