ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਜ਼ਿੰਮੇਵਾਰ ਸਟਾਫ ਖਿਲਾਫ ਕਾਨੂੰਨੀ ਕਾਰਵਾਈ ਦੀ ਕੀਤੀ ਮੰਗ
ਚੰਡੀਗੜ੍ਹ/ਬਿਊਰੋ ਨਿਊਜ਼
ਰਾਜਸਥਾਨ ਲੋਕ ਸੇਵਾ ਕਮਿਸ਼ਨ ਵਲੋਂ ਜੋਧਪੁਰ ਦੇ ਇਕ ਪ੍ਰੀਖਿਆ ਕੇਂਦਰ ਵਿਖੇ ਲੰਘੇ ਕੱਲ੍ਹ ਐਤਵਾਰ ਨੂੰ ਰਾਜਸਥਾਨ ਜੁਡੀਸ਼ੀਅਲ ਕੰਪਟੀਸ਼ਨ ਪ੍ਰੀਖਿਆ ਕਰਵਾਈ ਗਈ। ਇਸ ਪ੍ਰੀਖਿਆ ਦੌਰਾਨ ਜਲੰਧਰ ਤੋਂ ਪਹੁੰਚੀ ਇਕ ਗੁਰਸਿੱਖ ਲੜਕੀ ਐਡਵੋਕੇਟ ਅਰਮਨਜੋਤ ਕੌਰ ਨੂੰ ਕਿਰਪਾਨ ਪਹਿਨ ਕੇ ਪ੍ਰੀਖਿਆ ਕੇਂਦਰ ਵਿਚ ਜਾਣ ਤੋਂ ਰੋਕ ਦਿੱਤਾ ਗਿਆ। ਇਸ ਮੌਕੇ ਇਸ ਗੁਰਸਿੱਖ ਲੜਕੀ ਦੇ ਪਰਿਵਾਰ ਨੇ ਇਸ ਪ੍ਰੀਖਿਆ ਕੇਂਦਰ ਦੇ ਸਟਾਫ ਦਾ ਵਿਰੋਧ ਵੀ ਕੀਤਾ, ਪਰ ਸਟਾਫ ਮੈਂਬਰਾਂ ਨੇ ਇਸ ਲੜਕੀ ਨੂੰ ਪੇਪਰ ਨਹੀਂ ਦੇਣ ਦਿੱਤਾ। ਉਧਰ ਦੂਜੇ ਪਾਸੇ ਇਸ ਘਟਨਾ ਦਾ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖਤ ਨੋਟਿਸ ਲਿਆ ਹੈ। ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਪ੍ਰੀਖਿਆ ਕੇਂਦਰ ਦੇ ਸਟਾਫ ’ਤੇ ਆਰੋਪ ਲਗਾਉਂਦਿਆਂ ਕਿਹਾ ਕਿ ਇਹ ਦੇਸ਼ ਦੇ ਸੰਵਿਧਾਨ ਦੀ ਵੱਡੀ ਉਲੰਘਣਾ ਹੈ। ਉਨ੍ਹਾਂ ਕਿਹਾ ਕਿ ਗੁਰਸਿੱਖ ਲੜਕੀ ਐਡਵੋਕੇਟ ਅਰਮਨਜੋਤ ਕੌਰ ਨੂੰ ਕਿਰਪਾਨ ਸਣੇ ਜੁਡੀਸ਼ੀਅਲ ਪ੍ਰੀਖਿਆ ਵਿਚ ਬੈਠਣ ਤੋਂ ਰੋਕਣ ਵਾਲੇ ਪ੍ਰੀਖਿਆ ਕੇਂਦਰ ਦੇ ਅਧਿਕਾਰੀਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਧਾਮੀ ਹੋਰਾਂ ਨੇ ਕਿਹਾ ਕਿ ਭਾਰਤ ਦੇ ਸੰਵਿਧਾਨ ਅਨੁਸਾਰ ਸਿੱਖਾਂ ਨੂੰ ਕਿਰਪਾਨ ਪਹਿਨਣ ਦਾ ਪੂਰਾ ਅਧਿਕਾਰ ਹੈ। ਉਨ੍ਹਾਂ ਆਰੋਪ ਲਗਾਇਆ ਕਿ ਪਿਛਲੇ ਕੁਝ ਸਮੇਂ ਤੋਂ ਦੇਸ਼ ਅੰਦਰ ਖਾਸ ਕਰਕੇ ਸਿੱਖ ਵਿਦਿਆਰਥੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।