Breaking News
Home / ਦੁਨੀਆ / ਪਨਾਮਾ ਦੇ ਜੰਗਲਾਂ ‘ਚ ਪੰਜਾਬੀ ਨੌਜਵਾਨ ਦੀ ਮੌਤ

ਪਨਾਮਾ ਦੇ ਜੰਗਲਾਂ ‘ਚ ਪੰਜਾਬੀ ਨੌਜਵਾਨ ਦੀ ਮੌਤ

ਨਡਾਲਾ/ਬਿਊਰੋ ਨਿਊਜ਼ : ਸੁਨਹਿਰੇ ਭਵਿੱਖ ਖ਼ਾਤਰ ਅਮਰੀਕਾ ਜਾ ਰਹੇ ਨਡਾਲਾ ਵਾਸੀ ਸੁਨੀਲ ਕੁਮਾਰ ਦੀ ਪਨਾਮਾ ਦੇ ਜੰਗਲਾਂ ਵਿੱਚ ਮੌਤ ਹੋ ਗਈ ਹੈ। ਸੁਨੀਲ ਦੇ ਪਿਤਾ ਦਵਿੰਦਰ ਕੁਮਾਰ ਨੇ ਦੱਸਿਆ ਕਿ ਉਸ ਦੇ ਇਕ ਜਾਣਕਾਰ ਪਿੰਡ ਟਾਂਡੀ ਦਾਖ਼ਲੀ ਵਾਸੀ ਏਜੰਟ ਜਸਬੀਰ ਸਿੰਘ ਨੇ 23.50 ਲੱਖ ਰੁਪਏ ਵਿੱਚ ਸੁਨੀਲ ਨੂੰ ਅਮਰੀਕਾ ਭੇਜਣ ਦਾ ਵਾਅਦਾ ਕੀਤਾ ਸੀ। ਉਨ੍ਹਾਂ ਕਿਹਾ ਕਿ 19 ਲੱਖ ਰੁਪਏ ਲੈ ਕੇ ਏਜੰਟ ਨੇ ਉਨ੍ਹਾਂ ਕੋਲੋਂ ਪਾਸਪੋਰਟ ਲੈ ਲਿਆ ਸੀ ਤੇ ਸੁਨੀਲ 21 ਅਪਰੈਲ ਨੂੰ ਅਮਰੀਕਾ ਜਾਣ ਲਈ ਘਰੋਂ ਰਵਾਨਾ ਹੋਇਆ ਸੀ। ਇਸ ਮਗਰੋਂ 24 ਅਪਰੈਲ ਨੂੰ ਉਸ ਦੇ ਪਨਾਮਾ ਪਹੁੰਚਣ ਦੀ ਸੂਚਨਾ ਉਨ੍ਹਾਂ ਨੂੰ ਮਿਲੀ। ਦਵਿੰਦਰ ਕੁਮਾਰ ਨੇ ਦੱਸਿਆ ਕਿ 8 ਜੂਨ ਨੂੰ ਉਨ੍ਹਾਂ ਦੀ ਅਮਰੀਕੀ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਵਿੱਚ ਲੱਗੇ ਆਪਣੇ ਬੇਟੇ ਨਾਲ ਕਿਸੇ ਜੰਗਲੀ ਇਲਾਕੇ ਵਿੱਚ ਆਖ਼ਰੀ ਵਾਰ ਗੱਲ ਹੋਈ ਸੀ। ਪਰ ਇਸ ਤੋਂ ਬਾਅਦ ਉਸ ਦਾ ਕੋਈ ਥਹੁ-ਪਤਾ ਨਹੀ ਲੱਗਾ। ਉਨ੍ਹਾਂ ਦੱਸਿਆ ਕਿ ਸੁਨੀਲ ਦੀ ਮੌਤ ਹੋਣ ਸਬੰਧੀ ਸੂਚਨਾ ਉਨ੍ਹਾਂ ਨੂੰ ਉਸੇ ਰਸਤੇ ਜਾ ਰਹੇ ਇਕ ਹਰਿਆਣਾ ਸੂਬੇ ਦੇ ਵਾਸੀ ਤੇ ਸਥਾਨਕ ਮੀਡੀਆ ਰਾਹੀਂ ਮਿਲੀ। ਸੁਨੀਲ ਦੇ ਪਿਤਾ ਨੇ ਦੱਸਿਆ ਕਿ ਪਨਾਮਾ ਦੇ ਜੰਗਲਾਂ ਵਿਚੋਂ ਲੰਘਦੇ ਸਮੇਂ ਥਕਾਵਟ ਕਾਰਨ ਉਹ ਚੱਲਣ-ਫਿਰਨ ਤੋਂ ਅਸਮਰੱਥ ਹੋ ਚੁੱਕਾ ਸੀ ਅਤੇ ਰਸਤੇ ਵਿਚ ਵਗ ਰਹੀ ਨਦੀ ‘ਚੋਂ ਪਾਣੀ ਪੀਣ ਲੱਗੇ ਉਸ ਨੂੰ ਕਥਿਤ ਤੌਰ ‘ਤੇ ਨਾਲ ਦੇ ਹੀ ਕਿਸੇ ਨੇ ਧੱਕਾ ਦੇ ਦਿੱਤਾ। ਉਸ ਦੀ ਮੌਤ ਦਸ ਦਿਨ ਪਹਿਲਾਂ ਹੋਈ ਦੱਸੀ ਗਈ ਹੈ। ਵੇਰਵਿਆਂ ਮੁਤਾਬਕ ਉੱਥੇ ਮੌਜੂਦ ਪੰਜਾਬੀ ਨੌਜਵਾਨਾਂ ਨੇ ਪੈਸੇ ਇਕੱਠੇ ਕਰਕੇ ਪਨਾਮਾ ਪੁਲਿਸ ਦੀ ਸਹਾਇਤਾ ਨਾਲ ਕੈਂਪ ਵਿਚ ਲਿਜਾ ਕੇ ਸੁਨੀਲ ਦਾ ਸਸਕਾਰ ਕਰ ਦਿੱਤਾ। ਦਵਿੰਦਰ ਕੁਮਾਰ ਨੇ ਏਜੰਟ ‘ਤੇ ਧੋਖਾ ਕਰਨ ਦਾ ਦੋਸ਼ ਲਾਇਆ ਹੈ। ਏਜੰਟ ਜਸਬੀਰ ਸਿੰਘ ਫਰਾਰ ਦੱਸਿਆ ਜਾ ਰਿਹਾ ਹੈ। ਸਥਾਨਕ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਕੈਲੀਫੋਰਨੀਆ ਅੱਗ ਦੀਆਂ ਲਪਟਾਂ ‘ਚ ਘਿਰਿਆ
ਕੈਲੀਫੋਰਨੀਆ : ਜਿਉਂ ਹੀ ਗਰਮੀਆਂ ਦਾ ਮੌਸਮ ਸ਼ੁਰੂ ਹੋਇਆ ਹੈ, ਉਸ ਦੇ ਨਾਲ ਹੀ ਵੱਖ-ਵੱਖ ਸ਼ਹਿਰਾਂ ਤੋਂ ਛੋਟੀਆਂ ਵੱਡੀਆਂ ਅੱਗ ਲੱਗਣ ਦੀਆਂ ਖਬਰਾਂ ਆਉਣ ਲੱਗੀਆਂ ਹਨ। ਚੇਤੇ ਰਹੇ ਕਿ ਪਿਛਲੇ ਸਾਲ ਵੀ ਕੈਲੀਫੋਰਨੀਆ ਨੇ ਅੱਗ ਕਾਰਨ ਬਹੁਤ ਜਾਨੀ-ਮਾਲੀ ਨੁਕਸਾਨ ਝੱਲਿਆ ਸੀ। ਪਿਛਲੇ ਸਾਲ ਦੀਆਂ ਘਟਨਾਵਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਇਸ ਸਾਲ ਅੱਗ ਨਾਲ ਨਿਪਟਣ ਲਈ ਵੱਡੇ ਇੰਤਜਾਮ ਕੀਤੇ ਗਏ ਹਨ। ਇਸ ਸਾਲ ਗਰਮੀ ਦਾ ਮੌਸਮ ਸ਼ੁਰੂ ਹੁੰਦਿਆਂ ਹੀ ਗਰਮੀ ਨੇ ਆਪਣੇ ਕਹਿਰ ਵਰਾਉਣਾ ਸ਼ੁਰੂ ਕਰ ਦਿੱਤਾ ਹੈ। ਪੂਰੇ ਇਲਾਕੇ ਵਿਚ ਤੱਤੀਆਂ ਹਵਾਵਾਂ ਚੱਲ ਰਹੀਆਂ ਹਨ ਜਿਸ ਨਾਲ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਐਮ ਪੀ ਸੀਮਾ ਮਲਹੋਤਰਾ ਨੇ ਅਫ਼ਗਾਨਿਸਤਾਨ ‘ਚ ਸਿੱਖਾਂ ਦੀ ਸੁਰੱਖਿਆ ਦਾ ਉਠਾਇਆ ਮਾਮਲਾ
ਪ੍ਰਧਾਨ ਮੰਤਰੀ ਥੈਰੇਸਾ ਵਲੋਂ ਸਹਿਯੋਗ ਦਾ ਭਰੋਸਾ
ਲੰਡਨ/ਬਿਊਰੋ ਨਿਊਜ : ਬਰਤਾਨੀਆ ਦੀ ਪੰਜਾਬੀ ਮੂਲ ਦੀ ਸੰਸਦ ਮੈਂਬਰ ਸੀਮਾ ਮਲਹੋਤਰਾ ਨੇ ਸੰਸਦ ਵਿਚ ਅਫ਼ਗਾਨਿਸਤਾਨ ਵਿਖੇ ਆਤਮਘਾਤੀ ਹਮਲਾ ‘ਚ ਸਿੱਖ ਆਗੂਆਂ ਦੇ ਕੀਤੇ ਕਤਲ ਦੀ ਨਿਖੇਧੀ ਕਰਦਿਆਂ ਅਫ਼ਗਾਨਿਸਤਾਨ ਵਿਚ ਸਿੱਖਾਂ ਦੀ ਰੱਖਿਆ ਦਾ ਮਾਮਲਾ ਉਠਾਇਆ। ਉਨ੍ਹਾਂ ਕਿਹਾ ਕਿ ਜਲਾਲਾਬਾਦ ਵਿਚ ਸਿੱਖਾਂ ‘ਤੇ ਹੋਏ ਹਮਲੇ ਨਾਲ ਉਨ੍ਹਾਂ ਦੇ ਹਲਕੇ ਦੇ ਲੋਕਾਂ ਵਿਚ ਭਾਰੀ ਰੋਸ ਹੈ, ਇਸ ਹਮਲੇ ਵਿਚ ਗੁਰਦੁਆਰਾ ਸਾਹਿਬ ਦੇ ਟਰੱਸਟੀ ਸਣੇ 19 ਲੋਕਾਂ ਦੀ ਮੌਤ ਹੋਈ ਹੈ ਤੇ ਆ ਰਹੀਆਂ ਚੋਣਾਂ ਵਿਚ ਇੱਕੋ-ਇੱਕ ਸਿੱਖ ਉਮੀਦਵਾਰ ਅਵਤਾਰ ਸਿੰਘ ਖ਼ਾਲਸਾ ਵੀ ਇਸ ਹਮਲੇ ਦਾ ਸ਼ਿਕਾਰ ਹੋਏ ਹਨ। ਲੰਡਨ ਵਿਚ ਇਸ ਸਬੰਧੀ ਇਕ ਮੀਟਿੰਗ ਹੋਈ ਹੈ, ਜਿਸ ਦੌਰਾਨ ਉਨ੍ਹਾਂ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੂੰ ਪੁੱਛਿਆ ਕਿ ਅਫ਼ਗਾਨਿਸਤਾਨ ਵਿਚ ਘੱਟ ਗਿਣਤੀ ਭਾਈਚਾਰੇ ਦੀ ਰੱਖਿਆ ਲਈ ਕੀ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਮੇਅ ਨੇ ਕਿਹਾ ਕਿ ਅਫ਼ਗਾਨਿਸਤਾਨ ਵਿਚ ਅੱਤਵਾਦੀ ਹਮਲਾ ਇਹ ਬਹੁਤ ਹੀ ਗੰਭੀਰ ਮਾਮਲਾ ਹੈ, ਅਸੀਂ ਲੋਕਾਂ ਦੀ ਸੁਰੱਖਿਆ ਲਈ ਹਰ ਸੰਭਵ ਮਦਦ ਕਰ ਰਹੇ ਹਾਂ। ਅਸੀਂ ਪਹਿਲਾਂ ਨਾਲੋਂ ਵੀ ਜ਼ਿਆਦਾ ਇਸ ਮਾਮਲੇ ‘ਤੇ ਕੰਮ ਕਰ ਰਹੇ ਹਾਂ। ਬਹੁਤ ਸਾਰੇ ਅੱਤਵਾਦੀ ਹਮਲੇ ਹੋ ਰਹੇ ਹਨ, ਅਸੀਂ ਅਫ਼ਗਾਨਿਸਤਾਨ ਦੀ ਸਰਕਾਰ ਨਾਲ ਮਿਲ ਕੇ ਕੰਮ ਕਰ ਰਹੇ ਹਾਂ ਤਾਂ ਕਿ ਭਵਿੱਖ ਵਿਚ ਅਜਿਹੇ ਹਮਲਿਆਂ ਨੂੰ ਰੋਕਿਆ ਜਾ ਸਕੇ ਅਤੇ ਲੋਕ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਸੁਰੱਖਿਅਤ ਜੀ ਸਕਣ।

Check Also

ਅੰਮ੍ਰਿਤਸਰ ਦੇ ਵਿਕਾਸ ਲਈ ਭਾਰਤੀ ਅਮਰੀਕੀਆਂ ਨੇ 10 ਕਰੋੜ ਡਾਲਰ ਦੇਣ ਦਾ ਐਲਾਨ ਕੀਤਾ

ਵਾਸ਼ਿੰਗਟਨ/ਬਿਊਰੋ ਨਿਊਜ਼ : ਪ੍ਰਮੁੱਖ ਭਾਰਤੀ ਅਮਰੀਕੀਆਂ ਦੇ ਸਮੂਹ ਨੇ ਅੰਮ੍ਰਿਤਸਰ ਦੇ ਸਮਾਜਿਕ-ਆਰਥਿਕ ਵਿਕਾਸ ਲਈ ‘ਸਟਾਰਟਅੱਪਸ’ …