Breaking News
Home / ਹਫ਼ਤਾਵਾਰੀ ਫੇਰੀ / SYL ਦੇ ਮੁੱਦੇ ‘ਤੇ ਮੁੱਖ ਮੰਤਰੀ ਨੇ ਪੰਜਾਬ ‘ਚ ਵਿਰੋਧੀ ਧਿਰਾਂ ਨੂੰ ਬਹਿਸ ਦਾ ਦਿੱਤਾ ਸੱਦਾ

SYL ਦੇ ਮੁੱਦੇ ‘ਤੇ ਮੁੱਖ ਮੰਤਰੀ ਨੇ ਪੰਜਾਬ ‘ਚ ਵਿਰੋਧੀ ਧਿਰਾਂ ਨੂੰ ਬਹਿਸ ਦਾ ਦਿੱਤਾ ਸੱਦਾ

ਖੁੱਲ੍ਹੀ ਬਹਿਸ ‘ਚ ਨੇਤਾਵਾਂ ਦੀ ਗੱਦਾਰੀ ਦਾ ਪਤਾ ਲੱਗੇਗਾ : ਭਗਵੰਤ ਮਾਨ
ਟੈਗੋਰ ਥੀਏਟਰ ਨੇ ਬਹਿਸ ਲਈ ਜਗ੍ਹਾ ਦੇਣ ਤੋਂ ਪੰਜਾਬ ਸਰਕਾਰ ਨੂੰ ਕੀਤਾ ਇਨਕਾਰ – ਹੁਣ ਪੀਏਯੂ ‘ਚ ਆਡੀਟੋਰੀਅਮ ਕਰਵਾਇਆ ਬੁੱਕ
ਚੰਡੀਗੜ੍ਹ/ਬਿਊਰੋ ਨਿਊਜ਼ : ਐਸਵਾਈਐਲ ਨੂੰ ਲੈ ਕੇ ਪੰਜਾਬ ਦੀ ਸਿਆਸਤ ਵਿਚ ਉਬਾਲ ਜਾਰੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਐਸਵਾਈਐਲ (ਸਤਲੁਜ ਯਮੁਨਾ ਲਿੰਕ) ਨਹਿਰ ਦੇ ਮਾਮਲੇ ਵਿਚ ਪੰਜਾਬ ਦੀਆਂ ਸਿਆਸੀ ਵਿਰੋਧੀ ਧਿਰਾਂ ਨੂੰ 1 ਨਵੰਬਰ ਨੂੰ ਖੁੱਲ੍ਹੀ ਬਹਿਸ ਦਾ ਸੱਦਾ ਦਿੱਤਾ ਹੈ।
ਇਸ ਬਹਿਸ ਲਈ ਪੰਜਾਬ ਸਰਕਾਰ ਨੇ ਪਹਿਲਾਂ ਚੰਡੀਗੜ੍ਹ ‘ਚ ਟੈਗੋਰ ਥੀਏਟਰ ਨੂੰ ਚੁਣਿਆ ਸੀ, ਪਰ ਟੈਗੋਰ ਥੀਏਟਰ ਦੀ ਸੁਸਾਇਟੀ ਨੇ ਪੰਜਾਬ ਸਰਕਾਰ ਨੂੰ ਮਨ੍ਹਾ ਕਰ ਦਿੱਤਾ। ਇਸ ਤੋਂ ਬਾਅਦ ਪੰਜਾਬ ਸਰਕਾਰ ਨੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ (ਪੀਏਯੂ) ਲੁਧਿਆਣਾ ਵਿਚ ਡਾ. ਮਨਮੋਹਨ ਸਿੰਘ ਆਡੀਟੋਰੀਅਮ ਬੁੱਕ ਕਰਵਾਇਆ ਹੈ ਅਤੇ ਇਸ ਬਹਿਸ ਲਈ ਤਿਆਰੀ ਕਰ ਲਈ ਹੈ।
ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਵਲੋਂ ਪੰਜਾਬ ਦੀ ਭਗਵੰਤ ਮਾਨ ਸਰਕਾਰ ‘ਤੇ ਤਰ੍ਹਾਂ ਤਰ੍ਹਾਂ ਦੇ ਸਵਾਲ ਚੁੱਕੇ ਹਨ ਅਤੇ ਸੀਐਮ ਮਾਨ ਵਲੋਂ ਵੀ ਉਸੇ ਤਰ੍ਹਾਂ ਦੇ ਹੀ ਜਵਾਬ ਦਿੱਤੇ ਜਾ ਰਹੇ ਹਨ। ਸੀਐਮ ਭਗਵੰਤ ਮਾਨ ਨੇ ਕਿਹਾ ਕਿ ਐਸਵਾਈਐਲ ਨਹਿਰ ਦੇ ਮਾਮਲੇ ‘ਤੇ ਮਗਰਮੱਛ ਦੇ ਹੰਝੂ ਵਹਾਉਣ ਵਾਲੇ ਨੇਤਾ ਪਹਿਲਾਂ ਆਪਣੇ ਪੁਰਖਿਆਂ ਵਲੋਂ ਪੰਜਾਬ ਨਾਲ ਕੀਤੀ ਗਈ ਗੱਦਾਰੀ ਨੂੰ ਯਾਦ ਕਰਨ। ਸੀਐਮ ਨੇ ਕਿਹਾ ਕਿ ਸਾਰੀ ਦੁਨੀਆ ਜਾਣਦੀ ਹੈ ਕਿ ਸਿਆਸਤ ਕਰਨ ਵਾਲੇ ਇਨ੍ਹਾਂ ਆਗੂਆਂ ਦੇ ਪੁਰਖਿਆਂ ਨੇ ਸਤਲੁਜ ਯਮੁਨਾ ਲਿੰਕ ਨਹਿਰ ਦੇ ਨਿਰਮਾਣ ਦਾ ਮਾਫ ਨਾ ਕਰਨ ਲਾਇਕ ਗੁਨਾਹ ਕਰਕੇ ਪੰਜਾਬ ਦੇ ਰਸਤੇ ਵਿਚ ਕੰਡੇ ਬੀਜੇ। ਨਿੱਜੀ ਲਾਭ ਦੇ ਲਈ ਮਤਲਬਖੋਰ ਰਾਜਨੀਤਕਾਂ ਨੇ ਐਸਵਾਈਐਲ ਨਿਰਮਾਣ ਨੂੰ ਸਹਿਮਤੀ ਦਿੱਤੀ। ਸੀਐਮ ਮਾਨ ਨੇ ਕਿਹਾ ਕਿ ਤੱਤਕਾਲੀਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਜਦੋਂ ਪਟਿਆਲਾ ਦੇ ਕਪੂਰੀ ਵਿਚ ਐਸਵਾਈਐਲ ਨਹਿਰ ਦੇ ਲਈ ਟੱਕ ਲਗਾਉਣ ਦੀ ਰਸਮ ਅਦਾ ਕੀਤੀ, ਉਸ ਮੌਕੇ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਸੁਨੀਲ ਜਾਖੜ ਦੇ ਪਿਤਾ ਅਤੇ ਸਾਬਕਾ ਕੇਂਦਰੀ ਮੰਤਰੀ ਬਲਰਾਮ ਜਾਖੜ ਵੀ ਮੌਜੂਦ ਸਨ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨਾਲ ਧੋਖਾ ਕਰਨ ਵਾਲੇ ਆਗੂਆਂ ਨੂੰ ਇਤਿਹਾਸ ਮਾਫ ਨਹੀਂ ਕਰੇਗਾ।
ਇਸ ਤੋਂ ਬਾਅਦ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਸਾਫ ਸ਼ਬਦਾਂ ਵਿਚ ਕਿਹਾ ਕਿ ਉਹ 1 ਨਵੰਬਰ ਨੂੰ ਬਹਿਸ ਦੇ ਲਈ ਨਹੀਂ ਪਹੁੰਚਣਗੇ ਅਤੇ ਇਸ ਗੰਭੀਰ ਮੁੱਦੇ ‘ਤੇ ਜੇਕਰ ਬਹਿਸ ਕਰਨੀ ਹੈ ਤਾਂ ਉਹ ਅਬੋਹਰ ਵਿਚ ਕਰਵਾਉਣ, ਜਿੱਥੇ ਐਸਵਾਈਐਲ ਨਾਲ ਸਭ ਤੋਂ ਜ਼ਿਆਦਾ ਨੁਕਸਾਨ ਹੋਵੇਗਾ।
ਸੀਐਮ ਭਗਵੰਤ ਮਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਕਿ 1 ਨਵੰਬਰ ਨੂੰ ਪ੍ਰਸਤਾਵਿਤ ਬਹਿਸ ਲਈ ਆਉਣ ਸਮੇਂ ਗੁਰੂਗ੍ਰਾਮ ਵਾਲੇ ਓਬਰਾਏ ਹੋਟਲ ਦੇ ਕਾਗਜ਼ਾਤ ਵੀ ਨਾਲ ਲੈ ਕੇ ਆਉਣ। ਸੀਐਮ ਨੇ ਕਿਹਾ ਕਿ ਖੁੱਲ੍ਹੀ ਬਹਿਸ ਦੌਰਾਨ ਪੰਜਾਬ ਦੇ ਲੋਕਾਂ ਦੇ ਸਾਹਮਣੇ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਜਾਵੇਗਾ। ਇਸੇ ਦੌਰਾਨ ਆਮ ਆਦਮੀ ਪਾਰਟੀ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ 1 ਨਵੰਬਰ ਨੂੰ ਪੰਜਾਬ ਦਿਵਸ ਮੌਕੇ ਹੋਣ ਵਾਲੀ ਬਹਿਸ ਤੋਂ ਘਬਰਾ ਕੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਭੱਜ ਰਹੇ ਹਨ। ਜ਼ਿਕਰਯੋਗ ਹੈ ਕਿ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਪਿਛਲੇ ਦਿਨੀਂ ਐਸਵਾਈਐਲ ਦੇ ਮਾਮਲੇ ਵਿਚ ਚੰਡੀਗੜ੍ਹ ਵਿਚ ਰੋਸ ਪ੍ਰਦਰਸ਼ਨ ਵੀ ਕੀਤਾ ਸੀ।
ਟੈਗੋਰ ਥੀਏਟਰ ਸਿਰਫ ਸੱਭਿਆਚਾਰਕ ਪ੍ਰੋਗਰਾਮਾਂ ਲਈ
ਪੰਜਾਬ ਸਰਕਾਰ ਵਲੋਂ ਖੁੱਲ੍ਹੀ ਬਹਿਸ ਨੂੰ ਲੈ ਕੇ ਰਾਜਨੀਤੀ ਦੇ ਵਿਚਾਲੇ ਟੈਗੋਰ ਥੀਏਟਰ ਦੇ ਪ੍ਰਬੰਧਕਾਂ ਨੇ ਸਾਫ ਕੀਤਾ ਹੈ ਕਿ ਇੱਥੇ ਕੋਈ ਰਾਜਨੀਤਕ ਜਾਂ ਧਾਰਮਿਕ ਬਹਿਸ ਨਹੀਂ ਹੁੰਦੀ। ਨਾ ਹੀ ਕੋਈ ਆਨਲਾਈਨ ਬੁਕਿੰਗ ਹੋਈ ਹੈ। ਟੈਗੋਰ ਥੀਏਟਰ ਦੇ ਡਾਇਰੈਕਟਰ ਅਭਿਸ਼ੇਕ ਸ਼ਰਮਾ ਨੇ ਕਿਹਾ ਕਿ ਇੱਥੇ ਸਿਰਫ ਸੱਭਿਆਚਾਰਕ ਪ੍ਰੋਗਰਾਮ ਹੁੰਦੇ ਹਨ। ਪਾਲਿਸੀ ਦੇ ਅਨੁਸਾਰ ਇੱਥੇ ਕਿਸੇ ਰਾਜਨੀਤਕ ਜਾਂ ਧਾਰਮਿਕ ਬਹਿਸ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਸੀਐਮ ਦਫਤਰ ਵਲੋਂ ਸਿਰਫ 1 ਨਵੰਬਰ ਨੂੰ ਬੁਕਿੰਗ ਖਾਲੀ ਹੋਣ ਦੇ ਬਾਰੇ ਵਿਚ ਪੁੱਛਿਆ ਗਿਆ ਸੀ, ਬੁਕਿੰਗ ਨਹੀਂ ਕਰਵਾਈ ਗਈ ਹੈ।
ਪੰਜਾਬ ਵਿਧਾਨ ਸਭਾ ਦਾ ਦੋ ਰੋਜ਼ਾ ਵਿਸ਼ੇਸ਼ ਸੈਸ਼ਨ 20 ਤੇ 21 ਅਕਤੂਬਰ ਨੂੰ
ਚੰਡੀਗੜ੍ਹ : ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ 20 ਤੇ 21 ਅਕਤੂਬਰ ਨੂੰ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦਿਆ ਹੈ। ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਇਸ ਸਬੰਧੀ ਲੋੜੀਂਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਵਿਸ਼ੇਸ਼ ਸੈਸ਼ਨ ਦੌਰਾਨ ਸਤਲੁਜ ਯਮੁਨਾ ਲਿੰਕ ਨਹਿਰ ਤੇ ਸੂਬੇ ਨਾਲ ਸਬੰਧਤ ਹੋਰਨਾਂ ਭਖ਼ਦੇ ਮੁੱਦਿਆਂ ‘ਤੇ ਬਹਿਸ ਹੋਣ ਦੇ ਆਸਾਰ ਹਨ। ਸਪੀਕਰ ਵੱਲੋਂ ਜਾਰੀ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ 21 ਜੂਨ ਨੂੰ ਅਣਮਿਥੇ ਸਮੇਂ ਲਈ ਮੁਲਤਵੀ ਕੀਤੇ ਗਏ ਵਿਸ਼ੇਸ਼ ਸੈਸ਼ਨ ਦੀ ਲਗਾਤਾਰਤਾ ਵਿੱਚ ਇਹ ਇਜਲਾਸ ਬੁਲਾਇਆ ਜਾ ਰਿਹਾ ਹੈ। ਲਿਹਾਜ਼ਾ ਇਸ ਸੈਸ਼ਨ ਨੂੰ ਬੁਲਾਉਣ ਲਈ ਰਾਜਪਾਲ ਤੋਂ ਪ੍ਰਵਾਨਗੀ ਨਹੀਂ ਲਈ ਗਈ। ਉਧਰ ਵਿਧਾਨ ਸਭਾ ਸਕੱਤਰੇਤ ਦਾ ਕਹਿਣਾ ਹੈ ਕਿ ਰਾਜਪਾਲ ਤੋਂ ਪ੍ਰਵਾਨਗੀ ਦੀ ਜ਼ਰੂਰਤ ਨਹੀਂ ਹੈ। ਵਿਧਾਨ ਸਭਾ ਦੇ ਇਸ ਵਿਸ਼ੇਸ਼ ਸੈਸ਼ਨ ਤੋਂ ਵਿਰੋਧੀ ਧਿਰ ਦੇ ਸਿਆਸੀ ਆਗੂਆਂ ਦੀ ਹੀ ਨਹੀਂ ਸਗੋਂ ਪੰਜਾਬ ਦੇ ਲੋਕਾਂ ਦੀ ਵੀ ਉਤਸੁਕਤਾ ਵਧੀ ਹੋਈ ਹੈ ਕਿਉਂਕਿ ਪਿਛਲੇ ਦਿਨੀਂ ਮੁੱਖ ਮੰਤਰੀ ਭਗਵੰਤ ਮਾਨ ਨੇ ਐੱਸਵਾਈਐੱਲ ਸਣੇ ਵੱਖ ਵੱਖ ਮੁੱਦਿਆਂ ‘ਤੇ ਬਹਿਸ ਲਈ ਵਿਰੋਧੀ ਧਿਰਾਂ ਨੂੰ ਵੰਗਾਰਿਆ ਸੀ। ਇਸ ਲਈ ਦੋ ਰੋਜ਼ਾ ਵਿਸ਼ੇਸ਼ ਸੈਸ਼ਨ ਦੌਰਾਨ ਵੀ ਸਤਲੁਜ ਯਮੁਨਾ ਲਿੰਕ ਨਹਿਰ ਅਤੇ ਸੂਬੇ ਦੇ ਹੋਰਨਾਂ ਭਖਦੇ ਮਸਲਿਆਂ ‘ਤੇ ਬਹਿਸ ਹੋਣ ਦੇ ਆਸਾਰ ਬਣ ਗਏ ਹਨ।

Check Also

ਲੋਕ ਸਭਾ ਚੋਣਾਂ ‘ਚੋਂ ਲੋਕ ਮੁੱਦੇ ਗਾਇਬ ਸਿੱਠਣੀਆਂ ਦਾ ਦੌਰ ਸ਼ੁਰੂ

ਨਾ ਕਾਰਜਾਂ ਦੀ ਗੱਲ, ਨਾ ਯੋਜਨਾਵਾਂ ਦਾ ਹਵਾਲਾ-ਇਕ ਲੀਡਰ ਸਵਾਲ ਕਰਦਾ ਹੈ ਦੂਜਾ ਦਿੰਦਾ ਹੈ …