Breaking News
Home / Special Story / ਗੰਧਲੇ ਸਰਕਾਰੀ ਸਿਸਟਮ ਤੇ ਰਾਜਨੀਤੀ ’ਚ ਘਿਰਿਆ ‘ਅੰਨਦਾਤਾ’

ਗੰਧਲੇ ਸਰਕਾਰੀ ਸਿਸਟਮ ਤੇ ਰਾਜਨੀਤੀ ’ਚ ਘਿਰਿਆ ‘ਅੰਨਦਾਤਾ’

‘ਜੇਕਰ ਹਾਕਮਾਂ ਨੇ ਖੁਦਕੁਸ਼ੀ ਪੀੜਤ ਕਿਸਾਨ ਪਰਿਵਾਰਾਂ ਦੇ ਦੁੱਖ ਨੂੰ ਨੇੜਿਓਂ ਜਾਣਿਆ ਹੁੰਦਾ ਤਾਂ ਸ਼ਾਇਦ ਸਮੁੱਚੇ ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ਼ ਕਰਨ ਦੇ ਵਾਅਦੇ ਵਫ਼ਾ ਹੋ ਜਾਂਦੇ’
ਸੰਗਰੂਰ : ‘ਜੇਕਰ ਹਾਕਮਾਂ ਨੇ ਖੁਦਕੁਸ਼ੀ ਪੀੜਤ ਕਿਸਾਨ ਪਰਿਵਾਰਾਂ ਦੇ ਦੁੱਖ ਨੂੰ ਨੇੜਿਓਂ ਜਾਣਿਆ ਹੁੰਦਾ ਤਾਂ ਸ਼ਾਇਦ ਸਮੁੱਚੇ ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ਼ ਕਰਨ ਦੇ ਵਾਅਦੇ ਵਫ਼ਾ ਹੋ ਜਾਂਦੇ।’ ਪਰ ਸਰਕਾਰ ਦੀ ਤੰਗਦਿਲੀ ਕਾਰਨ ਕਰਜ਼ਾ ਮੁਆਫ਼ੀ ਸਕੀਮ ਅਜੇ ਤੱਕ ਕਰਜ਼ੇ ਦੇ ਬੋਝ ਹੇਠ ਦਬੇ ਖੁਦਕੁਸ਼ੀ ਪੀੜਤ ਪਰਿਵਾਰਾਂ ਨਾਲ ਦੁੱਖ ਨਹੀਂ ਵੰਡਾ ਸਕੀ। ਹਾਲਾਤ ਅਜਿਹੇ ਹਨ ਕਿ ਪੀੜਤ ਪਰਿਵਾਰਾਂ ਨੇ ਆਪਣੇ ਖੇਤਾਂ ਦੇ ਪੁੱਤ ਵੀ ਗੁਆ ਲਏ ਅਤੇ ਖੇਤਾਂ ਦੇ ਹੱਕ ਸ਼ਾਹੂਕਾਰਾਂ ਦੀਆਂ ਲਾਲ ਬਹੀਆਂ ਅਤੇ ਸਰਕਾਰੀ ਫਰਦਾਂ ਦੇ ਲਾਲ ਅੱਖਰਾਂ ਵਿਚ ਕੈਦ ਹੋ ਗਏ। ਪੀੜਤ ਪਰਿਵਾਰਾਂ ਨੂੰ ਕਰਜ਼ੇ ਦੀ ਕੈਦ ਵਿਚੋਂ ਖੇਤਾਂ ਦੇ ਫੱਕ ਹੋਣ ਦੀ ਕੋਈ ਉਮੀਦ ਨਜ਼ਰ ਨਹੀਂ ਆ ਰਹੀ। ”ਖੁਦਗਰਜ਼ ਰਾਜਨੀਤਕ ਮਾਹੌਲ ਅਤੇ ਗੰਧਲੇ ਸਰਕਾਰੀ ਸਿਸਟਮ ਦਾ ਅਣਗੌਲਿਆ ਅੰਨਦਾਤਾ ਆਰਥਿਕ ਤੇ ਮਾਨਸਿਕ ਦਬਾਅ ਹੇਠ ਜ਼ਿੰਦਗੀ ਜਿਊਣ ਲਈ ਮਜਬੂਰ ਹੈ।”
ਜ਼ਿਲ੍ਹਾ ਸੰਗਰੂਰ ਦੇ ਪਿੰਡ ਛਾਜਲਾ ਦੇ ਕਿਸਾਨ ਭਗਵਾਨ ਸਿੰਘ ਨੇ ਕਦੇ ਸੋਚਿਆ ਨਹੀਂ ਸੀ ਕਿ ਕਰਜ਼ੇ ਦਾ ਦੈਂਤ ਉਸ ਦੇ ਦੋ ਨੌਜਵਾਨ ਪੁੱਤਾਂ ਨੂੰ ਨਿਗਲ ਜਾਵੇਗਾ। ਭਗਵਾਨ ਨਾਲ ਉਸ ਦਾ ਭਗਵਾਨ ਕੀ ਰੁੱਸਿਆ, ਉਸ ਦਾ ਸਭ ਕੁਝ ਉਜੜ ਗਿਆ। ਤਿੰਨ ਏਕੜ ਜ਼ਮੀਨ ਦੇ ਮਾਲਕ ਭਗਵਾਨ ਸਿੰਘ ਨੇ ਛੋਟੇ ਪੁੱਤਰ ਬਲਜਿੰਦਰ ਸਿੰਘ ਨੂੰ ਬੀ.ਟੈੱਕ ਵਿਚ ਦਾਖਲਾ ਦਿਵਾਉਣ ਸਮੇਂ ਇੱਕ ਕਿਲਾ ਗਹਿਣੇ ਕਰਨਾ ਪਿਆ।
ਬਲਜਿੰਦਰ ਪੜ੍ਹ ਕੇ ਕੁਝ ਬਣਨਾ ਚਾਹੁੰਦਾ ਸੀ ਪਰ ਘਰ ਦੇ ਮਾੜੇ ਆਰਥਿਕ ਹਾਲਾਤ ਉਸ ਦੀ ਪੜ੍ਹਾਈ ਦੇ ਰਾਹ ਵਿਚ ਰੋੜਾ ਬਣ ਗਏ। ਪ੍ਰੇਸ਼ਾਨ ਹੋਏ 24 ਸਾਲਾ ਬਲਜਿੰਦਰ ਨੇ ਮਾਰਚ-2014 ਵਿੱਚ ਰੇਲ ਗੱਡੀ ਹੇਠ ਆ ਕੇ ਖੁਦਕੁਸ਼ੀ ਕਰ ਲਈ। ਨੌਜਵਾਨ ਪੁੱਤ ਦੇ ਸਦਮੇ ‘ਚ ਡੁੱਬੀ ਮਾਂ ਬਲਜੀਤ ਕੌਰ ਕੁਝ ਚਿਰ ਬਿਮਾਰ ਰਹਿਣ ਮਗਰੋਂ ਸਦਾ ਲਈ ਅਲਵਿਦਾ ਆਖ ਗਈ। ਵੱਡੇ ਪੁੱਤਰ ਰਾਜਵਿੰਦਰ ਸਿੰਘ ਦੀ ਸ਼ਾਦੀ ਮੌਕੇ ਲਿਆ ਕਰਜ਼ਾ ਵਾਪਸ ਨਾ ਹੋਇਆ ਤਾਂ ਬੈਂਕ ਵਾਲਿਆਂ ਨੇ ਘਰ ਗੇੜੇ ਮਾਰਨੇ ਸ਼ੁਰੂ ਕਰ ਦਿੱਤੇ। ਦੁਖੀ ਹੋਏ 30 ਸਾਲਾ ਵੱਡੇ ਪੁੱਤ ਰਾਜਵਿੰਦਰ ਨੇ ਨਵੰਬਰ 2016 ਵਿਚ ਖੇਤ ਸਪਰੇਅ ਪੀ ਕੇ ਖੁਦਕੁਸ਼ੀ ਕਰ ਲਈ। ਨੂੰਹ ਇੱਕ ਸਾਲ ਦੀ ਬੱਚੀ ਨੂੰ ਲੈ ਕੇ ਪੇਕੇ ਘਰ ਚਲੀ ਗਈ।
ਭਗਵਾਨ ਸਿੰਘ ਦਾ ਆਖਣਾ ਹੈ ਕਿ ਸਾਰਾ ਪਰਿਵਾਰ ਗੁਆਉਣ ਮਗਰੋਂ ਵੀ ਉਸ ਦੇ ਸਿਰ ਸਰਕਾਰੀ ਤੇ ਗੈਰ ਸਰਕਾਰੀ ਲਗਪਗ 20 ਲੱਖ ਦਾ ਕਰਜ਼ਾ ਹੈ। ਅਜੇ ਤੱਕ ਦੋਵੇਂ ਪੁੱਤਾਂ ਦੀਆਂ ਖੁਦਕੁਸ਼ੀਆਂ ਦਾ ਕੋਈ ਮੁਆਵਜ਼ਾ ਨਹੀਂ ਮਿਲਿਆ ਅਤੇ ਨਾ ਹੀ ਕਰਜ਼ੇ ਵਿਚੋਂ ਧੇਲਾ ਮੁਆਫ਼ ਹੋਇਆ ਹੈ। ਘਰ ਨੂੰ ਜਿੰਦਰਾ ਲਾ ਕੇ ਭਗਵਾਨ ਸਿੰਘ ਹੁਣ ਖੇਤ ‘ਚ ਬਣਾਏ ਇੱਕ ਕੋਠੇ ਵਿਚ ਦੁੱਖ ਭਰੀ ਜ਼ਿੰਦਗੀ ਬਤੀਤ ਕਰ ਰਿਹਾ ਹੈ। ਭਗਵਾਨ ਦੀ ਇਹ ਜ਼ਿੰਦਾਦਿਲੀ ਹੈ ਕਿ ਉਸ ਨੇ ਆਪਣੀ ਨੂੰਹ ਨੂੰ ਧੀ ਸਮਝ ਕੇ ਆਪਣੀ ਸਹਿਮਤੀ ਨਾਲ ਉਸ ਦਾ ਵਿਆਹ ਕਿਤੇ ਹੋਰ ਕਰਵਾ ਦਿੱਤਾ। ਤਿੰਨ ਸਾਲਾਂ ਦੀ ਪੋਤੀ ਦਾ ਪਾਲਣ ਪੋਸ਼ਣ ਉਸ ਦੇ ਨਾਨਕੇ ਕਰ ਰਹੇ ਹਨ।
ਭਗਵਾਨ ਦੀ ਵਾਰਿਸ ਉਸ ਦੀ ਪੋਤੀ ਹੀ ਬਚੀ ਹੈ ਜਿਸਦੇ ਭਵਿੱਖ ਦੀ ਉਸ ਨੂੰ ਚਿੰਤਾ ਵੀ ਸਤਾ ਰਹੀ ਹੈ ਅਤੇ ਉਸਦੀ ਇਹ ਇੱਛਾ ਵੀ ਹੈ ਕਿ ਉਸ ਦੀ ਪੋਤੀ ਲਈ ਜ਼ਮੀਨ ਬਚ ਜਾਵੇ। ਭਗਵਾਨ ਦਾ ਕਹਿਣਾ ਹੈ ਕਿ ਜੇਕਰ ਸਰਕਾਰਾਂ ਸੰਜੀਦਾ ਹੁੰਦੀਆਂ ਤਾਂ ਕਿਸਾਨਾਂ ਦੀ ਇਹ ਦੁਰਦਸ਼ਾ ਨਹੀਂ ਸੀ ਹੋਣੀ। ਛਾਜਲਾ ਪਿੰਡ ਦੀ 65 ਸਾਲਾ ਮਨਜੀਤ ਕੌਰ ਦੇ ਦੁੱਖਾਂ ਦੀ ਕਹਾਣੀ ਵੀ ਛੋਟੀ ਨਹੀਂ। 25 ਸਾਲਾ ਪੁੱਤ ਰਘਵੀਰ ਨੇ ਖੇਤ ਫਾਹਾ ਲਾ ਦੇ ਖੁਦਕੁਸ਼ੀ ਕਰ ਲਈ ਜਦੋਂਕਿ ਪਤੀ ਮਿੱਠੂ ਸਿੰਘ ਵੀ ਚਾਰ ਸਾਲ ਮਗਰੋਂ ਪੁੱਤ ਵਾਲੇ ਰਾਹ ਤੁਰ ਗਿਆ। ਢਾਈ ਏਕੜ ਦਾ ਮਾਲਕ ਮਿੱਠੂ ਸਿੰਘ ਆਪਣੇ ਦੋਵੇਂ ਪੁੱਤਰਾਂ ਸਮੇਤ ਖੇਤੀ ਕਰਕੇ ਗੁਜ਼ਾਰਾ ਕਰਦਾ ਸੀ।
ਖੇਤੀ ਦੇ ਨਾਲ-ਨਾਲ ਕਰਜ਼ਾ ਵੀ ਵਧਦਾ ਗਿਆ ਅਤੇ ਬੈਂਕ ਵਾਲੇ ਘਰ ਦਾ ਬਾਰ ਵੱਢ ਕੇ ਖਾਣ ਲੱਗੇ। ਵਿਆਹ ਤੋਂ ਸਿਰਫ਼ 10 ਮਹੀਨਿਆਂ ਮਗਰੋਂ ਸਾਲ 2013 ਵਿਚ ਰਘਵੀਰ ਨੇ ਖੇਤ ‘ਚ ਸਪਰੇਅ ਪੀ ਕੇ ਮੌਤ ਗਲ ਲਾ ਲਈ।
ਨੌਜਵਾਨ ਪੁੱਤਰ ਦੀ ਮੌਤ ਦੇ ਗਮ ਅਤੇ ਕਰਜ਼ੇ ਦੀ ਭਾਰੀ ਹੁੰਦੀ ਪੰਡ ਨੇ ਮਿੱਠੂ ਸਿੰਘ ਨੂੰ ਚੈਨ ਨਾਲ ਜਿਊਣ ਨਾ ਦਿੱਤਾ। ਅਗਸਤ-2016 ਦੀ ਰਾਤ ਨੂੰ ਜਦੋਂ ਸਾਰਾ ਪਰਿਵਾਰ ਸੌਂ ਗਿਆ ਤਾਂ ਘਰ ਦੇ ਵਿਹੜੇ ਵਿਚ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ। ਮਨਜੀਤ ਕੌਰ ਨੇ ਦੱਸਿਆ ਕਿ ਪਤੀ ਦੀ ਖੁਦਕੁਸ਼ੀ ਦਾ ਮੁਆਵਜ਼ਾ ਤਾਂ ਮਿਲ ਗਿਆ ਪਰ ਨਾ ਤਾਂ ਪੁੱਤ ਦੀ ਖੁਦਕੁਸ਼ੀ ਦਾ ਕੋਈ ਮੁਆਵਜ਼ਾ ਮਿਲਿਆ ਅਤੇ ਨਾ ਹੀ ਅੱਠ ਲੱਖ ਕਰਜ਼ੇ ‘ਚੋਂ ਕੋਈ ਮੁਆਫ਼ੀ ਮਿਲੀ ਹੈ। ਪੁੱਤ ਅਤੇ ਪਤੀ ਗੁਆ ਕੇ ਵੀ ਕਰਜ਼ੇ ਦੀ ਪੰਡ ਜਿਉਂ ਦੀ ਤਿਉਂ ਹੈ।
ਖੁਦਕੁਸ਼ੀਆਂ ਦੇ ਵੇਰਵੇ
ਜੇਕਰ ਖੁਦਕੁਸ਼ੀਆਂ ਦੇ ਸਰਕਾਰੀ ਅੰਕੜੇ ‘ਤੇ ਨਜ਼ਰ ਮਾਰੀਏ ਤਾਂ 50 ਫੀਸਦੀ ਤੋਂ ਵੱਧ ਖੁਦਕੁਸ਼ੀ ਕੇਸ ਰੱਦ ਹੋ ਰਹੇ ਹਨ। ਜ਼ਿਲ੍ਹਾ ਖੇਤੀਬਾੜੀ ਦਫ਼ਤਰ ਅਨੁਸਾਰ ਸਾਲ 2017-18 ਦੌਰਾਨ ਖੁਦਕੁਸ਼ੀਆਂ ਦੇ ਕੁੱਲ 97 ਕੇਸ ਆਏ, ਜਿਨ੍ਹਾਂ ਵਿਚੋਂ 41 ਕੇਸ ਹੀ ਪਾਸ ਹੋਏ ਜਦੋਂ ਕਿ 56 ਰੱਦ ਹੋ ਗਏ। ਸਾਲ 2018-19 ਦੌਰਾਨ ਕੁੱਲ 206 ਕੇਸ ਆਏ, ਜਿਨ੍ਹਾਂ ਵਿਚੋਂ ਸਿਰਫ਼ 57 ਹੀ ਪਾਸ ਹੋਏ ਅਤੇ 88 ਕੇਸ ਰੱਦ ਹੋ ਗਏ ਜਦੋਂਕਿ 61 ਕੇਸਾਂ ਦੀ ਪੜਤਾਲ ਚੱਲ ਰਹੀ ਹੈ। ਉਧਰ ਦੂਜੇ ਪਾਸੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦਾ ਦਾਅਵਾ ਹੈ ਕਿ ਪੰਜਾਬ ਵਿਚ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਹੁਣ ਤੱਕ 900 ਕਿਸਾਨ-ਮਜ਼ਦੂਰ ਖੁਦਕੁਸ਼ੀਆਂ ਹੋ ਚੁੱਕੀਆਂ ਹਨ।
ਸਰਕਾਰੀ ਬਦਨੀਤੀ ਹੇਠ ਪਲ ਰਹੀ ਹੈ ‘ਖੁਦਕੁਸ਼ੀਆਂ ਦੀ ਫਸਲ’
ਚੰਡੀਗੜ੍ਹ : ਕਰਜ਼ੇ ਦੇ ਬੋਝ ਕਾਰਨ ਖ਼ੁਦਕੁਸ਼ੀ ਕਰ ਗਏ ਕਿਸਾਨ-ਮਜ਼ਦੂਰ ਪਰਿਵਾਰਾਂ ਨੂੰ ਰਾਹਤ ਦੇਣ ਲਈ ਸਰਕਾਰ ਨੇ ਨੀਤੀ ਤਾਂ ਬਣਾਈ, ਪਰ ਇਸ ਤੋਂ ਬਾਅਦ ਰਾਹਤ ਨਾ ਦੇਣ ਦੀਆਂ ਵਿਉਂਤਾਂ ਗੁੰਦਣ ‘ਤੇ ਹੀ ਸਾਰਾ ਧਿਆਨ ਕੇਂਦਰਿਤ ਕਰ ਦਿੱਤਾ। ਜੁਲਾਈ 2015 ਵਿਚ ਬਣੀ ਨੀਤੀ ਤੋਂ ਬਾਅਦ ਜਿੰਨੇ ਵੀ ਫ਼ੈਸਲੇ ਹੋਏ, ਸਾਰੇ ਰਾਹਤ ਦੇ ਰਾਹ ਵਿਚ ਰੋੜੇ ਅਟਕਾਉਣ ਵਾਲੇ ਹਨ। ਤਾਜ਼ਾ ਫ਼ੈਸਲਿਆਂ ਨੇ ਤਾਂ ਮਜ਼ਦੂਰ ਪਰਿਵਾਰਾਂ ਨੂੰ ਰਾਹਤ ਦੇਣ ਦਾ ਰਾਹ ਇੱਕ ਤਰ੍ਹਾਂ ਬੰਦ ਹੀ ਕਰ ਦਿੱਤਾ ਹੈ ਅਤੇ ਕਿਸਾਨਾਂ-ਮਜ਼ਦੂਰਾਂ ਦੇ ਜਵਾਨ ਪੁੱਤਾਂ ਦੇ ਜਹਾਨੋਂ ਚਲੇ ਜਾਣ ‘ਤੇ ਵੀ ਰਾਹਤ ਨਹੀਂ ਮਿਲੇਗੀ। ਪੰਜਾਬ ਦੇ ਮਾਲ, ਪੁਨਰਵਾਸ ਤੇ ਆਫ਼ਤ ਪ੍ਰਬੰਧਨ ਵਿਭਾਗ ਵੱਲੋਂ ਖੇਤੀਬਾੜੀ ਵਿਭਾਗ ਦੀ ਸਹਿਮਤੀ ਨਾਲ ਜਾਰੀ ਪੱਤਰ ਅਨੁਸਾਰ ਖ਼ੁਦਕੁਸ਼ੀ ਪੀੜਤ ਪਰਿਵਾਰਾਂ ਨੂੰ ਰਾਹਤ ਦੇਣ ਲਈ ਸਿਰਫ਼ ਸੰਸਥਾਗਤ ਭਾਵ ਬੈਂਕਾਂ ਦੇ ਕਰਜ਼ੇ ਨੂੰ ਹੀ ਆਧਾਰ ਮੰਨਿਆ ਜਾਵੇਗਾ, ਇਸ ਦਾ ਸਿੱਧਾ ਅਰਥ ਹੈ ਕਿ ਬਦਤਰ ਜੀਵਨ ਜਿਉਂ ਰਹੇ ਤੇ ਆਪਣੇ ਪਰਿਵਾਰਾਂ ਦੇ ਕਮਾਊ ਜੀਅ ਗਵਾਉਣ ਵਾਲੇ ਮਜ਼ਦੂਰ ਪਰਿਵਾਰਾਂ ਨੂੰ ਵੀ ਰਾਹਤ ਨਹੀਂ ਮਿਲੇਗੀ। ਪੰਜਾਬੀ ਯੂਨੀਵਰਸਿਟੀ ਦੇ ਪ੍ਰੋਫੈਸਰ ਗਿਆਨ ਸਿੰਘ ਦੀ ਅਗਵਾਈ ਵਿਚ ਹੋਏ ਸਰਵੇਖਣ ਦੌਰਾਨ ਤੱਥ ਸਾਹਮਣੇ ਆਏ ਸਨ ਕਿ ਮਜ਼ਦੂਰਾਂ ਦੇ ਕੁੱਲ ਕਰਜ਼ੇ ਦਾ ਸਿਰਫ਼ ਅੱਠ ਫ਼ੀਸਦ ਹਿੱਸਾ ਹੀ ਸੰਸਥਾਗਤ ਹੈ। ਮਜ਼ਦੂਰ ਪਰਿਵਾਰਾਂ ਦੀ ਕਰਜ਼ਾ ਮੋੜਨ ਦੀ ਸਮਰੱਥਾ ਘੱਟ ਹੋਣ ਅਤੇ ਬੈਂਕਾਂ ਕੋਲ ਗਹਿਣੇ ਰੱਖਣ ਲਈ ਜਾਇਦਾਦ ਨਾ ਹੋਣ ਕਰ ਕੇ ਉਨ੍ਹਾਂ ਨੂੰ ਕਰਜ਼ਾ ਮਿਲਦਾ ਹੀ ਨਹੀੰਂ।
ਪੰਜਾਬ ਦੀ ਹਕੀਕਤ ਦੇਖੀ ਜਾਵੇ ਤਾਂ ਕਿਸਾਨ ਨਾਲ ਸੀਰੀ ਜਾਂ ਪਾਲੀ ਦੇ ਤੌਰ ‘ਤੇ ਕੰਮ ਕਰਨ ਵਾਲੇ ਮਜ਼ਦੂਰ ਦੀਆਂ ਕਰਜ਼ੇ ਦੀਆਂ ਲੋੜਾਂ ਜ਼ਿਆਦਾਤਰ ਕਿਸਾਨ ਹੀ ਪੂਰੀਆਂ ਕਰਦਾ ਹੈ, ਭਾਵੇਂ ਉਨ੍ਹਾਂ ਵਿਚੋਂ ਵੀ ਬਹੁਤੇ ਅੱਗੋਂ ਕਰਜ਼ਾ ਲੈ ਕੇ ਇਹ ਜ਼ਰੂਰਤਾਂ ਪੂਰੀਆਂ ਕਰਦੇ ਹਨ। ਮੁਢਲੀ ਨੀਤੀ ਵਿਚ ਕਰਜ਼ਾ ਸਾਬਿਤ ਕਰਨ ਦਾ ਕਿਤੇ ਜ਼ਿਕਰ ਨਹੀਂ ਹੈ। ਡਿਪਟੀ ਕਮਿਸ਼ਨਰਾਂ ਵੱਲੋਂ ਮੰਗੇ ਜਾਂਦੇ ਸੁਝਾਵਾਂ ਤਹਿਤ ਚੰਡੀਗੜ੍ਹ ਵਿਚ ਬੈਠੀ ਅਫ਼ਸਰਸ਼ਾਹੀ ਨੇ ਪਹਿਲਾਂ ਕਰਜ਼ਾ ਸਾਬਿਤ ਕਰਨ ਦੀ ਸ਼ਰਤ ਰੱਖੀ, ਹੁਣ ਸਿਰਫ਼ ਸੰਸਥਾਗਤ ਕਰਜ਼ੇ ਨੂੰ ਹੀ ਆਧਾਰ ਬਣਾਉਣ ਦਾ ਨਵਾਂ ਫਰਮਾਨ ਜਾਰੀ ਕਰ ਦਿੱਤਾ। ਆਪਣੀ ਹੀ ਨੀਤੀ ਖ਼ਿਲਾਫ਼ ਜਾਂਦਿਆਂ ਇਕ ਹੋਰ ਸ਼ਰਤ ਲਾ ਦਿੱਤੀ ਹੈ ਕਿ ਜਿਨ੍ਹਾਂ ਕਿਸਾਨਾਂ ਅਤੇ ਮਜ਼ਦੂਰਾਂ ਵੱਲੋਂ ਖ਼ੁਦ ਕਰਜ਼ਾ ਲੈਣ ਤੋਂ ਬਾਅਦ ਖ਼ੁਦਕੁਸ਼ੀ ਕੀਤੀ ਜਾਂਦੀ ਹੈ, ਸਿਰਫ ਉਨ੍ਹਾਂ ਦੇ ਪੀੜਤ ਪਰਿਵਾਰ ਹੀ ਕਰਜ਼ਾ ਰਾਹਤ ਦੇ ਦਾਇਰੇ ਵਿਚ ਆਉਣਗੇ। ਇਹ ਹਕੀਕਤ ਵੀ ਜੱਗ ਜ਼ਾਹਿਰ ਹੈ ਕਿ ਥੋੜ੍ਹੀ ਜ਼ਮੀਨ ਵਾਲੇ ਮਾਪੇ ਆਪਣੇ ਜਿਊਦੇ ਜੀਅ ਜ਼ਮੀਨਾਂ ਔਲਾਦ ਦੇ ਨਾਮ ਨਹੀਂ ਕਰਵਾਉਂਦੇ। ਪਰਿਵਾਰ ਕਰਜ਼ੇ ਦੇ ਬੋਝ ਹੇਠ ਹੋਣ ਕਰ ਕੇ ਸਮੁੱਚਾ ਪਰਿਵਾਰ ਹੀ ਦਿਮਾਗੀ ਦਬਾਅ ਹੇਠ ਹੁੰਦਾ ਹੈ। ਮਾਨਸਾ ਜ਼ਿਲ੍ਹੇ ਦੇ ਸਿਰਸੀਵਾਲਾ ਦੇ ਨਿਰਮਲ ਸਿੰਘ ਦਾ 23 ਸਾਲਾ ਪੁੱਤ ਖ਼ੁਦਕੁਸ਼ੀ ਕਰ ਗਿਆ ਸੀ ਤਾਂ ਅਜਿਹੀ ਢੁੱਚਰ ਨਾਲ ਹੀ ਰਾਹਤ ਨਹੀਂ ਦਿੱਤੀ, ਪਰ ਬਾਅਦ ਵਿਚ ਦਬਾਅ ਕਾਰਨ ਰਾਸ਼ੀ ਦੇ ਦਿੱਤੀ ਗਈ। ਇਸ ਨੀਤੀ ਵਿਚ ਪਰਿਵਾਰ ਦਾ ਜ਼ਿਕਰ ਹੈ, ਵਿਅਕਤੀ ਦਾ ਨਹੀਂ। ਸਰਕਾਰ ਨੇ ਇਹ ਅਧਿਐਨ ਕਿੱਥੋਂ ਕਰਵਾਇਆ ਹੈ ਕਿ ਮਨੋਵਿਗਿਆਨਕ ਤੌਰ ‘ਤੇ ਅਸਰ ਸਿਰਫ਼ ਸਬੰਧਤ ਵਿਅਕਤੀ ਉੱਤੇ ਹੀ ਪੈਂਦਾ ਹੈ, ਪਰਿਵਾਰ ਉੱਤੇ ਨਹੀਂ? ਨਵੇਂ ਫ਼ੈਸਲੇ ਨਾਲ ਬਹੁਤ ਸਾਰੇ ਪਰਿਵਾਰਾਂ ਦੇ ਕੇਸ ਖਾਰਜ ਕਰ ਦਿੱਤੇ ਜਾਣਗੇ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਫ਼ੈਸਲਾ ਪੰਜਾਬ ਦੇ ਮੁੱਖ ਮੰਤਰੀ ਦੀ ਪਹਿਲਕਦਮੀ ‘ਤੇ ਬਣਾਈ ਵਿਧਾਨ ਸਭਾ ਕਮੇਟੀ ਦੀ ਸਿਫ਼ਾਰਸ਼ ਤੋਂ ਬਾਅਦ ਕੀਤਾ ਗਿਆ ਹੈ। ਕਮੇਟੀ ਨੇ ਕਰਜ਼ਾ ਰਾਹਤ ਲਈ ਵਿਅਕਤੀ ਨਹੀਂ, ਪਰਿਵਾਰ ਨੂੰ ਆਧਾਰ ਮੰਨਣ ਦੀ ਸਿਫ਼ਾਰਸ਼ ਕੀਤੀ ਸੀ।ਪੰਜਾਬ ਸਰਕਾਰ ਦੀ 23 ਜੁਲਾਈ 2015 ਨੂੰ ਜਾਰੀ ਨੀਤੀ ਮੁਤਾਬਿਕ ਜ਼ਿਲ੍ਹਾ ਪੱਧਰ ਉੱਤੇ ਡਿਪਟੀ ਕਮਿਸ਼ਨਰਾਂ ਦੀ ਅਗਵਾਈ ਵਿਚ ਬਣੀ ਕਮੇਟੀ ਨੂੰ ਸਮੁੱਚੇ ਹਾਲਾਤ ਨੂੰ ਦੇਖ ਕੇ ਫ਼ੈਸਲੇ ਲੈਣ ਦਾ ਅਧਿਕਾਰ ਦਿੱਤਾ ਗਿਆ ਹੈ। ਇਸ ਕਮੇਟੀ ਵਿਚ ਐੱਸਐੱਸਪੀ, ਸਿਵਲ ਸਰਜਨ, ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਤੋਂ ਇਲਾਵਾ ਪੀੜਤ ਪਰਿਵਾਰ ਦੇ ਪਿੰਡ ਦਾ ਸਰਪੰਚ ਵੀ ਸ਼ਾਮਲ ਹੁੰਦਾ ਹੈ। ਕਮੇਟੀਆਂ ਕੋਲ ਪੀੜਤ ਪਰਿਵਾਰ ਨੇ ਖ਼ੁਦਕੁਸ਼ੀ ਤੋਂ ਤਿੰਨ ਮਹੀਨੇ ਦੇ ਅੰਦਰ ਅਰਜ਼ੀ ਦੇਣੀ ਹੁੰਦੀ ਹੈ। ਅੱਗੋਂ ਕਮੇਟੀ ਨੇ ਮਹੀਨੇ ਅੰਦਰ ਇਸ ਉੱਤੇ ਫ਼ੈਸਲਾ ਕਰਨਾ ਹੁੰਦਾ ਹੈ।
ਨਾ ਕਰਜ਼ੇ ਮੁਆਫ ਹੋਏ ਤੇ ਨਾ ਕਿਸੇ ਨੇ ਫੜੀ ਬਾਂਹ
ਤਲਵੰਡੀ ਸਾਬੋ : ਖੇਤਾਂ ਵਿਚ ਸਖ਼ਤ ਮਿਹਨਤ ਕਰਨ ਦੇ ਬਾਵਜੂਦ ਕਿਸਾਨਾਂ ਦੇ ਪੱਲੇ ਤੰਗੀਆਂ ਤੁਰਸ਼ੀਆਂ ਹੀ ਪੈ ਰਹੀਆਂ ਹਨ। ਪਿੰਡ ਬਹਿਮਣ ਕੌਰ ਸਿੰਘ ਵਾਲਾ ਦੇ ਪੰਜ ਏਕੜ ਜ਼ਮੀਨ ਦੇ ਮਾਲਕ 84 ਸਾਲਾ ਕਰਨੈਲ ਸਿੰਘ ਦੇ ਪਰਿਵਾਰ ਸਿਰ ਅੱਜ ਤੋਂ ਦਸ ਕੁ ਸਾਲ ਪਹਿਲਾਂ ਛੇ ਲੱਖ ਦੇ ਕਰੀਬ ਕਰਜ਼ਾ ਸੀ। ਕਰਜ਼ਾ ਦਿਨੋਂ-ਦਿਨ ਵਧਦਾ ਗਿਆ ਤੇ ਕਰਨੈਲ ਸਿੰਘ ਦੇ 32 ਸਾਲਾ ਕਮਾਊ ਪੁੱਤ ਲਾਭ ਸਿੰਘ (11 ਅਕਤੂਬਰ 2009) ਨੇ ਫਾਹਾ ਲੈ ਲਿਆ ਤੇ 11 ਦਿਨ ਬਾਅਦ ਵੱਡੇ ਪੁੱਤਰ ਜਗਤਾਰ ਸਿੰਘ ਨੇ ਸਲਫਾਸ ਦੀਆਂ ਗੋਲੀਆਂ ਖਾ ਕੇ ਖ਼ੁਦਕੁਸ਼ੀ ਕਰ ਲਈ। ਘਰ ਵਿਚ ਬਿਰਧ ਪਿਤਾ ਤੋਂ ਇਲਾਵਾ ਦੋਵਾਂ ਭਰਾਵਾਂ ਦੀਆਂ ਵਿਧਵਾ ਪਤਨੀਆਂ ਤੇ ਦੋਵਾਂ ਦੇ ਪੰਜ ਬੱਚੇ ਪਿੱਛੇ ਰਹਿ ਗਏ। ਬਜ਼ੁਰਗ ਕਰਨੈਲ ਸਿੰਘ, ਸਰਬਜੀਤ ਕੌਰ ਪਤਨੀ ਜਗਤਾਰ ਸਿੰਘ ਤੇ ਅਮਨਦੀਪ ਕੌਰ ਪਤਨੀ ਲਾਭ ਸਿੰਘ (ਦੋਵੇਂ ਭੈਣਾਂ) ਨੇ ਦੱਸਿਆ ਕਿ ਬੈਂਕ ਅਤੇ ਲੋਕਾਂ ਦਾ ਕਰਜ਼ਾ ਚੁਕਾਉਣ ਲਈ ਉਨ੍ਹਾਂ ਨੂੰ ਦੋ ਏਕੜ ਜ਼ਮੀਨ, ਰੂੜੀਆਂ ਵਾਲੀ ਜਗ੍ਹਾ, ਟਰੈਕਟਰ, ਖੇਤੀ ਦੇ ਸੰਦ ਤੇ ਆਪਣੇ ਸਾਰੇ ਗਹਿਣੇ ਵੇਚਣੇ ਪਏ। ਜੋ ਫ਼ਸਲ ਹੁੰਦੀ, ਉਹ ਵੀ ਆੜ੍ਹਤੀਆਂ ਕੋਲ ਕਰਜ਼ੇ ਵਿਚ ਕੱਟ ਜਾਂਦਾ, ਇਸ ਦੇ ਬਾਵਜੂਦ ਅਜੇ ਵੀ ਰਿਸ਼ਤੇਦਾਰਾਂ ਦਾ ਡੇਢ ਲੱਖ ਰੁਪਏ ਦਾ ਕਰਜ਼ਾ ਉਨ੍ਹਾਂ ਸਿਰ ਹੈ। ਮ੍ਰਿਤਕ ਜਗਤਾਰ ਸਿੰਘ ਦੀ ਧੀ ਰਾਜਦੀਪ ਕੌਰ (22) ਲਾਇਬ੍ਰੇਰੀਅਨ ਦਾ ਕੋਰਸ ਕਰ ਕੇ ਤਲਵੰਡੀ ਸਾਬੋ ਕਚਹਿਰੀਆਂ ਵਿਚ ਇੱਕ ਵਕੀਲ ਕੋਲ ਗੁਜ਼ਾਰੇ ਜੋਗੀ ਤਨਖਾਹ ‘ਤੇ ਕੰਮ ਕਰਦੀ ਹੈ। ਬੇਟਾ ਲਖਵਿੰਦਰ ਸਿੰਘ (20) ਦਸਵੀਂ ਕਰ ਕੇ ਖੇਤੀ ਕਰਨ ਲੱਗ ਲਿਆ। ਲਾਭ ਸਿੰਘ ਦੀ ਵੱਡੀ ਧੀ ਸੰਦੀਪ ਕੌਰ (21) ਚਾਹੇ ਪੜ੍ਹਾਈ ਵਿੱਚ ਹੁਸ਼ਿਆਰ ਹੈ, ਪਰ ਘਰ ਦੀ ਗ਼ਰੀਬੀ ਉਸ ਅੱਗੇ ਕੰਧ ਬਣ ਗਈ। ਉਹ ਪਰਿਵਾਰ ਦੀ ਹਾਲਤ ਸੁਧਾਰਨ ਲਈ ਬੀਏ ਕਰਨ ਬਾਅਦ ਵਿਦੇਸ਼ ਜਾਣ ਦੇ ਮਕਸਦ ਨਾਲ ਆਈਲੈੱਟਸ ਕਰਨ ਲੱਗੀ ਹੈ ਤੇ ਇਸ ਦਾ ਖ਼ਰਚਾ ਕੱਢਣ ਲਈ ਸਿਲਾਈ-ਕਢਾਈ ਦਾ ਕੰਮ ਕਰਦੀ ਹੈ। ਛੋਟੀ ਲੜਕੀ ਮਨਪ੍ਰੀਤ ਕੌਰ (18 ਸਾਲ) ਬਾਰ੍ਹਵੀਂ ਜਮਾਤ ਪਾਸ ਕਰ ਕੇ ਸਿਲਾਈ-ਕਢਾਈ ਦਾ ਕੰਮ ਸਿੱਖ ਰਹੀ ਹੈ। ਪੀੜਤ ਪਰਿਵਾਰ ਨੇ ਦੱਸਿਆ ਕਿ ਦੋ ਜੀਆਂ ਦੀ ਮੌਤ ਬਾਅਦ 2010 ਵਿਚ ਕਿਸੇ ਐੱਨਆਰਆਈ ਦਾਨੀ ਸੱਜਣ ਨੇ ਪਰਿਵਾਰ ਨੂੰ ਇੱਕ ਲੱਖ ਪੰਜ ਹਜ਼ਾਰ ਰੁਪਏ ਮਦਦ ਲਈ ਭੇਜੀ ਸੀ ਜਾਂ ‘ਨੰਨ੍ਹੀ ਛਾਂ’ ਪ੍ਰਾਜੈਕਟ ਤਹਿਤ ਦੋ ਸਿਲਾਈ ਮਸ਼ੀਨਾਂ ਮਿਲੀਆਂ ਹਨ, ਹੋਰ ਕੋਈ ਮਦਦ ਨਹੀਂ ਮਿਲੀ।
ਇਸੇ ਤਰ੍ਹਾਂ ਦੀ ਕਹਾਣੀ ਪਿੰਡ ਲੇਲੇਵਾਲਾ ਦੇ ਉਸ ਪਰਿਵਾਰ ਦੀ ਹੈ, ਜਿਸ ਦੇ ਤਿੰਨ ਕਮਾਊ ਪੁਰਸ਼ ਕਰਜ਼ੇ ਨੇ ਨਿਗਲ ਲਏ। ਹੁਣ ਸਿਰਫ਼ ਪਰਿਵਾਰ ਵਿਚ ਔਰਤਾਂ ਅਤੇ ਬੱਚੇ ਹਨ। ਛੇ ਕੁ ਏਕੜ ਜ਼ਮੀਨ ਵਾਲੇ ਕਿਸਾਨ ਬੰਤ ਸਿੰਘ (75) ਦੇ ਪਰਿਵਾਰ ਸਿਰ ਅੱਜ ਤੋਂ ਕਰੀਬ ਨੌ ਸਾਲ ਪਹਿਲਾਂ ਬੈਂਕਾਂ ਤੇ ਆੜ੍ਹਤੀਆਂ ਆਦਿ ਦਾ 15 ਲੱਖ ਰੁਪਏ ਦਾ ਕਰਜ਼ਾ ਸੀ। ਕਰਜ਼ੇ ਦੇ ਫ਼ਿਕਰ ਵਿਚ ਪਹਿਲਾਂ ਬੰਤ ਸਿੰਘ ਦਾ ਵੱਡਾ ਲੜਕਾ ਜਗਸੀਰ ਸਿੰਘ (38) ਜਹਾਨੋਂ ਚਲਾ ਗਿਆ, ਗੱਭਰੂ ਪੁੱਤ ਦਾ ਦੁੱਖ ਨਾ ਸਹਾਰਦਾ ਹੋਇਆ ਬੰਤ ਸਿੰਘ ਵੀ ਚਲਾ ਗਿਆ ਤੇ ਫਿਰ ਬੰਤ ਸਿੰਘ ਦੇ ਛੋਟੇ ਪੁੱਤ ਜਸਪਾਲ ਸਿੰਘ ਜੱਸਾ (30) ਉਪਰ ਘਰ ਦਾ ਜ਼ਿੰਮਾ ਆ ਗਿਆ ਤੇ ਉਹ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਰਹਿਣ ਲੱਗ ਪਿਆ। ਇਸੇ ਪ੍ਰੇਸ਼ਾਨੀ ਕਾਰਨ ਜਸਪਾਲ ਸਿੰਘ ਨੇ 12 ਮਈ 2017 ਨੂੰ ਖ਼ੁਦਕੁਸ਼ੀ ਕਰ ਲਈ। ਪਿੱਛੇ ਬੰਤ ਸਿੰਘ ਦੀ ਪਤਨੀ ਬਲਬੀਰ ਕੌਰ (70), ਜਗਸੀਰ ਸਿੰਘ ਦੀ ਪਤਨੀ ਜਸਪ੍ਰੀਤ ਕੌਰ, ਪੁੱਤਰੀ ਅਮਨਦੀਪ ਕੌਰ, ਪੁੱਤਰ ਸੰਦੀਪ ਸਿੰਘ, ਜਸਪਾਲ ਸਿੰਘ ਦੀ ਪਤਨੀ ਮਨਪ੍ਰੀਤ ਕੌਰ, ਜਸਪਾਲ ਸਿੰਘ ਦੀਆਂ ਦੋ ਲੜਕੀਆਂ ਗਗਨਦੀਪ ਕੌਰ ਤੇ ਹਰਗੁਣਦੀਪ ਕੌਰ ਰਹਿ ਗਈਆਂ। ਆਪਣੀਆਂ ਛੋਟੀਆਂ ਭੈਣਾਂ ਦੀ ਪੜ੍ਹਾਈ ਤੇ ਘਰ ਦਾ ਗੁਜ਼ਾਰਾ ਚਲਾਉਣ ਲਈ ਇੱਕੋ-ਇੱਕ ਲੜਕਾ ਸੰਦੀਪ ਸਿੰਘ (16 ਸਾਲ) ਆਪਣੀ ਪੜ੍ਹਾਈ ਦੇ ਨਾਲ-ਨਾਲ ਢਾਈ ਕੁ ਏਕੜ ਜ਼ਮੀਨ ਵਿਚ ਖੇਤੀ ਕਰਦਾ ਹੈ ਤੇ ਬਾਕੀ ਜ਼ਮੀਨ ਠੇਕੇ ਉਪਰ ਦੇ ਦਿੰਦਾ ਹੈ। ਸੰਦੀਪ ਸਿੰਘ ਨੇ ਦੱਸਿਆ ਕਿ ਉਸ ਨੇ ਆੜ੍ਹਤੀਆਂ ਦਾ ਤਿੰਨ ਲੱਖ ਰੁਪਏ ਦਾ ਕਰਜ਼ਾ ਤਾਂ ਲਾਹ ਦਿੱਤਾ ਹੈ, ਪਰ ਬੈਂਕਾਂ ਦਾ ਕਰਜ਼ਾ ਉਨ੍ਹਾਂ ਸਿਰ ਹੈ। ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਕਰਜ਼ਾ ਮੁਆਫ਼ੀ ਦੀ ਰਾਹਤ ਨਹੀਂ ਮਿਲੀ। ਮਹੀਨਾ ਕੁ ਪਹਿਲਾਂ ਐੱਨਆਰਆਈ ਹਰਪ੍ਰੀਤ ਸਿੰਘ ਗੰਗਾਨਗਰ ਉਨ੍ਹਾਂ ਨੂੰ ਦਸ ਕੁ ਹਜ਼ਾਰ ਰੁਪਏ ਨਿੱਤ ਵਰਤੋਂ ਦੀਆਂ ਵਸਤਾਂ ਤੇ ਪੰਜ ਹਜ਼ਾਰ ਰੁਪਏ ਮਾਲੀ ਮਦਦ ਵਜੋਂ ਦੇ ਗਿਆ ਸੀ। ਕਮਾਊ ਜੀਅ ਜਹਾਨੋਂ ਤੁਰ ਜਾਣ ਕਾਰਨ ਦੋਵੇਂ ਪਰਿਵਾਰਾਂ ਨੂੰ ਬਹੁਤ ਜੱਦੋ-ਜਹਿਦ ਕਰਨੀ ਪੈ ਰਹੀ ਹੈ।
ਖੁਦਕੁਸ਼ੀਆਂ ਕਰਨ ਵਾਲੇ ਕਿਸਾਨਾਂ ਦੀਆਂ ਬੀਬੀਆਂ ਦਾ ਦਰਦ ਨਾ ਸਹਿਣਯੋਗ
ਮਾਨਸਾ : ਮਾਲਵਾ ਖੇਤਰ ਵਿੱਚ ਆਰਥਿਕ ਤੰਗੀਆਂ-ਤੁਰਸ਼ੀਆਂ ਕਾਰਨ ਖੁਦਕੁਸ਼ੀਆਂ ਕਰਨ ਵਾਲੇ ਕਿਸਾਨਾਂ ਅਤੇ ਮਜ਼ਦੂਰ ਪਰਿਵਾਰਾਂ ਨਾਲ ਜੁੜੀਆਂ ਔਰਤਾਂ ਦਾ ਦਰਦ ਸੁਣਿਆ ਨਹੀਂ ਜਾ ਸਕਦਾ। ਸਿਰਾਂ ਦੇ ਸਾਈਂ ਅਤੇ ਪੁੱਤਰਾਂ ਦੇ ਜਹਾਨੋਂ ਤੁਰਨ ਮਗਰੋਂ, ਜਦੋਂ ਹਕੂਮਤਾਂ ਨੇ ਉਨ੍ਹਾਂ ਨੂੰ ਵਿਸਾਰ ਧਰਿਆ ਤਾਂ ਉਨ੍ਹਾਂ ਨੂੰ ‘ਪਹਾੜ ਜਿੱਡੀ’ ਜ਼ਿੰਦਗੀ ਜਿਊਣ ਲਈ ਮਜਬੂਰ ਹੋਣਾ ਪੈ ਰਿਹਾ ਹੈ।
ਕਰਮਗੜ੍ਹ ਔਤਾਂਵਾਲੀ ਪਿੰਡ ਦੀ ਜਸਪ੍ਰੀਤ ਕੌਰ ਦਾ ਦਰਦ ਜਣੇ-ਖਣੇ ਤੋਂ ਸੁਣਿਆ ਨਹੀਂ ਜਾ ਸਕਦਾ। ਉਸ ਦਾ ਪਤੀ ਜਗਦੀਸ਼ ਸਿੰਘ, ਜਦੋਂ ਖੇਤੀ ਵਿਚ ਕਾਮਯਾਬ ਨਾ ਹੋਇਆ ਤਾਂ ਚੰਗੇ ਝਾੜ ਲਈ ਘਰੇ ਲਿਆ ਕੇ ਰੱਖੀ ਸਪਰੇਅ ਨਿਗਲ ਗਿਆ। ਜਗਦੀਸ਼ ਸਿੰਘ ਦਾ ਪਿਤਾ ਅੰਗਰੇਜ਼ ਸਿੰਘ ਵੀ ਕਈ ਵਰ੍ਹੇ ਪਹਿਲਾਂ ਸਪਰੇਅ ਪੀ ਗਿਆ ਸੀ। ਉਸ ਦੀ ਮਾਂ ਨੇ ਰੰਗ ਗੋਰਾ ਹੋਣ ਕਾਰਨ ਪੁੱਤ ਦਾ ਨਾਮ ਅੰਗਰੇਜ਼ ਧਰਿਆ ਸੀ।
ਖੇਤੀ ‘ਚੋਂ ਪੈਂਦੇ ਘਾਟੇ ਕਾਰਨ ਪਰਿਵਾਰ ਦੀ ਕਬੀਲਦਾਰੀ ਪੁੱਤਰ ਜਗਦੀਸ਼ ਸਿੰਘ ਆਸਰੇ ਛੱਡ ਗਿਆ, ਮਗਰੋਂ ਜਾ ਕੇ ਜਗਦੀਸ਼ ਵੀ ਪਿਤਾ ਵਾਲੇ ਰਾਹ ਪੈ ਗਿਆ।
ਹੁਣ ਇਸ ਪਰਿਵਾਰ ਵਿੱਚ ਅੰਗਰੇਜ਼ ਸਿੰਘ ਦੀ 78 ਸਾਲਾ ਮਾਂ ਕਰਨੈਲ ਕੌਰ ਸਾਰਾ ਦਿਨ ਮਾਲਾ ਫੇਰ ਕੇ ਪਰਿਵਾਰ ਦੀ ਸੁੱਖ-ਸ਼ਾਂਤੀ ਮੰਗਦੀ ਰਹਿੰਦੀ ਹੈ ਅਤੇ ਅੰਗਰੇਜ਼ ਦੀ ਘਰਵਾਲੀ ਮਲਕੀਤ ਕੌਰ 52 ਵਰ੍ਹਿਆਂ ਦੀ ਹੋਣ ਦੇ ਬਾਵਜੂਦ ਘਰ ਦਾ ਗੋਹਾ-ਕੂੜਾ ਕਰਦੀ ਰਹਿੰਦੀ ਹੈ, ਜਦੋਂ ਕਿ ਜਸਪ੍ਰੀਤ ਕੌਰ (29) ਨੂੰ ਪਰਿਵਾਰ ਦਾ ਤੋਰੀਆ ਤੋਰਨ ਲਈ ਲੋਕਾਂ ਦੇ ਕੱਪੜੇ-ਲੀੜੇ ਸਿਉਣੇ ਪੈਣ ਲੱਗੇ ਹਨ।
ਜਸਪ੍ਰੀਤ ਕੌਰ ਦੀ ਪਹਾੜ ਜਿੱਠੀ ਉਮਰ ਨੂੰ ਇਸ ਵੇਲੇ ਸਭ ਤੋਂ ਵੱਡਾ ਝੋਰਾ ਆਪਣੀ ਪੁੱਤਰੀ ਸੁਪਨਦੀਪ ਕੌਰ (8) ਅਤੇ 6 ਵਰ੍ਹਿਆਂ ਦੇ ਪੁੱਤਰ ਅਭਿਜੋਤ ਸਿੰਘ ਦਾ ਹੈ, ਜਿਨ੍ਹਾਂ ਨੂੰ ਉਹ ਪੜ੍ਹਾ-ਲਿਖਾ ਕੇ ਪਿਓ ਅਤੇ ਦਾਦੇ ਵਾਲੇ ਰਾਹ ਤੋਂ ਕਿਸੇ ਹੋਰ ਰਸਤੇ ‘ਤੇ ਲਿਜਾਣਾ ਚਾਹੁੰਦੀ ਹੈ।
ਪਿੰਡ ਦੇ ਇਸ ਚਹਿਲ ਪਰਿਵਾਰ ਵਿੱਚ ਜਦੋਂ ਪੀੜ੍ਹੀ ਦਰ ਪੀੜ੍ਹੀ ਖੁਦਕੁਸ਼ੀ ਹੋਈ ਤਾਂ ਲੋਕਾਂ ਤੋਂ ਇਸ ਟੱਬਰ ਦੇ ਵੈਣ ਝੱਲੇ ਨਹੀਂ ਜਾ ਰਹੇ ਸਨ ਅਤੇ ਹੁਣ ਵੀ ਜਦੋਂ ਪਿੰਡ ਵਿਚ ਕੋਈ ਮੌਤ ਹੁੰਦੀ ਹੈ ਤਾਂ ਇਸ ਟੱਬਰ ਦੀਆਂ ਔਰਤਾਂ ਆਪਣੇ ਮੋਇਆਂ ਨੂੰ ਯਾਦ ਕਰਕੇ ਸਿਵਿਆਂ ਵਿੱਚ ਬੇਸੁੱਧ ਹੋ ਜਾਂਦੀਆਂ ਹਨ।
ਚਹਿਲਾਂ ਦੇ ਇਸ ਪਰਿਵਾਰ ਕੋਲੋਂ ਜਦੋਂ ਜ਼ਮੀਨ ਕਿਰਦੀ ਗਈ ਤਾਂ ਅਖੀਰ ‘ਤੇ ਜਾ ਕੇ 6 ਕਨਾਲਾਂ ਰਹਿ ਗਈ ਅਤੇ ਇਸ 6 ਕਨਾਲਾਂ ਜ਼ਮੀਨ ਨੂੰ ਵੀ ਮਾਨਸਾ ਦੇ ਇੱਕ ਆੜ੍ਹਤੀਏ ਨੇ ਕਰਜ਼ੇ ਬਦਲੇ ਕੁਰਕ ਕਰਵਾਉਣ ਦੇ ਅਦਾਲਤ ਵਿਚੋਂ ਆਦੇਸ਼ ਹਾਸਲ ਕਰ ਲਏ, ਪਰ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਜ਼ਿੰਦਾਬਾਦ ਮੂਹਰੇ ਕੋਈ ਨਾ ਕੁਸਕਿਆ ਅਤੇ ਜ਼ਮੀਨ ਨੂੰ ਬਿਨਾਂ ਕੁਝ ਲਿਆ-ਦਿੱਤਿਆਂ ਆੜ੍ਹਤੀਆਂ ਨੂੰ ਇਨ੍ਹਾਂ ਬੀਬੀਆਂ ਹਵਾਲੇ ਕਰਨੀ ਪਈ। ਦੱਸਿਆ ਜਾਂਦਾ ਹੈ ਕਿ ਅੱਜ ਵੀ ਇਸ ਪਰਿਵਾਰ ਸਿਰ ਆੜ੍ਹਤੀਏ ਦਾ ਢਾਈ ਲੱਖ ਦਾ ਕਰਜ਼ਾ ਖੜ੍ਹਾ ਹੈ, ਜਦੋਂ ਕਿ ਬੈਂਕਾਂ ਵਾਲਿਆਂ ਦਾ ਦੋ ਲੱਖ ਦੇ ਕਰਜ਼ੇ ਦਾ ਸੰਮਨ ਹਰ ਹਾੜ੍ਹੀ-ਸਾਉਣੀ ਡਾਕੀਆ ਆ ਕੇ ਘਰੇ ਫੜਾ ਜਾਂਦਾ ਹੈ, ਪਰ ਪਰਿਵਾਰ ਕੋਲ ਭਰਨ ਲਈ ਇਕ ਧੇਲਾ ਵੀ ਨਹੀਂ ਬਚਦਾ ਹੈ। ਜਸਪ੍ਰੀਤ ਕੌਰ ਦਾ ਕਹਿਣਾ ਹੈ ਕਿ ਉਹ ਚੱਤੋ-ਪਹਿਰ ਬੱਚਿਆਂ ਨੂੰ ਪੜ੍ਹਾਈ-ਲਿਖਾਈ ਦੇ ਨਾਲ-ਨਾਲ ਗੁਰੂਆਂ ਦੀ ਸਿੱਖਿਆ ‘ਤੇ ਚੱਲਣ ਦੇ ਉਪਦੇਸ਼ ਦਿੰਦੀ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਖੇਤੀ ਦੇ ਘਾਟੇ ਨੇ ਭਾਵੇਂ ਬੱਚਿਆਂ ਦਾ ਦਾਦਾ ਅਤੇ ਬਾਪ ਖੋਹ ਲਿਆ, ਪਰ ਹੁਣ ਬੱਚੇ ਸੰਭਲ ਜਾਣ ਤਾਂ ਉਹ ਮਾਲਕ ਤੋਂ ਇਹੋ ਲੱਖ-ਲੱਖ ਸ਼ੁਕਰ ਮੰਗਦੇ ਹਨ। ਉਨ੍ਹਾਂ ਦੱਸਿਆ ਕਿ ਸਰਕਾਰ ਨੇ ਅਜੇ ਤੱਕ ਕੋਈ ਸਹਾਇਤਾ ਨਹੀਂ ਦਿੱਤੀ ਹੈ ਅਤੇ ਨਾ ਹੀ ਬੱਚਿਆਂ ਦੀ ਫੀਸ ਮੁਆਫ਼ ਕੀਤੀ ਹੈ, ਕਿਉਂਕਿ ਜਨਰਲ ਵਰਗ ਦੇ ਬੱਚਿਆਂ ਲਈ ਅਜਿਹੀ ਕੋਈ ਸਹੂਲਤ ਕਿਧਰੇ ਕਿਸੇ ਸਰਕਾਰੀ ਸਕੂਲਾਂ ਵਿੱਚ ਨਹੀਂ ਹੈ। ਇਸੇ ਤਰ੍ਹਾਂ ਹੀ ਝੁਨੀਰ ਪਿੰਡ ਦੀ ਮਜ਼ਦੂਰ ਪਰਿਵਾਰ ‘ਚੋਂ ਸਕੂਲ ਵਿੱਚ ਪੜ੍ਹਦੀ ਇਕ ਬੱਚੀ ਦਾ ਦਰਦ ਹਰ ਆਮ-ਖਾਸ ਤੋਂ ਸੁਣਿਆ ਨਹੀਂ ਜਾਂਦਾ ਹੈ।
ਅੱਠਵੀਂ ਵਿਚ ਪੜ੍ਹਦੀ ਇਸ ਸਿਮਰਜੀਤ ਕੌਰ ਝੁਨੀਰ ਨੇ ਦੱਸਿਆ ਕਿ ਉਹ ਪੰਜ ਸਾਲ ਦੀ ਸੀ, ਜਦੋਂ ਉਸ ਦੀ ਮਾਂ ਜਹਾਨੋ ਤੁਰ ਗਈ। ਉਨ੍ਹਾਂ ਕਿਹਾ ਕਿ ਉਸ ਦਾ ਬਾਪ ਦਾਰੂ ਪੀਂਦਾ ਸੀ ਅਤੇ ਮਾਂ ਨੂੰ ਕੁੱਟਦਾ ਰਹਿੰਦਾ ਸੀ ਅਤੇ ਅੱਕੀ ਹੋਈ ਮਾਂ ਉਨ੍ਹਾਂ ਨੂੰ ਜ਼ਿੰਦਗੀ ਦੇ ਸੰਘਰਸ਼ ਲਈ ਛੱਡ ਗਈ। ਹੁਣ ਉਸ ਦੇ ਦੋ ਭਰਾ ਪੈਸੇ ਕਾਰਨ ਪੜ੍ਹਨ ਤੋਂ ਹੱਟ ਗਏ ਹਨ ਅਤੇ ਇੱਕ ਭਰਾ ਪਾਠੀ ਬਣ ਗਿਆ ਤਾਂ ਪਰਿਵਾਰ ਦਾ ਤੋਰੀਆ ਤੁਰ ਸਕੇ। ਇਹ ਲੜਕੀ ਅੱਜ ਕੱਲ੍ਹ ਖੁਦਕੁਸ਼ੀਆਂ ਦੇ ਮਾਮਲਿਆਂ ਸਬੰਧੀ ਕੰਮ ਕਰ ਰਹੀ ਝੁਨੀਰ ਪਿੰਡ ਦੀ ਕਿਰਨਜੀਤ ਕੌਰ ਦੇ ਸਹਾਰੇ ਨਾਲ ਆਪਣੀ ਸੰਘਰਸ਼ੀ ਜ਼ਿੰਦਗੀ ਨੂੰ ਪੜ੍ਹਾਈ ਦੇ ਲੇਖੇ ਲਾਕੇ ਅੱਗੇ ਲਿਜਾਣ ਲਈ ਜੂਝਣ ਲੱਗੀ ਹੈ।
ਮਾਨਸਾ ਵਿਚ ਖੁਦਕੁਸ਼ੀਆਂ ਦਾ ਵੇਰਵਾ
ਜ਼ਿਲ੍ਹਾ ਖੇਤੀਬਾੜੀ ਅਫਸਰ ਡਾ. ਗੁਰਾਦਿੱਤਾ ਸਿੰਘ ਸਿੱਧੂ ਨੇ ਦੱਸਿਆ ਕਿ ਮਾਨਸਾ ਜ਼ਿਲ੍ਹੇ ਵਿੱਚ ਇਸ ਸਾਲ 80 ਖੁਦਕੁਸ਼ੀਆਂ ਹੋਈਆਂ ਹਨ, ਜਿਨ੍ਹਾਂ ਵਿਚੋਂ 23 ਕੇਸ ਪਾਸ ਹੋ ਗਏ ਹਨ, ਜਦੋਂ ਕਿ ਪਿਛਲੇ ਸਾਲ 88 ਕਿਸਾਨ, 44 ਮਜ਼ਦੂਰ ਆਤਮ ਹੱਤਿਆ ਕਰ ਗਏ ਸਨ, ਜਿਨ੍ਹਾਂ ਵਿਚੋਂ 60 ਕੇਸਾਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ ਅਤੇ ਇਨ੍ਹਾਂ ਕੇਸਾਂ ਦੀ ਰਾਸ਼ੀ ਸਰਕਾਰ ਵੱਲੋਂ ਛੇਤੀ ਦਿੱਤੇ ਜਾਣ ਦੀ ਉਮੀਦ ਹੈ।
ਵਾਹ ਕਿਸਮਤ ਦਿਆ ਬਲੀਆ, ਪਤਾ ਨਹੀਂ ਖੀਰ ਬਣੂ ਕਿ ਦਲੀਆ…
ਬਠਿੰਡਾ : ਯੋਗ ਗੁਰੂ ਰਾਮਦੇਵ ਫ਼ਰਮਾਉਂਦੇ ਹਨ ਕਿ ‘ਪ੍ਰਧਾਨ ਮੰਤਰੀ ਐਤਕੀਂ ਕੌਣ ਬਣੂ, ਇਹ ਕੋਈ ਪਤਾ ਨਹੀਂ ਪਰ ਖਿਚੜੀ ਬੜੀ ਗੁਣਾਕਾਰੀ ਹੈ, ਨਿਰਾ ਪੌਸ਼ਟਿਕ ਆਹਾਰ।’ ਰਾਮਦੇਵ ਦੇ ਘਰ ਕੋਈ ਤੋੜਾ ਨਹੀਂ, ਜਦੋਂ ਭਾਜਪਾ ਦੀ ਅੱਖ ਟੀਰੀ ਨਹੀਂ ਤਾਂ ਫਿਰ ਕਾਹਦਾ ਘਾਟਾ। ਪਤੰਜਲੀ ਫੂਡ ਪਾਰਕ, ਪਤੰਜਲੀ ਯੂਨੀਵਰਸਿਟੀ, ਹੁਣ ਤਾਂ ਖ਼ੁਸ਼ਬੋ ਬਿਖੇਰਦੇ ਪਤੰਜਲੀ ਕੱਪੜੇ ਵੀ, ਸੁਰੱਖਿਆ ਲਈ ਕੇਂਦਰ ਨੇ ਕਮਾਂਡੋ ਇਕੱਲੇ ਨਹੀਂ ਭੇਜੇ, ਪੰਜਾਹ ਕਰੋੜ ਦੇ ਸਰਕਾਰੀ ਫ਼ੰਡ ਵੀ ਭੇਜੇ ਨੇ, ਜੋ ਜ਼ਮੀਨ ਦੀ ਸੇਵਾ ਨਿਭਾਈ, ਉਹ ਵੱਖਰੀ।
ਯੂ.ਪੀ ਵਾਲੇ ਯੋਗੀ ਨੂੰ ਜਦੋਂ ਯੋਗ ਗੁਰੂ ਨੇ ਅੱਖਾਂ ਦਿਖਾਈਆਂ ਤਾਂ ਨੋਇਡਾ ਫੂਡ ਪਾਰਕ ਲਈ ਤਣੀ ਸ਼ਰਤਾਂ ਦੀ ਘੁੰਡੀ ਢਿੱਲੀ ਪੈ ਗਈ। ‘ਚੌਕੀਦਾਰ’ ਦਾ ਦਿਲ ਘਟਣ ਲੱਗਾ ਹੈ। ਅਮਿਤ ਸ਼ਾਹ ਨੂੰ ਯੋਗ ਗੁਰੂ ਦੀ ਅੱਖ ‘ਚ ਹੁਣ ਕਣ ਦਿੱਖਦੈ। ਰਾਮਦੇਵ ਅਗਲੇ ਚੋਣ ਪ੍ਰਚਾਰ ਤੋਂ ਪਾਸਾ ਜੋ ਵੱਟਣ ਲੱਗਾ ਹੈ। ਐਂਵੇ ਕੌਣ ਕਿਸੇ ਦੇ ਚਰਨੀਂ ਲੱਗਦੈ। ਇੰਜ ਜਾਪਦਾ ਜਿਵੇਂ ਅਮਿਤ ਸ਼ਾਹ ਨੇ ਰਾਮਦੇਵ ਦੇ ਕੰਨ ਵਿਚ ਆਖਿਆ ਹੋਵੇ ‘ਆਸਣ ਛੱਡੋ, ਅੱਗੇ ਚੋਣਾਂ ਨੇ, ਕਰੋ ਕਿਰਪਾ’। ਸ਼ਾਹ ਸਾਹਬ ਨੇ ਚੇਤੇ ਕਰਾਇਆ ਹੋਊ ‘ਨਾਲੇ ਥੋਡੇ ‘ਤੇ ਘੱਟ ਕਿਰਪਾ ਕੀਤੀ ਹੈ, ਅੰਬਾਨੀ-ਅਡਾਨੀ ਤਾਂ ਐਵੇਂ ਬਦਨਾਮ ਨੇ।’
ਚਲੋ ਆਪਾਂ ਕੀ ਲੈਣਾ, ਵੱਡੇ ਲੋਕ, ਵੱਡੀਆਂ ਗੱਲਾਂ। ਐਵੇਂ ਆਪਾਂ ਨੂੰ ਦੱਸਣ ਦੀ ਕੀ ਲੋੜ ਕਿ ਪਤੰਜਲੀ ਦੇ ਨਮੂਨੇ ਵੀ ਫ਼ੇਲ੍ਹ ਹੋਏ ਸੀ, ਨਾਲੇ ਭਾਰਤੀ ਫ਼ੌਜ ਨੇ ਕੰਟੀਨਾਂ ‘ਚੋਂ ਆਂਵਲਾ ਜੂਸ ਦਾ ਇੱਕ ਬੈਚ ਬੇਰੰਗ ਮੋੜਤਾ ਸੀ।
ਭਾਜਪਾਈ ਕੜਾਹੇ ‘ਚ ਇਕੱਠੀ ਪੰਜ ਹਜ਼ਾਰ ਕਿੱਲੋ ਖਿਚੜੀ ਪੱਕੀ, ਰਸਦ ਦਲਿਤ ਘਰਾਂ ‘ਚੋਂ ਲਿਆਂਦੀ। ਰਾਮ ਲੀਲਾ ਮੈਦਾਨ ‘ਚ ਸਭ ਨੇ ਛਕੀ ਖਿਚੜੀ, ਹੰਸਾਂ ਦੀ ਜੋੜੀ ਨਹੀਂ ਦਿੱਖੀ। ਵਿਰੋਧੀ ਆਖਦੇ ਨੇ ‘ਅਖੇ ਦਲਿਤਾਂ ਨੂੰ ਰਿਝਾਉਣ ਲਈ ਚੁੱਲ੍ਹਾ ਤਪਾਇਆ।’ ਪਹਿਲਾਂ ਹਰਸਿਮਰਤ ਬਾਦਲ ਨੇ ਵਰਲਡ ਫੂਡ ਪ੍ਰੋਗਰਾਮਾਂ ਵਿਚ 918 ਕਿੱਲੋ ਖਿਚੜੀ ਬਣਾਈ ਸੀ, ਉਹ ਚੋਣਾਂ ਕਰਕੇ ਨਹੀਂ, ਉਦੋਂ ਵਿਸ਼ਵ ਰਿਕਾਰਡ ਬਣਾਉਣ ਲਈ ਭੱਠੀ ਚੜ੍ਹੀ ਸੀ। ਖਿਚੜੀ ਨੂੰ ‘ਕੌਮੀ ਖ਼ੁਰਾਕ’ ਦਾ ਰੁਤਬਾ ਮਿਲਣਾ ਸੀ, ਰੌਲੇ ਨੇ ਕੰਮ ਖ਼ਰਾਬ ਕਰ ਦਿੱਤਾ। ਚੋਣਾਂ ਸਿਰ ‘ਤੇ ਹਨ, ਹਾਲੇ ਤਾਂ ਹੋਰ ਬੜੇ ਰੌਲ਼ੇ ਪੈਣੇ ਹਨ। ਰੌਲਾ ਤਾਂ ਉਦੋਂ ਵੀ ਬੜਾ ਪਿਆ ਜਦੋਂ ਬਿਹਾਰ ਦੇ ਛਪਰਾ ‘ਚ ਖਿਚੜੀ ਖਾਣ ਨਾਲ 11 ਬੱਚਿਆਂ ਦੀ ਜਾਨ ਚਲੀ ਗਈ ਸੀ। ਲੁਧਿਆਣਾ ਦਾ ਰੇਹੜੀ ਵਾਲਾ ਅਰੁਣ ਸ਼ਾਹ ਵੀ ਹੁਣ ਕਿਸ ਅਮਿਤ ਸ਼ਾਹ ਦੇ ਗਲ ਲੱਗ ਕੇ ਢਿੱਡ ਹੌਲਾ ਕਰੇ, ਜਿਸ ਦੇ ਦੋ ਬੱਚੇ ਖਿਚੜੀ ਖਾ ਕੇ ਫੌਤ ਹੋ ਗਏ। ਚੋਣ ਵਰ੍ਹੇ ‘ਚ ਤਾਂ ਲੀਡਰਾਂ ਨਾਲ ਵੀ ਖੇਤ ਪਏ ਗਧੇ ਵਾਲੀ ਹੁੰਦੀ ਹੈ। ਕੋਈ ਗੁਆਉਂਦਾ ਹੈ ਤੇ ਕੋਈ ਪਾਉਂਦੈ। ਜਿੱਧਰ ਵੀ ਦੇਖੋ, ਸਿਆਸੀ ਧਿਰਾਂ ਨੇ ਚੁੱਲ੍ਹੇ ਮਘਾ ਲਏ ਨੇ। ਤਪੇ ਹੋਏ ਲੋਕ ਵੀ ਕਚੀਚੀਆਂ ਵੱਟ ਰਹੇ ਨੇ। ਲੱਗਦੈ, ਡਾ. ਮਨਮੋਹਨ ਸਿੰਘ ਵੀ ਚੁੱਪ ਰਹਿਣ ਦੀ ਅੜੀ ਤੋੜਨਗੇ। ਇੱਧਰ ਮੋਦੀ ਨੂੰ ਚੁੱਪ ਰਹਿਣ ਦਾ ਮੰਤਰ ਵੋਟਰ ਸਿਖਾਉਣਗੇ। ਰਾਹੁਲ ਗਾਂਧੀ ਵੀ ‘ਲਾਈਨ ਟੱਚ’ ਤੇ ਖੜ੍ਹਾ ਹੈ। ਮੁੱਠੀਆਂ ਵਿੱਚ ਲੋਕਾਂ ਨੇ ਵੀ ਥੁੱਕ ਲਿਆ ਹੈ। ਜਦੋਂ ਸਿਆਸੀ ਮੈਦਾਨ ਫ਼ਤਿਹ ਕਰਨਾ ਹੋਵੇ ਤਾਂ ਉਦੋਂ ਪੁਰਾਣੇ ਗਿਲੇ ਭੁਲਾ ਕੇ ਘਿਓ ਖਿਚੜੀ ਹੋਣਾ ਪੈਂਦਾ ਹੈ। ਯੂ.ਪੀ ‘ਚ ‘ਭੂਆ-ਭਤੀਜੇ’ ਨੇ ਨਵੇਂ ਸੁਰ ਕੱਢੇ ਹਨ। ਅਖਿਲੇਸ਼ ਯਾਦਵ ਦੀ ਬੀਵੀ ਡਿੰਪਲ ਯਾਦਵ ਅਤੇ ਮਾਇਆਵਤੀ ਦਾ 15 ਜਨਵਰੀ ਨੂੰ ਜਨਮ ਦਿਨ ਸੀ। ਹੈਪੀ ਬਰਥ ਡੇਅ ਤੋਂ ਪਹਿਲਾਂ ਹੀ ਸੀਟਾਂ ਦਾ ਕਲੇਸ਼ ਮੁਕਾ ਲਿਆ। ਹੁਣ ਨਾਲੇ ਭੂਆ ਖ਼ੁਸ਼ ਤੇ ਨਾਲੇ ਬੀਵੀ। ਉਪੇਂਦਰ ਕੁਸ਼ਵਾਹਾ ਤੇ ਤੇਲਗੂ ਦੇਸਮ ਤੋਂ ਖ਼ੁਸ਼ ਤਾਂ ਹੁਣ ਰਾਹੁਲ ਗਾਂਧੀ ਵੀ ਹੈ, ਜੋ ਮਹਾਂਗਠਜੋੜ ਦਾ ਨਕਸ਼ਾ ਚੁੱਕ ਕੇ ਬੂਹੇ ਖੜਕਾਉਂਦਾ ਘੁੰਮ ਰਿਹੈ।
ਹਰਿਆਣੇ ਵਿਚ ਚੌਟਾਲਿਆਂ ਨੇ ਸਿਆਸੀ ਚੁੱਲ੍ਹੇ ਵੰਡ ਲਏ ਨੇ। ਅਰਵਿੰਦ ਕੇਜਰੀਵਾਲ ਨੇ ਵੀ ਪੰਜਾਬ ਆਉਣਾ ਹੈ ਪਰ ਆਊ ਕਿਹੜੇ ਮੂੰਹ ਨਾਲ, ਮਾਫ਼ੀ ਵਾਲੀ ਗੱਲ ਪੰਜਾਬੀ ਭੁੱਲ ਹੀ ਨਹੀਂ ਰਹੇ। ‘ਪੰਜਾਬੀ ਏਕਤਾ ਪਾਰਟੀ’ ਬਣਾ ਕੇ ਸੁਖਪਾਲ ਖਹਿਰਾ ਨੇ ਆਪਣਾ ਘੋੜਾ ਸ਼ਿੰਗਾਰ ਲਿਆ ਹੈ। ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਵੀ ਬਣ ਕੇ ਤਿਆਰ ਬਰ ਤਿਆਰ ਹੈ। ਫੂਲਕਾ ਸਾਹਬ ਵੀ ਨਵੇਂ ਰੂਪ ਨਾਲ ਜਨਤਾ ਦੀ ਕਚਹਿਰੀ ‘ਚ ਹਾਜ਼ਰ ਹਨ। ਹੁਣ ਸ਼੍ਰੋਮਣੀ ਕਮੇਟੀ ਦੇ ਮਾਮਲੇ ‘ਤੇ ਗਰਮ ਦਿਖ ਰਹੇ ਨੇ। ਗਰਮਦਲੀਏ ਵੀ ਸਿਆਸੀ ਦਾਅ ਲਾਉਣ ਲਈ ਸਾਊ ਬਣੇ ਬੈਠੇ ਹਨ। ਸ਼੍ਰੋਮਣੀ ਅਕਾਲੀ ਦਲ ਵੀ ਪੈਰ ਲਾਉਣ ਲਈ ਅੱਕੀਂ ਪਲਾਹੀਂ ਹੱਥ ਮਾਰ ਰਿਹਾ ਹੈ। ਅਮਰਿੰਦਰ ਸਿੰਘ ਸਭ ਕਾਸੇ ਨੂੰ ਕਾਂਗਰਸ ਲਈ ਸ਼ੁੱਭ ਮੰਨੀ ਬੈਠਾ ਹੈ। ਕੌਣ-ਕੌਣ ਘਿਓ ਖਿਚੜੀ ਹੋਣਗੇ, ਕੌਣ-ਕੌਣ ਖੱਖੜੀਆਂ ਕਰੇਲੇ, ਆਉਂਦੇ ਦਿਨਾਂ ਵਿਚ ਕੋਈ ਢਕੀ ਨਹੀਂ ਰਹਿਣੀ। ਭਾਜਪਾ ਤੇ ਅਕਾਲੀ ਦਲ ਹੱਡ ਮਾਸ ਵਾਲੇ ਰਿਸ਼ਤੇ ਦਾ ਗਦੌੜਾ ਫੇਰਨਗੇ। ‘ਕਾਂ ਤੇ ਚਿੜੀ’ ਵਾਲੀ ਕਹਾਣੀ ਦਾ ਰੂਪਾਂਤਰਨ ਵੀ ਚੋਣ ਪਿੜ ‘ਚ ਦਿਖੇਗਾ। ਮੋਹਨ ਭੰਡਾਰੀ ਦੀ ਕਹਾਣੀ ‘ਖ਼ੁਸ਼ਖ਼ਬਰੀ’ ਦੀ ਆਖ਼ਰੀ ਲਾਈਨ ਪ੍ਰਸੰਗਕ ਜਾਪੀ ‘ਅਜੇ ਆਦਮੀ ਆਪਸ ਵਿੱਚ ਲੜ ਰਹੇ ਨੇ, ਸਾਨੂੰ ਜਨੌਰਾਂ ਨੂੰ ਕੋਈ ਖ਼ਤਰਾ ਨਹੀਂ’। ਆਉਂਦੇ ਦਿਨਾਂ ਵਿਚ ਲੋਕਾਂ ਦੀ ਲੜਾਈ ਲੜਨ ਦੇ ਮਖੌਟੇ ਦਿਖਣਗੇ। ਅੰਦਰੋਂ ਲੜਾਈ ਕੁਰਸੀ ਦੀ ਹੀ ਹੋਵੇਗੀ। ਏਨੀ ਸਮਝ ਹੁੰਦੀ ਤਾਂ ਲੇਬਰ ਚੌਕ ‘ਚ ਕਾਹਤੋਂ ਖੜ੍ਹਦੇ। ਫਿਰ ਵੀ ਮਜ਼ਦੂਰ ਆਗੂ ਸਮਝਾ ਰਿਹਾ ਹੈ ਕਿ ਖਿਚੜੀ ਬਿਮਾਰਾਂ ਲਈ ਬਣਦੀ ਹੈ। ਏਨਾ ਇਸ਼ਾਰਾ ਕਾਫ਼ੀ ਹੈ। ਸਕੂਲਾਂ ਵਿਚ ਪੁੱਜੇ ਸਰਕਾਰੀ ਸਾਈਕਲ ਵੀ ਚੋਣਾਂ ਦੀ ਘੰਟੀ ਦਾ ਇਸ਼ਾਰਾ ਹਨ। ਉੱਧਰ ਖੇਤਾਂ ਵਿਚ ਆਵਾਰਾ ਪਸ਼ੂ ਕਿਸਾਨਾਂ ਨੂੰ ਢੁੱਡਾਂ ਮਾਰ ਰਹੇ ਨੇ ‘ਤੇ ਸਕੂਲਾਂ ਵਿੱਚ ਠੰਢ। ਵਰਦੀਆਂ ਹਾਲੇ ਤੱਕ ਮਿਲੀਆਂ ਨਹੀਂ। ਪੌਣੇ ਤਿੰਨ ਵਰ੍ਹਿਆਂ ਤੋਂ ਪੰਜਾਬ ਦੇ 1.41 ਕਰੋੜ ਲੋਕ ਆਟਾ ਦਾਲ ਸਕੀਮ ਵਾਲੀ ਦਾਲ ਉਡੀਕ ਰਹੇ ਨੇ। ਬਿਨਾਂ ਦਾਲ ਤੋਂ ਤਾਂ ਖਿਚੜੀ ਵੀ ਨਹੀਂ ਬਣਦੀ। ਵਕਤ ਬੰਦੇ ਨੂੰ ਮਰੀਜ਼ ਵੀ ਬਣਾਉਂਦਾ ਤੇ ਮੁਥਾਜ ਵੀ। ਲੇਲ੍ਹੜੀਆਂ ਵੀ ਕਢਵਾਉਂਦਾ ਹੈ ਤੇ ਕੌੜਾ ਘੁੱਟ ਭਰਨਾ ਵੀ ਸਿਖਾਉਂਦੇ। ਸੱਚ ਇਹ ਵੀ ਹੈ ਕਿ ਪਾਣੀ ਸਿਰੋਂ ਲੰਘ ਜਾਏ ਤਾਂ ਬੰਦਾ ਗੋਲੀ ਬਣਦਾ ਵੀ ਦੇਰ ਨਹੀਂ ਲਾਉਂਦਾ। ਫਿਰ ਕਿਸੇ ਨੂੰ ਖਿਚੜੀ ਸੁਆਦ ਨਹੀਂ ਲੱਗਣੀ।
ਪੰਜ ਦਰਿਆਵਾਂ ਦੀ ਧਰਤੀ ਦਾ ਪਾਣੀ ਹੁਣ ਜ਼ਹਿਰੀ ਹੋ ਗਿਆ…
ਮੋਹਾਲੀ : ਸਤਲੁਜ ਅਤੇ ਘੱਗਰ ‘ਚ ਹੁਣ ਖੁਸ਼ਹਾਲੀ ਦਾ ਪਾਣੀ ਨਹੀਂ ਮੌਤ ਦਾ ਜ਼ਹਿਰ ਘੁਲ ਰਿਹਾ ਹੈ। ਨਦੀਆਂ ਦੇ ਮਿੱਠੇ ਸਾਫ਼ ਪਾਣੀ ਦੇ ਕਾਰਨ ਪੁਰਾਤਨ ਸੰਸਕ੍ਰਿਤੀਆਂ ਦੀ ਜਨਮਦਾਤਾ ਰਹੀ ਪੰਜਾਬ-ਹਰਿਆਣਾ ਦੀ ਧਰਤੀ ‘ਤੇ ਨਦੀਆਂ ਅਤੇ ਨਹਿਰਾਂ ‘ਚ ਪਾਣੀ ਹੁਣ ਬਿਮਾਰੀਆਂ ਦੀ ਸੌਗਾਤ ਵੰਡ ਰਿਹਾ ਹੈ। ਇਹ ਕੋਈ ਸਿਆਸੀ ਬਿਆਨਬਾਜ਼ੀ ਨਹੀਂ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੋਵੇਂ ਰਾਜਾਂ ਦੇ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਸੈਂਟਰਲ ਗਰਾਊਂਡ ਵਾਟਰ ਅਥਾਰਟੀ ਦੀ ਰਿਪੋਰਟ ਇਹ ਖੁਲਾਸਾ ਕਰਦੀ ਹੈ। ਇਨ੍ਹਾਂ ਨਦੀਆਂ ਦਾ ਪਾਣੀ ਪੀਣ ਲਾਇਕ ਹੀ ਨਹੀਂ ਬਲਕਿ ਸਿੰਚਾਈ ਦੇ ਲਾਈਕ ਵੀ ਨਹੀਂ ਰਿਹਾ। ਗੱਲ ਸਤਲੁਜ ਦੀ ਕਰੀਏ ਤਾਂ ਜਲੰਧਰ, ਫਗਵਾੜਾ, ਲੁਧਿਆਣਾ ਤੋਂ ਲੈ ਕੇ ਹਰੀਕੇ ਤੱਕ ਇਸ ਦੀ ਸਥਿਤੀ ਭਿਆਨਕ ਰੂਪ ਲੈ ਚੁੱਕੀ ਹੈ। ਬੁੱਢਾ ਨਾਲਾ, ਚਿੱਟੀ ਬੇਈਂ, ਕਾਲਾ ਸੰਘਿਆ ਡਰੇਨ, ਜਲੰਧਰ ਦਾ ਜਮਸ਼ੇਦ ਡਰੇਨ ਅਤੇ ਫਗਵਾੜਾ ਡਰੇਨ ਤੋਂ ਆ ਰਿਹਾ ਇੰਡਸਟਰੀਅਲ ਵੇਸਟ ਵਾਟਰ ਸਤਲੁਜ ਦੇ ਪਾਣੀ ਨੂੰ ਪੂਰੀ ਤਰ੍ਹਾਂ ਜ਼ਹਿਰੀਲਾ ਕਰ ਚੁੱਕਿਆ ਹੈ। ਹਾਲਾਂਕਿ ਸਰਕਾਰ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਕਈ ਵੱਡੇ ਖਰਚ ਵਾਲੀਆਂ ਪਰੀਯੋਜਨਾਵਾਂ ਦੇ ਰਾਹੀਂ ਇਸ ਨੂੰ ਕੰਟਰੋਲ ਕਰਨ ਦੇ ਦਾਅਵੇ ਕਰ ਰਿਹਾ ਹੈ। ਪ੍ਰੰਤੂ ਉਸ ਦੀ ਆਪਣੀ ਹੀ ਰਿਪੋਰਟ ਇਥੋਂ ਦੇ ਪਾਣੀ ਨੂੰ ਜ਼ਹਿਰੀਲਾ ਸਾਬਤ ਕਰਦੀ ਹੈ। ਸਤਲੁਜ ‘ਚ ਕ੍ਰੋਮਿਯਮ ਨੂੰ ਵੀ ਆਸਾਨੀ ਨਾਲ ਕੈਂਸਰ ਦਾ ਮਰੀਜ਼ ਬਣਾਉਣ ਦੇ ਲਈ ਕਾਫੀ ਹੈ। ਘੱਗਰ ਦੀ ਗੱਲ ਕਰੀਏ ਤਾਂ ਪੰਜਾਬ ਤੋਂ ਲੈ ਕੇ ਰਾਜਸਥਾਨ ਤੱਕ ਇਹ ਪ੍ਰਦੂਸ਼ਣ ਦੇ ਚਲਦੇ ਬਿਮਾਰੀਆਂ ਵੰਡਣ ਦਾ ਮੁੱਖ ਕਾਰਨ ਬਣੀ ਹੋਈ ਹੈ। ਮੁਬਾਰਕਪੁਰ ਖੇਤਰ ‘ਚ ਘੱਗਰ ਦੇ ਪਾਣੀ ‘ਚ ਬੀਓਡੀ ਯਾਨੀ ਬਾਇਲਾਜੀਕਲ ਆਕਸੀਜਨ ਡਿਮਾਂਡ ਦੀ ਮਾਤਰਾ ਬਹੁਤ ਜ਼ਿਆਦਾ ਪਾਈ ਗਈ ਹੈ। ਸਿਰਸਾ-ਡੱਬਵਾਲੀ ਦੇ ਦਰਮਿਆਨ ਇਸ ‘ਚ ਟੀਡੀਐਸ ਯਾਨੀ ਟੋਟਲ ਡਿਸਾਲਵ ਦੀ ਮਾਤਰਾ ਸਭ ਤੋਂ ਜ਼ਿਆਦਾ ਪਾਈ ਜਾਂਦੀ ਹੈ। ਚੰਦਰਪੁਰ-ਸਿਪੋਹ ਖੇਤਰ ‘ਚ ਇਸ ਦੇ ਪਾਣੀ ‘ਚ ਟੀਸੀ ਯਾਨੀ ਟੋਟਲ ਕਾਫੀਫਰਮ ਦੀ ਮਾਤਰਾ ਜ਼ਿਆਦਾ। ਇਸ ਤਰ੍ਹਾਂ ਰਾਜਸਥਾਨ ਦੇ ਹਨੁਮਾਨਗੜ੍ਹ ਅਤੇ ਹਰਿਆਣਾ ਦੇ ਓਤੁਵੇਰ ‘ਚ ਵੀ ਘੱਗਰ ਦਾ ਪਾਣੀ ਸਿੰਚਾਈ ਦੇ ਲਾਈਕ ਨਹੀਂ ਰਿਹਾ। ਜੇਕਰ ਜ਼ਮੀਨ ਹੇਠਲੇ ਪਾਣੀ ਦੀ ਗੱਲ ਕਰੀਏ ਤਾਂ ਪੰਜ ਦਰਿਆਵਾਂ ਦੀ ਧਰਤੀ ਪੰਜਾਬ ‘ਚ ਇਸ ਦੀ ਹਾਲਤ ਵੀ ਚਿੰਤਾਜਨਕ ਬਣੀ ਹੋਈ ਹੈ। ਪੰਜਾਬ ਦੇ ਦੱਖਣੀ-ਪੱਛਮੀ ਖੇਤਰ ‘ਚ ਭੂਮੀਗਤ ਪ੍ਰਤੀ ਲੀਟਰ ਹੈ। ਇਸ ਖੇਤਰ ਦੇ 14 ਫੀਸਦੀ ਟਿਊਬਵੈਲਾਂ ਦਾ ਪਾਣੀ ਸਿੰਚਾਈ ਦੇ ਲਾਈਕ ਵੀ ਨਹੀਂ ਰਿਹਾ। ਇਥੇ ਫਲੋਰਾਈਡ ਦੀ ਮਾਤਰਾ 1.5 ਮਿਲੀਗ੍ਰਾਮ ਪ੍ਰਤੀ ਲੀਟਰ ਤੋਂ ਕਾਫ਼ੀ ਜ਼ਿਆਦਾ ਹੈ। ਡਬਲਿਊਐਚਓ ਦੇ ਮਾਨਕਾਂ ਦੇ ਮੁਤਾਬਕ ਪਾਣੀ ‘ਚ ਨਾਈਟ੍ਰੇਟ ਦੀ ਮਾਤਰਾ 50 ਮਿਲੀਗ੍ਰਾਮ ਪ੍ਰਤੀ ਲੀਟਰ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ। ਇਸ ਤਰ੍ਹਾਂ ਪਾਣੀ ‘ਚ ਫਲੋਰਾਈਡ ਦੀ ਮਾਤਰਾ ਅਧਿਕਤਮ 1.5 ਮਿਲੀਗ੍ਰਾਮ ਪ੍ਰਤੀ ਲੀਟਰ ਤੱਕ ਹੋਣਾ ਚਾਹੀਦੀ ਹੈ।
ਸੈਂਪਲਿੰਗ ‘ਚ ਸਾਹਮਣੇ ਆਇਆ ਪਾਣੀ ਦਾ ਸੱਚ
ਮਾਲਵਾ ਖੇਤਰ ‘ਚ ਕੀਤੀ ਗਈ ਸੈਂਪਲਿੰਗ ‘ਚ ਫਲੋਰਾਈਡ, ਇਲੈਕਟ੍ਰੀਕਲ ਕੰਡੇਕਿਟਵਿਟੀ ਅਤੇ ਨਾਈਟ੍ਰੇਟ ਦੀ ਮਾਤਰਾ ਨਿਰਧਾਰਤ ਮਾਨਕ ਤੋਂ ਜ਼ਿਆਦਾ ਪਾਈ ਗਈ। ਇਥੇ ਦੇ ਪਾਣੀ ‘ਚ ਸੋਡੀਅਮ ਦਾ ਅਨੁਪਾਤ ਜ਼ਿਆਦਾ ਹੋਣ ਦੇ ਕਾਰਨ ਖੇਤੀਬਾੜੀ ‘ਚ ਇਸਤੇਮਾਲ ਕਰਨ ਦੇ ਲਾਈਕ ਵੀ ਨਹੀਂ ਬਚਿਆ ਹੈ। ਨਵਾਂ ਸ਼ਹਿਰ ਅਤੇ ਹੁਸ਼ਿਆਰਪੁਰ ਖੇਤਰ ਦੇ ਪਾਣੀ ‘ਚ ਸੈਲੇਨਿਯਮ ਦੀ ਮਾਤਰਾ ਸਿਹਤ ਦੇ ਲਈ ਹਾਨੀਕਾਰਕ ਪੱਧਰ ‘ਤੇ ਪਹੁੰਚ ਚੁੱਕੀ ਹੈ। ਮੁਕਤਸਰ, ਬਠਿੰਡਾ, ਮਾਨਸਾ, ਫਿਰੋਜ਼ਪੁਰ, ਸੰਗਰੂਰ ਅਤੇ ਮੋਗਾ ਦੇ ਪਾਣੀ ਨੂੰ ਤੇਜ਼ਾਬੀ ਦੱਸਦੇ ਹੋਏ ਸੈਂਟਰਲ ਗਰਾਊਂਡ ਵਾਟਰ ਅਥਾਰਟੀ ਨੇ ਆਪਣੀ ਰਿਪੋਰਟ ‘ਚ ਨਾ ਪੀਣ ਯੋਗ ਕਰਾਰ ਦਿੱਤਾ ਹੈ।
ਵੇਸਟ ਮੈਨੇਜਮੈਂਟ ‘ਚ ਲਾਪਰਵਾਹੀ ਹੈ ਵੱਡਾ ਕਾਰਨ : ਡਾ. ਬਾਤਿਸ਼
ਅਰਥਸ਼ਾਸਤਰੀ ਅਤੇ ਵਾਤਾਵਰਣ ਮਾਹਿਰ ਡਾ. ਨਰੇਸ਼ ਬਾਤਿਸ਼ ਦੇ ਅਨੁਸਾਰ ਜ਼ਮੀਨ ਹੇਠਲੇ ਪਾਣੀ ਅਤੇ ਕੁਦਰਤੀ ਜਲ ਸਰੋਤਾਂ ਦੇ ਦੂਸ਼ਿਤ ਹੋਣ ਦੇ ਪਿੱਛੇ ਸਭ ਤੋਂ ਅਹਿਮ ਕਾਰਨ ਕੂੜੇ ਦਾ ਸਹੀ ਢੰਗ ਨਾਲ ਨਿਪਟਾਰਾ ਨਾ ਕੀਤਾ ਜਾਣਾ। ਇਕੱਲੇ ਪੰਜਾਬ ‘ਚ ਰੋਜ਼ਾਨਾ 4200 ਟਨ ਕੂੜਾ ਸੁੱਟਿਆ ਜਾਂਦਾ ਹੈ, ਜਿਸ ‘ਚ ਘਰੇਲੂ ਵੇਸਟ ਤੋਂ ਲੈ ਕੇ ਮੈਡੀਕਲ ਅਤੇ ਕੈਮੀਕਲ ਵੇਸਟ ਵੀ ਸ਼ਾਮਲ ਹੁੰਦਾ ਹੈ। ਜਲਵਾਯੂ ਦੀ ਨਮੀਂ ਅਤੇ ਬਾਰਿਸ਼ ਦੇ ਪਾਣੀ ਦੇ ਨਾਲ ਕੂੜੇ ਦੇ ਘਾਤਕ ਤੱਕ ਪਾਣੀ ‘ਚ ਚਲੇ ਜਾਂਦੇ ਹਨ, ਜਿਨ੍ਹਾਂ ਨੂੰ ਸਾਫ਼ ਕਰਨਾ ਮੁਸ਼ਕਿਲ ਹੈ। ਸਰਕਾਰ ਜਦੋਂ ਤੱਕ ਵੇਸਟ ਮੈਨੇਜਮੈਂਟ ਨੂੰ ਲੈ ਕੇ ਗੰਭੀਰ ਨਹੀਂ ਹੋਵੇਗੀ ਪਾਣੀ ਦੂਸ਼ਿਤ ਹੁੰਦਾ ਰਹੇਗਾ।
ਪ੍ਰਦੂਸ਼ਣ ‘ਤੇ ਐਨਜੀਟੀ ਦਾ ਵੀ ਸਖਤ ਰਵੱਈਆ
ਘੱਗਰ ਅਤੇ ਸਤਲੁਜ ਦੇ ਪ੍ਰਦੂਸ਼ਣ ਨੂੰ ਲੈ ਕੇ ਐਨਜੀਟੀ ਨੇ ਸਖਤ ਰੁਖ ਅਪਣਾਇਆ ਹੈ। ਘੱਗਰ ਨਦੀ ‘ਚ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਦੇ ਲਈ ਹਰਿਆਣਾ, ਪੰਜਾਬ ਸਮੇਤ ਸਬੰਧਤ ਰਾਜਾਂ ਨੂੰ ਪਿਛਲੇ ਸਾਲ ਹੁਕਮ ਜਾਰੀ ਕੀਤੇ ਜਾ ਚੁੱਕੇ ਹਨ, ਉਥੇ ਪ੍ਰਦੂਸ਼ਣ ਨੂੰ ਲੈ ਕੇ ਪੰਜਾਬ ਸਰਕਾਰ ‘ਤੇ ਪਿਛਲੇ ਦਿਨੀਂ ਜੁਰਮਾਨਾ ਵੀ ਲਗਾਇਆ ਗਿਆਸੀ।
ਐਨਜੀਟੀ ਨੇ ਆਪਣੇ ਹੁਕਮ ‘ਚ ਵਧਦੇ ਪ੍ਰਦੂਸ਼ਣ ਨੂੰ ਲੈ ਕੇ ਸਰਕਾਰਾਂ ਦੀ ਅਸਫ਼ਲਤਾ ‘ਤੇ ਸਖਤ ਟਿੱਪਣੀ ਕੀਤੀ ਸੀ। ਐਨਜੀਟੀ ਨੇ ਇਕ ਕਾਰਜਕਾਰੀ ਕਮੇਟੀ ਦਾ ਗਠਨ ਵੀ ਕੀਤਾ ਹੈ, ਜਿਸ ‘ਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਾਬਕਾ ਜੱਜ ਪ੍ਰੀਤਮ ਪਾਲ ਅਤੇ ਸੀਪੀਸੀਬੀ ਦੇ ਇਕ ਵਿਗਿਆਨਕ ਅਤੇ ਵਾਤਾਵਰਣ ਅਤੇ ਜੰਗਲਾਤ ਅਤੇ ਜਲਵਾਯੂ ਵਾਤਾਵਰਣ ਮੰਤਰਾਲੇ, ਨਵੀਂ ਦਿੱਲੀ ਦੇ ਇਕ ਵਿਗਿਆਨੀ ਸ਼ਾਮਲ ਹਨ। ਐਨਜੀਟੀ ਦੇ ਸਖਤ ਰਵੱਈਏ ਤੋਂ ਬਾਅਦ ਸਰਕਾਰ ਦੇ ਮੁੱਖ ਸਕੱਤਰ ਅਤੇ ਪ੍ਰਸ਼ਾਸਨਿਕ ਸਕੱਤਰਾਂ ਦੇ ਨਾਲ ਹੋਰ ਸੀਨੀਅਰ ਅਧਿਕਾਰੀਆਂ ਦੀ ਕਈ ਮੀਟਿੰਗਾਂ ਹੋ ਚੁੱਕੀਆਂ ਹਨ, ਜਿਸ ‘ਚ ਸਿੰਚਾਈ, ਜਨ ਸਿਹਤ, ਸ਼ਹਿਰੀ ਸਥਾਨਕ ਮੰਤਰਾਲੇ, ਵਾਤਾਵਰਣ ਰਾਜ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਟਾਊਨ ਐਂਡ ਕੰਟਰੀ ਪਲਾਨਿੰਗ ਸਮੇਤ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਦੇ ਵਿਚਾਲੇ ਤਾਲਮੇਲ ਬਣਾਇਆ ਗਿਆ ਹੈ। ਜਿਸ ਤੋਂ ਬਾਅਦ ਘੱਗਰ ਨੂੰ ਪ੍ਰਦੂਸ਼ਣ ਮੁਕਤ ਕਰਨ ਦੀ ਸਰਕਾਰੀ ਕਵਾਇਦ ਜਾਰੀ ਹੈ।
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਨੈਟਵਰਕ ਸਥਾਪਿਤ ਕੀਤਾ
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਦੇਸ਼ ਭਰ ‘ਚ ਜਲ ਸੰਸਥਾਵਾਂ ਦੀ ਗੁਣਵੱਤਾ ‘ਤੇ ਨਿਗਰਾਨੀ ਦੇ ਲਈ ਇਕ ਨੈਟਵਰਕ ਸਥਾਪਿਤ ਕੀਤਾ ਹੈ। ਇਸ ਨੈਟਵਰਕ ਦੇ ਤਹਿਤ 28 ਰਾਜਾਂ ਅਤੇ 6 ਕੇਂਦਰ ਸ਼ਾਸਤ ਪ੍ਰਦੇਸ਼ਾਂ ‘ਚ 2500 ਸਟੇਸ਼ਨ ਸਥਾਪਿਤ ਕੀਤੇ ਗਏ ਹਨ। ਦੇਸ਼ ਭਰ ‘ਚ ਸਥਾਪਿਤ ਇਹ ਮਾਨੀਟਰਿੰਗ ਨੈਟਵਰਕ 445, ਨਦੀਆਂ, 154 ਝੀਲਾਂ, 12 ਜਲ ਸਾਧਨਾਂ, 78 ਤਲਾਬ, 41 ਸਮੁੰਦਰੀ ਖਾੜੀਆਂ, 25 ਨਹਿਰਾਂ, 45 ਬਰਸਤੀ ਅਤੇ ਕੁਦਰਤੀ ਨਾਲਿਆਂ, 10 ਵਾਟਰ ਟੀ੍ਰਟਮੈਂਟ ਪਲਾਂਟਸ ਅਤੇ 807 ਖੂਹਾਂ ਨੂੰ ਕਵਰ ਕਰਦੇ ਹਨ।
ਕੀ ਹੈ ਐਨ ਡਬਲਿਊਐਮਪੀ
ਐਨ ਡਬਲਿਊ ਐਮ ਮੀ ਯਾਨੀ ਨੈਸ਼ਨਲ ਵਾਟਰ ਮਾਨੀਟਰਿੰਗ ਪ੍ਰੋਮਰਾਮ ਮੌਜੂਦਾ ਸਮੇਂ ‘ਚ ਜਲ ਗੁਣਵੱਤਾ ਨਿਗਰਾਨੀ ਦੇ ਤਿੰਨ ਪੱਧਰੀ ਪ੍ਰੋਗਰਾਮ ਨੂੰ ਸੰਚਾਲਿਤ ਕਰ ਰਿਹਾ ਹੈ। ਜਿਸ ‘ਚ ਗਲੋਬਲ ਐਨਵਾਇਰਮੈਂਟਲ ਮਾਨੀਟਰਿੰਗ ਸਿਸਟਮ, ਭਾਰਤੀ ਰਾਸ਼ਟਰੀ ਜਲ ਸੰਸਾਧਨ ਪ੍ਰਣਾਲੀ ਅਤੇ ਯਮੁਨਾ ਐਕਸ਼ਨ ਪਲਾਨ ਦੀ ਨਿਗਰਾਨੀ ਸ਼ਾਮਲ ਹੈ। ਇਨ੍ਹਾਂ ਖੇਤਰਾਂ ‘ਚ ਨਿਗਰਾਨੀ ਤੋਂ ਇਲਾਵਾ 9 ਮੁੱਖ ਮਾਪਦੰਡਾਂ, 19 ਹੋਰ ਭੌਤਿਕ, ਰਸਾਇਣ ਅਤੇ ਬੈਕਟੀਰੀਆਲੋਜੀਕਲ ਮਾਪਦੰਡਾਂ ਨਾਲ ਲੈਸ 28 ਮਾਪਦੰਡਾਂ ਦੇ ਲਈ ਪਾਣੀ ਦੇ ਨਮੂਨਿਆਂ ਦਾ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਚੋਣਵੇਂ ਨਮੂਨਿਆਂ ‘ਚ 9 ਟ੍ਰੇਸ ਧਾਤੂ ਅਤੇ 15 ਕੀਟਨਾਸ਼ਕਾਂ ਦਾ ਵੀ ਵਿਸ਼ਲੇਸ਼ਣ ਕੀਤਾ ਜਾਂਦਾ ਹੈ। ਖਾਸ ਥਾਵਾਂ ‘ਤੇ ਬਾਇਮੋਨੀਟਰਿੰਗ ਵੀ ਕੀਤਾ ਜਾਂਦਾ ਹੈ।
ਲੋਕਾਂ ਤੋਂ ਖੋਹਿਆ ਜਾ ਰਿਹਾ ਹੈ ਰਾਈਟ ਟੂ ਲਿਵ : ਸੀਚੇਵਾਲ
ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ ਨਿਯੁਕਤ ਨਿਗਰਾਨੀ ਕਮੇਟੀ ਦੇ ਮੈਂਬਰ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪੰਜਾਬ ਅਤੇ ਹਰਿਆਣਾ ਦੀਆਂ ਸਰਕਾਰਾਂ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਕਟਹਿਰੇ ‘ਚ ਖੜ੍ਹਾ ਕਰਦੇ ਹੋਏ ਕਿਹਾ ਕਿ ਨਿੱਜੀ ਸਿਹਤ ਦੀ ਖੇਤਰ ਲੋਕਾਂ ਤੋਂ ਰਾਈਟ ਟੂ ਲਿਵ ਯਾਨੀ ਜੀਣ ਦਾ ਹੱਕ ਖੋਹਿਆ ਜਾਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਤਲੁਜ ਅਤੇ ਘੱਗਰ ‘ਚ ਕ੍ਰੋਮੀਯਮ ਅਤੇ ਨਿਕਲ ਦੀ ਮਾਤਰਾ ਹਾਨੀਕਾਰਕ ਪੱਤਰ ਨੂੰ ਵੀ ਪਾਰ ਕਰ ਚੁੱਕੀ ਹੈ। ਇਸ ਦਾ ਮੁੱਖ ਕਾਰਨ ਇੰਡਸਟਰੀਅਲ ਵੇਸਟ ‘ਤੇ ਲਗਾਮ ਲਗਾਉਣ ‘ਚ ਸਰਕਾਰ ਦੀ ਨਾਕਾਮੀ ਹੈ। ਉਨ੍ਹਾਂ ਨੇ ਟ੍ਰੀਟਮੈਂਟ ਪਲਾਂਟਸ ਦੀ ਸਫ਼ਲਤਾ ਦੇ ਦਾਅਵਿਆਂ ਨੂੰ ਵੀ ਸਿਰੇ ਤੋਂ ਖਾਰਜ ਕਰਦੇ ਹੋਏ ਕਿਹਾ ਕਿ ਸਰਕਾਰ ਦੱਸੇ ਕਿ ਜੇਕਰ ਉਸ ਦੇ ਦਾਅਵੇ ਸਹੀ ਹਨ ਤਾਂ ਫਿਰ ਪਾਣੀ ‘ਚ ਜ਼ਹਿਰ ਕਿਸ ਤਰ੍ਹਾਂ ਘੁਲ ਰਿਹਾ ਹੈ। ਸੰਤ ਬਲਬੀਰ ਸਿੰਘ ਸੀਚੇਵਾਲ 16 ਜਨਵਰੀ ਤੱਕ ਜਲ ਪ੍ਰਦੂਸ਼ਣ ‘ਤੇ ਇਕ ਰਿਪੋਰਟ ਐਨਜੀਟੀ ਨੂੰ ਦੇਣ ਜਾ ਰਹੇ ਹਨ, ਜਿਸ ‘ਤੇ 22 ਫਰਵਰੀ ਨੂੰ ਸੁਣਵਾਈ ਹੋਵੇਗੀ।

Check Also

ਲੋਕ ਸਭਾ ਚੋਣਾਂ ‘ਚ ਭਾਜਪਾ ਨੂੰ ਨਹੀਂ ਮਿਲਿਆ ਬਹੁਮਤ

ਭਾਜਪਾ ਨੂੰ ਸਿਰਫ਼ 241 ਸੀਟਾਂ ਨਾਲ ਕਰਨਾ ਪਿਆ ਸਬਰ ਚੋਣ ਨਤੀਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ …