117 ਵਿਧਾਨ ਸਭਾ ਹਲਕਿਆਂ ‘ਚ ਸਾੜੇ ਗਏ ਪੁਤਲੇ
ਚੰਡੀਗੜ੍ਹ/ਬਿਊਰੋ ਨਿਊਜ਼
ਦੁਸਹਿਰੇ ਮੌਕੇ ਲੁਧਿਆਣਾ ਵਿੱਚ ਕਾਂਗਰਸ ਨੂੰ ਚਿੱਟਾ ਰਾਵਣ ਸਾੜੇ ਨਾ ਜਾਣ ਦੇਣ ਤੋਂ ਬਾਅਦ ਅੱਜ ਪੰਜਾਬ ਭਰ ਵਿੱਚ ਕਾਂਗਰਸ ਨੇ ਚਿੱਟੇ ਰਾਵਣ ਦੇ ਪੁਤਲੇ ਸਾੜੇ। ਇਨ੍ਹਾਂ ਪੁਤਲਿਆਂ ‘ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਤਸਵੀਰ ਸੀ। ਇਨ੍ਹਾਂ ਪੁਤਲਿਆਂ ‘ਤੇ ਉਪ-ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਕੈਬਨਿਟ ਮੰਤਰੀ ਬਿਕਰਮ ਮਜੀਠੀਆ ਦੀਆਂ ਤਸਵੀਰਾਂ ਵੀ ਸਨ। ਇਸ ਦੌਰਾਨ ਪ੍ਰਦਰਸ਼ਨ ਕਰ ਰਹੇ ਕਾਂਗਰਸੀ ਆਗੂਆਂ ਨੇ ਦੋਸ਼ ਲਾਇਆ ਕਿ ਪੰਜਾਬ ਵਿੱਚ ਬਾਦਲ ਪਰਿਵਾਰ ਸੂਬੇ ਦੇ ਨੌਜਵਾਨਾਂ ਨੂੰ ਨਸ਼ੇ ਵੱਲ ਧੱਕ ਰਿਹਾ ਹੈ।
ਇਸ ਮੌਕੇ ਅੰਮ੍ਰਿਤਸਰ ਵਿੱਚ ਗੁਰਦੀਪ ਔਜਲਾ ਨੇ ਕਿਹਾ ਕਿ ਮੁੱਖ ਮੰਤਰੀ ਬਾਦਲ ਦੇ ਰਾਜ ਵਿੱਚ ਸਿਰਫ਼ ਨਸ਼ੇ ਦਾ ਹੀ ਰਾਜ ਹੈ। ਜਦੋਂ ਤੱਕ ਅਕਾਲੀ-ਭਾਜਪਾ ਸਰਕਾਰ ਸੱਤਾ ‘ਤੇ ਕਾਬਜ਼ ਹੈ, ਉਦੋਂ ਤਕ ਨਸ਼ੇ ਦਾ ਪ੍ਰਕੋਪ ਜਾਰੀ ਰਹੇਗਾ। ਇਸ ਲਈ ਹੀ ਮੁੱਖ ਮੰਤਰੀ ਦੇ ਰੂਪ ਵਿੱਚ ਚਿੱਟਾ ਰਾਵਣ ਸਾੜਿਆ ਗਿਆ ਹੈ।ਇਸ ਦੇ ਨਾਲ ਹੀ ਜਲੰਧਰ ਵਿੱਚ ਵੀ ਕਾਂਗਰਸੀਆਂ ਨੇ ਸਰਕਾਰ ਵਿਰੋਧੀ ਨਾਅਰੇਬਾਜ਼ੀ ਕੀਤੀ ਤੇ ਚਿੱਟਾ ਰਾਵਣ ਸਾੜਿਆ। ਜ਼ਿਕਰਯੋਗ ਹੈ ਕਿ ਦੁਸਹਿਰੇ ਮੌਕੇ ਕਾਂਗਰਸ ਨੇ ਮੁੱਖ ਮੰਤਰੀ ਬਾਦਲ ਦੀ ਫ਼ੋਟੋ ਲਾ ਕੇ ਚਿੱਟਾ ਰਾਵਣ ਸਾੜਨਾ ਸੀ। ਜਿਸ ਨੂੰ ਲੈ ਕੇ ਕਾਂਗਰਸ ਤੇ ਅਕਾਲੀ ਆਗੂਆਂ ਵਿੱਚ ਝੜਪ ਹੋ ਗਈ। ਇਸ ਵਿੱਚ ਬਹੁਤ ਸਾਰੇ ਕਾਂਗਰਸੀ ਆਗੂ ਤੇ ਵਰਕਰ ਜ਼ਖਮੀ ਹੋ ਗਏ ਸਨ। ਇੱਥੋਂ ਤੱਕ ਕੀ ਕੁੱਝ ਵਿਅਕਤੀਆਂ ‘ਤੇ ਪਰਚੇ ਵੀ ਦਰਜ ਕੀਤੇ ਗਏ ਸਨ। ਇਸ ਲਈ ਕਾਂਗਰਸ ਨੇ ਫਿਰ ਤੋਂ ਦੁਸਹਿਰਾ ਮਨਾਉਣ ਦਾ ਐਲਾਨ ਕੀਤਾ ਤੇ ਪੰਜਾਬ ਵਿੱਚ 117 ਵਿਧਾਨਸਭਾ ਹਲਕਿਆਂ ਵਿੱਚ ਚਿੱਟਾ ਰਾਵਣ ਸਾੜਿਆ।
Check Also
ਸੁਖਪਾਲ ਖਹਿਰਾ ਦੀ ਜ਼ਮਾਨਤ ਰੱਦ ਕਰਵਾਉਣ ਵਾਲੀ ਈਡੀ ਦੀ ਅਰਜ਼ੀ ਖਾਰਜ
ਖਹਿਰਾ ਨੇ ਕਿਹਾ : ਰਾਜਨੀਤੀ ਤੋਂ ਪ੍ਰੇਰਿਤ ਸੀ ਇਹ ਕੇਸ ਚੰਡੀਗੜ੍ਹ/ਬਿਊਰੋ ਨਿਊਜ਼ ਕਾਂਗਰਸ ਪਾਰਟੀ ਦੇ …