ਓਟਵਾ/ਬਿਊਰੋ ਨਿਊਜ਼ : ਕ੍ਰਿਸ ਬਰਕ ਅਤੇ ਉਸ ਦੀ ਮੰਗੇਤਰ ਪਿਛਲੇ ਤਿੰਨ ਸਾਲਾਂ ਤੋਂ ਆਪਣਾ ਪਹਿਲਾ ਘਰ ਲੈਣ ਦੀ ਯੋਜਨਾ ਬਣਾ ਰਹੇ ਹਨ ਪਰ ਉਨ੍ਹਾਂ ਲਈ ਅਜੇ ਦਿੱਲੀ ਦੂਰ ਲੱਗਦੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਲਈ ਸਭ ਤੋਂ ਵੱਡੀ ਚੁਣੌਤੀ ਡਾਊਨ ਪੇਅਮੈਂਟ ਸੀ। ਜੇ ਉਸ ਦਾ ਜੁਗਾੜ ਹੋਇਆ ਤਾਂ ਹੁਣ ਵਿਆਜ਼ ਦਰਾਂ ਵਿੱਚ ਹੋਏ ਅੰਤਾਂ ਦੇ ਵਾਧੇ ਕਾਰਨ ਘਰ ਦੀ ਮਲਕੀਅਤ ਹਾਸਲ ਕਰਨਾ ਔਖਾ ਲੱਗ ਰਿਹਾ ਹੈ। ਇਸ ਜੋੜੇ ਨੇ ਆਖਿਆ ਕਿ ਇਸ ਹਿਸਾਬ ਨਾਲ ਉਹ ਕਦੋਂ ਘਰ ਲੈਣਗੇ, ਕਦੋਂ ਵਿਆਹ ਕਰਵਾਉਣਗੇ ਤੇ ਕਦੋਂ ਬੱਚਿਆਂ ਦੀ ਪਲੈਨਿੰਗ ਕਰਨਗੇ। ਜਦੋਂ ਵੀ ਉਹ ਘਰ ਲੈਣ ਦੀ ਕੋਸ਼ਿਸ਼ ਕਰਦੇ ਹਨ ਉਦੋਂ ਹੀ ਉਨ੍ਹਾਂ ਦਾ ਟੀਚਾ ਕੋਈ ਨਾ ਕੋਈ ਨਵੀਂ ਸਮੱਸਿਆ ਆਉਣ ਕਾਰਨ ਥੋੜ੍ਹਾ ਹੋਰ ਦੂਰ ਹੋ ਜਾਂਦਾ ਹੈ। ਬਹੁਤੀ ਨੌਜਵਾਨ ਪੀੜ੍ਹੀ ਇਹੋ ਮੰਨ ਰਹੀ ਹੈ ਕਿ ਘਰ ਲੈਣ ਦਾ ਉਨ੍ਹਾਂ ਦਾ ਸੁਪਨਾ ਅਜੇ ਕੁੱਝ ਸਾਲ ਹੋਰ ਸਾਕਾਰ ਨਹੀਂ ਹੁੰਦਾ ਲੱਗਦਾ।
ਪਰ ਵੇਖਣ ਵਾਲੀ ਗੱਲ ਇਹ ਵੀ ਹੈ ਕਿ ਫੈਡਰਲ ਲਿਬਰਲਾਂ ਲਈ ਹਾਊਸਿੰਗ ਮਾਰਕਿਟ ਦਾ ਇਹ ਸੰਕਟ ਗਲੇ ਦੀ ਹੱਡੀ ਬਣ ਸਕਦਾ ਹੈ ਤੇ ਉਨ੍ਹਾਂ ਲਈ ਸਿਆਸੀ ਚੁਣੌਤੀ ਵੀ ਬਣ ਸਕਦਾ ਹੈ। ਬਰਕ ਨੇ ਆਖਿਆ ਕਿ ਉਹ ਲਿਬਰਲਾਂ ਨੂੰ ਹੀ ਵੋਟ ਪਾਉਂਦਾ ਆਇਆ ਹੈ ਪਰ ਅਗਲੀ ਵਾਰੀ ਉਹ ਅਜਿਹਾ ਨਹੀਂ ਕਰੇਗਾ।
ਮਾਹਿਰਾਂ ਦਾ ਵੀ ਇਹੋ ਆਖਣਾ ਹੈ ਕਿ ਜੇ ਸਮਾਂ ਰਹਿੰਦਿਆਂ ਕੋਈ ਠੋਸ ਕਾਰਵਾਈ ਨਾ ਕੀਤੀ ਗਈ ਤਾਂ ਹਾਊਸਿੰਗ ਸੰਕਟ ਕਾਰਨ ਅਗਲੀਆਂ ਚੋਣਾਂ ਵਿੱਚ ਲਿਬਰਲਾਂ ਨੂੰ ਮੂੰਹ ਦੀ ਖਾਣੀ ਪੈ ਸਕਦੀ ਹੈ। ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਲਈ ਇਕਨੌਮਿਕ ਸਟ੍ਰੈਟੇਜੀ ਤੇ ਪਲੈਨਿੰਗ ਦੀ ਹੈੱਡ ਰਹੀ ਟਾਈਲਰ ਮੈਰੇਡਿੱਥ ਨੇ ਆਖਿਆ ਕਿ ਇਸ ਸਮੇਂ ਦੇਸ਼ ਲਈ ਸੱਭ ਤੋਂ ਵੱਡੀ ਆਰਥਿਕ ਤੇ ਸਿਆਸੀ ਸਮੱਸਿਆ ਇਹੋ ਬਣੀ ਹੋਈ ਹੈ। ਉਸ ਉੱਤੇ ਜਿਸ ਤਰ੍ਹਾਂ ਸਰਕਾਰ ਇਮੀਗ੍ਰੇਸ਼ਨ ਨੂੰ ਸ਼ਹਿ ਦੇ ਰਹੀ ਹੈ ਉਸ ਨਾਲ ਹਾਲਾਤ ਹੋਰ ਵੀ ਬਦਤਰ ਹੁੰਦੇ ਜਾ ਰਹੇ ਹਨ ਕਿਉਂਕਿ ਇਮੀਗ੍ਰੇਸ਼ਨ ਤੇ ਹਾਊਸਿੰਗ ਮਾਰਕਿਟ ਦਾ ਵੀ ਆਪਸ ਵਿੱਚ ਡੂੰਘਾ ਸਬੰਧ ਹੈ।
ਕੰਜ਼ਰਵੇਟਿਵ ਆਗੂ ਪਇਏਰ ਪੌਲੀਏਵਰ ਵੀ ਲਿਬਰਲਾਂ ਨੂੰ ਇਸ ਮੁੱਦੇ ਉੱਤੇ ਲੰਮੇਂ ਹੱਥੀਂ ਲੈ ਚੁੱਕੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਹਾਊਸਿੰਗ ਮਾਰਕਿਟ ਦੀ ਹਾਲਤ ਕਾਫੀ ਮਾੜੀ ਹੈ, ਦੂਜੇ ਪਾਸੇ ਘਰਾਂ ਦੀਆਂ ਕੀਮਤਾਂ ਅਸਮਾਨੀ ਛੋਹ ਰਹੀਆਂ ਹਨ, ਉੱਤੋਂ ਕਿਰਾਇਆ ਤੇ ਵਿਆਜ਼ ਦਰਾਂ ਵੀ ਨਿੱਤ ਵੱਧ ਰਹੀਆਂ ਹਨ। ਇਸ ਕਾਰਨ ਆਮ ਆਦਮੀ ਨੂੰ ਰਹਿਣ ਦਾ ਕੋਈ ਟਿਕਾਣਾ ਨਹੀਂ ਮਿਲ ਪਾ ਰਿਹਾ ਤੇ ਲੋਕਾਂ ਦੀਆਂ ਜੇਬ੍ਹਾਂ ਉੱਤੇ ਬੋਝ ਵੱਧਦਾ ਜਾ ਰਿਹਾ ਹੈ।