4.3 C
Toronto
Wednesday, October 29, 2025
spot_img
Homeਹਫ਼ਤਾਵਾਰੀ ਫੇਰੀਫੂਲਕਾ ਤੇ ਸੁਖਪਾਲ ਖਹਿਰਾ ਤੋਂ ਬਾਅਦ ਆਮ ਆਦਮੀ ਪਾਰਟੀ ਛੱਡਣ ਵਾਲੇ ਬਲਦੇਵ...

ਫੂਲਕਾ ਤੇ ਸੁਖਪਾਲ ਖਹਿਰਾ ਤੋਂ ਬਾਅਦ ਆਮ ਆਦਮੀ ਪਾਰਟੀ ਛੱਡਣ ਵਾਲੇ ਬਲਦੇਵ ਸਿੰਘ ਤੀਜੇ ਐਮ ਐਲ ਏ

ਮਾਸਟਰ ਬਲਦੇਵ ਸਿੰਘ ਨੇ ਵੀ ਛੱਡੀ ‘ਆਪ’
ਖਹਿਰਾ ਵਾਂਗ ਵਿਧਾਇਕ ਦੇ ਅਹੁਦੇ ਤੋਂ ਹਾਲੇ ਤੱਕ ਨਹੀਂ ਦਿੱਤਾ ਅਸਤੀਫਾ
ਚੰਡੀਗੜ੍ਹ : ਪੰਜਾਬ ਵਿਚ ਆਮ ਆਦਮੀ ਪਾਰਟੀ (ਆਪ) ਦੀ ਤੀਸਰੀ ਵਿਕਟ ਡਿੱਗ ਗਈ ਹੈ। ਬਾਗ਼ੀ ਧੜੇ ਨਾਲ ਸਬੰਧਤ ਵਿਧਾਨ ਸਭਾ ਹਲਕਾ ਜੈਤੋ ਦੇ ਵਿਧਾਇਕ ਮਾਸਟਰ ਬਲਦੇਵ ਸਿੰਘ ਨੇ ਵੀ ਬੁੱਧਵਾਰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ। ਬਲਦੇਵ ਸਿੰਘ ਨੇ ਵੀ ਸੁਖਪਾਲ ਸਿੰਘ ਖਹਿਰਾ ਵਾਂਗ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਨਹੀਂ ਦਿੱਤਾ ਅਤੇ ‘ਆਪ’ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੇਵਲ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਹੀ ਅਸਤੀਫਾ ਭੇਜਿਆ ਹੈ। ਮਾਸਟਰ ਬਲਦੇਵ ਸਿੰਘ ਹੁਣ ਖਹਿਰਾ ਦੀ ਅਗਵਾਈ ਹੇਠ ‘ਪੰਜਾਬੀ ਏਕਤਾ ਪਾਰਟੀ’ ਵਿਚ ਵਿਚਰ ਕੇ ਨਵਾਂ ਸਿਆਸੀ ਭਵਿੱਖ ਸਿਰਜਣਗੇ।
ਇਸ ਤੋਂ ਪਹਿਲਾਂ ਐਚ.ਐਸ. ਫੂਲਕਾ ਵਿਧਾਇਕ ਅਤੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ, ਦੋਵਾਂ ਤੋਂ ਅਸਤੀਫਾ ਦੇ ਚੁੱਕੇ ਹਨ। ਇਸ ਤਰ੍ਹਾਂ ਖਹਿਰਾ, ਫੂਲਕਾ ਤੇ ਬਲਦੇਵ ਸਿੰਘ ਦੇ ਵਿਧਾਇਕ ਦੇ ਅਹੁਦਿਆਂ ਬਾਰੇ ਵਿਧਾਨ ਸਭਾ ਦੇ ਸਪੀਕਰ ਨੇ ਭਾਵੇਂ ਅਜੇ ਕੋਈ ਫੈਸਲਾ ਨਹੀਂ ਲਿਆ, ਪਰ ਹਾਲਾਤ ਮੁਤਾਬਕ ਕਿਸੇ ਵੇਲੇ ਵੀ ‘ਆਪ’ ਦੇ ਵਿਧਾਇਕਾਂ ਦੀ ਗਿਣਤੀ 20 ਤੋਂ ਘੱਟ ਕੇ 17 ਰਹਿ ਸਕਦੀ ਹੈ ਅਤੇ ਵਿਧਾਨ ਸਭਾ ਵਿਚ ਮੁੱਖ ਵਿਰੋਧੀ ਧਿਰ ਦੇ ਦਰਜੇ ਨੂੰ ਖਤਰਾ ਪੈਦਾ ਹੋ ਸਕਦਾ ਹੈ, ਕਿਉਂਕਿ ਅਕਾਲੀ ਦਲ-ਭਾਜਪਾ ਗੱਠਜੋੜ ਦੇ 17 ਵਿਧਾਇਕ ਹਨ। ਯਾਦ ਰਹੇ ਕਿ ਖਹਿਰਾ ਜਿੱਥੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਚੁੱਕੇ ਹਨ, ਉਥੇ ਪਾਰਟੀ ਵਿਚੋਂ ਮੁਅੱਤਲ ਕੀਤੇ ਕੰਵਰ ਸੰਧੂ ਫਿਲਹਾਲ ਖਾਮੋਸ਼ ਹਨ। ਬਾਗ਼ੀ ਧੜੇ ਨਾਲ ਜੁੜੇ ਹੋਰ 4 ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ, ਜਗਤਾਰ ਸਿੰਘ ਜੱਗਾ, ਪਿਰਮਲ ਸਿੰਘ ਅਤੇ ਜਗਦੇਵ ਸਿੰਘ ਕਮਾਲੂ ਵੀ ਦੁਚਿੱਤੀ ਵਿਚ ਹਨ।
ਬਲਦੇਵ ਸਿੰਘ ਨੇ ਕੇਜਰੀਵਾਲ ਨੂੰ ਭੇਜੇ ਅਸਤੀਫੇ ਵਿੱਚ ਕਿਹਾ ਹੈ ਕਿ ਉਸ ਨੇ ‘ਆਪ’ ਦੀ ਵਿਚਾਰਧਾਰਾ ਨੂੰ ਅਪਣਾ ਕੇ 4 ਸਾਲ ਪਹਿਲਾਂ ਆਪਣੀ ਹੈੱਡ ਟੀਚਰ ਦੀ ਨੌਕਰੀ ਛੱਡ ਕੇ ਪਾਰਟੀ ਦਾ ਪੱਲਾ ਫੜਿਆ ਸੀ, ਪਰ ਹੁਣ ਪਾਰਟੀ ਆਪਣੀ ਵਿਚਾਰਧਾਰਾ ਤੋਂ ਪੂਰੀ ਤਰ੍ਹਾਂ ਭਟਕ ਚੁੱਕੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਵਿਧਾਨ ਸਭਾ ਚੋਣਾਂ ਦੌਰਾਨ ਆਪ (ਕੇਜਰੀਵਾਲ) ਵੱਲੋਂ ਭੇਜੇ ਦੋ ਸੂਬੇਦਾਰਾਂ (ਦੁਰਗੇਸ਼ ਪਾਠਕ ਤੇ ਸੰਜੇ ਸਿੰਘ) ਨੇ ਚੰਮ ਦੀਆਂ ਚਲਾਈਆਂ ਅਤੇ ਉਨ੍ਹਾਂ ਉਪਰ ਟਿਕਟਾਂ ਵੱਟੇ ਪੈਸੇ ਲੈਣ, ਮਨਮਾਨੀਆਂ ਕਰਨ, ਚਹੇਤਿਆਂ ਨੂੰ ਟਿਕਟਾਂ ਦੇਣ ਅਤੇ ਮਹਿਲਾਵਾਂ ਦਾ ਸ਼ੋਸ਼ਣ ਕਰਨ ਦੇ ਗੰਭੀਰ ਦੋਸ਼ ਲੱਗੇ, ਜਿਸ ਕਾਰਨ ਪਾਰਟੀ ਜਿੱਤੀ ਬਾਜ਼ੀ ਹਾਰ ਗਈ ਪਰ ਆਪ (ਕੇਜਰੀਵਾਲ) ਨੇ ਇਨ੍ਹਾਂ ਸ਼ਿਕਾਇਤਾਂ ਬਾਰੇ ਕੋਈ ਸੁਣਵਾਈ ਨਹੀਂ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਖਹਿਰਾ ਨੂੰ ਵਿਰੋਧੀ ਧਿਰ ਦੇ ਆਗੂ ਦੇ ਅਹੁਦੇ ਤੋਂ ਵਿਧਾਇਕਾਂ ਦੀ ਸਲਾਹ ਲਏ ਬਿਨਾ ਤਾਨਾਸ਼ਾਹੀ ਢੰਗ ਨਾਲ ਹਟਾਇਆ ਗਿਆ ਅਤੇ ਦਲਿਤ ਪੱਤਾ ਖੇਡਦਿਆਂ ਹਰਪਾਲ ਸਿੰਘ ਚੀਮਾ ਨੂੰ ਉਨ੍ਹਾਂ ਦੀ ਥਾਂ ਨਿਯੁਕਤ ਕੀਤਾ ਹੈ ਜਦਕਿ ਦੂਸਰੇ ਪਾਸੇ ਜ਼ਿਲ੍ਹਾ ਅਤੇ ਜ਼ੋਨ ਪ੍ਰਧਾਨਾਂ ਵਿਚ ਕਿਸੇ ਇਕ ਦਲਿਤ ਆਗੂ ਨੂੰ ਥਾਂ ਨਹੀਂ ਦਿੱਤੀ। ਬਲਦੇਵ ਸਿੰਘ ਨੇ ਕੇਜਰੀਵਾਲ ਵੱਲੋਂ ਪੰਜਾਬ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਕੋਲੋਂ ਡਰੱਗ ਦੇ ਮੁੱਦੇ ਉਪਰ ਮੰਗੀ ਮੁਆਫੀ ਦਾ ਮੁੱਦਾ ਵੀ ਉਠਾਇਆ।

RELATED ARTICLES
POPULAR POSTS