Breaking News
Home / ਹਫ਼ਤਾਵਾਰੀ ਫੇਰੀ / ਭਾਰਤ ਦੀ ਸਿਆਸਤ ਸੁੱਤੀ ਪਾਕਿ ਦੇ ਸੇਵਾਦਾਰ ਜਾਗਦੇ

ਭਾਰਤ ਦੀ ਸਿਆਸਤ ਸੁੱਤੀ ਪਾਕਿ ਦੇ ਸੇਵਾਦਾਰ ਜਾਗਦੇ

ਪਾਕਿਸਤਾਨ ਵਲੋਂ ਕੋਰੀਡੋਰ ਦਾ 35 ਫੀਸਦੀ ਕੰਮ ਮੁਕੰਮਲ, ਭਾਰਤ ਨੇ ਹਾਲੇ ਜ਼ਮੀਨ ਤੱਕ ਐਕਵਾਇਰ ਨਹੀਂ ਕੀਤੀ
ਅੰਮ੍ਰਿਤਸਰ/ਬਿਊਰੋ ਨਿਊਜ਼ : ਭਾਰਤ ਦੀ ਸਿਆਸਤ ‘ਤੇ ਕਾਬਜ਼ ਲੀਡਰ ਗੱਲਾਂ ਤਾਂ ਕਰਤਾਰਪੁਰ ਸਾਹਿਬ ਦੀ ਜ਼ਮੀਨ ਨੂੰ ਹਾਸਲ ਕਰਨ ਦੀਆਂ ਕਰਦੇ ਹਨ ਤੇ ਹਕੀਕਤ ਵਿਚ ਲਾਂਘੇ ਦਾ ਸਮਝੌਤਾ ਹੋਣ ਤੋਂ ਬਾਅਦ ਵੀ ਉਨ੍ਹਾਂ ਦੀ ਨੀਂਦ ਨਹੀਂ ਟੁੱਟ ਰਹੀ। ਇਕ ਪਾਸੇ ਪਾਕਿਸਤਾਨ ਨੇ ਲਾਂਘਾ ਖੋਲ੍ਹਣ ਦਾ ਕਾਰਜ ਆਪਣੇ ਮਿੱਥੇ ਸਮੇਂ ਤੋਂ ਪਹਿਲਾਂ ਨਿਬੇੜਨ ਦੀ ਤਿਆਰੀ ਕਰ ਲਈ ਹੈ ਤੇ ਸਿੱਟੇ ਵਜੋਂ ਕੋਰੀਡੋਰ ਦਾ 35 ਫੀਸਦੀ ਕੰਮ ਮੁਕੰਮਲ ਵੀ ਕਰ ਲਿਆ ਹੈ। ਜਦੋਂਕਿ ਭਾਰਤ ਵਾਲੇ ਪਾਸੇ ਅਜੇ ਤੱਕ ਨਾ ਤਾਂ ਕੇਂਦਰ ਨੇ ਪੰਜਾਬ ਸਰਕਾਰ ਨੂੰ ਕੋਈ ਫੰਡ ਜਾਰੀ ਕੀਤੇ ਹਨ ਤੇ ਨਾ ਹੀ ਜ਼ਮੀਨ ਐਕਵਾਇਰ ਕਰਨ ਦੀ ਕਾਰਵਾਈ ਅਜੇ ਸ਼ੁਰੂ ਹੋਈ ਹੈ। ਕੋਰੀਡੋਰ ਲਈ ਇਕ ਇੱਟ ਵੀ ਲੱਗਣਾ ਹਾਲੇ ਦੂਰ ਦੀ ਗੱਲ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਭਾਰਤੀ ਸਿੱਖ ਸੰਗਤ ਨੂੰ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਲਈ ਲਾਂਘਾ ਮੁਹੱਈਆ ਕਰਾਉਣ ਹਿੱਤ ਪਾਕਿਸਤਾਨ ਵਾਲੇ ਪਾਸੇ ਸ਼ੁਰੂ ਕੀਤੀ ਗਈ ਲਾਂਘੇ ਦੀ ਉਸਾਰੀ ਦਾ ਕੰਮ 35 ਫ਼ੀਸਦੀ ਤੋਂ ਵਧੇਰੇ ਮੁਕੰਮਲ ਹੋ ਚੁੱਕਾ ਹੈ। ਇਹ ਜਾਣਕਾਰੀ ਪਾਕਿਸਤਾਨ ਦੇ ਧਾਰਮਿਕ ਮਾਮਲਿਆਂ ਤੇ ਅੰਤਰ ਵਿਸ਼ਵਾਸ ਮਾਮਲਿਆਂ ਦੇ ਮੰਤਰੀ ਮੌਲਾਨਾ ਨੂਰ ਉਲ ਹੱਕ ਕਾਦਰੀ ਨੇ ਜ਼ਿਲ੍ਹਾ ਨਾਰੋਵਾਲ ਵਿਚ ਲਾਂਘੇ ਦੀ ਚੱਲ ਰਹੀ ਉਸਾਰੀ ਦਾ ਦੌਰਾ ਕਰਨ ਉਪਰੰਤ ਦਿੱਤੀ। ਇਸ ਮੌਕੇ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਦੇ ਵਧੀਕ ਸਕੱਤਰ ਤਾਰਿਕ ਵਜ਼ੀਰ, ਅਮੀਰ ਹਾਸ਼ਮੀ, ਪਾਕਿ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬਿਸ਼ਨ ਸਿੰਘ ਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ। ਇਸ ਬਾਰੇ ਜਾਣਕਾਰੀ ਦਿੰਦਿਆਂ ਨਾਸਿਰ ਢਿੱਲੋਂ ਤੇ ਭੁਪਿੰਦਰ ਸਿੰਘ ਲਵਲੀ ਨੇ ਦੱਸਿਆ ਕਿ ਮੌਲਾਨਾ ਕਾਦਰੀ ਨੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਪਹੁੰਚਣ ‘ਤੇ ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮਜ਼ਾਰ ਤੇ ਸਮਾਧ ਦੇ ਦਰਸ਼ਨ ਕੀਤੇ ਤੇ ਉਥੇ ਫੁੱਲਾਂ ਦੇ ਗੁਲਦਸਤੇ ਭੇਟ ਕੀਤੇ। ਉਨ੍ਹਾਂ ਉੱਥੇ ਚੱਲ ਰਹੀ ਉਸਾਰੀ ਦਾ ਜਾਇਜ਼ਾ ਲੈਣ ਉਪਰੰਤ ਦੱਸਿਆ ਕਿ ਉਸਾਰੀ ਦਾ ਜੋ ਕੰਮ ਅਕਤੂਬਰ, 2019 ਤੱਕ ਮੁਕੰਮਲ ਕੀਤਾ ਜਾਣਾ ਸੀ, ਉਸ ਨੂੰ ਨਿਰਧਾਰਿਤ ਸਮੇਂ ਤੋਂ ਪਹਿਲਾਂ ਨੇਪਰੇ ਚਾੜ੍ਹ ਲਿਆ ਜਾਵੇਗਾ। ਉਨ੍ਹਾਂ ਉਸਾਰੀ ਕਰਵਾ ਰਹੀ ਫ਼ਰੰਟੀਅਰ ਵਰਕਸ ਐਸੋਸੀਏਸ਼ਨ (ਐਫ. ਡਬਲਯੂ. ਓ.) ਦੇ ਅਧਿਕਾਰੀਆਂ ਨਾਲ ਵੀ ਗੱਲਬਾਤ ਕੀਤੀ ਤੇ ਕੰਮ ਵਿਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ। ਕਾਦਰੀ ਨੇ ਦੱਸਿਆ ਕਿ ਲਾਂਘੇ ਦੀ ਉਸਾਰੀ ਦੇ ਨਾਲ-ਨਾਲ 20 ਹੋਰ ਪ੍ਰੋਜੈਕਟ ਸ਼ੁਰੂ ਕੀਤੇ ਜਾਣ ਦੀ ਵੀ ਯੋਜਨਾ ਬਣਾਈ ਗਈ ਹੈ, ਜਿਸ ਦੇ ਚੱਲਦਿਆਂ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਵਿਚ 100 ਕਮਰਿਆਂ ਵਾਲੀ ਯਾਤਰੂ ਸਰਾਂ ਉਸਾਰੀ ਜਾਵੇਗੀ। ਸ੍ਰੀ ਨਨਕਾਣਾ ਸਾਹਿਬ ਦੇ ਰੇਲਵੇ ਸਟੇਸ਼ਨ ਤੋਂ ਗੁਰਦੁਆਰਾ ਜਨਮ ਅਸਥਾਨ ਤੱਕ ਡਿਗਰੀ ਕਾਲਜ ਦੇ ਹੇਠਾਂ ਇਕ ਸੁਰੰਗ ਵੀ ਬਣਾਈ ਜਾਵੇਗੀ, ਜਿਸ ਲਈ ਈ.ਟੀ.ਪੀ.ਬੀ. ਤੇ ਪੰਜਾਬ ਸਰਕਾਰ ਦੇ ਚੀਫ਼ ਸਕੱਤਰ ਇਸੇ ਹਫ਼ਤੇ ਬੈਠਕ ਕਰਕੇ ਇਸ ਬਾਰੇ ਇਕ ਰਿਪੋਰਟ ਤਿਆਰ ਕਰਕੇ ਅਗਲੀ ਕਾਰਵਾਈ ਹਿੱਤ ਉਨ੍ਹਾਂ ਨੂੰ ਸੌਂਪਣਗੇ। ਉਨ੍ਹਾਂ ਦੱਸਿਆ ਕਿ 550ਵੇਂ ਪ੍ਰਕਾਸ਼ ਪੁਰਬ ਮੌਕੇ ਯਾਤਰੂਆਂ ਨੂੰ ਬਿਜਲੀ ਦੀ ਸਮੱਸਿਆ ਤੋਂ ਨਿਜਾਤ ਦਿਵਾਉਣ ਲਈ ਇਕ ਵੱਡਾ ਜਨਰੇਟਰ ਵੀ ਲਗਾਇਆ ਜਾਵੇਗਾ। ਮੌਲਾਨਾ ਕਾਦਰੀ ਅਨੁਸਾਰ ਪ੍ਰਕਾਸ਼ ਪੁਰਬ ਤੋਂ ਪਹਿਲਾਂ ਲਾਹੌਰ ਦੇ ਗੁਰਦੁਆਰਾ ਡੇਰਾ ਸਾਹਿਬ ਦੀ ਬਾਹਰੀ ਦਿੱਖ ‘ਚ ਬਦਲਾਅ ਕਰਨ ਦੀ ਵੀ ਯੋਜਨਾ ਬਣਾਈ ਗਈ ਹੈ। ਇਸ ਮੌਕੇ ਤਾਰਿਕ ਵਜ਼ੀਰ ਨੇ ਦੱਸਿਆ ਕਿ ਲਾਂਘੇ ਦੀ ਉਸਾਰੀ ਦਾ ਕੰਮ ਦੋ ਪੜਾਵਾਂ ਵਿਚ ਖ਼ਤਮ ਕੀਤਾ ਜਾਣਾ ਹੈ। ਪਹਿਲੇ ਪੜਾਅ ਦੀ ਉਸਾਰੀ ਦੌਰਾਨ ਵੇਈਂ ਨਾਲੇ ਤੱਕ ਦੇ ਰਸਤੇ ਨੂੰ ਪੱਧਰਾ ਕਰ ਕੇ ਸੜਕ ਦਾ ਬੇਸ ਤਿਆਰ ਕੀਤਾ ਜਾ ਚੁੱਕਾ ਹੈ। ਇਸ ਦੇ ਨਾਲ ਹੀ ਰਸਤੇ ‘ਚ ਆਉਂਦੇ ਦਰਿਆ ਰਾਵੀ ‘ਤੇ ਪੁਲ ਬਣਾਉਣ ਦੀ ਵੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਤੋਂ ਭਾਰਤੀ ਬਾਰਡਰ ਟਰਮੀਨਲ ਤੱਕ ਆਉਂਦੇ ਲਗਪਗ ਚਾਰ ਕਿੱਲੋਮੀਟਰ ਲੰਬੇ ਰਸਤੇ ‘ਤੇ ਇਕਤਰਫਾ ਪੱਕੀ ਸੜਕ ਬਣਾਉਣ ਦੇ ਨਾਲ-ਨਾਲ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਪਹੁੰਚਣ ਵਾਲੇ ਭਾਰਤੀ ਯਾਤਰੂਆਂ ਦੇ ਲਈ ਦੋ ਸ਼ਾਪਿੰਗ ਮਾਲ, ਉਡੀਕ-ਘਰ, ਗੈਲਰੀ, ਇਮੀਗਰੇਸ਼ਨ ਤੇ ਸਿਹਤ ਸੇਵਾਵਾਂ ਕੇਂਦਰ ਉਸਾਰੇ ਜਾਣ ਦੀ ਕਾਰਵਾਈ ਆਉਂਦੇ ਮਹੀਨਿਆਂ ਤੱਕ ਸ਼ੁਰੂ ਕੀਤੀ ਜਾਵੇਗੀ। ਇਸ ਦੇ ਇਲਾਵਾ ਉਸਾਰੀ ਦੇ ਦੂਜੇ ਪੜਾਅ ‘ਚ ਲਾਂਘੇ ਵਾਲੀ ਸੜਕ ਦੇ ਦੋਵੇਂ ਪਾਸੇ ਯਾਤਰੂਆਂ ਦੀ ਸੁਰੱਖਿਆ ਲਈ ਹਿਫ਼ਾਜ਼ਤੀ ਕੰਡੇਦਾਰ ਤਾਰ ਤੇ ਹੋਟਲ ਤੇ ਸਰਾਂ ਦੇ ਨਾਲ-ਨਾਲ ਗੁਰਦੁਆਰਾ ਸਾਹਿਬ ਦੇ ਚੁਫੇਰੇ ਉੱਚੀ ਦੀਵਾਰ ਵੀ ਬਣਾਈ ਜਾਵੇਗੀ।ઠ
ਕਰਤਾਰਪੁਰ ਲਾਂਘੇ ‘ਚ ਸਾਂਪਲਾ ਅੜਿੱਕਾ : ਕੈਪਟਨ
ਚੰਡੀਗੜ੍ਹ : ਕੈਪਟਨ ਅਮਰਿੰਦਰ ਸਿੰਘ ਨੇ ਹੁਣ ਭਾਜਪਾ ਦੇ ਕੇਂਦਰੀ ਮੰਤਰੀ ਵਿਜੇ ਸਾਂਪਲਾ ‘ਤੇ ਕਰਤਾਰਪੁਰ ਲਾਂਘੇ ਦੇ ਨਿਰਮਾਣ ਵਿਚ ਬੇਲੋੜੇ ਅੜਿੱਕੇ ਖੜ੍ਹੇ ਕਰਨ ਦਾ ਇਲਜ਼ਾਮ ਲਗਾਇਆ ਹੈ। ਕੈਪਟਨ ਨੇ ਕਿਹਾ ਕਿ ਸ਼ਰਧਾਲੂਆਂ ਦੀ ਸਹੂਲਤ ਲਈ ਕੋਈ ਗੱਲ ਕਰਨ ਬਜਾਏ ਕੇਂਦਰ ਸਰਕਾਰ ਅਤੇ ਖਾਸ ਕਰਕੇ ਸਾਂਪਲਾ ਵਰਗੇ ਆਗੂ ਲਗਾਤਾਰ ਅੜਿੱਕੇ ਡਾਹੁਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਾਂਪਲਾ ਨੇ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਪਾਕਿਸਤਾਨ ਜਾਣ ਵਾਸਤੇ ਗ਼ਰੀਬ ਤੇ ਅਨਪੜ੍ਹ ਸ਼ਰਧਾਲੂਆਂ ਲਈ ਪਾਸਪੋਰਟ ਤੇ ਵੀਜ਼ੇ ਤੋਂ ਰਿਆਇਤ ਦੀ ਮੰਗ ਖਾਰਜ ਕਰਨ ਦੀ ਵਕਾਲਤ ਕੀਤੀ ਹੈ।
ਪ੍ਰਕਾਸ਼ ਪੁਰਬ ਤੋਂ ਪਹਿਲਾਂ ਹਰ ਹਾਲ ‘ਚ ਤਿਆਰ ਹੋਵੇਗਾ ਲਾਂਘਾ : ਸਿੱਧੂ
ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪ੍ਰਕਾਸ਼ ਪੁਰਬ ਤੋਂ ਪਹਿਲਾਂ ਹਰ ਹਾਲ ‘ਚ ਕਰਤਾਰਪੁਰ ਸਾਹਿਬ ਕੋਰੀਡੋਰ ਤਿਆਰ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਕੇਂਦਰ ਵਲੋਂ ਹਰੀ ਝੰਡੀ ਮਿਲਦੇ ਸਾਰ ਹੀ ਜ਼ਮੀਨ ਐਕਵਾਇਰ ਦਾ ਕੰਮ ਵੀ ਸ਼ੁਰੂ ਹੋ ਜਾਵੇਗਾ।
ਕਰਤਾਰਪੁਰ ਪਾਕਿ ਦੇ ਹਿੱਸੇ ‘ਚ ਕਿਉਂ ਜਾਣ ਦਿੱਤਾ ਸੀ : ਮੋਦੀ
ਨਰਿੰਦਰ ਮੋਦੀ ਨੇ ਵੰਡ ਵੇਲੇ ਕਰਤਾਰਪੁਰ ਸਾਹਿਬ ਪਾਕਿਸਤਾਨ ਦੇ ਹਿੱਸੇ ‘ਚ ਜਾਣ ਦੇ ਮੁੱਦੇ ‘ਤੇ ਪਿਛਲੀਆਂ ਕਾਂਗਰਸ ਸਰਕਾਰਾਂ ‘ਤੇ ਹਮਲਾ ਕੀਤਾ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ 350 ਰੁਪਏ ਦਾ ਯਾਦਗਾਰੀ ਸਿੱਕਾ ਜਾਰੀ ਕਰਦਿਆਂ ਪ੍ਰਧਾਨ ਮੰਤਰੀ ਨੇ 1984 ਸਿੱਖ ਕਤਲੇਆਮ ਮਾਮਲੇ ਵਿਚ ਵੀ ਕਾਂਗਰਸ ਨੂੰ ਕਟਹਿਰੇ ‘ਚ ਖੜ੍ਹਾ ਕੀਤਾ। ਉਨ੍ਹਾਂ ਕਿਹਾ ਕਿ ਅਗਸਤ 1947 ਵਿਚ ਇਕ ਗਲਤੀ ਹੋਈ ਸੀ।

Check Also

ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ

ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …