Breaking News
Home / ਪੰਜਾਬ / ਇੰਪਰੂਵਮੈਂਟ ਟਰੱਸਟ ਘਪਲੇ ‘ਚ ਸੱਤ ਅਧਿਕਾਰੀ ਮੁਅੱਤਲ

ਇੰਪਰੂਵਮੈਂਟ ਟਰੱਸਟ ਘਪਲੇ ‘ਚ ਸੱਤ ਅਧਿਕਾਰੀ ਮੁਅੱਤਲ

ਨਵਜੋਤ ਸਿੱਧੂ ਨੇ ਖੋਲ੍ਹੀਆਂ ਸਨ 80 ਕਰੋੜ ਰੁਪਏ ਦੇ ਘਪਲੇ ਦੀਆਂ ਪਰਤਾਂ
ਅੰਮ੍ਰਿਤਸਰ : ਅੰਮ੍ਰਿਤਸਰ ਨਗਰ ਸੁਧਾਰ ਟਰੱਸਟ ਦੇ ਹਾਲ ਹੀ ਵਿਚ ਸਾਹਮਣੇ ਆਏ ਘਪਲੇ ਦੀਆਂ ਪਰਤਾਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ ਖੋਲ੍ਹਣ ਅਤੇ ਵਿਭਾਗੀ ਜਾਂਚ ਤੋਂ ਬਾਅਦ ਇਹ ਜਾਂਚ ਹੁਣ ਅੰਮ੍ਰਿਤਸਰ ਪੁਲਿਸ ਦੇ ਹਵਾਲੇ ਕਰ ਦਿੱਤੀ ਗਈ ਹੈ। ਇਸ ਸਬੰਧੀ ਖੁਲਾਸਾ ਕਰਦਿਆਂ ਨਵਜੋਤ ਸਿੰਘ ਸਿੱਧੂ ਨੇ ਦੱਸਿਆ ਕਿ ਮੁੱਢਲੀ ਜਾਂਚ ਤਿੰਨ ਬੈਂਕ ਖਾਤਿਆਂ ਤੋਂ ਤੁਰੀ ਸੀ ਜਿਸ ਵਿਚ 2-3 ਕਰੋੜ ਰੁਪਏ ਦੇ ਘਪਲੇ ਦਾ ਅੰਦਾਜ਼ਾ ਸੀ, ਜਦ ਵਿਭਾਗੀ ਅਧਿਕਾਰੀਆਂ ਨੇ ਜਾਂਚ ਕੀਤੀ ਤਾਂ ਇਹ 70 ਬੈਂਕ ਖਾਤਿਆਂ ਤੱਕ ਪਹੁੰਚ ਗਈ ਹੈ ਅਤੇ ਹੁਣ ਤੱਕ ਲਗਭਗ 80 ਕਰੋੜ ਰੁਪਏ ਖੁਰਦ-ਬੁਰਦ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਇਸ ਘਪਲੇ ਵਿਚ ਸ਼ਾਮਲ ਕਥਿਤ ਵਿਭਾਗੀ ਅਧਿਕਾਰੀ ਸਰਕਾਰੀ ਖਾਤਿਆਂ ਵਿਚੋਂ ਪੈਸਾ ਆਪਣੇ ਰਿਸ਼ਤੇਦਾਰਾਂ ਦੇ ਨਾਂ ਟਰਾਂਸਫਰ ਕਰਦੇ ਰਹੇ ਹਨ ਅਤੇ ਵਿਭਾਗ ਦਾ ਕੋਈ ਆਡਿਟ ਨਾ ਹੋਣ ਕਾਰਨ ਇਹ ਘਪਲਾ ਛੁਪਿਆ ਰਿਹਾ। ਨਵਜੋਤ ਸਿੰਘ ਸਿੱਧੂ ਨੇ ਪ੍ਰੈਸ ਕਾਨਫਰੰਸ ਵਿਚ ਦੱਸਿਆ ਕਿ ਵਿਭਾਗ ਦੇ ਮੁੱਖ ਵਿਜੀਲੈਂਸ ਅਧਿਕਾਰੀ ਸੁਦੀਪ ਸਿੰਘ ਮਾਣਕ ਦੀ ਅਗਵਾਈ ਹੇਠ ਕੀਤੀ ਗਈ ਜਾਂਚ ਦੇ ਅਧਾਰ ‘ਤੇ ਈਓ ਅਰਵਿੰਦ ਸ਼ਰਮਾ, ਈਓ ਡੀਸੀ ਗਰਗ, ਈਓ ਪਰਮਜੀਤ ਸਿੰਘ, ਡੀਸੀਐਫਏ ਦਮਨ ਭੱਲਾ, ਟੀਨਾ ਵੋਹਰਾ, ਸੀਏ ਸੰਜੇ ਕਪੂਰ ਅਤੇ ਬਿੱਲ ਕਲਰਕ ਸਤਨਾਮ ਸਿੰਘ ਵਿਰੁੱਧ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਅਰਵਿੰਦਰ ਸ਼ਰਮਾ ਦੇ ਦਸਤਖਤਾਂ ਹੇਠ 49 ਚੈਕ, ਗਰਗ ਵਲੋਂ 2, ਪਰਮਜੀਤ ਸਿੰਘ ਵਲੋਂ ਤਿੰਨ ਚੈਕ ਆਪਣੇ ਦਸਤਖਤਾਂ ਹੇਠ ਜਾਰੀ ਕਰਕੇ ਪੈਸਾ ਕਢਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸਾਰੇ ਕਥਿਤ ਦੋਸ਼ੀਆਂ ਨੂੰ ਮੁਅੱਤਲ ਕਰਕੇ ਦੋਸ਼ ਪੱਤਰ ਜਾਰੀ ਕੀਤਾ ਜਾਵੇਗਾ। ਘਪਲੇ ‘ਚ ਦੋਸ਼ੀ ਸਾਬਤ ਹੋਏ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ। ਸਿੱਧੂ ਨੇ ਕਿਹਾ ਕਿ ਜਾਂਚ ਵਿਚ ਪੁਲਿਸ ਨੂੰ ਖੁਦਮੁਖਤਾਰੀ ਦਿੱਤੀ ਗਈ ਹੈ ਕਿ ਉਹ ਚੋਰ ਨੂੰ ਫੜਨ ਦੇ ਨਾਲ-ਨਾਲ ‘ਚੋਰ ਦੀ ਮਾਂ’ ਤੱਕ ਪੁੱਜੇ। ਸਿੱਧੂ ਨੇ ਦੱਸਿਆ ਕਿ ਮਹਿਕਮੇ ਦੀ ਸੀਏ ਨੇ ਕਦੇ ਇਸ ਘਪਲੇ ਦੀ ਜਾਂਚ ਨਹੀਂ ਕੀਤੀ, ਜਦਕਿ ਸਰਕਾਰ ਦੇ ਆਡੀਟਰ ਨੇ ਇਨ੍ਹਾਂ ਵਲੋਂ ਕੀਤੇ ਗਏ ਕੰਮਾਂ ‘ਤੇ 631 ਇਤਰਾਜ਼ ਲਾਏ ਸਨ। ਉਨ੍ਹਾਂ ਦੱਸਿਆ ਕਿ ਇਹ ਨਗਰ ਸੁਧਾਰ ਟਰੱਸਟ ਦਾ ਹੁਣ ਤੱਕ ਦਾ ਵੱਡਾ ਘੁਟਾਲਾ ਹੋ ਸਕਦਾ ਹੈ, ਜਿਸ ਵਿਚ ਲੋਕਾਂ ਦੇ ਪੈਸੇ ਦੀ ਏਨੀ ਖੁੱਲ੍ਹੀ ਲੁੱਟ ਕੀਤੀ ਗਈ ਹੋਵੇ। ਸਿੱਧੂ ਨੇ ਭਵਿੱਖ ਵਿਚ ਅਜਿਹੇ ਘੁਟਾਲੇ ਰੋਕਣ ਦਾ ਐਲਾਨ ਕਰਦੇ ਕਿਹਾ ਕਿ ਸਾਰੇ ਟਰੱਸਟਾਂ ਦੀ ਥਰਡ ਪਾਰਟੀ ਆਡਿਟ ਲਾਜ਼ਮੀ ਕੀਤੀ ਜਾਵੇਗੀ ਤੇ ਸੱਚ ਸਾਹਮਣੇ ਲਿਆਂਦਾ ਜਾਵੇਗਾ।
ਅਰਬੀ ਘੋੜਾ ਪਹਿਲੇ ਨੰਬਰ ‘ਤੇ ਖੋਤਾ ਤੀਜੇ ਨੰਬਰ ‘ਤੇ
ਨਿਗਮ ਚੋਣਾਂ ਦੀ ਗੱਲਬਾਤ ਕਰਦਿਆਂ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਦਸੰਬਰ ਵਿਚ ਚੋਣਾਂ ਹੋਣ ਦੀ ਉਮੀਦ ਹੈ, ਆਉਣ ਵਾਲੇ ਸਮੇਂ ਵਿਚ ਵਾਰਡਬੰਦੀ ਮੁਕੰਮਲ ਹੋ ਜਾਵੇਗੀ। ਇਕ ਅਕਾਲੀ ਆਗੂ ‘ਤੇ ਉਨ੍ਹਾਂ ਸ਼ਬਦੀ ਵਾਰ ਕਰਦਿਆਂ ਕਿਹਾ ਕਿ ‘ਅਰਬੀ ਘੋੜਿਆਂ ਦਾ ਖੋਤੇ ਨਾਲ ਕੀ ਮੁਕਾਬਲਾ’ ਅਰਬੀ ਘੋੜਾ ਪਹਿਲੇ ਨੰਬਰ ‘ਤੇ ਆਇਆ ਹੈ ਅਤੇ ਖੋਤੇ ਨੂੰ ਤੀਸਰਾ ਨੰਬਰ ਮਿਲਿਆ ਹੈ।
ਈਓ ਕੋਲ 100-200 ਕਰੋੜ ਦੀ ਜਾਇਦਾਦ
ਅੰਮ੍ਰਿਤਸਰ : ਇਹ ਘਪਲਾ 26 ਅਗਸਤ ਨੂੰ ਸਾਹਮਣੇ ਆਉਣ ਦੇ ਬਾਵਜੂਦ 14 ਦਿਨਾਂ ਤੱਕ ਐਫਆਈਆਰ ਦਰਜ ਨਹੀਂ ਕੀਤੀ ਗਈ। ਇਸ ਬਾਰੇ ਸਿੱਧੂ ਨੇ ਕਿਹਾ ਕਿ ਪਰਤ ਦਰ ਪਰਤ ਜਾਂਚ ਚੱਲ ਰਹੀ ਹੈ ਤੇ ਟਰੱਸਟ ਦੇ ਇਕ ਇਕ ਕਲਰਕ ਤੇ ਈਓ ਕੋਲ 100-100, 200-200 ਕਰੋੜ ਦੀਆਂ ਜਾਇਦਾਦਾਂ ਹਨ।

Check Also

ਲੁਧਿਆਣਾ ਤੋਂ ‘ਆਪ’ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਨੂੰ ਸ਼ਰਾਬ ਨਾਲ ਤੋਲਿਆ

ਮਜੀਠੀਆ ਬੋਲੇ : ਲੋਕਾਂ ਨੇ ਪੀਤੀ ਤੁਪਕਾ ਤੁਪਕਾ ‘ਆਪ’ ਵਾਲਿਆਂ ਨੇ ਪੀਤੀ ਬਾਟੇ ਨਾਲ ਲੁਧਿਆਣਾ/ਬਿਊਰੋ …