ਟੋਰਾਂਟੋ : ਭਾਰਤ ਅਤੇ ਕੈਨੇਡਾ ਦੇ ਸਬੰਧਾਂ ‘ਚ ਚੱਲ ਰਹੇ ਤਣਾਅ ਕਾਰਨ ਕੈਨੇਡਾ ਵਿਚ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਨੂੰ ਇੱਕ ਹੋਰ ਡਰ ਸਤਾ ਰਿਹਾ ਹੈ ਅਤੇ ਉਹ ਹੈ ਨੌਕਰੀਆਂ ਦੇ ਘੱਟ ਮੌਕੇ। ਵਿਸ਼ਵ ਸਿੱਖਿਆ ਖੋਜ ਮੰਚ ‘ਐਰੂਡੇਰਾ’ ਵੱਲੋਂ ਜਾਰੀ ਅੰਕੜਿਆਂ ਅਨੁਸਾਰ 2022 ਵਿੱਚ ਕੁੱਲ 2,26450 ਭਾਰਤੀ ਵਿਦਿਆਰਥੀ ਉੱਚ ਸਿੱਖਿਆ ਹਾਸਲ ਕਰਨ ਲਈ ਕੈਨੇਡਾ ਪਹੁੰਚੇ ਸਨ ਜਿਸ ਮਗਰੋਂ ਪਿਛਲੇ ਸਾਲ ਉੱਤਰੀ ਅਮਰੀਕੀ ਦੇਸ਼ਾਂ ‘ਚ ਆਉਣ ਵਾਲੇ ਨਵੇਂ ਕੌਮਾਂਤਰੀ ਵਿਦਿਆਰਥੀਆਂ ਦੀ ਸੂਚੀ ਵਿੱਚ ਭਾਰਤ ਸਿਖਰਲੇ ਸਥਾਨ ‘ਤੇ ਪਹੁੰਚ ਗਿਆ ਸੀ। ਅੰਕੜਿਆਂ ਅਨੁਸਾਰ ਕੈਨੇਡਾ ‘ਚ ਉੱਚ ਸਿੱਖਿਆ ਸਮੇਤ ਸਾਰੇ ਸਿੱਖਿਆ ਪੱਧਰਾਂ ‘ਚ ਦਾਖਲਾ ਹਾਸਲ ਕਰਨ ਵਾਲੇ ਕੁੱਲ ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ 8,07,750 ਸੀ। ਇਨ੍ਹਾਂ ‘ਚੋਂ 5,51,405 ਨੂੰ ਪਿਛਲੇ ਸਾਲ ਕੈਨੇਡਾ ‘ਚ ਸਿੱਖਿਆ ਪਰਮਿਟ ਪ੍ਰਾਪਤ ਹੋਇਆ ਸੀ। ‘ਐਰੂਡੇਰਾ’ ਦੇ ਅੰਕੜਿਆਂ ਅਨੁਸਾਰ ਕੈਨੇਡਾ ‘ਚ 2022 ਵਿੱਚ ਸਿੱਖਿਆ ਪਰਮਿਟ ਹਾਸਲ ਕਰਨ ਵਾਲਿਆਂ ‘ਚੋਂ ਜ਼ਿਆਦਾਤਰ ਭਾਰਤੀ ਸਨ ਜਿਨ੍ਹਾਂ ਦੀ ਗਿਣਤੀ 2,26,450 ਰਹੀ ਸੀ। ਮੀਡੀਆ ਰਿਪੋਰਟਾਂ ਮੁਤਾਬਕ ਵਿਦਿਆਰਥੀ ਆਪਣੇ ਭਵਿੱਖ ਨੂੰ ਲੈ ਕੇ ਵੱਧ ਫਿਕਰਮੰਦ ਹਨ। ਟੋਰਾਂਟੋ ਤੇ ਕੈਨੇਡਾ ਦੇ ਹੋਰ ਸ਼ਹਿਰਾਂ ‘ਚ ਰਹਿਣ-ਸਹਿਣ ਮਹਿੰਗਾ ਹੋਣਾ ਵੀ ਵਿਦਿਆਰਥੀਆਂ ਲਈ ਪ੍ਰੇਸ਼ਾਨੀ ਦੀ ਅਹਿਮ ਵਜ੍ਹਾ ਹੈ ਜਿਸ ਕਾਰਨ ਬਹੁਤ ਸਾਰੇ ਵਿਦਿਆਰਥੀ ਪੈਸੇ ਬਚਾਉਣ ਲਈ ਇਕ ਕਮਰੇ ‘ਚ ਰਹਿੰਦੇ ਹਨ ਅਤੇ ਹੋਰ ਸਹੂਲਤਾਂ ਦੀ ਸਾਂਝੀ ਵਰਤੋਂ ਕਰਦੇ ਹਨ।