26.4 C
Toronto
Thursday, September 18, 2025
spot_img
Homeਹਫ਼ਤਾਵਾਰੀ ਫੇਰੀਤੁਲਸੀ ਗਬਾਰਡ ਲੜ ਸਕਦੀ ਹੈ ਟਰੰਪ ਖਿਲਾਫ ਚੋਣ

ਤੁਲਸੀ ਗਬਾਰਡ ਲੜ ਸਕਦੀ ਹੈ ਟਰੰਪ ਖਿਲਾਫ ਚੋਣ

ਵਾਸ਼ਿੰਗਟਨ : ਅਮਰੀਕੀ ਕਾਂਗਰਸ ਲਈ ਚੁਣੀ ਗਈ ਪਹਿਲੀ ਹਿੰਦੂ ਤੇ ਡੈਮੋਕਰੈਟਿਕ ਉਮੀਦਵਾਰ ਵਜੋਂ ਚਾਰ ਵਾਰ ਕਾਨੂੰਨਸਾਜ਼ ਬਣਨ ਵਾਲੀ ਤੁਲਸੀ ਗਬਾਰਡ (37) ਦਾ ਕਹਿਣਾ ਹੈ ਕਿ ਉਹ ਅਗਲੇ ਸਾਲ (2020) ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਵਿਚ ਡੋਨਲਡ ਟਰੰਪ ਖ਼ਿਲਾਫ਼ ਖੜ੍ਹੀ ਹੋ ਸਕਦੀ ਹੈ। ਆਪਣੇ ਇਸ ਐਲਾਨ ਨਾਲ ਗਬਾਰਡ, ਰਿਪਬਲਿਕਨ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਚੁਣੌਤੀ ਦੇਣ ਵਾਲੀ ਇਕ ਹੋਰ ਡੈਮੋਕਰੈਟ ਬਣ ਗਈ ਹੈ। ਗਬਾਰਡ ਤੋਂ ਇਲਾਵਾ 12 ਹੋਰ ਡੈਮੋਕਰੈਟਿਕ ਉਮੀਦਵਾਰ, ਜਿਨ੍ਹਾਂ ਵਿੱਚ ਭਾਰਤੀ ਮੂਲ ਦੀ ਕੈਲੀਫੋਰਨੀਆ ਤੋਂ ਸੈਨੇਟਰ ਕਮਲਾ ਹੈਰਿਸ ਵੀ ਸ਼ਾਮਲ ਹੈ, ਵ੍ਹਾਈਟ ਹਾਊਸ ਵਿੱਚ ਦਾਖ਼ਲੇ ਲਈ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਚੁਣੌਤੀ ਦੇਣਗੇ। ਗਬਾਰਡ ਨੇ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਰਾਸ਼ਟਰਪਤੀ ਦੇ ਅਹੁਦੇ ਲਈ ਦਾਅਵਾ ਪੇਸ਼ ਕਰਨ ਦਾ ਫ਼ੈਸਲਾ ਕੀਤਾ ਹੈ ਤੇ ਇਸ ਬਾਰੇ ਰਸਮੀ ਐਲਾਨ ਅਗਲੇ ਹਫ਼ਤੇ ਕਰਾਂਗੀ। ਰਾਸ਼ਟਰਪਤੀ ਵਜੋਂ ਸੇਵਾ ਕਰਨ ਦੇ ਕਈ ਕਾਰਨ ਹਨ, ਜਿਨ੍ਹਾਂ ਵਿੱਚ ਹਰ ਅਮਰੀਕੀ ਲਈ ਲੋੜ ਮੁਤਾਬਕ ਸਿਹਤ ਸੇਵਾਵਾਂ ਯਕੀਨੀ ਬਣਾਉਣਾ, ਵਿਆਪਕ ਪਰਵਾਸ ਸੁਧਾਰ ਲਿਆਉਣਾ, ਆਉਣ ਵਾਲੀਆਂ ਪੀੜ੍ਹੀਆਂ ਲਈ ਸਾਫ਼ ਸੁਥਰਾ ਪਾਣੀ ਯਕੀਨੀ ਬਣਾਉਣਾ, ਖਿੰਡੀ ਹੋਈ ਅਪਰਾਧਿਕ ਨਿਆਂ ਵਿਵਸਥਾ ਨੂੰ ਪੈਰਾਂ ਸਿਰ ਕਰਨਾ ਤੇ ਵਾਸ਼ਿੰਗਟਨ ਵਿੱਚ ਵਿਸ਼ੇਸ਼ ਹਿੱਤਾਂ ਨਾਲ ਜੁੜੇ ਭ੍ਰਿਸ਼ਟਾਚਾਰ ਵਾਲੇ ਪ੍ਰਭਾਵ ਨੂੰ ਖ਼ਤਮ ਕਰਨਾ ਸ਼ਾਮਲ ਹੈ। ਗਬਾਰਡ ਨੇ ਟਵੀਟ ਕਰਕੇ ਕਿਹਾ ਕਿ ਚੋਣ ਲੜਨ ਦਾ ਮੁੱਖ ਕਾਰਨ ਜੰਗ ਨੂੰ ਖ਼ਤਮ ਕਰਕੇ ਸ਼ਾਂਤੀ ਬਹਾਲੀ ਹੈ। ਯੂਐਸ ਟੈਰੀਟਰੀ ਅਮੈਰੀਕਨ ਸੈਮੋਆ ਵਿੱਚ ਜਨਮੀ ਗਬਾਰਡ, ਜੇਕਰ ਚੁਣੀ ਜਾਂਦੀ ਹੈ ਤਾਂ ਉਹ ਅਜਿਹਾ ਕਰਨ ਵਾਲੀ ਅਮਰੀਕਾ ਦੀ ਪਹਿਲੀ ਤੇ ਸਭ ਤੋਂ ਘੱਟ ਉਮਰ ਵਾਲੀ ਮਹਿਲਾ ਹੋਵੇਗੀ।

RELATED ARTICLES
POPULAR POSTS