ਓਵਲ ਦਫਤਰ ਵਿੱਚ ਜੇਲੈਂਸਕੀ ਨਾਲ ਤਲਖ਼ੀ ਮਗਰੋਂ ਅਮਰੀਕੀ ਰਾਸ਼ਟਰਪਤੀ ਨੇ ਲਿਆ ਫ਼ੈਸਲਾ
ਨਿਊਯਾਰਕ/ਬਿਊਰੋ ਨਿਊਜ਼ : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਯੂਕਰੇਨ ਨੂੰ ਦਿੱਤੀ ਜਾਣ ਵਾਲੀ ਹਰ ਤਰ੍ਹਾਂ ਦੀ ਅਮਰੀਕੀ ਫੌਜੀ ਸਹਾਇਤਾ ਦੀ ਸਪਲਾਈ ਤੁਰੰਤ ਅਸਥਾਈ ਤੌਰ ‘ਤੇ ਰੋਕ ਦਿੱਤੀ ਹੈ। ਟਰੰਪ ਦਾ ਇਹ ਫੈਸਲਾ ਅਮਰੀਕੀ ਰਾਸ਼ਟਰਪਤੀ ਦੇ ਓਵਲ ਦਫਤਰ ਵਿੱਚ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨਾਲ ਤਲਖ਼ੀ ਮਗਰੋਂ ਆਇਆ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਟਰੰਪ ਨੇ ਯੂਕਰੇਨ ਨੂੰ ਦਿੱਤੀ ਜਾਣ ਵਾਲੀ ਹਰ ਤਰ੍ਹਾਂ ਦੀ ਅਮਰੀਕੀ ਫੌਜੀ ਸਹਾਇਤਾ ਨੂੰ ਅਸਥਾਈ ਤੌਰ ‘ਤੇ ਮੁਅੱਤਲ ਕਰ ਦਿੱਤਾ ਹੈ ਅਤੇ ਇਹ ਆਦੇਸ਼ ਫੌਰੀ ਲਾਗੂ ਹੋ ਗਿਆ ਹੈ। ਇਸ ਨਾਲ ਇੱਕ ਅਰਬ ਅਮਰੀਕੀ ਡਾਲਰ ਤੋਂ ਵੱਧ ਮੁੱਲ ਦੇ ਹਥਿਆਰਾਂ ਅਤੇ ਗੋਲਾ-ਬਾਰੂਦ ਦੀ ਸਪਲਾਈ ਪ੍ਰਭਾਵਿਤ ਹੋਵੇਗੀ।
ਕਿਹਾ ਗਿਆ ਹੈ ਕਿ ਫੌਜੀ ਸਹਾਇਤਾ ਰੋਕਣ ਸਬੰਧੀ ਟਰੰਪ ਦਾ ਫੈਸਲਾ ਅਮਰੀਕੀ ਨੇਤਾ ਅਤੇ ਉਨ੍ਹਾਂ ਦੇ ਕੌਮੀ ਸੁਰੱਖਿਆ ਨਾਲ ਸਬੰਧਤ ਸੀਨੀਅਰ ਸਹਿਯੋਗੀਆਂ ਵਿਚਕਾਰ ਵ੍ਹਾਈਟ ਹਾਊਸ (ਅਮਰੀਕੀ ਰਾਸ਼ਟਰਪਤੀ ਦੀ ਸਰਕਾਰੀ ਰਿਹਾਇਸ਼ ਅਤੇ ਦਫ਼ਤਰ) ਵਿੱਚ ਕਈ ਦੌਰ ਦੀਆਂ ਮੀਟਿੰਗਾਂ ਮਗਰੋਂ ਲਿਆ ਗਿਆ। ਅਧਿਕਾਰੀ ਨੇ ਕਿਹਾ ਕਿ ਇਹ ਹੁਕਮ ਉਦੋਂ ਤੱਕ ਲਾਗੂ ਰਹੇਗਾ, ਜਦੋਂ ਤੱਕ ਟਰੰਪ ਇਹ ਨਿਰਧਾਰਤ ਨਹੀਂ ਕਰ ਲੈਂਦੇ ਕਿ ਯੂਕਰੇਨ ਨੇ ਰੂਸ ਨਾਲ ਸ਼ਾਂਤੀ ਵਾਰਤਾ ਪ੍ਰਤੀ ਵਚਨਬੱਧ ਹੈ। ਅਮਰੀਕੀ ਵਿਦੇਸ਼ ਵਿਭਾਗ ਅਨੁਸਾਰ, ਰੂਸ ਵੱਲੋਂ 24 ਫਰਵਰੀ 2022 ਨੂੰ ਯੂਕਰੇਨ ‘ਤੇ ਹਮਲੇ ਮਗਰੋਂ ਅਮਰੀਕਾ ਨੇ 65.9 ਅਰਬ ਅਮਰੀਕੀ ਡਾਲਰ ਦੀ ਫੌਜੀ ਸਹਾਇਤਾ ਦਿੱਤੀ ਹੈ ਅਤੇ 2014 ਵਿੱਚ ਰੂਸ ਵੱਲੋਂ ਯੂਕਰੇਨ ‘ਤੇ ਸ਼ੁਰੂਆਤੀ ਹਮਲੇ ਮਗਰੋਂ ਲਗਪਗ 69.2 ਅਰਬ ਅਮਰੀਕੀ ਡਾਲਰ ਦੀ ਫੌਜੀ ਸਹਾਇਤਾ ਦਿੱਤੀ ਜਾ ਚੁੱਕੀ ਹੈ। ਯੂਕਰੇਨ ਲਈ ਇਹ ਤਾਜ਼ਾ ਝਟਕਾ ਟਰੰਪ ਅਤੇ ਉਪ ਰਾਸ਼ਟਰਪਤੀ ਜੇਡੀ ਵਾਂਸ ਦੀ ਜ਼ੇਲੈਂਸਕੀ ਨਾਲ ਤਿੱਖੀ ਬਹਿਸ ਤੋਂ ਕੁਝ ਦਿਨ ਮਗਰੋਂ ਸਾਹਮਣੇ ਆਇਆ ਹੈ।
ਟਰੰਪ ਤੇ ਜ਼ੇਲੈਂਸਕੀ ਵਿਚਾਲੇ ਵੰਡੇ ਗਏ ਅਮਰੀਕੀ ਸੰਸਦ ਮੈਂਬਰ
ਅਮਰੀਕਾ ਤੇ ਯੂਕਰੇਨ ਵਿਚਾਲੇ ਸਬੰਧਾਂ ‘ਚ ਪੈਦਾ ਹੋਇਆ ਤਣਾਅ, ਸਖ਼ਤ ਰੌਂਅ ‘ਚ ਨਜ਼ਰ ਆਏ ਅਮਰੀਕੀ ਰਾਸ਼ਟਰਪਤੀ
ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਉਨ੍ਹਾਂ ਦੇ ਯੂਕਰੇਨੀ ਹਮਰੁਤਬਾ ਵੋਲੋਦੀਮੀਰ ਜ਼ੇਲੈਂਸਕੀ ਵਿਚਕਾਰ ਵ੍ਹਾਈਟ ਹਾਊਸ ‘ਚ ਤਿੱਖੀ ਬਹਿਸ ਨਾਲ ਹੁਕਮਰਾਨ ਰਿਪਬਲਿਕਨ ਅਤੇ ਵਿਰੋਧੀ ਡੈਮੋਕਰੈਟਿਕ ਆਗੂ ਵੰਡੇ ਗਏ ਹਨ। ਕੁਝ ਰਿਪਬਲਿਕਨ ਆਗੂ ਪਹਿਲਾਂ ਯੂਕਰੇਨ ਦੇ ਪੱਖ ‘ਚ ਸਨ ਪਰ ਹੁਣ ਉਹ ਟਰੰਪ ਨਾਲ ਆ ਖੜ੍ਹੇ ਹੋਏ ਹਨ। ਸੈਨੇਟਰ ਲਿੰਡਸੇ ਗ੍ਰਾਹਮ ਨੇ ਜ਼ੇਲੈਂਸਕੀ ਅਤੇ ਟਰੰਪ ਵਿਚਕਾਰ ਤਿੱਖੀ ਬਹਿਸ ਨੂੰ ਆਫ਼ਤ ਕਰਾਰ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਟਰੰਪ ‘ਤੇ ਮਾਣ ਹੈ। ਉਨ੍ਹਾਂ ਕਿਹਾ, ”ਜੋ ਕੁਝ ਓਵਲ ਦਫ਼ਤਰ ‘ਚ ਵਾਪਰਿਆ, ਉਹ ਅਪਮਾਨਜਨਕ ਸੀ ਅਤੇ ਮੈਨੂੰ ਹੁਣ ਨਹੀਂ ਜਾਪਦਾ ਕਿ ਜ਼ੇਲੈਂਸਕੀ ਨਾਲ ਮੁੜ ਕੋਈ ਸਮਝੌਤਾ ਹੋ ਸਕੇਗਾ।”
ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ‘ਅਮਰੀਕਾ ਨੂੰ ਤਰਜੀਹ’ ਦੇਣ ਲਈ ਰਾਸ਼ਟਰਪਤੀ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਤੋਂ ਪਹਿਲਾਂ ਕਿਸੇ ਵੀ ਰਾਸ਼ਟਰਪਤੀ ਕੋਲ ਅਜਿਹਾ ਕਦਮ ਚੁੱਕਣ ਦਾ ਹੌਸਲਾ ਨਹੀਂ ਸੀ। ਸਪੀਕਰ ਮਾਈਕ ਜੌਹਨਸਨ ਨੇ ਕਿਹਾ ਕਿ ਜੰਗ ਫੌਰੀ ਰੁਕਣੀ ਚਾਹੀਦੀ ਹੈ ਅਤੇ ਸਿਰਫ਼ ਅਮਰੀਕੀ ਰਾਸ਼ਟਰਪਤੀ ਹੀ ਦੋਵੇਂ ਮੁਲਕਾਂ ਰੂਸ ਅਤੇ ਯੂਕਰੇਨ ਨੂੰ ਸ਼ਾਂਤੀ ਦੇ ਰਾਹ ‘ਤੇ ਪਾ ਸਕਦੇ ਹਨ। ਰਿਪਬਲਿਕਨ ਆਗੂ ਡਾਨ ਬੈਕਨ ਨੇ ਕਿਹਾ ਕਿ ਸ਼ੁੱਕਰਵਾਰ ਅਮਰੀਕੀ ਵਿਦੇਸ਼ੀ ਨੀਤੀ ਲਈ ਮਾੜਾ ਦਿਨ ਸੀ। ਉਨ੍ਹਾਂ ਕਿਹਾ ਕਿ ਰੂਸ, ਅਮਰੀਕਾ ਨਾਲ ਨਫ਼ਰਤ ਕਰਦਾ ਹੈ ਅਤੇ ਸਾਨੂੰ ਆਜ਼ਾਦੀ ਦੇ ਪੱਖ ‘ਚ ਸਪੱਸ਼ਟ ਸਟੈਂਡ ਲੈਣਾ ਚਾਹੀਦਾ ਹੈ। ਇਕ ਹੋਰ ਰਿਪਬਲਿਕਨ ਆਗੂ ਬ੍ਰਾਇਨ ਫਿਟਜ਼ਪੈਟਰਿਕ ਨੇ ਕਿਹਾ ਕਿ ਜਜ਼ਬਾਤ ਨੂੰ ਪਾਸੇ ਰੱਖ ਕੇ ਮੁੜ ਤੋਂ ਵਾਰਤਾ ਦੀ ਮੇਜ਼ ‘ਤੇ ਆਉਣਾ ਚਾਹੀਦਾ ਹੈ।
ਰਿਪਬਲਿਕਨ ਸੈਨੇਟਰ ਜੋਸ਼ ਹਾਅਲੇਯ ਨੇ ਕਿਹਾ ਕਿ ਅਮਰੀਕਾ ਟੈਕਸਦਾਤਿਆਂ ਦੇ ਅਰਬਾਂ ਡਾਲਰ ਯੂਕਰੇਨ ਨੂੰ ਦਿੰਦਾ ਆਇਆ ਹੈ ਅਤੇ ਹੁਣ ਕੁਝ ਜਵਾਬਦੇਹੀ ਤੈਅ ਕਰਨ ਦਾ ਸਮਾਂ ਆ ਗਿਆ ਹੈ।
ਰਿਪਬਲਿਕਨ ਐਂਡੀ ਬਿੱਗਸ ਨੇ ਕਿਹਾ ਕਿ ਤਾਨਾਸ਼ਾਹ ਜ਼ੇਲੈਂਸਕੀ ਨੇ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਦਾ ਅਪਮਾਨ ਕੀਤਾ ਹੈ ਅਤੇ ਟਰੰਪ ਨੇ ਉਸ ਨੂੰ ਬਾਹਰ ਦਾ ਦਰਵਾਜ਼ਾ ਦਿਖਾ ਕੇ ਸਹੀ ਕੰਮ ਕੀਤਾ ਹੈ। ਡੈਮੋਕਰੈਟਿਕ ਆਗੂ ਚੱਕ ਸ਼ੂਮਰ ਨੇ ਕਿਹਾ ਕਿ ਟਰੰਪ ਅਤੇ ਵਾਂਸ, ਪੂਤਿਨ ਦੇ ਮਾੜੇ ਕੰਮਾਂ ਨੂੰ ਅਗਾਂਹ ਵਧਾ ਰਹੇ ਹਨ। ਉਨ੍ਹਾਂ ਕਿਹਾ ਕਿ ਸੈਨੇਟ ਆਗੂ ਆਜ਼ਾਦੀ ਅਤੇ ਲੋਕਤੰਤਰ ਲਈ ਸੰਘਰਸ਼ ਕਰਦੇ ਰਹਿਣਗੇ। ਇਕ ਹੋਰ ਸੈਨੇਟਰ ਕ੍ਰਿਸ ਮਰਫ਼ੀ ਨੇ ਕਿਹਾ ਕਿ ਪੂਤਿਨ ਨੂੰ ਲਾਹਾ ਦੇਣ ਲਈ ਜ਼ੇਲੈਂਸਕੀ ਨੂੰ ਸ਼ਰਮਿੰਦਾ ਕਰਨ ਦੀ ਇਹ ਕੋਝੀ ਸਾਜਸਿੀ। ਉਨ੍ਹਾਂ ਕਿਹਾ ਕਿ ਵ੍ਹਾਈਟ ਹਾਊਸ ‘ਚ ਤਿੱਖੀ ਬਹਿਸ ਨਾਲ ਦੁਨੀਆ ਭਰ ‘ਚ ਅਮਰੀਕਾ ਦੇ ਰੁਤਬੇ ਨੂੰ ਢਾਹ ਲੱਗੀ ਹੈ।
ਜ਼ੇਲੈਂਸਕੀ ਅਮਨ ਨਹੀਂ ਚਾਹੁੰਦਾ ਉਹ ਤੀਸਰਾ ਵਿਸ਼ਵ ਯੁੱਧ ਚਾਹੁੰਦਾ ਹੈ : ਟਰੰਪ
ਰਾਸ਼ਟਰਪਤੀ ਟਰੰਪ ਤੇ ਜ਼ੇਲੈਂਸਕੀ ਵਿਚਾਲੇ ਮੀਟਿੰਗ ਦੌਰਾਨ ਹੋਈ ਤਕਰਾਰ ਉਪਰੰਤ ਜ਼ੇਲੈਂਸਕੀ ਨੂੰ ਵਾਈਟ ਹਾਊਸ ਵਿਚੋਂ ਚਲੇ ਜਾਣ ਲਈ ਕਿਹਾ
ਕੈਲੀਫੋਰਨੀਆ/ਹੁਸਨ ਲੜੋਆ ਬੰਗਾ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਵਿਚਾਲੇ ਵਾਈਟ ਹਾਊਸ ਵਿਚ ਹੋਈ ਮੀਟਿੰਗ ਦੌਰਾਨ ਦੋਵਾਂ ਆਗੂਆਂ ਵਿਚਾਲੇ ਤਕਰਾਰ ਹੋਣ ਦੀ ਖਬਰ ਹੈ। ਮੀਟਿੰਗ ਵਿਚ ਉੱਪ ਰਾਸ਼ਟਰਪਤੀ ਜੇ ਡੀ ਵੈਂਸ ਵੀ ਮੌਜੂਦ ਸਨ। ਬਿਨਾਂ ਕਿਸੇ ਸਿੱਟੇ ਦੇ ਖਤਮ ਹੋਈ ਮੀਟਿੰਗ ਦੌਰਾਨ ਸਥਿੱਤੀ ਇਸ ਹੱਦ ਤੱਕ ਅਣਸੁਖਾਵੀਂ ਬਣ ਗਈ ਕਿ ਟਰੰਪ ਨੇ ਯੂਕਰੇਨੀ ਰਾਸ਼ਟਰਪਤੀ ਨੂੰ ਵਾਈਟ ਹਾਊਸ ਵਿਚੋਂ ਚਲੇ ਜਾਣ ਲਈ ਕਹਿ ਦਿੱਤਾ। ਵਾਈਟ ਹਾਊਸ ਦੇ ਇਕ ਅਧਿਕਾਰੀ ਅਨੁਸਾਰ ਬਾਅਦ ਵਿਚ ਜ਼ੇਲੈਂਸਕੀ ਤੁਰੰਤ ਵਾਈਟ ਹਾਊਸ ਛੱਡ ਕੇ ਚਲੇ ਗਏ। ਮੀਟਿੰਗ ਵਿਚ ਯੂਕਰੇਨ ਦੇ ਕੁਦਰਤੀ ਖਣਿਜ ਪਦਾਰਥਾਂ ਸਬੰਧੀ ਦੋਵਾਂ ਦੇਸ਼ਾਂ ਵਿਚਾਲੇ ਸਮਝੌਤੇ ਉਪਰ ਦਸਤਖਤ ਕੀਤੇ ਜਾਣੇ ਸਨ ਪਰੰਤੂ ਅਜਿਹਾ ਸੰਭਵ ਨਹੀਂ ਹੋ ਸਕਿਆ। ਮੀਟਿੰਗ ਵਿਚ ਉੱਪ ਰਾਸ਼ਟਰਪਤੀ ਜੇ ਡੀ ਵੈਂਸ ਨੇ ਜ਼ੇਲੈਂਸਕੀ ਨੂੰ ਕਿਹਾ ਕਿ ਉਹ ਟਰੰਪ ਪ੍ਰਤੀ ਅਣਉੱਚਿਤ ਰਵਈਆ ਰਖਦੇ ਹਨ। ਤੁਹਾਨੂੰ ਰੂਸ ਨਾਲ ਜੰਗ ਦੇ ਕਾਰਨਾਂ ਬਾਰੇ ਭਾਸ਼ਣ ਦੇਣ ਦੀ ਬਜਾਏ ਅਮਰੀਕਾ ਦਾ ਧੰਨਵਾਦ ਕਰਨਾ ਚਾਹੀਦਾ ਹੈ। ਮੀਟਿੰਗ ਤੋਂ ਕੁਝ ਸਮੇਂ ਬਾਅਦ ਟਰੰਪ ਨੇ ਕਿਹਾ ਕਿ ”ਰਾਸ਼ਟਰਪਤੀ ਜ਼ੇਲੈਂਸਕੀ ਅਮਨ ਲਈ ਤਿਆਰ ਨਹੀਂ ਹੈ। ਉਸ ਨੇ ਓਵਾਲ ਦਫਤਰ ਵਿਚ ਅਮਰੀਕਾ ਦਾ ਅਪਮਾਨ ਕੀਤਾ ਹੈ। ਹੁਣ ਉਹ ਓਦੋਂ ਹੀ ਵਾਪਿਸ ਆ ਸਕਦਾ ਹੈ ਜਦੋਂ ਅਮਨ ਲਈ ਤਿਆਰ ਹੋਵੇਗਾ।” ਮੀਟਿੰਗ ਉਪਰੰਤ ਟਰੰਪ ਤੇ ਜ਼ੇਲੈਂਸਕੀ ਦੀ ਰੱਖੀ ਸਾਂਝੀ ਪ੍ਰੈਸ ਕਾਨਫਰੰਸ ਨੂੰ ਰੱਦ ਕਰ ਦਿੱਤਾ ਗਿਆ। ਰਾਸ਼ਟਰਪਤੀ ਟਰੰਪ ਵੱਲੋਂ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਯੁਕਰੇਨ ਨਾਲ ਜੰਗ ਖਤਮ ਕਰਨ ਬਾਰੇ ਕੀਤੀ ਗੱਲਬਾਤ ਉਪਰੰਤ ਇਹ ਮੀਟਿੰਗ ਸੰਭਵ ਹੋਈ ਸੀ। ਮੀਟਿੰਗ ਵਿਚ ਉਸ ਵੇਲੇ ਪਾਰਾ ਸਿਖਰ ‘ਤੇ ਪੁੱਜ ਗਿਆ ਜਦੋਂ ਜ਼ੇਲੈਂਸਕੀ ਨੇ ਕਿਹਾ ਅਮਰੀਕਾ ਹੁਣ ਪਿੱਛੇ ਹਟ ਰਿਹਾ ਹੈ ਪਰੰਤੂ ਇਸ ਬਾਰੇ ਤੁਹਾਨੂੰ ਭਵਿੱਖ ਵਿਚ ਅਹਿਸਾਸ ਹੋਵੇਗਾ। ਇਸ ‘ਤੇ ਟਰੰਪ ਨੇ ਕਿਹਾ ਸਾਨੂੰ ਇਹ ਦੱਸਣ ਦੀ ਕੋਸ਼ਿਸ ਨਾ ਕਰੋ ਕਿ ਅਸੀਂ ਕਿਵੇਂ ਮਹਿਸੂਸ ਕਰਾਂਗੇ, ਅਸੀਂ ਇਕ ਸਮੱਸਿਆ ਹੱਲ ਕਰਨ ਦਾ ਯਤਨ ਕਰ ਰਹੇ ਹਾਂ। ਜ਼ੇਲੈਂਸਕੀ ਨੇ ਟੋਕਦਿਆਂ ਕਿਹਾ ”ਮੈਂ ਤੁਹਾਨੂੰ ਸਮਝਾ ਨਹੀਂ ਰਿਹਾ।” ਇਸ ‘ਤੇ ਵੈਂਸ ਨੇ ਕਿਹਾ, ”ਹਾਂ ਬਿਲਕੁੱਲ ਇਹ ਹੀ ਤਾਂ ਤੂੰ ਕਰ ਰਿਹਾ ਹੈ।” ਤੈਸ਼ ਵਿਚ ਆਏ ਟਰੰਪ ਨੇ ਕਿਹਾ ਕਿ ਤੂੰ ਇਸ ਸਮੇਂ ਸਾਨੂੰ ਹੁਕਮ ਦੇਣ ਦੀ ਸਥਿੱਤੀ ਵਿਚ ਨਹੀਂ ਹੈ। ਅਸੀਂ ਬਹੁਤ ਚੰਗਾ ਤੇ ਬਹੁਤ ਮਜ਼ਬੂਤ ਅਹਿਸਾਸ ਕਰਾਂਗੇ ਪਰੰਤੂ ਇਸ ਵੇਲੇ ਤੇਰੀ ਹਾਲਤ ਬਹੁਤੀ ਚੰਗੀ ਨਹੀਂ ਹੈ। ਤੂੰ ਚੰਗੀ ਸਥਿੱਤੀ ਵਿਚ ਨਹੀਂ ਹੈ।” ਟਰੰਪ ਨੇ ਆਪਣੀ ਗਲ ਜਾਰੀ ਰਖਦਿਆਂ ਕਿਹਾ ਤੂੰ ਲੱਖਾਂ ਲੋਕਾਂ ਦੀ ਜਾਨ ਨਾਲ ਜੂਆ ਖੇਡ ਰਿਹਾ ਹੈ, ਤੂੰ ਤੀਸਰੀ ਵਿਸ਼ਵ ਜੰਗ ਦਾ ਜੂਆ ਖੇਡ ਰਿਹਾ ਹੈ ਜੋ ਤੂੰ ਕਰ ਰਿਹਾ ਹੈ ਉਹ ਇਸ ਦੇਸ਼ ਦਾ ਅਪਮਾਨ ਹੈ।